ਭਾਰਤ ਵਾਂਗ ਕੈਨੇਡਾ ’ਚ ਵੀ ਚਾਰ ਰੁੱਤਾਂ ਹੁੰਦੀਆਂ ਹਨ। ਇਨ੍ਹਾਂ ਨੂੰ ਆਕਾਸ਼ ’ਚ ਸੂਰਜ ਦੀ ਗਤੀ ਮੁਤਾਬਿਕ ਪਰਿਭਾਸ਼ਤ ਕੀਤਾ ਜਾਂਦਾ ਹੈ। ਉੱਤਰੀ ਅਰਧਗੋਲੇ ਵਿੱਚ ਬਸੰਤ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸੂਰਜ ਦੱਖਣ ਤੋਂ ਉੱਤਰ ਵੱਲ ਚੱਲਦਾ ਸਿੱਧਾ ਭੂ-ਮੱਧ ਰੇਖਾ ਉੱਪਰ ਹੁੰਦਾ ਹੈ। ਗਰਮੀ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸੂਰਜ ਉੱਤਰ ਦਿਸ਼ਾ ਵਿਚ ਵੱਧ ਤੋਂ ਵੱਧ ਦੂਰੀ ’ਤੇ ਹੁੰਦਾ ਹੈ। ਪੱਤਝੜ ਰੁੱਤ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸੂਰਜ ਉੱਤਰ ਤੋਂ ਦੱਖਣ ਵੱਲ ਚੱਲਦਾ ਸਿੱਧਾ ਭੂ-ਮੱਧ ਰੇਖਾ ਉੱਪਰ ਹੁੰਦਾ ਹੈ। ਸਰਦੀ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸੂਰਜ ਦੱਖਣ ਦਿਸ਼ਾ ਵਿੱਚ ਵੱਧ ਤੋਂ ਵੱਧ ਦੂਰੀ ’ਤੇ ਹੁੰਦਾ ਹੈ। ਕੈਨੇਡਾ ’ਚ ਨਵੇਂ ਆਉਣ ਵਾਲੇ ਲੋਕ ਮਨ ’ਚ ਇੱਕੋ ਧਾਰਨਾ ਲੈ ਕੇ ਆਉਂਦੇ ਹਨ ਕਿ ਉੱਥੇ ਤਾਂ ਹਰ ਸਮੇਂ ਕਾਂਬਾ ਛੇੜਨ ਵਾਲੀ ਠੰਢ ਪੈਂਦੀ ਹੈ। ਬਰਫ਼ ਘਰਾਂ ਨੂੰ ਚੁਫੇਰਿਓਂ ਘੇਰੀ ਰੱਖਦੀ ਹੈ। ਇਹ ਬਿਲਕੁਲ ਗ਼ਲਤ ਧਾਰਨਾ ਹੈ। ਇਹ ਕਾਫ਼ੀ ਵੱਡਾ ਮੁਲਕ ਹੈ, ਜੋ ਪੰਜ ਟਾਈਮ ਜ਼ੋਨਾਂ ਵਿੱਚ ਵੰਡਿਆ ਹੋਇਆ ਹੈ। ਇਸ ਦੇ ਘੁੱਗ ਵੱਸਦੇ ਸੂਬੇ : ਓਂਟਾਰੀਓ, ਕਿਊਬੈਕ, ਅਲਬਰਟਾ, ਨੋਵਾ ਸਕੌਸ਼ੀਆ, ਬ੍ਰਿਟਿਸ਼ ਕੋਲੰਬੀਆ ਹਨ। ਇਨ੍ਹਾਂ ਸਭਨਾਂ ’ਚ ਵਿੱਚ ਚਾਰ ਰੁੱਤਾਂ ਆਉਂਦੀਆਂ ਹਨ। ਹਰ ਪ੍ਰੋਵਿੰਸ ’ਚ ਰੁੱਤਾਂ ਦਾ ਆਪੋ ਆਪਣਾ ਮੌਸਮ ਤੇ ਅੰਦਾਜ਼ ਹੁੰਦਾ ਹੈ।
23 ਸਤੰਬਰ 2025 ਨੂੰ ਜਦੋਂ ਪੂਰੇ ਸੰਸਾਰ ਅੰਦਰ ਸਾਲ ਦੌਰਾਨ ਰਾਤ ਤੇ ਦਿਨ ਤਕਰੀਬਨ ਇੱਕੋ ਜਿੰਨੇ ਲੰਬੇ ਮੰਨੇ ਜਾਂਦੇ ਹਨ, ਉੱਤਰੀ ਗੋਲਾਅਰਧ ਅੰਦਰ ਇਸ ਨੂੰ ਪੱਤਝੜ ਦਾ ਸ਼ੁਰੂਆਤੀ ਦਿਨ ਮੰਨਿਆ ਜਾਂਦਾ ਹੈ। ਹਰ ਸਾਲ ਇਸ ਤਾਰੀਕ ਵਿੱਚ ਇੱਕ-ਅੱਧੇ ਦਿਨ ਦਾ ਵਾਧਾ-ਘਾਟਾ ਵੀ ਹੁੰਦਾ ਰਹਿੰਦਾ ਹੈ। ਤਿੰਨ ਮਹੀਨੇ ਸਤੰਬਰ, ਅਕਤੂਬਰ, ਨਵੰਬਰ ਪੱਤਝੜ ਦੇ ਹੁੰਦੇ ਹਨ।
ਕਿਉਂ ਹੈ ਮਨਭਾਉਂਦੀ ਰੁੱਤ ?
