
ਆਖ਼ਰ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰ ਹੀ ਦਿੱਤੀ ਹੈ। ਇਸ ਦਾ ਨਾਮ ‘ਯੁੱਧ ਨਸ਼ਿਆਂ ਵਿਰੁੱਧ’ ਰੱਖਿਆ ਹੈ। ਤਿੰਨ ਸਾਲ ਪੂਰੇ ਹੋਣ ਪਿੱਛੋਂ ਨਸ਼ਿਆਂ ਵਿਰੁੱਧ ਯੁੱਧ ਅਤੇ ਸਕੂਲ ਸੁਧਾਰ ਲਹਿਰ ਨੂੰ ਚਲਾਇਆ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਸ਼ੇ ਦੇ ਵਪਾਰੀਆਂ ਵਿਰੁੱਧ ਕਾਰਵਾਈ ਮੁੱਢਲੀ ਲੋੜ ਹੈ ਪਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਇਸ ਤੋਂ ਵੀ ਅੱਗੇ ਜਾਣ ਦੀ ਲੋੜ ਹੈ। ਬੱਚੇ ਦੇ ਸਭ ਤੋਂ ਪਹਿਲੇ ਸਾਥੀ ਉਸ ਦੇ ਮਾਪੇ ਹੁੰਦੇ ਹਨ।
ਮਾਪਿਆਂ ਦਾ ਰਹਿਣ-ਸਹਿਣ ਅਤੇ ਉਨ੍ਹਾਂ ਦਾ ਚਾਲ-ਚਲਨ ਬੱਚੇ ਦੀ ਸ਼ਖ਼ਸੀਅਤ ਉਸਾਰੀ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਉਾਂਦਾਹੈ। ਜੇਕਰ ਮਾਪੇ ‘ਕਿਰਤ ਕਰਦੇ, ਵੰਡ ਛਕਦੇ ਅਤੇ ਨਾਮ ਜਪਦੇ’ ਹੋਣ ਤਾਂ ਬੱਚਾ ਵੀ ਉਸੇ ਸੋਚ ਦਾ ਧਾਰਨੀ ਬਣ ਜਾਂਦਾ ਹੈ। ਸੱਚ, ਸੰਤੋਖ, ਗਿਆਨ ਦੇ ਆਧਾਰ ਉੱਤੇ ਚੜ੍ਹਦੀਕਲਾ ਵਿੱਚ ਰਹਿੰਦਿਆਂ ਆਪਸੀ ਪਿਆਰ ਅਤੇ ਮਿਲਵਰਤਨ ਨਾਲ ਜਿਹੜੇ ਮਾਪੇ ਜੀਵਨ ਜਿਉਂਦੇ ਹਨ ਉਹ ਆਪਣੇ ਬੱਚਿਆਂ ਲਈ ਆਦਰਸ਼ ਬਣ ਜਾਂਦੇ ਹਨ। ਜੇਕਰ ਪਿਤਾ ਰੋਜ਼ ਰਾਤ ਨੂੰ ਘਰ ਵਿੱਚ ਬੈਠ ਕੇ ਸ਼ਰਾਬ ਪੀਂਦਾ ਹੈ ਅਤੇ ਬੱਚੇ ਨੂੰ ਗਲਾਸ, ਬੋਤਲ, ਬਰਫ਼ ਜਾਂ ਹੋਰ ਵਸਤਾਂ ਫੜਾਉਣ ਲਈ ਆਖਦਾ ਹੈ ਤਾਂ ਬੱਚੇ ਦੇ ਮਨ ਵਿੱਚ ਵੀ ਇਸ ਬਾਰੇ ਸੋਚ ਸ਼ੁਰੂ ਹੋ ਜਾਵੇਗੀ। ਪਿਛਲੀ ਸਦੀ ਵਿੱਚ ਘਰ ਵਿੱਚ ਬੈਠ ਕੇ ਇੰਝ ਸ਼ਰਾਬ ਨਹੀਂ ਪੀਤੀ ਜਾਂਦੀ ਸੀ। ਆਮ ਤੌਰ ਉੱਤੇ ਘਰੋਂ ਬਾਹਰ ਹਵੇਲੀ ਜਾਂ ਬਾਹਰਲੀ ਬੈਠਕ ਵਿੱਚ ਬੈਠ ਕੇ ਇਸ ਦਾ ਸੇਵਨ ਕੀਤਾ ਜਾਂਦਾ ਸੀ। ਵਿਆਹਾਂ ਵਿੱਚ ਹੁਣ ਵਾਂਗ ਸ਼ਰਾਬ ਨਹੀਂ ਵਰਤਾਈ ਜਾਂਦੀ ਸੀ ਸਗੋਂ ਕਿਸੇ ਨਿਵੇਕਲੀ ਬੈਠਕ ਵਿੱਚ ਸ਼ਰਾਬ ਪੀਣ ਵਾਲਿਆਂ ਲਈ ਪ੍ਰਬੰਧ ਕਰ ਦਿੱਤਾ ਜਾਂਦਾ ਸੀ। ਮਾਪਿਆਂ ਤੋਂ ਅੱਗੇ ਜਾ ਕੇ ਅਧਿਆਪਕ ਦੀ ਭੂਮਿਕਾ ਅਹਿਮ ਹੈ। ਜੇਕਰ ਅਧਿਆਪਕ ਉੱਚੇ ਆਚਰਣ ਵਾਲਾ ਹੈ ਤੇ ਧੀਰਜ ਅਤੇ ਪਿਆਰ ਨਾਲ ਬੱਚਿਆਂ ਦੀ ਪੜ੍ਹਾਈ ਕਰਵਾਉਂਦਾ ਹੈ ਤਾਂ ਉਸ ਦੇ ਉਤਸ਼ਾਹੀ ਬੋਲ ਹਮੇਸ਼ਾ ਪ੍ਰਭਾਵ ਪਾਉਂਦੇ ਹਨ। ਸਕੂਲ ਵਿੱਚ ਘੱਟੋ-ਘੱਟ ਸਵੇਰ ਦੀ ਅਸੈਂਬਲੀ ਵੇਲੇ ਬੱਚਿਆਂ ਨੂੰ ਨੈਤਿਕਤਾ ਅਤੇ ਮਾਣਮੱਤੇ ਇਤਿਹਾਸ ਦਾ ਪਾਠ ਜ਼ਰੂਰ ਪੜ੍ਹਾਇਆ ਜਾਵੇ। ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਧਾਰਮਿਕ ਅਸਥਾਨਾਂ ਅਤੇ ਧਰਮ ਪ੍ਰਚਾਰਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਉਸੇ ਤੇਜ਼ੀ ਨਾਲ ਨਸ਼ਿਆਂ ਦੀ ਵਰਤੋਂ ’ਚ ਵੀ ਵਾਧਾ ਹੋਇਆ ਹੈ। ਕੋਈ ਵੀ ਧਰਮ ਨਸ਼ਿਆਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੰਦਾ ਤਾਂ ਫਿਰ ਇਸ ਪ੍ਰਚਾਰ ਦਾ ਅਸਰ ਕਿਉਂ ਨਹੀਂ ਹੋ ਰਿਹਾ। ਸੱਚਾਈ ਇਹ ਹੈ ਕਿ ਬਹੁਤੇ ਪ੍ਰਚਾਰਕ ਸਮਾਜਿਕ ਕਦਰਾਂ-ਕੀਮਤਾਂ ਜਿਵੇਂ ਕਿ ਇਮਾਨਦਾਰੀ, ਆਪਸੀ ਮਿਲਵਰਤਨ ਨਸ਼ਾ ਰਹਿਤ ਜੀਵਨ ਬਾਰੇ ਪ੍ਰਚਾਰ ਕਰਦੇ ਹੀ ਨਹੀਂ ਹਨ ਸਗੋਂ ਕਰਾਮਾਤੀ ਸਾਖੀਆਂ ਸੁਣਾ ਕੇ ਸੰਗਤ ਨੂੰ ਕਰਮਕਾਂਡਾਂ ਵਿੱਚ ਉਲਝਾਉਂਦੇ ਹਨ। ਗੁਰੂ ਸਾਹਿਬਾਨ ਨੇ ਢਾਈ ਸਦੀਆਂ ਵਿੱਚ ਲੋਕਾਈ ਨੂੰ ਜਿਸ ਦਲਦਲ ਵਿੱਚੋਂ ਕੱਢਿਆ ਸੀ, ਹੁਣ ਦੇ ਪ੍ਰਚਾਰਕ ਮੁੜ ਲੁਕਾਈ ਨੂੰ ਉਸੇ ਦਲਦਲ ਦੇ ਰਾਹੇ ਪਾ ਰਹੇ ਹਨ। ਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ ਤੇ ਭਗਤਾਂ ਦੀ ਧਰਤੀ ਹੈ।
