
ਅਮਰ ਗਰਗ :
ਪਾਕਿਸਤਾਨ ਦੇ ਚਾਰ ਸੂਬਿਆਂ ਪੰਜਾਬ, ਸਿੰਧ, ਸਰਹੱਦੀ ਸੂਬਾ ਅਤੇ ਬਲੋਚਿਸਤਾਨ 'ਚੋਂ ਬਲੋਚਿਸਤਾਨ ਸਭ ਤੋਂ ਵੱਡਾ ਹੈ ।ਇਹ ਪਾਕਿਸਤਾਨ ਦੀ ਕੁੱਲ ਭੂਮੀ ਦਾ 40 ਫ਼ੀਸਦੀ ਹੈ, ਜਦਕਿ ਇਸ ਦੀ ਜਨਸੰਖਿਆ ਪਾਕਿਸਤਾਨ ਦੀ ਜਨਸੰਖਿਆ ਦੀ ਮਾਤਰ 3.6 ਫ਼ੀਸਦੀ ਹੈ। 1947 ਤੋਂ ਪਹਿਲਾਂ ਬਲੋਚਿਸਤਾਨ ਖ਼ੁਦ ਚਾਰ ਰਿਆਸਤਾਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ 'ਚ ਕਲਾਤ, ਲਾਸਬੇਲਾ, ਖਾਰਨ ਤੇ ਮਕਰਾਨ ਆਦਿ ਸ਼ਾਮਿਲ ਸਨ । ਕਲਾਤ, ਲਾਸਬੇਲਾ ਅਤੇ ਖਾਰਨ ਉੱਪਰ ਕਲਾਤ ਦੇ ਖ਼ਾਨ ਰਾਜ ਕਰਦੇ ਸਨ ।
17ਵੀਂ ਸਦੀ ਵਿਚ ਬਲੋਚਾਂ ਦੀ ਰਾਸ਼ਟਰੀ ਚੇਤਨਾ ਅਤੇ ਸੰਘਰਸ਼ ਕਲਾਤ ਦੇ ਖਾਨਾਂ ਦੇ ਇਰਦ-ਗਿਰਦ ਕੇਂਦਿ੍ਤ ਹੋ ਗਿਆ ਸੀ ।1666 'ਚ ਮੀਰ ਅਹਿਮਦ ਨੇ ਕਲਾਤ ਦੇ ਖ਼ਾਨ ਦੀ ਗੱਦੀ ਸਥਾਪਿਤ ਕੀਤੀ ਸੀ । 1758 'ਚ ਨਸੀਰ ਖ਼ਾਨ ਪਹਿਲਾ ਕਲਾਤ ਦੀ ਗੱਦੀ 'ਤੇ ਬੈਠਾ । ਇਸ ਕਾਲ ਨੂੰ ਬਲੋਚਿਸਤਾਨ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ ।1839 ਵਿਚ ਅੰਗਰੇਜ਼ੀ ਸੈਨਾ ਨੇ ਕਲਾਤ 'ਤੇ ਹਮਲਾ ਕਰ ਦਿੱਤਾ, ਜਿਸ 'ਚ ਖ਼ਾਨ ਤੇ ਉਸ ਦੇ ਬਹੁਤ ਸਾਰੇ ਸੈਨਿਕ ਮਾਰੇ ਗਏ। ਅੰਗਰੇਜ਼ਾਂ ਨੇ ਬਲੋਚਿਸਤਾਨ ਦੀ ਤਾਕਤ ਨੂੰ ਘੱਟ ਕਰਨ ਲਈ ਉਸ ਨੂੰ ਚਾਰ ਹਿੱਸਿਆਂ ਵਿਚ ਵੰਡ ਦਿੱਤਾ ।
1931 ਵਿਚ ਬਲੋਚ ਮੱਧ ਵਰਗੀ ਜਮਾਤ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਲਈ ਕੌਮੀ ਸੰਘਰਸ਼ ਦਾ ਬਿਗਲ ਵਜਾ ਦਿੱਤਾ ।ਉਨ੍ਹਾਂ ਅੰਜੁਮਨ-ਏ-ਇਤਿਹਾਦ-ਏ-ਬਲੋਚਿਸਤਾਨ ਲਹਿਰ ਚਲਾਈ ।