ਕੈਨੇਡਾ ਦੀ ਧਰਤੀ ’ਤੇ ਜਿਸ ਨੇ ਪੱਤਝੜ ਦੇਖੀ ਹੈ, ਉਨ੍ਹਾਂ ਨੂੰ ਪਤਾ ਹੈ ਕਿ ਇਹ ਤਾਂ ਫੁੱਲਾਂ ਦੀ ਰੁੱਤ ਬਹਾਰ ਨੂੰ ਵੀ ਮਾਤ ਪਾ ਜਾਂਦੀ ਹੈ। ਧਰਤੀ ’ਤੇ ਖੜ੍ਹੇ ਰੁੱਖ ਰੰਗ-ਬਿਰੰਗੇ ਡਿੱਗਦੇ ਪੱਤਿਆਂ ਨਾਲ ਨ੍ਰਿਤ ਕਰਦੇ ਨਜ਼ਰ ਆਉਂਦੇ ਹਨ। ਹਵਾਵਾਂ ਰੁੱਖਾਂ ਤੋਂ ਪੱਤੇ ਖੋਹ ਕੇ ਧਰਤੀ ਦੀ ਵਿਸ਼ਾਲ ਕੈਨਵਸ ’ਤੇ ਪੱਤਿਆਂ ਦੀ ਚਿੱਤਰਕਾਰੀ ਕਰਦੀਆਂ ਹਨ।
ਪੱਤਿਆਂ ਦੇ ਬਦਲਦੇ ਰੰਗ
ਲੋਕ ਪੱਤਝੜ ਨੂੰ ਇਸ ਕਰਕੇ ਵੀ ਪਸੰਦ ਕਰਦੇ ਹਨ ਕਿਉਂਕਿ ਇਸ ਰੁੱਤੇ ਰੁੱਖਾਂ ਦੇ ਪੱਤੇ ਵੰਨ-ਸੁਵੰਨੇ ਰੰਗ ਬਦਲਦੇ ਹਨ। ਹਰੇ ਪੱਤੇ, ਸੋਨ ਸੁਨਹਿਰੀ ਭਾਅ ਮਾਰਦੇ ਲਾਲ ਹੋ ਜਾਂਦੇ ਹਨ, ਫਿਰ ਨਾਰੰਗੀ ਹੋ ਜਾਂਦੇ ਹਨ। ਰੁੱਖਾਂ ਤੋਂ ਪੱਤੇ ਮੀਂਹ ਵਾਂਗ ਡਿੱਗਦੇ ਧਰਤੀ ਉੱਤੇ ਰੰਗੀਲੀ ਚਾਦਰ ਵਿਛਾ ਜਾਂਦੇ ਹਨ। ਲੋਕ ਕਈ ਖ਼ਾਸ ਥਾਵਾਂ ’ਤੇ ਡਿੱਗਦੇ ਰੰਗਦਾਰ ਪੱਤਿਆਂ ਦਾ ਨਜ਼ਾਰਾ ਦੇਖਣ ਲਈ ਟੂਰ ’ਤੇ ਜਾਂਦੇ ਹਨ। ਉਨ੍ਹਾਂ ਥਾਵਾਂ ’ਤੇ ਚਿੱਤਰਕਾਰ ਲੈਂਡ ਸਕੈਪ ਤਿਆਰ ਕਰਦੇ ਹਨ। ਕੈਨੇਡਾ ਦੇ ਕਈ ਚਿੱਤਰਕਾਰਾਂ ਤੇ ਲੇਖਕਾਂ ਨੇ ਪੱਤਝੜ ਦੀ ਖ਼ੂਬਸੂਰਤੀ ਨੂੰ ਰੰਗਾਂ ਤੇ ਸ਼ਬਦਾਂ ਰਾਹੀਂ ਬਿਆਨਿਆ ਵੀ ਹੈ।
ਪੰਪਕਿਨ ਦੀ ਮਹੱਤਤਾ
ਕੈਨੇਡਾ ਵਿੱਚ ਇਹ ਮਨੌਤ ਹੈ ਕਿ ਜੇ ਤੁਹਾਡੇ ਕੋਲ ਪੇਠਾ ਕੱਦੂ ਜਾਂ ਪੰਪਕਿਨ ਹੈ ਤਾਂ ਤੁਸੀਂ ਖ਼ੁਸ਼ਕਿਸਮਤ ਹੋ। ਪੱਤਝੜ ’ਚ ਪੇਠੇ ਦਾ ਸੁਆਦ ਕਿੰਨੇ ਤਰੀਕਿਆਂ ਨਾਲ ਚਖਿਆ ਜਾ ਸਕਦਾ ਹੈ। ਪੰਪਕਿਨ ਪਾਈ, ਪੰਪਕਿਨ ਨਾਨ/ਰੋਟੀ, ਬਰੈੱਡ, ਪੰਪਕਿਨ ਮਸਾਲੇਦਾਰ ਕੌਫੀ, ਚਾਹ ਆਮ ਮੁਹੱਈਆ ਹੁੰਦੀ ਹੈ। ਲੋਕ ਪੱਤਝੜ ਦੇ ਮਹੀਨਿਆਂ ਵਿਚ ਉਪਰੋਕਤ ਚੀਜ਼ਾਂ ਨੂੰ ਖਾਣਾ ਪਸੰਦ ਕਰਦੇ ਹਨ। ਇਹ ਮੌਸਮ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਤੁਸੀਂ ਵੀ ਇਨ੍ਹਾਂ ਖਾਣ ਵਾਲੇ ਪਕਵਾਨਾਂ ਦਾ ਆਨੰਦ ਜ਼ਰੂਰ ਮਾਣ ਸਕਦੇ ਹੋ।
ਸੁਆਦੀ ਮਠਿਆਈਆਂ
ਪੱਤਝੜ ਵਿੱਚ ਮਠਿਆਈਆਂ, ਸੁੱਕੇ ਮੇਵੇ, ਫਲਾਂ ਆਦਿ ਲਈ ਸਭ ਤੋਂ ਢੁੱਕਵਾਂ ਮੌਸਮ ਹੁੰਦਾ ਹੈ। ਇਸ ਮੌਸਮ ਵਿੱਚ ਕੈਰੇਮਲ ਸੇਬ, ਟੌਫੀਆਂ, ਕੈਂਡੀਆਂ, ਪੇਠਾ ਪਾਈ, ਸੇਬ ਪਾਈ, ਪੇਕਨ ਪਾਈ ਚੋਖੀ ਮਾਤਰਾ ਵਿੱਚ ਮਿਲ ਜਾਂਦੀਆਂ ਹਨ। ਇਸ ਵਾਰ ਜੇ ਕੈਨੇਡਾ ਵਿੱਚ ਤੁਸੀਂ ਪੇਠਾ ਪਾਈ ਖਾਣ ਲੱਗੇ ਹੋ ਤਾਂ ਕੋਰੜੇ ਦੀ ਕਰੀਮ ਲੈਣੀ ਜ਼ਰੂਰ ਯਾਦ ਰੱਖਿਓ, ਬੜਾ ਸੁਆਦ ਆਵੇਗਾ।
ਠੰਡਕ ਦਾ ਅਹਿਸਾਸ
ਤੇਜ਼ ਗਰਮੀ ਪਿੱਛੋਂ ਪੱਤਝੜ ਜੀਕੂੰ ਠੰਡਕ ਦਾ ਅਹਿਸਾਸ ਲੈ ਕੇ ਆਉਂਦੀ ਹੈ। ਨਿੱਘੇ ਦਿਨ ਤੇ ਨਿੱਘੀਆਂ ਰਾਤਾਂ, ਠੰਡੀ ਪੌਣ ਦੇ ਬੁੱਲ੍ਹੇ ਦਰਵਾਜ਼ੇ ’ਤੇ ਦਸਤਕ ਦਿੰਦੇ ਹਨ। ਖਿੜਕੀਆਂ ਖੁੱਲ੍ਹੀਆਂ ਰੱਖਣ ਨੂੰ ਦਿਲ ਕਰਦਾ ਹੈ। ਪੌਣ ਮੁਹੱਬਤੀਆਂ ਵਾਂਗ ਗਲਵੱਕੜੀ ਪਾਉਂਦੀ ਹੈ।
