ਬਹੁਤ ਪੁਰਾਣੀ ਹੈ ਅਮਰੀਕਾ ਅਤੇ ਪਾਕਿਸਤਾਨ ਦੀ ਦੋਸਤੀ

In ਮੁੱਖ ਲੇਖ
June 21, 2025

-ਸ੍ਰੀਰਾਮ ਚੌਲੀਆ :
ਕਾਰਲ ਮਾਰਕਸ ਨੇ ਕਿਹਾ ਸੀ ਕਿ ‘ਇਤਿਹਾਸ ਖ਼ੁਦ ਨੂੰ ਦੁਹਰਾਉਂਦਾ ਹੈ-ਪਹਿਲਾਂ ਤ੍ਰਾਸਦੀ ਦੇ ਰੂਪ ਵਿੱਚ ਅਤੇ ਫਿਰ ਮਜ਼ਾਕ ਦੇ ਰੂਪ ਵਿੱਚ।’ ਕੱਟੜ ਜਹਾਦੀ ਸੋਚ ਵਾਲੇ ਪਾਕਿਸਤਾਨੀ ਫ਼ੌਜ ਮੁਖੀ ਅਤੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਦੁਪਹਿਰ ਦੇ ਭੋਜ ਲਈ ਸੱਦ ਕੇ ਅਤੇ ਪਾਕਿਸਤਾਨ ਨਾਲ ਡੂੰਘੇ ਰੱਖਿਆ ਤਾਲਮੇਲ ਦੀ ਪੇਸ਼ਕਸ਼ ਕਰ ਕੇ ਮਾਰਕਸ ਦੇ ਕਥਨ ਨੂੰ ਪ੍ਰਸੰਗਿਕ ਕਰ ਦਿੱਤਾ ਹੈ। ਸੰਨ 1980-88 ਵਿੱਚ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਤਤਕਾਲੀ ਪਾਕਿਸਤਾਨੀ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਨੂੰ ਗਲੇ ਲਗਾਇਆ ਸੀ।
ਇਸ ਤੋਂ ਬਾਅਦ ਜ਼ਿਆ ਨੇ ਅਜਿਹਾ ਦਹਿਸ਼ਤ ਤੇ ਵਹਿਸ਼ਤ ਦਾ ਦੌਰ ਚਲਾਇਆ ਜਿਸ ਨੇ ਪਾਕਿਸਤਾਨ ਨੂੰ ਬਰਬਾਦੀ ਦੇ ਕਗਾਰ ’ਤੇ ਖੜ੍ਹਾ ਕਰ ਦਿੱਤਾ। ਫਿਰ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਵੀ ਜਨਰਲ ਪਰਵੇਜ਼ ਮੁਸ਼ੱਰਫ ਨਾਲ ਹੱਥ ਮਿਲਾਇਆ, ਜਿਸ ਦੇ ਭਿਆਨਕ ਸਿੱਟੇ ਨਿਕਲੇ ਸਨ। ਕੀ ਲਗਪਗ ਹਰ 20 ਸਾਲਾਂ ’ਚ ਖੇਡੀ ਜਾ ਰਹੀ ਇਸ ਖ਼ਤਰਨਾਕ ਖੇਡ ਦਾ ਤੀਜਾ ਅਧਿਆਇ ਹੁਣ ਫਿਰ ਆਰੰਭ ਹੋਇਆ ਹੈ? ਜਨਰਲ ਜ਼ਿਆ ਅਤੇ ਮੁਸ਼ੱਰਫ ਦੀ ਤੁਲਨਾ ਵਿੱਚ ਮੁਨੀਰ ਪਾਕਿਸਤਾਨ ਦੇ ਰਸਮੀ ਕੌਮੀ ਮੁਖੀ ਨਹੀਂ ਹਨ ਪਰ ਉਨ੍ਹਾਂ ਨੂੰ ਉਸੇ ਤਰ੍ਹਾਂ ਦਾ ਰੁਤਬਾ ਹਾਸਲ ਹੈ। ਅਮਰੀਕਾ ਅਤੀਤ ਵਿੱਚ ਵੀ ਪੇਸ਼ ਕੀਤੇ ਜਾ ਚੁੱਕੇ ਭੂ-ਰਾਜਨੀਤਕ ਤਰਕਾਂ ਦੇ ਆਧਾਰ ’ਤੇ ਹੀ ਨਵੇਂ ਸਿਰੇ ਤੋਂ ਪਾਕਿਸਤਾਨ ਨੂੰ ਆਪਣੇ ਕਰੀਬ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰੀਗਨ ਨੂੰ ਜ਼ਿਆ ਦੀ ਜ਼ਰੂਰਤ ਇਸ ਲਈ ਪਈ ਸੀ ਕਿਉਂਕਿ ਉਹ ਪਾਕਿਸਤਾਨ ਦੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਤੋਂ ਸੋਵੀਅਤ ਸੰਘ ਨੂੰ ਖਿੰਡਾ ਕੇ ਵਾਪਸ ਭੇਜਣਾ ਚਾਹੁੰਦੇ ਸਨ। ਅਮਰੀਕਾ ਨੂੰ ਆਪਣੇ ਸਹਾਇਕ ਦੇ ਰੂਪ ਵਿੱਚ ਲੜਨ ਲਈ ਮੁਜਾਹਿਦੀਨ ਚਾਹੀਦੇ ਸਨ। ਉਹ ਪਾਕਿਸਤਾਨ ਨੇ ਉਪਲਬਧ ਕਰਵਾਏ। ਜ਼ਿਆ ਖ਼ੁਦ ਜਹਾਦੀ ਬਿਰਤੀ ਵਾਲਾ ਸੀ। ਇੱਕ ਸਮੇਂ ਉਸ ਨੇ ਕਸ਼ਮੀਰ ਨੂੰ ਹੜੱਪਣ ਦੇ ਇਰਾਦੇ ਨਾਲ ਭਾਰਤ ਵਿਰੁੱਧ ਜਹਾਦ ਦਾ ਸੱਦਾ ਦਿੱਤਾ ਸੀ। ਤਦ ਅਮਰੀਕਾ ਨੇ ਇਸ ਦੀ ਅਣਦੇਖੀ ਕੀਤੀ ਸੀ ਕਿਉਂਕਿ ਉਸ ਦਾ ਮਕਸਦ ਸਾਮਵਾਦ ਨੂੰ ਟੱਕਰ ਦੇਣਾ ਸੀ। ਰੀਗਨ ਵਾਂਗ ਹੀ ਬੁਸ਼ ਨੇ ਵੀ ਮੁਸ਼ੱਰਫ ਨੂੰ ਅਰਬਾਂ ਡਾਲਰ ਦੀ ਆਰਥਿਕ ਤੇ ਫ਼ੌਜੀ ਮਦਦ ਦੇ ਕੇ ਅਫ਼ਗਾਨਿਸਤਾਨ ਵਿੱਚ ਬਦਲਾਅ ਲਈ ਪਾਕਿਸਤਾਨ ਦਾ ਇਸਤੇਮਾਲ ਕੀਤਾ। ਉਦੋਂ ਅਮਰੀਕਾ ਨੂੰ ਉਸ ਕੱਟੜ ਜਹਾਦੀ ਤਾਲਿਬਾਨ ਦੀ ਸਰਕਾਰ ਤੋੜਨੀ ਸੀ ਜਿਸ ਨੇ ਅਮਰੀਕਾ ਵਿੱਚ 9/11 ਹਮਲਿਆਂ ਦੇ ਜ਼ਿੰਮੇਵਾਰ ਓਸਾਮਾ-ਬਿਨ-ਲਾਦੇਨ ਨੂੰ ਪਨਾਹ ਦਿੱਤੀ ਸੀ। ਅਮਰੀਕਾ ਦੇ ਪੈਸੇ ਅਤੇ ਹਥਿਆਰਾਂ ਨਾਲ ਲੈਸ ਪਾਕਿਸਤਾਨ ਨੇ ਦੋਵੇਂ ਵਾਰ ਆਪਣੀ ਉਪਯੋਗਿਤਾ ਸਿੱਧ ਕੀਤੀ ਪਰ ਦੋਹਰੀ ਖੇਡ ਵੀ ਖੇਡੀ। ਉਸ ਨੇ ਅਮਰੀਕਾ ਨੂੰ ਕੁਝ ਹੱਦ ਤੱਕ ਖ਼ੁਸ਼ ਰੱਖਦੇ ਹੋਏ ਦੱਖਣੀ ਏਸ਼ੀਆ ਵਿੱਚ ਜਹਾਦੀ ਜ਼ਹਿਰ ਘੋਲਿਆ। ਉਸ ਦੇ ਇਸੇ ਪਾਖੰਡ ਤੋਂ ਅੱਕ ਕੇ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਵਿਚ ਪਾਕਿਸਤਾਨ ਨੂੰ ਫ਼ੌਜੀ ਸਹਾਇਤਾ ਪੂਰੀ ਤਰ੍ਹਾਂ ਰੋਕ ਦਿੱਤੀ ਸੀ।
ਸੰਨ 2018 ਵਿਚ ਪਾਕਿਸਤਾਨ ਨੂੰ ‘ਝੂਠਾ ਤੇ ਧੋਖੇਬਾਜ਼’ ਕਹਿਣ ਵਾਲੇ ਟਰੰਪ ਅੱਜ ਉਸ ਦੇ ਸੋਹਲੇ ਗਾ ਰਹੇ ਹਨ। ਦਰਅਸਲ, ਵਿਸ਼ਵ ਰਾਜਨੀਤੀ ਵਿੱਚ ਫਿਰ ਅਜਿਹਾ ਮੋੜ ਆਇਆ ਹੈ ਜਦ ਅਮਰੀਕਾ ਨੂੰ ਆਪਣੇ ਭੂ-ਰਾਜਨੀਤਕ ਟੀਚਿਆਂ ਨੂੰ ਸੇਧਣ ਲਈ ਪਾਕਿਸਤਾਨ ਦੀ ਜ਼ਰੂਰਤ ਆਣ ਪਈ ਹੈ। ਇਸੇ ਲਈ ਉਹ ਉਸ ਨੂੰ ਭਰਮਾ ਰਿਹਾ ਹੈ। ਪਾਕਿਸਤਾਨ ਦੇ ਗੁਆਂਢੀ ਇਰਾਨ ’ਤੇ ਅਮਰੀਕਾ ਦੇ ਸਭ ਤੋਂ ਨੇੜਲੇ ਸਾਥੀ ਇਜ਼ਰਾਇਲ ਨੇ ਧਾਵਾ ਬੋਲ ਦਿੱਤਾ ਹੈ। ਇਸ ਹਮਲੇ ਦਾ ਆਖ਼ਰੀ ਮਕਸਦ ਤਹਿਰਾਨ ਵਿੱਚ ਤਖ਼ਤਾਪਲਟ ਹੈ। ਟਰੰਪ ਨੇ ਮੁਨੀਰ ਨਾਲ ਬੈਠਕ ਵਿੱਚ ਇਰਾਨ ’ਤੇ ਚਰਚਾ ਕੀਤੀ ਅਤੇ ਇਹ ਵੀ ਕਿਹਾ ਕਿ ਇਸ ਮਾਮਲੇ ’ਤੇ ਪਾਕਿਸਤਾਨ ‘ਮੇਰੇ ਨਾਲ ਸਹਿਮਤ ਹੈ।’ ਅਮਰੀਕਾ ਨੂੰ ਲੱਗਦਾ ਹੈ ਕਿ ਸ਼ੀਆ ਇਰਾਨ ਵਿੱਚ ਅਯਾਤੁੱਲਾ ਅਲੀ ਖਾਮੇਨੇਈ ਵਰਗੇ ਸਰਬਉੱਚ ਨੇਤਾ ਦੀ ਤਾਨਾਸ਼ਾਹੀ ਦੇ ਖ਼ਾਤਮੇ ਲਈ ਸੁੰਨੀ ਪਾਕਿਸਤਾਨ ਨੂੰ ਮੋਹਰਲੇ ਮੁਹਾਜ਼ ਦੇ ਤੌਰ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਇਸ ਦੇ ਲਈ ਵੀ ਸ਼ਾਬਾਸ਼ ਦਿੱਤੀ ਕਿ ਉਹ ਅਫ਼ਗਾਨ-ਪਾਕਿਸਤਾਨ ਸਰਹੱਦ ’ਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਫੜਨ ਅਤੇ ਉਨ੍ਹਾਂ ਨੂੰ ਢੇਰ ਕਰਨ ਵਿੱਚ ਵਾਸ਼ਿੰਗਟਨ ਦਾ ‘ਬੇਮਿਸਾਲ ਜੋਟੀਦਾਰ’ ਬਣ ਗਿਆ ਹੈ।