ਉਹ ਆਜ਼ਮ ਖ਼ਾਨ ਨੂੰ ਕਲਾਤ ਦੇ ਖ਼ਾਨ ਦੀ ਗੱਦੀ ਦਿਵਾਉਣ 'ਚ ਕਾਮਯਾਬ ਰਹੇ ਅਤੇ ਉਸ ਦੇ ਅਧੀਨ ਇਕ ਸੰਵਿਧਾਨਕ ਸਰਕਾਰ ਕਾਇਮ ਕੀਤੀ ਗਈ । ਉਸ ਤੋਂ ਬਾਅਦ ਉਸ ਦੇ ਉਤਰਾਧਿਕਾਰੀ ਮੀਰ ਅਹਿਮਦ ਯਾਰ ਖ਼ਾਨ ਨੇ ਅੰਜੁਮਨ ਅਤੇ ਅੰਗਰੇਜ਼ਾਂ ਦੋਹਾਂ ਨਾਲ ਰਿਸ਼ਤੇ ਕਾਇਮ ਕਰਨ ਦੀ ਨੀਤੀ ਅਪਣਾਈ ।ਅੰਜੁਮਨ ਦੀ ਕਲਾਤ ਸਟੇਟ ਨੈਸ਼ਨਲ ਪਾਰਟੀ 'ਚ ਸ਼ਮੂਲੀਅਤ ਹੋ ਗਈ ਅਤੇ ਮੀਰ ਅਹਿਮਦ ਯਾਰ ਖ਼ਾਨ ਨੇ ਮੁਸਲਿਮ ਲੀਗ ਖੜ੍ਹੀ ਕਰ ਲਈ । ਮੁਹੰਮਦ ਅਲੀ ਜਿਨਾਹ ਨੂੰ ਕਲਾਤ ਸਟੇਟ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕਰ ਲਿਆ ਗਿਆ ।
ਪਹਿਲਾ ਸੰਘਰਸ਼: 4 ਅਗਸਤ 1947 ਨੂੰ ਯਾਰ ਖ਼ਾਨ ਤੇ ਮੁਹੰਮਦ ਅਲੀ ਜਿਨਾਹ ਵਿਚਕਾਰ ਸਮਝੌਤਾ ਹੋਇਆ ਕਿ ਕਲਾਤ 5 ਅਗਸਤ 1947 ਨੂੰ ਆਜ਼ਾਦ ਹੋ ਜਾਵੇਗਾ ਤੇ ਉਸ ਦਾ 1838 ਵਾਲਾ ਰੁਤਬਾ ਬਹਾਲ ਕਰ ਦਿੱਤਾ ਜਾਵੇਗਾ ।ਪਰ ਬਾਅਦ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਜਿਨਾਹ ਨੇ ਕਲਾਤ ਨੂੰ ਪਾਕਿਸਤਾਨ ਵਿਚ ਸ਼ਾਮਿਲ ਹੋਣ ਲਈ ਦਬਾਅ ਬਣਾਇਆ, ਪਰ ਕਲਾਤ ਦਾ ਅਹਿਮਦ ਯਾਰ ਖ਼ਾਨ ਨਹੀਂ ਝੁਕਿਆ ।27 ਮਾਰਚ 1948 ਨੂੰ ਪਾਕਿਸਤਾਨ ਨੇ ਕਲਾਤ 'ਤੇ ਹਮਲਾ ਕਰ ਦਿੱਤਾ ।ਫ਼ੌਜ ਕਿਸੇ ਰਾਜੇ ਨੂੰ ਕੈਦੀ ਬਣਾ ਕੇ ਜੇਕਰ ਕੁਝ ਲਿਖਵਾ ਲੈਂਦੀ ਹੈ ਤਾਂ ਉਸ ਨੂੰ ਸਹੀ ਡਾਕੂਮੈਂਟ ਨਹੀਂ ਮੰਨਿਆ ਜਾ ਸਕਦਾ, ਇਹੋ ਗੱਲ ਕਲਾਤ ਨਾਲ ਵਾਪਰੀ | ਅਹਿਮਦ ਯਾਰ ਖ਼ਾਨ ਦੇ ਭਾਈ ਆਗਾ ਅਬਦੁਲ ਕਰੀਮ ਬਲੋਚ, ਤੇ ਮੁਹੰਮਦ ਰਹੀਮ ਹਥਿਆਰ ਸੁੱਟਣ ਤੋਂ ਮੁਨਕਰ ਹੋ ਗਏ ਅਤੇ 1950 ਤੱਕ ਪਾਕਿਸਤਾਨੀ ਫ਼ੌਜ ਦੇ ਖ਼ਿਲਾਫ਼ ਲੜਦੇ ਰਹੇ ।