ਇੱਥੇ ਹੀ ਪਵਿੱਤਰ ਰਾਮਾਇਣ ਅਤੇ ਮਹਾਭਾਰਤ ਦੀ ਰਚਨਾ ਹੋਈ। ਸੂਫ਼ੀ, ਫ਼ਕੀਰਾਂ ਨੇ ਇੱਥੇ ਹੀ ਰੱਬੀ ਪ੍ਰੇਮ ਅਤੇ ਸੱਚਾ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ। ਇਸੇ ਧਰਤੀ ’ਤੇ ਗੁਰੂ ਸਾਹਿਬਾਨ ਨੇ ਸੰਸਾਰ ਦੇ ਕਲਿਆਣ ਲਈ ਇੱਕ ਉੱਤਮ ਜੀਵਨ ਜਾਚ ਸੰਸਾਰ ਨੂੰ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਸੇ ਧਰਤੀ ਉੱਤੇ ਹੋਈ। ਸਾਰੇ ਹੀ ਮਹਾਪੁਰਖਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ। ਨਸ਼ਿਆਂ ਦੀ ਮਾਰ ਤੋਂ ਬਚੇ ਹੋਣ ਕਰਕੇ ਹੀ ਪੰਜਾਬੀ ਸੰਸਾਰ ਦੇ ਸਭ ਤੋਂ ਵਧੀਆ ਜਵਾਨ ਅਤੇ ਕਿਸਾਨ ਮੰਨੇ ਗਏ ਹਨ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਇਤਿਹਾਸ ਦਾ ਰੁਖ਼ ਹੀ ਪਲਟ ਦਿੱਤਾ। ਸਦੀਆਂ ਤੋਂ ਜਿਹੜੀ ਕੌਮ ਗ਼ੁਲਾਮੀ ਦਾ ਨਰਕ ਭੋਗ ਰਹੀ ਸੀ ਉਸ ਨੂੰ ਆਜ਼ਾਦੀ ਅਤੇ ਬਰਾਬਰੀ ਦੇ ਸਵਰਗ ਦੀ ਦਾਤ ਬਖ਼ਸ਼ੀ। ਸਾਡੇ ਧਾਰਮਿਕ ਆਗੂਆਂ ਤੇ ਪ੍ਰਚਾਰਕਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਹੁਣ ਕੌਮ ਕਿਉਂ ਕੁਰਾਹੇ ਪੈ ਰਹੀ ਹੈ। ਉਨ੍ਹਾਂ ਦਾ ਕਾਰਜ ਕਮਾਈ ਦਾ ਸਾਧਨ ਨਹੀਂ ਹੈ ਸਗੋਂ ਕੌਮ ਦੀ ਰਹਿਨੁਮਾਈ ਕਰਨਾ ਹੈ। ਲੋਕਾਈ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜ ਕੇ ਕੁਰਾਹੇ ਪੈਣ ਤੋਂ ਰੋਕਣਾ ਚਾਹੀਦਾ ਹੈ। ਇਨ੍ਹਾਂ ਮਹਾਪੁਰਖਾਂ ਦੇ ਬੋਲ ਅਸਰ ਕਰਦੇ ਹਨ। ਜੇ ਸਾਡੇ ਧਰਮ ਪ੍ਰਚਾਰਕ, ਧਾਰਮਿਕ ਆਗੂ, ਸੰਤ ਮਹਾਤਮਾ ਚਾਹੁਣ ਤਾਂ ਆਪਣੇ ਬਚਨਾਂ ਰਾਹੀਂ ਪੰਜਾਬੀਆਂ ਨੂੰ ਕੇਵਲ ਨਸ਼ਿਆਂ ਤੋਂ ਹੀ ਦੂਰ ਨਹੀਂ ਕਰ ਸਕਦੇ ਸਗੋਂ ਇੱਕ ਸੱਚਾ-ਸੁੱਚਾ ਜੀਵਨ ਜਿਉਣ ਲਈ ਪ੍ਰੇਰਨਾ ਸਰੋਤ ਬਣ ਸਕਦੇ ਹਨ।