ਭਾਰਤ ਨੂੰ ਅੰਦੇਸ਼ਾ ਹੈ ਕਿ ਇਸ ਸਭ ਦੇ ਚੱਲਦੇ ਅਮਰੀਕਾ ਪਹਿਲਗਾਮ ਵਰਗੇ ਪਾਕਿਸਤਾਨੀ ਖ਼ੌਫ਼ਨਾਕ ਅੱਤਵਾਦੀ ਕਾਰਿਆਂ ਦੀ ਅਣਦੇਖੀ ਕਰ ਸਕਦਾ ਹੈ। ਉਂਜ ਤਾਂ ਟਰੰਪ ਭਾਰਤ ਦੀ ਅੱਤਵਾਦ ਵਿਰੋਧੀ ਮੁਹਿੰਮ ਨੂੰ ਸਮਰਥਨ ਦਾ ਵਾਅਦਾ ਕਰਦੇ ਹਨ ਅਤੇ ਚੀਨ ਦੀ ਚੁਣੌਤੀ ਦਾ ਟਾਕਰਾ ਕਰਨ ਲਈ ਭਾਰਤ ਨੂੰ ਕਰੀਬ ਲਿਆਉਣਾ ਚਾਹੁੰਦੇ ਹਨ ਪਰ ਇਹ ਸਪਸ਼ਟ ਹੀ ਹੈ ਕਿ ਮਹਾਸ਼ਕਤੀਆਂ ਦੀ ਰਣਨੀਤੀ ਕਿਸੇ ਇੱਕ ਦੇਸ਼ ਦੇ ਹਿੱਤਾਂ ਤੱਕ ਸੀਮਤ ਨਹੀਂ ਰਹਿੰਦੀ। ਫ਼ਿਲਹਾਲ ਵਾਸ਼ਿੰਗਟਨ ਦਾ ਪ੍ਰਮੁੱਖ ਟੀਚਾ ਇਰਾਨ ਵਿੱਚ ਬਦਲਾਅ ਅਤੇ ਅਮਰੀਕਾ ’ਤੇ ਹਮਲਾ ਕਰਨ ਦੀ ਤਾਕ ਵਿੱਚ ਰਹਿਣ ਵਾਲੇ ਇਸਲਾਮਿਕ ਸਟੇਟ ਨਾਲ ਨਜਿੱਠਣਾ ਹੈ। ਜੇ ਮੁਨੀਰ ਟਰੰਪ ਨਾਲ ਸੌਦਾ ਕਰਦੇ ਹਨ ਅਤੇ ਪਾਕਿਸਤਾਨ ਅਮਰੀਕਾ ਤੋਂ ਮੁੜ ਫ਼ੌਜੀ ਸਮੱਗਰੀ ਅਤੇ ਆਰਥਿਕ ਲਾਭ ਲੈਣ ਲੱਗਦਾ ਹੈ ਤਾਂ ਇਸ ਨਾਲ ਅਮਰੀਕਾ ਪਾਕਿਸਤਾਨ ਨੂੰ ਚੀਨ ਦੇ ਸਾਏ ਤੋਂ ਵੀ ਬਾਹਰ ਕੱਢ ਸਕਦਾ ਹੈ। ਅਮਰੀਕਾ ਦਾ ਰਣਨੀਤਕ ਟੀਚਾ ਵਿਆਪਕ ਤੇ ਬਹੁ-ਆਯਾਮੀ ਹੈ ਜੋ ਭਾਰਤ ਦੇ ਕੌਮੀ ਸੁਰੱਖਿਆ ਹਿੱਤਾਂ ਨਾਲ ਮੇਲ ਖਾਂਦਾ ਨਹੀਂ ਦਿਸ ਰਿਹਾ ਹੈ। ਜੇ ਅਮਰੀਕਾ ਪਾਕਿਸਤਾਨ ਨੂੰ ਚੀਨ ਦੇ ਚੁੰਗਲ ’ਚੋਂ ਕੱਢਣ ਵਿੱਚ ਸਫਲ ਹੋ ਜਾਂਦਾ ਹੈ ਤਾਂ ਇਸ ਨਾਲ ਭਾਰਤ ਦਾ ਭਲਾ ਹੋਵੇਗਾ ਪਰ ਜੇ ਪਾਕਿਸਤਾਨ ਅਮਰੀਕਾ ਦੀ ਪਨਾਹ ਵਿੱਚ ਜਾ ਕੇ ਭਾਰਤ ਵਿੱਚ ਪਹਿਲਗਾਮ ਵਰਗੇ ਖ਼ੌਫ਼ਨਾਕ ਜਹਾਦੀ ਹਮਲੇ ਕਰਨ ਦੀ ਹਿਮਾਕਤ ਕਰੇਗਾ ਤਾਂ ਇਸ ਨਾਲ ਭਾਰਤ ਨੂੰ ਖ਼ਤਰਾ ਵਧ ਜਾਵੇਗਾ।