ਦੂਜਾ ਸੰਘਰਸ਼: 1958-59 'ਚ ਨਵਾਬ ਨੁਰੋਜ਼ ਖ਼ਾਨ ਨੇ ਪਾਕਿਸਤਾਨੀ ਫ਼ੌਜ ਖਿਲਾਫ਼ ਗੁਰੀਲਾ ਯੁੱਧ ਲੜਿਆ | ਪਾਕਿਸਤਾਨੀ ਫ਼ੌਜ ਨੇ ਨਵਾਬ ਨਰੋਜ ਖ਼ਾਨ ਤੇ ਉਸ ਦੇ ਸੰਬੰਧੀਆਂ ਨੂੰ ਧੋਖੇ ਨਾਲ ਫੜ ਲਿਆ | ਉਸ ਦੇ ਪੰਜ ਸੰਬੰਧੀਆਂ ਨੂੰ ਫ਼ਾਂਸੀ ਦੇ ਦਿੱਤੀ ਅਤੇ ਖ਼ੁਦ ਨਵਾਬ ਨੁਰੋਜ਼ ਖ਼ਾਨ ਜੇਲ੍ਹ ਵਿਚ ਮਰ ਗਏ ।
ਤੀਜਾ ਸੰਘਰਸ਼: 1960 'ਚ ਬਲੋਚ ਆਜ਼ਾਦੀ ਲਹਿਰ ਨੂੰ ਬਲ ਮਿਲਿਆ, ਕਿਉਂਕਿ ਪਾਕਿਸਤਾਨ ਦੀ ਸਰਕਾਰ ਨੇ 1956 ਵਿਚ ਬਣੇ ਨਵੇਂ ਸੰਵਿਧਾਨ ਤਹਿਤ ਖੇਤਰੀ ਤਾਕਤਾਂ ਨੂੰ ਖ਼ਤਮ ਕਰਕੇ ਮਜ਼ਬੂਤ ਕੇਂਦਰ ਵਾਲੀ ਨੀਤੀ ਅਪਣਾ ਲਈ ਸੀ ।ਪਾਕਿਸਤਾਨੀ ਫ਼ੌਜ ਨੇ ਬਲੋਚਿਸਤਾਨ 'ਚ ਆਪਣੇ ਕਈ ਠਿਕਾਣੇ ਕਾਇਮ ਕਰ ਲਏ ਸਨ । ਸ਼ੇਰ ਮੁਹੰਮਦ ਬਿਜਰਾਨੀ ਮਾਰੀ ਅਤੇ ਉਸ ਦੇ ਸਾਥੀਆਂ ਨੇ 1963-1969 ਵਿਚਕਾਰ ਪਾਕਿਸਤਾਨੀ ਫ਼ੌਜ ਖ਼ਿਲਾਫ਼ ਛਾਪਾ ਮਾਰ ਯੁੱਧ ਲੜਿਆ । ਇਹ ਛਾਪਾ ਮਾਰ ਯੁੱਧ ਸਾਰੇ ਬਲੋਚਿਸਤਾਨ 'ਚ ਫੈਲ ਗਿਆ । 1970 ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਯਾਹੀਆ ਖ਼ਾਨ ਨੇ ਕੇਂਦਰਵਾਦੀ ਤਾਕਤ ਪ੍ਰਣਾਲੀ ਦੀ ਨੀਤੀ ਨੂੰ ਤਿਆਗ ਦਿੱਤਾ ।ਬਲੋਚ ਛਾਪਾ ਮਾਰ ਯੁੱਧਬੰਦੀ ਲਈ ਸਹਿਮਤ ਹੋ ਗਏ । ਬਲੋਚਿਸਤਾਨ ਨੂੰ ਪਾਕਿਸਤਾਨ ਦਾ ਚੌਥਾ ਸੂਬਾ ਮੰਨ ਲਿਆ ਗਿਆ, ਜਿਸ 'ਚ ਚਾਰੋਂ ਬਲੋਚ ਰਿਆਸਤਾਂ, ਹਾਈ ਕਮਿਸ਼ਨਰ ਰਾਜ ਅਤੇ ਗਵਾਦਰ ਦਾ 800 ਵਰਗ ਕਿ.ਮੀ. ਤਟ ਦਾ ਖੇਤਰ ਜੋ ਉਮਾਨ ਤੋਂ ਖ਼ਰੀਦਿਆ ਗਿਆ ਸੀ, ਸ਼ਾਮਿਲ ਸਨ ।