ਬਿਹਤਰ ਫੈਸ਼ਨ
ਪੱਤਝੜ ਨਾਲ ਨਵੀਆਂ ਜੈਕੇਟਾਂ, ਬੂਟ, ਸ਼ੌਰਟਸ, ਨਵੀਂ ਡਰੈੱਸ, ਮਜ਼ੇਦਾਰ ਫਲਿਪ ਫਲੌਪ ਬੜੇ ਪਸੰਦ ਕੀਤੇ ਜਾਂਦੇ ਹਨ। ਫਾਇਰ ਪਿਟਸ ਲੈਣ ਦਾ ਇਹ ਬੜਾ ਢੁੱਕਵਾਂ ਸਮਾਂ ਮੰਨਿਆਂ ਜਾਂਦਾ ਹੈ।
ਕਲਾ ਤੇ ਸ਼ਿਲਪਕਾਰੀ
ਭਾਵੇਂ ਤੁਸੀਂ ਹੈਲੋਵਿਨ ਦੀ ਨਿਕਾਸੀ ਕਰ ਰਹੇ ਹੋ ਜਾਂ ਡਿਆਡੋ ਲੋਸ ਮੁਰਟੋਸ ਲਈ ‘ਖੋਪੜੀ’ ਤਿਆਰ ਕਰ ਰਹੇ ਹੋ। ਥੈਂਕਸ ਗਿਵਿੰਗ ਲਈ ‘ਕੋਰਨੋਰੋਪੀਆ’ ਭਰ ਰਹੇ ਹੋ। ਪੱਤਝੜ ’ਚ ਬੱਚਿਆਂ ਅਤੇ ਬਾਲਗਾਂ ਲਈ ਬਹੁਤ ਸਾਰੀਆਂ ਸ਼ਿਲਪਕਾਰੀਆਂ ਦਾ ਸਾਮਾਨ ਮਾਰਕਿਟ ਵਿੱਚ ਸੌਖਿਆਂ ਹੀ ਉਪਲੱਬਧ ਹੋ ਜਾਂਦਾ ਹੈ। ਬੱਚੇ ਇਨ੍ਹਾਂ ਸ਼ਿਲਪਕਾਰੀਆਂ ਵਿੱਚ ਚੋਖਾ ਸਮਾਂ ਬਤੀਤ ਕਰਦੇ ਹਨ। ਸਕੂਲ ਵੀ ਬੱਚਿਆਂ ਨੂੰ ਕਲਾਕ੍ਰਿਤੀਆਂ ਵੱਲ ਰੁੱਝੇ ਰਹਿਣ ਨੂੰ ਉਤਸ਼ਾਹਿਤ ਕਰਦੇ ਹਨ।
ਛੁੱਟੀਆਂ ਦੀ ਭਰਮਾਰ
ਵਿਸ਼ਵ ਭਰ ਵਿੱਚ ਪੱਤਝੜ ਦੇ ਮੌਸਮ ’ਚ ਛੁੱਟੀਆਂ ਵੱਡੀ ਗਿਣਤੀ ਵਿੱਚ ਹੁੰਦੀਆਂ ਹਨ। ਇਸ ਮੌਸਮ ਦੌਰਾਨ ਅਕਤੂਬਰ ਦੇ ਅਖ਼ੀਰਲੇ ਦਿਨ ਹੈਲੋਵਿਨ, ਥੈਂਕਸ ਗਿਵਿੰਗ, ਡਿਆਡੋ ਲੋਸ ਮੁਰਟੋਸ ਜਿਹੇ ਤਿਉਹਾਰ ਹੁੰਦੇ ਹਨ। ਸੁਆਦਲੇ ਖਾਣੇ, ਬਹੁਰੰਗੇ ਕੱਪੜੇ, ਪਹਿਰਾਵੇ, ਫੰਕਸ਼ਨ, ਕਸਟਿਊਮ ਪਾਰਟੀਆਂ, ਫਿਲਮ ਸ਼ੋਅ, ਟਰਿੱਕ, ਮਸਤੀਆਂ ਅਤੇ ਸ਼ਰਾਰਤਾਂ ਇਸੇ ਮੌਸਮ ਵਿੱਚ ਹੁੰਦੀਆਂ ਹਨ। ਹੈਲੋਵਿਨ ਮੁਰਦਾ ਰੂਹਾਂ ਦਾ ਤਿਉਹਾਰ ਹੈ। ਇਸ ਦਿਨ ਬੱਚੇ ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਵਾਂਗ ਘਰ-ਘਰ ਕੈਂਡੀਆਂ, ਚਾਕਲੇਟ, ਟਾਫ਼ੀਆਂ, ਸਵੀਟਸ ਆਦਿ ਮੰਗਣ ਜਾਂਦੇ ਹਨ। ਲੋਕਾਂ ਵਿੱਚ ਬੱਚਿਆਂ ਨੂੰ ਕੈਂਡੀਆਂ ਵੰਡਣ ਦਾ ਬੜਾ ਜੋਸ਼ ਹੁੰਦਾ ਹੈ।
ਪੱਤਝੜ ਤੇ ਪੇਂਟਿੰਗਾਂ
‘ਔਟਮ ਡੇਅ’ ਆਇਲ ਪੇਂਟਿੰਗ ਵੈਨਕੂਬਰ, ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਿਤ ਕੈਨੇਡੀਅਨ ਚਿੱਤਰਕਾਰ ਪੌਲ਼ ਚੀਜ਼ਿਕ ਦੀ ਤਿਆਰ ਕੀਤੀ ਲੈਂਡ ਸਕੈਪ ਅਧੁਨਿਕ ਕਲਾ ਦੀ ਸੁੰਦਰ ਪੇਸ਼ਕਾਰੀ ਹੈ। ਡੁਰਾਨ ਨੇ ਪੱਤਿਆਂ ਦੀ ਵਰਤੋਂ ਕਰ ਕੇ ਆਰਟ ਦੀ ਨਵੀਂ ਤਕਨੀਕ ਲੱਭੀ ਹੈ। ਪ੍ਰਕਿਰਤੀ ਅਤੇ ਜਨੂੰਨ ਉਸ ਦੀਆਂ ਪੇਂਟਿੰਗਾਂ ਵਿੱਚੋਂ ਸਾਫ਼ ਦਿਸਦਾ ਹੈ। ਲੋਰੈਂਜ਼ੋ ਨੇ ਪੱਤਿਆਂ ਨੂੰ ਕੱਟ ਕੇ ਖ਼ੂਬਸੂਰਤ ਗੁੰਝਲਦਾਰ ਆਰਟ ਕੰਮ ਕੀਤਾ ਹੈ। ਐਂਡੀ ਗੋਲਡਸਵਰਦੀ ਨੇ ਕੁਦਰਤੀ ਤੱਤਾਂ ਜਿਵੇਂ ਟਹਿਣੀਆਂ, ਪੱਤੇ, ਪੱਥਰ, ਬਰਫ਼, ਕਾਨੇ, ਕੰਡੇ ਮਿਲਾ ਕੇ ਚਿੱਤਰ ਕਲਾ ਦਾ ਨਵਾਂ ਤਰੀਕਾ ਬਾਖ਼ੂਬੀ ਪੇਸ਼ ਕੀਤਾ ਹੈ। ਪੱਤੇ ਜਣਨ ਤੇ ਵਾਧੇ ਦੇ ਪ੍ਰਤੀਕ ਹਨ। ਨੈਨਸੀ ਅਜ਼ਾਰਾ ਪੱਤਿਆਂ ਦੀ ਪ੍ਰਿੰਟਿੰਗ ਲਈ ਪ੍ਰਸਿੱਧ ਹੈ। ਚਿੱਤਰਕਾਰ ਆਂਸਲ ਐਡਮਜ਼, ਐਲਬਰਟ ਬਾਇਰਸਟੈਟ ਸੈਲੀਮਾਨ, ਕਲਾਊਡਮੋਨੈਟ ਕੁਦਰਤ ਨੂੰ ਚਿਤਰਨ ਵਾਲੇ ਮਕਬੂਲ ਚਿੱਤਰਕਾਰ ਹਨ।
