ਸ਼ੋ੍ਮਣੀ ਅਕਾਲੀ ਦਲ ਸੰਸਦੀ ਬੋਰਡ ਅਤੇ ਭਰਤੀ ਕਮੇਟੀ ਅਬਜ਼ਰਬਰਾਂ ਦੀ ਅਹਿਮ ਮੀਟਿੰਗ ਬੀਤੇ ਦਿਨੀਂ ਪਾਰਟੀ ਮੁੱਖ ਦਫ਼ਤਰ ਵਿਖੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੰਦੇਸ਼ ਨੂੰ ਮੁੱਖ ਰੱਖਦਿਆਂ ਪਾਰਟੀ ਤੋਂ ਨਾਰਾਜ਼ ਆਗੂਆਂ ਨੂੰ ਪਾਰਟੀ ਵਿਚ ਮੁੜ ਸ਼ਾਮਿਲ ਹੋ ਕੇ ਇਕਜੁੱਟ ਹੋਣ ਦਾ ਸੱਦਾ ਦਿੱਤਾ । ਮੀਟਿੰਗ ਉਪਰੰਤ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਭਰਤੀ ਕਮੇਟੀ ਸਮੇਤ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਪੰਥਕ ਤਾਕਤਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਮਤਭੇਦ ਭੁਲਾ ਕੇ ਪੰਥ ਦੀ ਏਕਤਾ ਵਾਸਤੇ ਕੰਮ ਕਰਨ ।ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਲੇ ਮਹੱਲੇ 'ਤੇ ਦਿੱਤੇ ਗਏ ਸੰਦੇਸ਼ ਦੀ ਗੱਲ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸੱਚਾਈ ਹੈ ਕਿ ਸਿੱਖ ਇਤਿਹਾਸ ਵਿਚ ਅਜਿਹੇ ਅਨੇਕਾਂ ਹਵਾਲੇ ਹਨ ਕਿ ਜਦੋਂ ਕੌਮ ਇਕਜੁੱਟ ਹੋਈ ਤਾਂ ਇਸ ਨੂੰ ਅਨੇਕਾਂ ਲਾਭ ਹੋਏ ਤੇ ਸਾਨੂੰ ਇਤਿਹਾਸਕ ਤੱਥਾਂ ਤੋਂ ਸੇਧ ਲੈਣੀ ਚਾਹੀਦੀ ਹੈ ।ਉਨ੍ਹਾਂ ਦੱਸਿਆ ਕਿ ਸੰਸਦੀ ਬੋਰਡ ਤੇ ਜ਼ਿਲ੍ਹਾ ਅਬਜ਼ਰਵਰਾਂ ਨੇ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਮੈਂਬਰਸ਼ਿਪ ਭਰਤੀ ਫਾਰਮ ਜਮ੍ਹਾਂ ਕਰਵਾਉਣ ਦੀ ਤਰੀਕ 25 ਮਾਰਚ ਤੱਕ ਵਧਾ ਦਿੱਤੀ ਗਈ ਹੈ । ਡਾਕਟਰ ਦਲਜੀਤ ਚੀਮਾ ਨੇ ਮਨਪ੍ਰੀਤ ਸਿੰਘ ਇਆਲੀ ਵੱਲੋਂ ਸਾਂਝਾ ਕੀਤਾ ਭਰਤੀ ਦਾ ਫਾਰਮ ਦਿਖਾਉਂਦਿਆਂ ਉਹਨਾਂ ਕਿਹਾ ਕੇ ਇਹ ਫਾਰਮ ਤੇ ਲੀਡਰ ਐਲਾਨ ਕਰ ਰਹੇ ਨੇ ਕੇ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਪਰ ਫਾਰਮ ਤੇ ਸ਼੍ਰੋਮਣੀ ਅਕਾਲੀ ਦਲ ਪੂਰਾ ਸ਼ਬਦ ਹੀ ਨਹੀਂ ਹੈ. ਮੈਂਬਰਸ਼ਿਪ ਅਕਾਲੀ ਦਲ ਲਿਖਿਆ ਹੋਇਆ ਹੈ ਅਤੇ ਇਹ ਪਾਰਟੀ ਕਦੋਂ ਬਣੀ, ਕਦੋਂ ਰਜਿਸਟਰ ਹੋਈ, ਕਿੱਥੇ ਬਣੀ, ਕਦੋਂ ਇਸਦਾ ਵਿਧਾਨ ਪਾਸ ਕੀਤਾ ਗਿਆ ਇਹ ਦੱਸੋ?
