ਇਸਲਾਮਾਬਾਦ:
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅੱਜ ਸ਼ੱਕੀ ਅਤਿਵਾਦੀਆਂ ਨੇ ਪੰਜਾਬ ਦੇ ਘੱਟੋ-ਘੱਟ ਸੱਤ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ। ਬਲੋਚਿਸਤਾਨ ਵਿੱਚ ਨਿਸ਼ਾਨਾ ਬਣਾ ਕੇ ਹੱਤਿਆ ਕਰਨ ਦੀ ਇਹ ਤਾਜ਼ੀ ਘਟਨਾ ਹੈ। ਪੁਲੀਸ ਨੇ ਦੱਸਿਆ ਕਿ ਇਹ ਮਜ਼ਦੂਰ ਪੰਜਗੁਰ ਕਸਬੇ ਦੇ ਖੁਦਾ-ਏ-ਅਬਾਦਾਨ ਇਲਾਕੇ ਵਿੱਚ ਇੱਕ ਮਕਾਨ ਦੀ ਉਸਾਰੀ ਵਿੱਚ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸ਼ੱਕੀ ਅਤਿਵਾਦੀਆਂ ਨੇ ਹਮਲਾ ਉਸ ਸਮੇਂ ਕੀਤਾ ਜਦੋਂ ਮਜ਼ਦੂਰ ਸਾਰਾ ਦਿਨ ਕੰਮ ਕਰਨ ਮਗਰੋਂ ਇੱਕ ਛੱਤ ਹੇਠ ਸੌਂ ਰਹੇ ਸਨ। ਪੁਲੀਸ ਨੇ ਦੱਸਿਆ ਕਿ ਸਾਰੇ ਮਜ਼ਦੂਰ ਪੰਜਾਬ ਦੇ ਮੁਲਤਾਨ ਜ਼ਿਲ੍ਹੇ ਦੇ ਵਸਨੀਕ ਸਨ। ਪੁਲੀਸ ਦੇ ਆਈਜੀ ਮੁਅੱਜ਼ਮ ਜਾਹ ਅੰਸਾਰੀ ਨੇ ‘ਡਾਅਨ’ ਅਖਬਾਰ ਨੂੰ ਦੱਸਿਆ, ‘‘ਗੋਲੀਬਾਰੀ ਵਿੱਚ ਸੱਤ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਾਜਿਦ, ਸ਼ਫੀਕ, ਫੈਯਾਜ਼, ਇਫ਼ਤਿਖਾਰ, ਸਲਮਾਨ, ਖਾਲਿਦ ਅਤੇ ਅੱਲ੍ਹਾ ਵਾਸਿਆ ਵਜੋਂ ਹੋਈ ਹੈ।’’