ਇਮੋਜ਼ੀ
ਇਮੋਜ਼ੀ ਵਿੱਚ ਵੀ ‘ਫਾਲਿੰਗ ਲੀਫ’ ਇਮੋਜ਼ੀ ਦਾ ਚਿੰਨ੍ਹ ਵਰਤਿਆ ਜਾਂਦਾ ਹੈ। ਇਹ ਪੱਤਝੜੀ ਪੱਤਾ ਹੈ, ਜਿਸ ਦਾ ਰੰਗ ਬਦਲਿਆ ਹੋਇਆ ਹੈ। ਰੁੱਖ ਤੋਂ ਟੁੱਟ ਕੇ ਧਰਤੀ ਉੱਤੇ ਡਿੱਗਿਆ ਪਿਆ ਹੈ। ਅਧਿਆਤਮਿਕ ਲੋਕ ਪੱਤਝੜ ਦੇ ਪੱਤੇ ਨੂੰ ਵਿਕਾਸ ਅਤੇ ਪੁਨਰਜਨਮ ਦਾ ਪ੍ਰਤੀਕ ਮੰਨਦੇ ਹਨ। ਮੈਪਲ ਰੁੱਖ ਦਾ ਪੱਤਾ ਪਿਆਰ, ਸੰਤੁਲਨ, ਲੰਬੀ ਉਮਰ ਅਤੇ ਬਰਕਤਾਂ ਦਾ ਪ੍ਰਤੀਕ ਹੈ। ਪੱਤਝੜ ਦੌਰਾਨ ਸਭ ਤੋਂ ਸੋਹਣੇ ਰੰਗ ਸ਼ੂਗਰ ਮੈਪਲ ਦੇ ਪੱਤਿਆਂ ਦੇ ਹੁੰਦੇ ਹਨ। ਇਹ ਪੱਤੇ ਲਾਲ, ਸੰਤਰੀ, ਪੀਲੇ ਰੰਗਾਂ ’ਚ ਦਿਲ ਨੂੰ ਮੋਹ ਲੈਂਦੇ ਹਨ।
ਦੇਖਣ ਵਾਲੀਆਂ ਥਾਵਾਂ
ਪੱਤਝੜ ਦੌਰਾਨ ਰੰਗਾਂ ਦੀ ਬਰਸਾਤ ਦਾ ਨਜ਼ਾਰਾ ਦੇਖਣ ਲਈ ਲੋਕ ਕੈਨੇਡਾ ਦੀਆਂ ਬੜੀਆਂ ਰੰਗੀਨ ਥਾਵਾਂ ’ਤੇ ਸੈਰ-ਸਪਾਟੇ ਲਈ ਜਾਂਦੇ ਹਨ। ਦੇਖਣਯੋਗ ਥਾਵਾਂ ਵਿੱਚ ਮਾਂਟਰੀਅਲ, ਕਿਊਬੈਕ, ਹਜ਼ਾਰਾਂ ਆਈਲੈਂਡ, ਓਂਟਾਰੀਓ, ਨਿਆਗਰਾ ਫਾਲਜ਼, ਬੈਂਫ ਨੈਸ਼ਨਲ ਪਾਰਕ, ਐਲਬਰਟਾ, ਵੈਨਕੂਬਰ, ਬ੍ਰਿਟਿਸ਼ ਕੋਲੰਬੀਆ, ਓਕਾਂਗਨ ਘਾਟੀ, ਪਰਕ ਓਮੇਗਾ ਆਦਿ ਦਾ ਨਾਂ ਲਿਆ ਜਾ ਸਕਦਾ ਹੈ।
- ਹਰੀ ਕ੍ਰਿਸ਼ਨ ਮਾਇਰ
![]()