ਚੌਥਾ ਸੰਘਰਸ਼: 1973 'ਚ ਪ੍ਰਧਾਨ ਮੰਤਰੀ ਭੁੱਟੋ ਨੇ ਬਲੋਚਿਸਤਾਨ ਅਤੇ ਉੱਤਰ ਪੱਛਮੀ ਸਰਹੱਦੀ ਰਾਜ ਦੀਆਂ ਖੇਤਰੀ ਸਰਕਾਰਾਂ ਨੂੰ ਬਰਖ਼ਾਸਤ ਕਰ ਦਿੱਤਾ ਤੇ ਮਾਰਸ਼ਲ ਲਾਅ ਲਗਾ ਦਿੱਤਾ, ਜਿਸ ਨਾਲ ਬਲੋਚਿਸਤਾਨ 'ਚ ਵਿਦਰੋਹ ਭੜਕ ਉੱਠਿਆ । ਖ਼ੈਰ ਬਖਸ਼ ਮਾਰੀ ਨੇ ਬਲੋਚਿਸਤਾਨ ਪੀਪਲਜ਼ ਲਿਬਰੇਸ਼ਨ ਫਰੰਟ (ਬੀ.ਪੀ.ਐਲ.ਐਫ) ਬਣਾਇਆ, ਜਿਸ ਕਾਰਨ ਬਹੁਤ ਸਾਰੇ ਮਾਰੀ ਤੇ ਮੈਂਗਲ ਕਬੀਲੇ ਦੇ ਵਿਅਕਤੀ ਛਾਪਾ ਮਾਰ ਯੁੱਧ 'ਚ ਕੁੱਦ ਪਏ । 400 ਦੇ ਲਗਭਗ ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ 8000 ਦੇ ਲਗਭਗ ਛਾਪਾ ਮਾਰ ਤੇ ਆਮ ਨਾਗਰਿਕ ਮਾਰੇ ਗਏ ।
ਪੰਜਵਾਂ ਸੰਘਰਸ਼: ਸਾਰੇ ਬਲੋਚਿਸਤਾਨ ਦੀ ਪੂਰਨ ਆਜ਼ਾਦੀ ਲਈ ਇਹ ਸੰਘਰਸ਼ 2004 ਤੋਂ ਸ਼ੁਰੂ ਹੋ ਕੇ ਅੱਜ-ਤੱਕ ਚੱਲ ਰਿਹਾ ਹੈ ।ਅਗਸਤ 2006 ਵਿਚ ਬਲੋਚ ਨੇਤਾ ਨਵਾਬ ਅਕਬਰ ਖ਼ਾਨ ਬੁਗਤੀ ਜੋ 79 ਸਾਲ ਦੇ ਸਨ, ਪਾਕਿਸਤਾਨੀ ਫ਼ੌਜ ਨਾਲ ਲੜਦੇ ਹੋਏ ਮਾਰੇ ਗਏ ।ਅਪ੍ਰੈਲ 2009 'ਚ ਬਲੋਚ ਨੈਸ਼ਨਲ ਮੂਵਮੈਂਟ ਦੇ ਪ੍ਰਧਾਨ ਗੁਲਾਮ ਮੁਹੰਮਦ ਬਲੋਚ ਅਤੇ ਉਸ ਦੇ ਦੋ ਹੋਰ ਨੇਤਾ ਲਾਲਾ ਮੁਨੀਰ ਅਤੇ ਸ਼ੇਰ ਮੁਹੰਮਦ ਪਾਕਿਸਤਾਨੀ ਫ਼ੌਜ ਦੀ ਸ਼ਹਿ ਪ੍ਰਾਪਤ ਪਰਸ਼ੀਅਨ ਅੱਤਵਾਦੀਆਂ ਨੇ ਮਾਰ ਦਿੱਤੇ ।
12 ਅਗਸਤ 2009 'ਚ ਬਲੋਚਾਂ ਨੇ ਕਲਾਤ ਦੇ ਖ਼ਾਨ ਮੀਰ ਸੁਲੇਮਾਨ ਦਾਉਦ ਨੂੰ ਬਲੋਚਿਸਤਾਨ ਦਾ ਬਾਦਸ਼ਾਹ ਐਲਾਨ ਦਿੱਤਾ ਤੇ ਆਜ਼ਾਦ ਬਲੋਚਿਸਤਾਨ ਕੌਂਸਲ ਬਣਾ ਲਈ ।ਕੌਂਸਲ ਨੇ ਈਰਾਨ 'ਚ ਸ਼ਾਮਿਲ ਬਲੋਚ ਇਲਾਕੇ ਸਿਸਤਾਨ, ਇਰਾਨੀ ਬਲੋਚਿਸਤਾਨ ਤੇ ਪਾਕਿਸਤਾਨੀ ਬਲੋਚਿਸਤਾਨ ਉੱਪਰ ਆਪਣਾ ਅਧਿਕਾਰ ਜਤਾਇਆ ਸੀ । ਉਸ ਨੇ ਅਫ਼ਗਾਨਿਸਤਾਨ 'ਚ ਸ਼ਾਮਿਲ ਬਲੋਚ ਇਲਾਕੇ 'ਤੇ ਅਧਿਕਾਰ ਨਹੀਂ ਜਤਾਇਆ ਸੀ । ਕੌਂਸਲ ਨੇ ਦਾਅਵਾ ਕੀਤਾ ਕਿ ਉਸ ਨਾਲ ਬਲੋਚਿਸਤਾਨ ਦੀ ਆਜ਼ਾਦੀ ਲਈ ਲੜ ਰਹੇ ਸਾਰੇ ਦਲ ਤੇ ਨਵਾਬਜ਼ਾਦਾ ਬ੍ਰਹਮਦਾਗ ਬੁਗਤੀ ਵੀ ਸਹਿਮਤ ਸੀ ।ਮੌਜੂਦਾ ਬਲੋਚ ਸੰਘਰਸ਼ ਨੇ ਪਾਕਿਸਤਾਨੀ ਹਕੂਮਤ ਸਾਹਮਣੇ ਵੱਡੀ ਚੁਣੌਤੀ ਪੇਸ਼ ਕਰ ਦਿੱਤੀ ਹੈ । ਪਹਿਲਾਂ ਹੋਏ ਸੰਘਰਸ਼ਾਂ ਨਾਲੋਂ ਵੱਖਰਾ ਇਹ ਸੰਘਰਸ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਲਗਭਗ ਸਾਰੇ ਬਲੋਚਿਸਤਾਨ 'ਚ ਫੈਲ ਚੁੱਕਾ ਹੈ ।ਇਸ ਸੰਘਰਸ਼ 'ਚ ਔਰਤਾਂ ਤੇ ਮਰਦ ਇਕੱਠੇ ਹਿੱਸਾ ਲੈ ਰਹੇ ਹਨ ।ਇਸ ਆਜ਼ਾਦੀ ਦੇ ਸੰਘਰਸ਼ ਵਿਚ ਖਾੜਕੂ ਸੰਗਠਨਾਂ ਨਾਲੋਂ ਆਮ ਬਲੋਚੀ ਜਨਤਾ, ਉੱਥੋਂ ਦੀਆਂ ਲੋਕਤੰਤਿ੍ਕ ਪਾਰਟੀਆਂ ਅਤੇ ਸੰਗਠਨ ਮੋਹਰੀ ਹਨ ।ਇਸ ਸੰਘਰਸ਼ ਨੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੋਇਆ ਹੈ ।2012 ਵਿਚ ਅਮਰੀਕਾ ਦੀ ਕਾਂਗਰਸ 'ਚ ਬਲੋਚਿਸਤਾਨ ਦੇ ਆਜ਼ਾਦੀ ਦੇ ਸੰਘਰਸ਼ ਬਾਰੇ ਚਰਚਾ ਹੋ ਚੁੱਕੀ ਹੈ । ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ 15 ਅਗਸਤ 2016 ਨੂੰ ਭਾਰਤ ਦੇ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਮੌਕੇ ਲਾਲ ਕਿਲ੍ਹੇ ਦੇ ਮੰਚ ਤੋਂ ਬਲੋਚਿਸਤਾਨ ਦੇ ਲੋਕਾਂ ਦੀ ਆਜ਼ਾਦੀ ਦੇ ਸੰਘਰਸ਼ ਦਾ ਖੁੱਲ੍ਹਾ ਸਮਰਥਨ ਕੀਤਾ ਸੀ । ਉਸ ਤੋਂ ਬਾਅਦ ਬੰਗਲਾਦੇਸ਼, ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਹਾਮਿਦ ਕਰਜ਼ਈ ਅਤੇ ਰੂਸ ਵਲੋਂ ਵੀ ਬਲੋਚਿਸਤਾਨ ਦੇ ਆਜ਼ਾਦੀ ਦੇ ਸੰਘਰਸ਼ ਦਾ ਸਮਰਥਨ ਕੀਤਾ ਗਿਆ ਸੀ । ਠੋਸ ਕਾਰਨ ਹਨ: -
ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਬਲੋਚਿਸਤਾਨ ਦੀ ਆਪਣੀ ਇਕ ਵੱਖਰੀ ਪਹਿਚਾਣ, ਸੰਸਕ੍ਰਿਤੀ ਤੇ ਭਾਸ਼ਾ ਹੈ ।ਬਲੋਚਿਸਤਾਨ ਦੀ ਜਨਤਾ ਨੇ ਪਾਕਿਸਤਾਨ ਵਲੋਂ ਠੋਸੀ ਗਈ ਇਸਲਾਮਿਕ ਸੰਸਕ੍ਰਿਤੀ ਨੂੰ ਨਕਾਰਿਆ ਹੈ ।ਉਨ੍ਹਾਂ ਨੇ ਧਰਮ ਤੇ ਸੰਸਕ੍ਰਿਤੀ ਨੂੰ ਰਲ਼-ਗੱਡ ਨਹੀਂ ਕੀਤਾ | ਬਲੋਚੀ ਲੋਕ ਗੁਲਾਮੀ ਵਿਚ ਰਹਿਣਾ ਪਸੰਦ ਨਹੀਂ ਕਰਦੇ। ਬਲੋਚਿਸਤਾਨ ਅਤੇ ਪਾਕਿਸਤਾਨ 'ਚ ਬਹੁਤ ਵੱਡੀ ਆਰਥਿਕ ਅਸਮਾਨਤਾ ਪਾਈ ਜਾਂਦੀ ਹੈ । ਬਲੋਚਿਸਤਾਨ ਦਾ ਪਾਕਿਸਤਾਨ ਦੀ ਜੀ.ਡੀ.ਪੀ 'ਚ ਸਿਰਫ਼ 3.7% ਹਿੱਸਾ ਹੈ ।ਬਲੋਚਿਸਤਾਨ 'ਚ ਬੱਚਾ-ਜੱਚਾ ਮੌਤ ਦਰ ਪਾਕਿਸਤਾਨ 'ਚ ਸਭ ਤੋਂ ਵੱਧ ਹੈ ।ਉੱਥੇ ਗਰੀਬੀ ਦੀ ਦਰ ਵੀ ਸਭ ਤੋਂ ਉੱਚੀ ਹੈ ਤੇ ਸਾਖ਼ਰਤਾ ਦਰ ਸਭ ਤੋਂ ਨੀਵੀਂ ਹੈ ।
ਬਲੋਚਿਸਤਾਨ ਦੀ ਧਰਤੀ 'ਚ ਕੁਦਰਤੀ ਬਹੁਮੁੱਲੀਆਂ ਧਾਤਾਂ ਯੂਰੇਨੀਅਮ, ਸੋਨਾ, ਤਾਂਬਾ, ਪੈਟਰੋਲੀਅਮ, ਕੋਲਾ ਤੇ ਗੈਸ ਦੇ ਵਿਸ਼ਾਲ ਭੰਡਾਰ ਹਨ | ਪਾਕਿਸਤਾਨ ਵੱਡੇ ਪੱਧਰ 'ਤੇ ਬਲੋਚਿਸਤਾਨ ਦੇ ਕੁਦਰਤੀ ਖ਼ਜ਼ਾਨਿਆਂ ਨੂੰ ਲੁੱਟ ਰਿਹਾ ਹੈ । ਪਾਕਿਸਤਾਨ ਨੇ ਇਹ ਕੁਦਰਤੀ ਖ਼ਜ਼ਾਨੇ ਕੱਢਣ ਲਈ ਚੀਨ ਦੀਆਂ ਕੰਪਨੀਆਂ ਨੂੰ ਠੇਕੇ ਦਿੱਤੇ ਹੋਏ ਹਨ । ਬਲੋਚਿਸਤਾਨ ਨੂੰ ਬਹੁਤ ਹੀ ਘੱਟ ਰਾਇਲਟੀ ਮਿਲਦੀ ਹੈ ਤੇ ਜਿਹੜੀ ਮਿਲਦੀ ਵੀ ਹੈ, ਉਹ ਉੱਥੋਂ ਦੇ ਗਿਣੇ-ਚੁਣੇ ਸਰਦਾਰਾਂ ਕੋਲ ਚਲੀ ਜਾਂਦੀ ਹੈ । ਬਲੋਚਿਸਤਾਨ ਦੇ ਆਮ ਨਾਗਰਿਕ ਗ਼ਰੀਬੀ ਤੇ ਗ਼ੁਰਬਤ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ।
ਪਾਕਿਸਤਾਨ ਨੇ ਗਵਾਦਰ ਸਮੁੰਦਰੀ ਬੰਦਰਗਾਹ ਚੀਨ ਨੂੰ ਸੌਂਪ ਦਿੱਤੀ ਹੈ, ਜਿੱਥੇ ਚੀਨ ਇਕ ਵਿਸ਼ਾਲ ਸਮੁੰਦਰੀ ਬੰਦਰਗਾਹ ਵਿਕਸਤ ਕਰ ਰਿਹਾ ਹੈ । ਸਮੁੰਦਰੀ ਬੰਦਰਗਾਹ ਤੱਕ ਜਾਣ ਲਈ ਚੀਨ ਆਪਣੇ ਦੇਸ਼ ਦੀ ਧਰਤੀ ਤੋਂ ਲੈ ਕੇ ਗਵਾਦਰ ਅੱਡੇ ਤੱਕ ਲੰਬੀਆਂ-ਚੌੜੀਆਂ ਸੜਕਾਂ ਬਣਾ ਰਿਹਾ ਹੈ | ਇਹ ਸੜਕਾਂ ਸਾਰੇ ਬਲੋਚਿਸਤਾਨ ਨੂੰ ਚੀਰ ਕੇ ਗਵਾਦਰ ਤੱਕ ਜਾਣਗੀਆਂ । ਇਸ ਨਾਲ ਬਲੋਚਿਸਤਾਨ ਦੇ ਲੋਕ ਬਿਲਕੁਲ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ ।ਇਨ੍ਹਾਂ ਸੜਕਾਂ ਦੇ ਰਸਤੇ ਬਲੋਚਿਸਤਾਨ ਦੀਆਂ ਬਹੁਮੁੱਲੀਆਂ ਧਾਤਾਂ ਚੀਨ ਵੱਲ ਜਾਣਗੀਆਂ ।
1998 'ਚ ਪਾਕਿਸਤਾਨ ਨੇ ਬਲੋਚਿਸਤਾਨ ਦੇ ਚਗਾਈ ਮਾਰੂਥਲ ਇਲਾਕੇ 'ਚ ਪਰਮਾਣੂ ਧਮਾਕਾ ਕੀਤਾ ਸੀ ।ਬਲੋਚਿਸਤਾਨ ਦੇ ਲੋਕ ਇਸ ਨੂੰ ਆਪਣੀ ਧਰਤੀ 'ਤੇ ਪ੍ਰਮਾਣੂ ਹਮਲਾ ਕਰਾਰ ਦਿੰਦੇ ਹਨ। ਉਸ ਇਲਾਕੇ 'ਚ ਅੱਜ ਵੀ ਬੱਚੇ ਤੇ ਪਸ਼ੂ ਅਪਾਹਜ ਪੈਦਾ ਹੁੰਦੇ ਹਨ ।ਇਹ ਇਲਾਕਾ ਕੈਂਸਰ ਨਾਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ।ਬਲੋਚਿਸਤਾਨ ਦੇ ਆਪਣੇ ਤਿੰਨ ਲੱਖ ਲੋਕ ਸ਼ਰਨਾਰਥੀ ਬਣ ਚੁੱਕੇ ਹਨ ਅਤੇ ਦੂਜੇ ਰਾਜਾਂ ਤੋਂ ਧੜਾ-ਧੜ ਤਜਰਬੇਕਾਰ ਅਤੇ ਗ਼ੈਰ-ਤਜਰਬੇਕਾਰ ਮਜ਼ਦੂਰ ਆ ਰਹੇ ਹਨ । ਇਸ ਨਾਲ ਬਲੋਚੀ ਸੰਸਕ੍ਰਿਤੀ ਨੂੰ ਭਾਰੀ ਖ਼ਤਰਾ ਪੈਦਾ ਹੋ ਗਿਆ ਹੈ । ਪਾਕਿਸਤਾਨ ਦੀ ਫ਼ੌਜ 'ਚ ਪੰਜਾਬੀਆਂ ਦਾ ਬੋਲਬਾਲਾ ਹੈ । ਫ਼ੌਜ 'ਚ ਬਲੋਚੀਆਂ ਦੀ ਗਿਣਤੀ ਬਹੁਤ ਘੱਟ ਹੈ, ਜਿਨ੍ਹਾਂ ਨੂੰ ਆਦਰ-ਸਤਿਕਾਰ ਨਾਲ ਨਹੀਂ ਦੇਖਿਆ ਜਾਂਦਾ ਸ਼
ਪਾਕਿਸਤਾਨੀ ਫ਼ੌਜ ਬਲੋਚਿਸਤਾਨ 'ਚ ਵੱਡੇ ਪੱਧਰ 'ਤੇ ਜ਼ੁਲਮ ਕਰ ਰਹੀ ਹੈ ।ਹਜ਼ਾਰਾਂ ਆਮ ਬਲੋਚੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਹਜ਼ਾਰਾਂ ਬਲੋਚੀ ਗਾਇਬ ਹਨ । ਫ਼ੌਜ ਵਲੋਂ ਬਲੋਚੀਆਂ ਦੇ ਘਰਾਂ ਨੂੰ ਅੱਗ ਲਗਾਉਣਾ ਆਮ ਗੱਲ ਹੈ ।