ਫਾਰਮ ਤੇ ਦਫਤਰ ਦਾ ਪਤਾ ਤੇ ਨੰਬਰ ਨਹੀਂ ਹੈ, ਲੋਕਾਂ ਤੋਂ ਆਧਾਰ ਕਾਰਡ ਸਮੇਤ ਸਾਰੀ ਜਾਣਕਾਰੀ ਮੰਗਦੇ ਨੇ ਪਰ ਆਪ ਕੁਝ ਨਹੀਂ ਦੱਸਿਆ, ਨਾ ਪਾਰਟੀ ਦਾ ਦਫਤਰ ਦਾ ਪਤਾ ਤੇ ਨਾ ਹੀ ਕੋਈ ਨੰਬਰ । ਉਹਨਾਂ ਪੁੱਛਿਆ ਕਿ ਜਿਹੜਾ ਪੈਸੇ ਇਕੱਠਾ ਕਰਨਾ ਹੈ ਉਹ ਕਿਸ ਖਾਤੇ ਵਿਚ ਜਾਵੇਗਾ? ਉਹਨਾਂ ਕਿਹਾ ਕੇ ਪਰਚੀ ਥੱਲੇ ਲਿਖ ਦਿੱਤਾ ਕਿ 5 ਮੈਂਬਰੀ ਭਰਤੀ ਕਮੇਟੀ, ਇਹ ਕਿਸ ਨੇ ਬਣਾਈ ਹੈ, ਇਹ ਵੀ ਦੱਸੋ?ਉਹਨਾਂ ਕਿਹਾ ਕੇ ਤੁਹਾਡੇ ਇਸੇ ਵਤੀਰੇ ਕਰਕੇ 2 ਟਾਪ ਦੇ ਮੈਂਬਰ 7 ਮੈਂਬਰੀ ਕਮੇਟੀ ਛੱਡ ਗਏ. ਉਹਨਾਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਸਾਰੇ ਸਬੂਤ ਅਤੇ ਦਸਤਾਵੇਜ ਲੈਕੇ ਗਏ ਸੀ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਪ੍ਰਵਾਨ ਕਰ ਲਿਆ ਪਰ ਬੇਨਤੀ ਹੈ ਕੇ ਦੇਸ਼ ਦੇ ਕਾਨੂੰਨ ਕਰਕੇ ਸਾਡੀ ਮਾਨਤਾ ਰੱਦ ਹੋ ਸਕਦੀ ਹੈ।
ਉਹਨਾਂ ਕਿਹਾ ਕੇ ਫੇਰ ਸਿੰਘ ਸਾਬ ਨੇ ਸਾਡੀ ਗੱਲ ਸਮਝ ਕੇ ਕਿਹਾ ਸੀ ਕਿ ਵਰਕਿੰਗ ਕਮੇਟੀ ਭਰਤੀ ਵਾਲਾ ਇਹ ਕੰਮ ਕਰ ਲਵੇ। ਉਹਨਾਂ ਇਯਾਲੀ ਧੜ੍ਹੇ ਨੂੰ ਕਿਹਾ ਕਿ ਅਸੀਂ ਅਕਾਲ ਤਖ਼ਤ ਤੋਂ ਨਹੀਂ ਭੱਜੇ ਸਗੋਂ ਇਹ ਤਾਂ ਜੰਮਣ ਤੋਂ ਪਹਿਲਾਂ ਹੀ ਭੱਜ ਗਏ। ਉਹਨਾਂ ਇਸ ਪਿੱਛੇ ਦਿੱਲੀ ਦੀਆਂ ਸ਼ਕਤੀਆਂ ਦੀ ਸ਼ਮੂਲੀਅਤ ਦੀ ਗੱਲ ਵੀ ਕੀਤੀ। ਅਖੀਰ ਵਿਚ ਉਹਨਾਂ ਕਿਹਾ ਕਿ ਤੁਸੀਂ ਇਹ ਤਰਾਂ ਦੀ ਜਾਅਲਸਾਜ਼ੀ ਅਤੇ 2 ਨੰਬਰ ਦਾ ਕੰਮ ਦਰਬਾਰ ਸਾਹਿਬ ਤੋਂ ਦੂਰ ਜਾ ਕੇ ਕਰੋ, ਕਿਰਪਾ ਕਰਕੇ ਇਸ ਧਰਤੀ ਤੇ ਇਹ ਸਭ ਨਾ ਕਰੋ।