ਇਸੇ ਤਰ੍ਹਾਂ ਨਸ਼ਿਆਂ ਦੀ ਰੋਕਥਾਮ ਵਿੱਚ ਸਾਡੇ ਰਾਜਸੀ ਆਗੂ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਵੱਲੋਂ ਨਸ਼ਿਆਂ ਵਿਰੁੱਧ ਪ੍ਰਚਾਰ ਕਰਨ ਦੀ ਥਾਂ ਇੱਕ-ਦੂਜੇ ਉੱਤੇ ਚਿੱਕੜ ਸੁੱਟਿਆ ਜਾ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਇੱਕ-ਦੂਜੇ ਨੂੰ ਨਸ਼ਿਆਂ ਲਈ ਜ਼ਿੰਮੇਵਾਰ ਦੱਸ ਰਹੀਆਂ ਹਨ। ਇਸ ਸਦੀ ਵਿੱਚ ਪੰਜਾਬ ਉੱਤੇ ਸਾਰੀਆਂ ਹੀ ਮੁੱਖ ਸਿਆਸੀ ਪਾਰਟੀਆਂ ਨੇ ਰਾਜ ਕੀਤਾ ਹੈ ਪਰ ਕਿਸੇ ਵੀ ਪਾਰਟੀ ਨੇ ਨਸ਼ੇ ਰੋਕਣ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ ਸਗੋਂ ਇਸ ਵਿੱਚ ਵਾਧਾ ਹੀ ਹੋਇਆ ਹੈ। ਅਸਲ ਵਿਚ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਿੱਚ ਸਾਡੇ ਲੀਡਰਾਂ ਦੀ ਅਹਿਮ ਭੂਮਿਕਾ ਹੈ। ਵੋਟ ਪ੍ਰਾਪਤੀ ਲਈ ਵੋਟਰਾਂ ਵਿੱਚ ਨਸ਼ੇ ਆਗੂ ਹੀ ਵੰਡਦੇ ਹਨ। ਨੌਜਵਾਨ ਪੀੜ੍ਹੀ ਨੂੰ ਆਪਣੇ ਜਲਸੇ-ਜਲੂਸਾਂ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਨੂੰ ਸਮਾਜਿਕ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣ ਦੀ ਥਾਂ ਧੱਕੇਸ਼ਾਹੀ ਕਰਨ ਦੇ ਰਾਹੇ ਪਾਇਆ ਜਾਂਦਾ ਹੈ। ਚੋਣ ਪ੍ਰਚਾਰ ਕਰਨ ਪਿੱਛੋਂ ਰਾਤ ਨੂੰ ਉਨ੍ਹਾਂ ਦਾ ਥਕੇਵਾਂ ਲਾਹੁਣ ਲਈ ਨਸ਼ੇ ਵਰਤਾਏ ਜਾਂਦੇ ਹਨ। ਚੋਣਾਂ ਜਿੱਤਣ ਲਈ ਬੇਤਹਾਸ਼ਾ ਖ਼ਰਚ ਕੀਤਾ ਜਾਣ ਲੱਗ ਪਿਆ ਹੈ। ਇਸ ਖ਼ਰਚੇ ਨੂੰ ਪੂਰਾ ਕਰਨ ਲਈ ਇਹ ਆਖਿਆ ਜਾਂਦਾ ਹੈ ਕਿ ਕੁਝ ਅਖੌਤੀ ਆਗੂ ਵੀ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਹਨ। ਸਰਹੱਦ ਪਾਰੋਂ ਨਸ਼ਾ ਲਿਆਉਣਾ ਤੇ ਉਸ ਦੀ ਵੰਡ ਕਿਸੇ ਤਕੜੀ ਸਿਆਸੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀ। ਲੀਡਰੀ ਲੋਕ ਸੇਵਾ ਹੈ। ਲੀਡਰ ਦਾ ਕੰਮ ਆਪਣੇ ਇਲਾਕੇ ਅਤੇ ਲੋਕ ਭਲਾਈ ਲਈ ਕਾਰਜ ਕਰਨੇ ਹਨ ਪਰ ਹੁਣ ਇਹ ਇੱਕ ਵਪਾਰ ਬਣਦਾ ਜਾ ਰਿਹਾ ਹੈ। ਇਮਾਨਦਾਰੀ, ਲੋਕ ਸੇਵਾ ਅਤੇ ਸਾਦਗੀ ਦੀ ਥਾਂ ਵਿਖਾਵਾ ਭਾਰੂ ਹੋ ਗਿਆ ਹੈ।