ਪਾਕਿਸਤਾਨ ਦੀ ਆਪਣੀ ਕੋਈ ਸਾਂਝੀ ਸੰਸਕ੍ਰਿਤੀ ਨਹੀਂ ਹੈ ।ਇਸ ਧਰਤੀ 'ਤੇ ਇਸਲਾਮ ਤਾਂ ਇਕ ਹਜ਼ਾਰ ਸਾਲ ਪਹਿਲਾਂ ਆਇਆ ਸੀ, ਜਦਕਿ ਕਿਸੇ ਇਲਾਕੇ ਦੀ ਸੰਸਕ੍ਰਿਤੀ ਕਈ ਹਜ਼ਾਰਾਂ ਸਾਲਾਂ 'ਚ ਲੋਕਾਂ ਦੇ ਕੁਦਰਤ ਪ੍ਰਤੀ ਵਿਸ਼ਵਾਸ, ਭੂਗੋਲਿਕ ਹਾਲਾਤ, ਰਹਿਣ-ਸਹਿਣ, ਖਾਣ-ਪੀਣ, ਭਾਸ਼ਾ ਤੇ ਕਲਾ ਦੇ ਸੁਮੇਲ ਨਾਲ ਹੋਂਦ 'ਚ ਆਈ ਹੁੰਦੀ ਹੈ ।ਇਸਲਾਮ ਇਕ ਧਰਮ ਹੈ, ਸੰਸਕ੍ਰਿਤੀ ਨਹੀਂ।ਇਸ ਲਈ ਸਾਂਝੀ ਸੰਸਕ੍ਰਿਤੀ ਤੋਂ ਬਿਨਾਂ ਪਾਕਿਸਤਾਨ ਦੀਆਂ ਚਾਰ ਸੰਸਕਿ੍ਤਕ ਇਕਾਈਆਂ ਨੂੰ ਲੰਬੇ ਸਮੇਂ ਲਈ ਜੋੜ ਕੇ ਰੱਖਣਾ ਅਸੰਭਵ ਹੈ । 1971 'ਚ ਬੰਗਲਾਦੇਸ਼ ਦੀ ਆਜ਼ਾਦੀ ਦਾ ਮੁੱਖ ਕਾਰਨ ਬੰਗਾਲੀ ਸੰਸਕ੍ਰਿਤੀ ਦੀ ਪਾਕਿਸਤਾਨ ਨਾਲ ਕੋਈ ਸਾਂਝ ਨਾ ਹੋਣਾ ਹੀ ਸੀ ।ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨ ਦੇ ਸ਼ਹਿਰਚਾਹ ਬਹਾਰ 'ਚ ਸਮੁੰਦਰੀ ਬੰਦਰਗਾਹ ਨੂੰ ਵਿਕਸਤ ਕਰਨ ਲਈ ਉਦਘਾਟਨ ਕੀਤਾ ਸੀ ।ਇਹ ਘਟਨਾ ਇਰਾਨ ਨੂੰ ਇਕ ਸੰਕੇਤ ਸੀ ਕਿ ਭਾਰਤ ਇਰਾਨੀ ਬਲੋਚਿਸਤਾਨ ਅਤੇ ਸਿਸਤਾਨ ਸੂਬਿਆਂ ਨੂੰ ਇਰਾਨ ਦੇ ਹੀ ਅਟੁੱਟ ਅੰਗ ਸਮਝਦਾ ਹੈ । ਬਲੋਚਿਸਤਾਨ ਦੀ ਆਜ਼ਾਦੀ ਨਾਲ ਇਰਾਨ ਅਤੇ ਅਫ਼ਗਾਨਿਸਤਾਨ ਦਾ ਕੋਈ ਨੁਕਸਾਨ ਨਹੀਂ ਹੋਣਾ । ਬਲੋਚਿਸਤਾਨ 'ਚ ਹਿੰਗਲਾਜ਼ ਮਾਤਾ ਦਾ ਪ੍ਰਾਚੀਨ ਮੰਦਰ ਹੈ । ਬਲੋਚਿਸਤਾਨ 'ਚ ਹਿੰਦੂਆਂ ਤੇ ਕਸ਼ੱਤਰੀਆਂ ਵਲੋਂ ਹਿੰਗਲਾਜ਼ ਮਾਤਾ ਨੂੰ ਕੁਲਦੇਵੀ ਮੰਨਿਆ ਜਾਂਦਾ ਹੈ ।ਬਲੋਚਿਸਤਾਨ 'ਚ ਹਿੰਗਲਾਜ਼ ਮਾਤਾ ਨੂੰ ਸਮਰਪਿਤ ਸਭ ਤੋਂ ਵੱਡੀ ਨਦੀ ਹਿੰਗੋਲ ਹੈ ਅਤੇ ਹਿੰਗੋਲ ਨੈਸ਼ਨਲ ਪਾਰਕ ਜਿਹੜਾ 6200 ਵਰਗ ਕਿ.ਮੀ. ਇਲਾਕੇ 'ਚ ਫੈਲਿਆ ਹੋਇਆ ਹੈ, ਇੱਥੇ ਹੀ ਸਥਿਤ ਹੈ ।