ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕੀਤੀ ਸੀ। ਇਸ ਦੌਰਾਨ, ਜ਼ੇਲੇਂਸਕੀ ਨੇ ਗਾਜ਼ਾ ਵਿੱਚ ਹੋਈ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ’ਤੇ ਟਰੰਪ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਟਰੰਪ ਕੋਲ ਹੁਣ ਰੂਸ-ਯੂਕ੍ਰੇਨ ਜੰਗ ਨੂੰ ਰੋਕਣ ਦਾ ਵਧੀਆ ਮੌਕਾ ਹੈ ਪਰ ਟਰੰਪ ਨੇ ਸੰਕੇਤ ਦਿੱਤਾ ਕਿ ਉਹ ਯੂਕ੍ਰੇਨ ਨੂੰ ਲੰਬੀ ਦੂਰੀ ਦੀਆਂ ਟੋਮਾਹਾਕ ਕਰੂਜ਼ ਮਿਜ਼ਾਇਲਾਂ ਵੇਚਣ ਲਈ ਤਿਆਰ ਨਹੀਂ ਹਨ, ਜਿਨ੍ਹਾਂ ਦੀ ਯੂਕ੍ਰੇਨ ਨੂੰ ਸਖਤ ਜ਼ਰੂਰਤ ਹੈ। ਜ਼ੇਲੈਂਸਕੀ ਆਪਣੇ ਸਹਾਇਕਾਂ ਨਾਲ ਟਰੰਪ ਨਾਲ ਦੁਪਹਿਰ ਦੇ ਖਾਣੇ ’ਤੇ ਨਵੀਂ ਸਥਿਤੀ ’ਤੇ ਚਰਚਾ ਕਰਨ ਪਹੁੰਚੇ ਸਨ। ਇਸ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ, ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਲੰਬੀ ਫ਼ੋਨ ਗੱਲਬਾਤ ਹੋਈ ਸੀ, ਜਿਸ ਵਿੱਚ ਜੰਗ ਦਾ ਮੁੱਦਾ ਮੁੱਖ ਸੀ।
ਟੋਮਾਹਾਕ ਮਿਜ਼ਾਇਲਾਂ ਦੀ ਮੰਗ ਅਤੇ ਰੂਸ ਦੀ ਚਿਤਾਵਨੀ
2022 ਵਿੱਚ ਰੂਸ ਦੇ ਹਮਲੇ ਤੋਂ ਬਾਅਦ, ਯੂਕ੍ਰੇਨ ਨੇ ਕਈ ਵਾਰ ਲੰਬੀ ਰੇਂਜ ਵਾਲੀਆਂ ਮਿਜ਼ਾਇਲਾਂ ਦੀ ਮੰਗ ਕੀਤੀ ਸੀ। ਇਹ ਮਿਜ਼ਾਇਲਾਂ ਯੂਕ੍ਰੇਨ ਨੂੰ ਰੂਸੀ ਸ਼ਹਿਰਾਂ ਅਤੇ ਫ਼ਰੰਟ ਲਾਈਨ ਤੋਂ ਦੂਰ ਨਿਸ਼ਾਨਿਆਂ ’ਤੇ ਹਮਲਾ ਕਰਨ ਦੀ ਤਾਕਤ ਦੇ ਸਕਦੀਆਂ ਹਨ। ਅਮਰੀਕਾ ਦੀਆਂ ਟੋਮਾਹਾਕ ਮਿਜ਼ਾਇਲਾਂ ਦੀ ਰੇਂਜ 2,500 ਕਿਲੋਮੀਟਰ ਤੱਕ ਹੈ, ਜੋ ਯੂਕ੍ਰੇਨ ਤੋਂ ਮਾਸਕੋ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ। ਇਹ ਮਿਜ਼ਾਇਲਾਂ ਸਬਸੋਨਿਕ ਸਪੀਡ ’ਤੇ ਉੱਡਦੀਆਂ ਹਨ, ਪਰ ਜ਼ਮੀਨ ਤੋਂ ਸਿਰਫ਼ 10 ਮੀਟਰ ਦੀ ਉਚਾਈ ’ਤੇ ਰਹਿਣ ਕਾਰਨ ਇਨ੍ਹਾਂ ਨੂੰ ਰੋਕਣਾ ਮੁਸ਼ਕਲ ਹੁੰਦਾ ਹੈ। ਇਨ੍ਹਾਂ ਦਾ ਅਡਵਾਂਸਡ ਨੈਵੀਗੇਸ਼ਨ ਸਿਸਟਮ ਸਟੀਕ ਨਿਸ਼ਾਨੇਬਾਜ਼ੀ ਦੀ ਸਮਰੱਥਾ ਦਿੰਦਾ ਹੈ। ਪਰ ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਮਿਜ਼ਾਇਲਾਂ ਦੀ ਸਪਲਾਈ ਨਾਲ ਜੰਗ ਵਿੱਚ ਵੱਡਾ ਵਾਧਾ ਹੋਵੇਗਾ ਅਤੇ ਅਮਰੀਕਾ-ਰੂਸ ਸਬੰਧ ਹੋਰ ਖਰਾਬ ਹੋਣਗੇ।
ਟੋਮਾਹਾਕ ਮਿਜ਼ਾਇਲਾਂ ਦੀਆਂ ਤਕਨੀਕੀ ਰੁਕਾਵਟਾਂ
ਯੂਕਰੇਨ ਨੂੰ ਟੋਮਾਹਾਕ ਮਿਜ਼ਾਇਲਾਂ ਦੀ ਸਪਲਾਈ ਵਿੱਚ ਸਭ ਤੋਂ ਵੱਡੀ ਸਮੱਸਿਆ ਢੁਕਵਾਂ ਲਾਂਚ ਪਲੈਟਫ਼ਾਰਮ ਹੈ। ਇਹ ਮਿਜ਼ਾਇਲਾਂ ਮੁੱਖ ਤੌਰ ’ਤੇ ਸਮੁੰਦਰੀ ਜਹਾਜ਼ਾਂ ਅਤੇ ਸਬਮਰੀਨਾਂ ਤੋਂ ਲਾਂਚ ਕੀਤੀਆਂ ਜਾਂਦੀਆਂ ਹਨ, ਪਰ ਯੂਕ੍ਰੇਨ ਕੋਲ ਅਜਿਹੇ ਜਹਾਜ਼ ਨਹੀਂ ਹਨ। ਅਮਰੀਕਾ ਨੇ ਹਾਲ ਹੀ ਵਿੱਚ ਜ਼ਮੀਨੀ ਲਾਂਚਰ ਤਿਆਰ ਕੀਤੇ ਹਨ, ਪਰ ਯੂਕ੍ਰੇਨੀ ਫ਼ੌਜ ਨੂੰ ਇਨ੍ਹਾਂ ਨੂੰ ਵਰਤਣ ਲਈ ਸਿਖਲਾਈ ਦੀ ਲੋੜ ਪਵੇਗੀ। ਇਸ ਤੋਂ ਇਲਾਵਾ, ਅਜਿਹੀਆਂ ਸਟੀਕ ਮਿਜ਼ਾਇਲਾਂ ਲਈ ਅਮਰੀਕਾ ਤੋਂ ਖੁਫ਼ੀਆ ਜਾਣਕਾਰੀ ਦੀ ਵੀ ਜ਼ਰੂਰਤ ਹੋਵੇਗੀ। ਮਾਰਚ ਵਿੱਚ ਅਮਰੀਕਾ ਨੇ ਕੁਝ ਸਮੇਂ ਲਈ ਖੁਫ਼ੀਆ ਜਾਣਕਾਰੀ ਸਾਂਝੀ ਕਰਨੀ ਬੰਦ ਕਰ ਦਿੱਤੀ ਸੀ, ਪਰ ਬਾਅਦ ਵਿੱਚ ਇਸ ਵਿੱਚ ਵਾਧਾ ਕੀਤਾ ਗਿਆ। ਇਸ ਜਾਣਕਾਰੀ ਨੇ ਯੂਕ੍ਰੇਨ ਨੂੰ ਰੂਸੀ ਤੇਲ ਰਿਫ਼ਾਈਨਰੀਆਂ ’ਤੇ ਸਟੀਕ ਹਮਲੇ ਕਰਨ ਵਿੱਚ ਮਦਦ ਕੀਤੀ।
ਮਾਹਿਰਾਂ ਦਾ ਮੰਨਣਾ ਹੈ ਕਿ ਜੇ ਯੂਕ੍ਰੇਨ ਨੂੰ ਟੋਮਾਹਾਕ ਮਿਜ਼ਾਇਲਾਂ ਮਿਲਦੀਆਂ ਹਨ, ਤਾਂ ਅਮਰੀਕੀ ਮਾਹਿਰ ਉਨ੍ਹਾਂ ਦੀ ਤਿਆਰੀ ਅਤੇ ਉਡਾਨ ਰੂਟ ਦੀ ਯੋਜਨਾ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਹ ਮਿਜ਼ਾਇਲਾਂ, ਹੋਰ ਹਥਿਆਰਾਂ ਨਾਲ ਮਿਲ ਕੇ, ਜੰਗ ਦਾ ਰੁਖ ਬਦਲ ਸਕਦੀਆਂ ਹਨ। ਯੂਕ੍ਰੇਨ ਨੇ ਰੂਸੀ ਊਰਜਾ ਸਹੂਲਤਾਂ ’ਤੇ ਹਮਲੇ ਕਰਕੇ ਰੂਸ ਦੀ ਆਰਥਿਕਤਾ ਨੂੰ ਪਹਿਲਾਂ ਹੀ ਕਮਜ਼ੋਰ ਕੀਤਾ ਹੈ। ਪਰ ਅਮਰੀਕਾ, ਚੀਨ ਨਾਲ ਸੰਭਾਵਿਤ ਟਕਰਾਅ ਦੇ ਡਰ ਕਾਰਨ, ਵੱਡੀ ਗਿਣਤੀ ਵਿੱਚ ਮਿਜ਼ਾਇਲਾਂ ਦੇਣ ਤੋਂ ਝਿਜਕ ਰਿਹਾ ਹੈ। ਟਰੰਪ ਦਾ ਰੂਸ ਪ੍ਰਤੀ ਰਵੱਈਆ ਹੁਣ ਸਖਤ ਹੋ ਗਿਆ ਹੈ, ਖਾਸ ਕਰਕੇ ਪੁਤਿਨ ਦੇ ਅੜੀਅਲ ਰਵੱਈਏ ਕਾਰਨ। ਟਰੰਪ ਨੇ ਕਿਹਾ, ‘ਜੇ ਰੂਸ ਜੰਗ ਨਹੀਂ ਸੁਲਝਾਉਂਦਾ, ਤਾਂ ਅਸੀਂ ਟੋਮਾਹਾਕ ਮਿਜ਼ਾਈਲਾਂ ਭੇਜ ਸਕਦੇ ਹਾਂ।’ ਰੂਸ ਨੇ ਇਸ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ, ਜਿਸ ਵਿੱਚ ਸਾਬਕਾ ਰਾਸ਼ਟਰਪਤੀ ਦਿਮਿਤਰੀ ਮੇਦਵੇਦੇਵ ਨੇ ਕਿਹਾ ਕਿ ਅਜਿਹਾ ਕਦਮ ਸਭ ਲਈ ਖਤਰਨਾਕ ਹੋਵੇਗਾ।
![]()