ਸਾਡੇ ਆਗੂਆਂ ਨੂੰ ਸੋਚਣਾ ਚਾਹੀਦਾ ਹੈ ਕਿ ਲੋਕਾਂ ਨੇ ਤੁਹਾਡੇ ਉੱਤੇ ਭਰੋਸਾ ਕਰਕੇ ਤੁਹਾਨੂੰ ਤਾਕਤ ਦੀ ਬਖ਼ਸ਼ਿਸ਼ ਕੀਤੀ ਹੈ। ਇਸ ਦੀ ਵਰਤੋਂ ਲੋਕ ਭਲਾਈ ਲਈ ਕਰਨ ਦੀ ਥਾਂ ਕੇਵਲ ਆਪਣੀ ਭਲਾਈ ਲਈ ਹੀ ਕਰਨਾ ਲੋਕਾਂ ਦਾ ਭਰੋਸਾ ਤੋੜਨਾ ਹੈ। ਜੇ ਚੰਗੇ ਕਰਮ ਕਰੋਗੇ, ਫਿਰ ਵੋਟ ਪ੍ਰਾਪਤੀ ਲਈ ਤੁਹਾਨੂੰ ਗ਼ਲਤ ਢੰਗ-ਤਰੀਕੇ ਅਪਣਾਉਣ ਦੀ ਲੋੜ ਹੀ ਨਹੀਂ ਪਵੇਗੀ। ਮਾਇਆ ਨੇ ਲੋਕ ਜਾਂ ਪਰਲੋਕ ਵਿੱਚ ਸਾਥ ਨਹੀਂ ਦੇਣਾ ਪਰ ਕੀਤੀ ਨੇਕੀ ਨੇ ਹੀ ਲੋਕਾਂ ਦਾ ਪਿਆਰ ਅਤੇ ਜੀਵਨ ਦਾ ਆਨੰਦ ਦੇਣਾ ਹੈ। ਸਾਡੇ ਬਹੁਤੇ ਆਗੂ ਆਪਣੇ ਹਲਕੇ ਵਿੱਚ ਆਪਣੀ ਮਰਜ਼ੀ ਦੇ ਅਫ਼ਸਰ ਲਗਵਾਉਂਦੇ ਹਨ ਤੇ ਉਨ੍ਹਾਂ ਤੋਂ ਗ਼ਲਤ ਕੰਮ ਕਰਵਾਉਂਦੇ ਹਨ ਤੇ ਰਿਸ਼ਵਤਖੋਰੀ ਲਈ ਉਕਸਾਉਂਦੇ ਹਨ। ਪੰਜਾਬ ’ਚ ਰਿਸ਼ਵਤਖੋਰੀ ਪੂਰੇ ਸਿਖਰਾਂ ਉੱਤੇ ਹੈ। ਪੁਲਿਸ ਦਾ ਕੰਮ ਲੋਕ ਹੱਕਾਂ ਦੀ ਰਾਖੀ ਕਰਨਾ ਹੈ, ਉਸ ਨੂੰ ਆਗੂ ਰਾਹੋਂ ਭਟਕਾਉਂਦੇ ਹਨ। ਨਸ਼ੇ ਦੇ ਧੰਦੇ ਵਿੱਚ ਪੁਲਿਸ ਮੁਲਾਜ਼ਮ ਵੀ ਸਾਹਮਣੇ ਆਏ ਹਨ। ਆਗੂ ਅਤੇ ਸਰਕਾਰੀ ਮੁਲਾਜ਼ਮ ਲੋਕਾਂ ਦੇ ਨੌਕਰ ਹਨ। ਉਨ੍ਹਾਂ ਦੇ ਭਲੇ ਲਈ ਕੰਮ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਮਾਨਦਾਰੀ ਨਾਲ ਲੋਕ ਸੇਵਾ ਕਰਨ ਦਾ ਜੋ ਆਨੰਦ ਪ੍ਰਾਪਤ ਹੁੰਦਾ ਹੈ ਉਸ ਨੂੰ ਪੈਸੇ ਨਾਲ ਨਹੀਂ ਖ਼ਰੀਦਿਆ ਜਾ ਸਕਦਾ।
ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਵੇ, ਆਮ ਲੋਕਾਂ ਨੂੰ ਨਿੱਜੀ ਸਕੂਲਾਂ ਦੀ ਲੁੱਟ ਤੋਂ ਬਚਾਵੇ। ਸੂਬੇ ਦੇ ਹੁਨਰੀ ਕੇਂਦਰਾਂ ਨੂੰ ਆਧੁਨਿਕ ਬਣਾਵੇ ਤਾਂ ਜੋ ਇੱਥੋਂ ਸਿੱਖਿਆ ਪ੍ਰਾਪਤ ਬੱਚੇ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ। ਢੁੱਕਵੇਂ ਸਕੂਲਾਂ ਵਿੱਚ ਵੀ ਹੁਨਰ ਸਿਖਲਾਈ ਕੇਂਦਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ +2 ਤੱਕ ਪੜ੍ਹਾਈ ਪੂਰੀ ਕਰਨ ਪਿੱਛੋਂ ਵਿਦਿਆਰਥੀ ਆਪਣੇ ਲਈ ਰੁਜ਼ਗਾਰ ਲੱਭ ਸਕਣ। ਪੰਜਾਬ ਵਿੱਚ ਰੁਜ਼ਗਾਰ ਦੀ ਘਾਟ ਨਹੀਂ ਹੈ। ਹੁਣ ਬਹੁਤੇ ਹੁਨਰੀ ਦੂਜੇ ਸੂਬਿਆਂ ਵਿੱਚੋਂ ਆ ਕੇ ਇੱਥੇ ਕੰਮ ਕਰਦੇ ਹਨ ਅਤੇ ਚੰਗੀ ਕਮਾਈ ਕਰਦੇ ਹਨ। ਰਾਜ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਆਦੇਸ਼ ਦਿੱਤੇ ਜਾਣ ਕਿ ਉਹ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰਨ। ਹੁਣ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਬਹੁਤ ਘੱਟ ਪੰਜਾਬੀ ਮੁੰਡੇ ਕੰਮ ਕਰਦੇ ਨਜ਼ਰ ਆਉਂਦੇ ਹਨ। ਸਾਰੀਆਂ ਧਿਰਾਂ ਨੂੰ ਆਪਣੇ ਰਾਜਸੀ ਹਿੱਤਾਂ ਤੋਂ ਉੱਤੇ ਉੱਠ ਕੇ ਸੂਬੇ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਸਾਰਿਆਂ ਦੀ ਸਹਿਮਤੀ ਨਾਲ ਇਕ ਕਾਰਜ ਯੋਜਨਾ ਬਣਾਈ ਜਾ ਸਕੇ। ਜੇ ਹੁਣ ਵੀ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬ ਦਾ ਸਰੂਪ ਹੀ ਬਦਲ ਜਾਵੇਗਾ, ਫਿਰ ਆਗੂ ਆਪਣੀਆਂ ਗਤੀਵਿਧੀਆਂ ਕਿਵੇਂ ਅਤੇ ਕਿੱਥੋਂ ਕਰਨਗੇ। ਜਾਗੋ ਪੰਜਾਬੀਓ, ਪੰਜਾਬ ਨੂੰ ਬਚਾਓ, ਪੰਜਾਬ ਵਿੱਚ ਵਾਹੀ ਹੇਠ ਜ਼ਮੀਨ ਘਟ ਰਹੀ ਹੈ, ਹਜ਼ਾਰਾਂ ਪਿੰਡਾਂ ਦਾ ਉਜਾੜਾ ਹੋ ਰਿਹਾ ਹੈ। ਇੱਥੋਂ ਦੀ ਜਵਾਨੀ ਪਰਵਾਸ ਕਰ ਰਹੀ ਹੈ ਜਾਂ ਫਿਰ ਨਸ਼ਿਆਂ ਨਾਲ ਮਰਦੀ ਜਾ ਰਹੀ ਹੈ। ਪੰਜਾਬ ਜਿਹੜਾ ਕਦੇ ਭਾਰਤ ਦਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਆਦਰਸ਼ ਸੀ, ਅੱਜ ਆਪ ਰਾਹੋਂ ਭਟਕ ਗਿਆ ਹੈ। ਆਓ! ਸਾਰੇ ਰਲ ਕੇ ਮੁਹਿੰਮ ਚਲਾਈਏ ਤੇ ਪੰਜਾਬ ਬਚਾਈਏ।
-ਡਾ. ਰਣਜੀਤ ਸਿੰਘ