ਟਰੰਪ ਦੀ ਮੰਨੀਏ ਤਾਂ ਉਨ੍ਹਾਂ ਨੇ ਮੁਨੀਰ ਨੂੰ ਇਸ ਕਾਰਨ ਸ਼ੁਕਰੀਆ ਕਹਿਣ ਲਈ ਅਮਰੀਕਾ ਸੱਦਿਆ ਕਿਉਂਕਿ ਪਾਕਿਸਤਾਨ ਨੇ ਭਾਰਤ ਨਾਲ ਜੰਗ ਤੋਂ ਗੁਰੇਜ਼ ਕੀਤਾ। ਟਰੰਪ ਨੇ ਮੁਨੀਰ ਦੀ ਕਥਿਤ ਸੂਝਬੂਝ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਬਰਾਬਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਦੇ ਹੋਏ ਕਿਹਾ ਕਿ ਦੋਵਾਂ ਦੀ ਪਰਪੱਕਤਾ ਕਾਰਨ ਅਮਰੀਕਾ ਨੇ ਦੱਖਣੀ ਏਸ਼ੀਆ ਵਿਚ ਪਰਮਾਣੂ ਜੰਗ ਰੋਕ ਦਿੱਤੀ। ਅਜਿਹੇ ਬੇਬੁਨਿਆਦ ਦਾਅਵੇ ਖ਼ਾਰਜ ਕਰਨ ਲਈ ਹੀ ਟਰੰਪ ਨਾਲ ਫੋਨ ’ਤੇ ਗੱਲਬਾਤ ਵਿੱਚ ਮੋਦੀ ਨੇ ਦੋ ਟੁੱਕ ਕਿਹਾ ਕਿ ਕਸ਼ਮੀਰ ’ਤੇ ਕਿਸੇ ਵੀ ਦੇਸ਼ ਦੀ ਵਿਚੋਲਗੀ ਭਾਰਤ ਨੂੰ ਹਰਗਿਜ਼ ਮਨਜ਼ੂਰ ਨਹੀਂ ਹੈ। ਕੈਨੇਡਾ ਵਿੱਚ ਜੀ-7 ਸਿਖਰ ਸੰਮੇਲਨ ਵਿੱਚ ਵੀ ਮੋਦੀ ਨੇ ਅੱਤਵਾਦ ਦੀ ਜੜ੍ਹ ’ਤੇ ਸਭ ਦਾ ਧਿਆਨ ਕੇਂਦਰਿਤ ਕਰਦੇ ਹੋਏ ਅੱਤਵਾਦ ’ਤੇ ਵਿਕਸਤ ਦੇਸ਼ਾਂ ਦੇ ਦੋਹਰੇ ਮਾਪਦੰਡਾਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਕਸਤ ਦੇਸ਼ ‘ਕਿਸੇ ਵੀ ਦੇਸ਼ ’ਤੇ ਆਰਥਿਕ ਪਾਬੰਦੀਆਂ ਲਗਾ ਦਿੰਦੇ ਹਨ ਪਰ ਅੱਤਵਾਦ ਦਾ ਖੁੱਲ੍ਹੇਆਮ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਇਨਾਮ ਦਿੰਦੇ ਹਨ।’ ਅੱਤਵਾਦ-ਅੱਤਵਾਦ ਵਿਚਾਲੇ ਫ਼ਰਕ ਸਵਾਰਥੀ ਸੋਚ ਹੈ। ਇਸ ਕਾਰਨ ਹੀ ਵਿਸ਼ਵ ਭਾਈਚਾਰਾ ਅੱਤਵਾਦ ਦੀ ਸਮੱਸਿਆ ’ਤੇ ਕਾਬੂ ਨਹੀਂ ਪਾ ਸਕਿਆ ਹੈ। ਭਾਰਤ ਨੂੰ ਪਾਕਿਸਤਾਨ ਦਾ ਅੱਤਵਾਦੀ ਚਿਹਰਾ ਸਾਹਮਣੇ ਲਿਆਉਣ ਅਤੇ ਉਸ ਨੂੰ ਕਾਬੂ ਵਿਚ ਰੱਖਣ ਦਾ ਯਤਨ ਕਰਦੇ ਰਹਿਣਾ ਹੋਵੇਗਾ। ਭਾਰਤ ਨੂੰ ਲੰਬੇ ਕੂਟਨੀਤਕ-ਫ਼ੌਜੀ ਸੰਗਰਾਮ ਵਾਸਤੇ ਵੀ ਕਮਰ ਕੱਸਣੀ ਹੋਵੇਗੀ ਕਿਉਂਕਿ ਮਹਾਸ਼ਕਤੀਆਂ ਦੀ ਚਿਰਾਂ ਤੋਂ ਜਾਰੀ ਦੋਹਰੀ ਮਾਨਸਿਕਤਾ ਅਤੇ ਪਾਕਿਸਤਾਨ ਦੇ ਵਿਕਾਊ ਰਵੱਈਏ ਤੋਂ ਸਾਫ਼ ਹੁੰਦਾ ਹੈ ਕਿ ਅੱਤਵਾਦ ’ਤੇ ਰੋਕ ਲਗਾਉਣ ਵਿੱਚ ਕੌਮਾਂਤਰੀ ਸਹਿਯੋਗ ਦੀਆਂ ਹੱਦਬੰਦੀਆਂ ਹਨ। ਵਿਕਸਤ ਦੇਸ਼ ਆਪਣੇ ਫ਼ਾਇਦੇ ਲਈ ਅੱਤਵਾਦੀਆਂ ਦਾ ਇਸਤੇਮਾਲ ਕਰਨੋਂ ਭੋਰਾ ਵੀ ਨਹੀਂ ਝਿਜਕਦੇ।
ਜਿੱਥੇ ਅੱਤਵਾਦ ਉਨ੍ਹਾਂ ਲਈ ਖ਼ਤਰਾ ਬਣ ਜਾਂਦਾ ਹੈ, ਉਹ ਉਸ ਦੀ ਸਿਰੀ ਨੱਪਣੋਂ ਵੀ ਨਹੀਂ ਝਿਜਕਦੇ, ਭਾਵੇਂ ਉਨ੍ਹਾਂ ਨੂੰ ਆਪਣੀ ਕਥਿਤ ਅੱਤਵਾਦ ਵਿਰੋਧੀ ਜੰਗ ਦੇ ਨਾਂ ’ਤੇ ਹੋਰ ਮੁਲਕਾਂ ’ਤੇ ਹਮਲਾ ਹੀ ਨਾ ਕਰਨਾ ਪਵੇ। ਹੋਰ ਵੀ ਕਈ ਮੁੱਦਿਆਂ ’ਤੇ ਵਿਕਸਤ ਦੇਸ਼ਾਂ ਦੇ ਦੋਹਰੇ ਮਾਪਦੰਡ ਜੱਗ ਜ਼ਾਹਰ ਹਨ। ਇਰਾਨ ਇਸ ਦੀ ਤਾਜ਼ਾ ਮਿਸਾਲ ਹੈ। ਉਸ ਦਾ ਪਰਮਾਣੂ ਪ੍ਰੋਗਰਾਮ ਰੋਕਣ ਲਈ ਅਮਰੀਕਾ ਦੀ ਸ਼ਹਿ ’ਤੇ ਇਜ਼ਰਾਇਲ ਉਸ ’ਤੇ ਹਮਲਾਵਰ ਹੈ। ਉਨ੍ਹਾਂ ਨੂੰ ਇਰਾਨ ਦਾ ਪਰਮਾਣੂ ਪ੍ਰੋਗਰਾਮ ਦੁਨੀਆ ਦੀ ਸ਼ਾਂਤੀ ਲਈ ਖ਼ਤਰਾ ਲੱਗਦਾ ਹੈ ਜਦਕਿ ਪਾਕਿਸਤਾਨ ਕੋਲ ਵੀ ਪਰਮਾਣੂ ਹਥਿਆਰ ਹਨ ਪਰ ਉਹ ਉਨ੍ਹਾਂ ਦੀ ਨਜ਼ਰ ’ਚ ਇੱਕ ਜ਼ਿੰਮੇਵਾਰ ਮੁਲਕ ਹੈ। ਜੇ ਅਮਰੀਕਾ, ਇਜ਼ਰਾਇਲ-ਇਰਾਨ ਜੰਗ ’ਚ ਕੁੱਦਦਾ ਹੈ ਤਾਂ ਉਸ ਨੂੰ ਪਾਕਿਸਤਾਨ ਦੀ ਬਹੁਤ ਲੋੜ ਪੈਣੀ ਹੈ। ਇਸੇ ਲਈ ਟਰੰਪ ਪਾਕਿਸਤਾਨ ’ਤੇ ਮਿਹਰਬਾਨ ਹਨ।

Loading