ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪੰਥਕ ਰਾਜਨੀਤੀ ਵਿੱਚ ਵੱਡੀ ਹਲਚਲ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਪਹਿਲਾਂ ਹੀ ਆਪਣਾ ਬਹੁਤ ਸਾਰਾ ਸਿਆਸੀ ਅਧਾਰ ਗੁਆ ਚੁੱਕਾ ਹੈ। ਅਕਾਲੀ ਦਲ ਦੇ ਨਾਰਾਜ਼ ਆਗੂਆਂ ਦਾ ਇੱਕ ਹਿੱਸਾ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਰੱਦ ਕਰਦੇ ਹੋਏ ਵੱਖ ਹੋ ਗਿਆ ਸੀ। ਹੁਣ ਸੁਖਬੀਰ ਬਾਦਲ ਨੂੰ ਸਭ ਤੋਂ ਵੱਡੀ ਚੁਣੌਤੀ ਬਿਕਰਮ ਸਿੰਘ ਮਜੀਠੀਆ ਤੋਂ ਜਾਪਦੀ ਹੈ। ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿਲੋਂ, ਲਖਬੀਰ ਸਿੰਘ ਲੋਧੀਨੰਗਲ ਸਮੇਤ ਦਰਜਨਾਂ ਛੋਟੇ-ਵੱਡੇ ਆਗੂ, ਜੋ ਹਰ ਸੰਕਟ ਸਮੇਂ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਖੜ੍ਹਦੇ ਆਏ ਸਨ, ਹੁਣ ਪਾਰਟੀ ਦੇ ਫ਼ੈਸਲਿਆਂ ਤੇ ਰਣਨੀਤੀ ਪ੍ਰਤੀ ਸਵਾਲ ਕਰਨ ਲੱਗੇ ਹਨ।ਬਿਕਰਮ ਸਿੰਘ ਮਜੀਠੀਆ ਨੇ ਇਸ ਕਾਰਵਾਈ ਨੂੰ ਸਿੱਖ ਪੰਥ ਦੇ ਮਾਣ-ਸਨਮਾਨ ਅਤੇ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਦੱਸਿਆ।ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਪਿਛਲੇ ਸਮਿਆਂ ਵਾਂਗ ਸੰਕਟ ਵਿੱਚੋਂ ਉਭਰੇਗਾ ਅਤੇ ਮੁੜ ਸੁਰਜੀਤ ਹੋਵੇਗਾ।
ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਅਜਿਹੇ ਆਗੂਆਂ ਉੱਤੇ ਪਾਰਟੀ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਲਾਉਂਦਿਆਂ ਜ਼ਾਬਤਾ ਕਾਰਵਾਈ ਦੀ ਚਿਤਾਵਨੀ ਦਿਤੀ ਹੈ।
ਬਾਦਲ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਮੁੱਦੇ 'ਤੇ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੇ ਜਵਾਬਾਂ 'ਤੇ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਉਪਰ ਕਾਰਵਾਈ ਕੀਤੀ ਜਾਵੇਗੀ।"
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭੂੰਦੜ ਦਾ ਇਹ ਕਥਨ ਸਹੀ ਹੈ ਕਿ ਬਾਦਲਾਂ ਦੇ ਰਾਜ-ਕਾਲ ਦੌਰਾਨ ਮਜੀਠੀਆ ‘ਸੁਪਰ ਸੀ ਐਮ’ ਵਜੋਂ ਵਿਚਰਦੇ ਰਹੇ। ਅਦਾਲਤੀ ਨਿਆਂ ਭਾਵੇਂ ਹੁਣ ਤਕ ਉਨ੍ਹਾਂ ਉਪਰ ਮਿਹਰਬਾਨ ਰਿਹਾ ਹੈ, ਪਰ ਪੰਜਾਬ ਵਿਚ ‘ਚਿੱਟੇ’ ਦੇ ਪ੍ਰਚਲਣ ਦੇ ਪ੍ਰਸੰਗ ਵਿਚ ਉਨ੍ਹਾਂ ਦਾ ਅਕਸ ਅਜੇ ਵੀ ਪਹਿਲਾਂ ਵਾਂਗ ਦਾਗ਼ਦਾਰ ਹੈ। ਸਿੱਖ ਵਿਚਾਰਵਾਨਾਂ ਦਾ ਮੰਨਣਾ ਹੈ ਕਿ ਜੇ ਮਜੀਠੀਆ ਆਪਣੇ ਜੀਜੇ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੇ ਸਲਾਹਕਾਰਾਂ ਦੇ ਖ਼ਿਲਾਫ਼ ਉੱਠ ਖੜੇ੍ ਹੋਏ ਹਨ ਤਾਂ ਇਸ ਨੂੰ ਆਮ ਸਿੱਖ ‘ਪਰਿਵਾਰਕ ਕਿੜ’ ਦੀ ਉਪਜ ਮੰਨ ਰਹੇ ਹਨ ਤੇ ਇਸ ਪਿਛੇ ਭਾਜਪਾ ਦੀ ਚਾਲ ਸਮਝ ਰਹੇ ਹਨ।
ਰਾਜਨੀਤੀ ਦੇ ਪ੍ਰੋਫੈਸਰ ਰੌਣਕੀ ਰਾਮ ਕਹਿੰਦੇ ਹਨ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਪੰਜਾਬੀ ਵੀ ਇਸ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ ਅਤੇ ਪੰਜਾਬ ਦੇ ਲੀਡਰ ਵੀ ਕਿਉਂਕਿ ਖੇਤਰੀ ਪਾਰਟੀ ਖ਼ਤਮ ਹੁੰਦੀ ਹੈ ਤਾਂ ਇਹ ਪੰਜਾਬ ਦੇ ਲੋਕਾਂ ਲਈ ਹੀ ਵੱਡਾ ਘਾਟਾ ਹੋਵੇਗਾ।''
ਡਾਕਟਰ ਪਰਮਜੀਤ ਸਿੰਘ ਮਾਨਸਾ ਕਹਿੰਦੇ ਹਨ ਕਿ ਅਕਾਲੀ ਦਲ ਵਿੱਚ ਭਾਵੇਂ ਜਿੰਨੇ ਮਰਜ਼ੀ ਧੜੇ ਹੋਣ, ਪਰ ਸ਼ਕਤੀਸ਼ਾਲੀ ਧੜਾ ਉਹ ਹੈ ਜਿਸ ਦੇ ਕੋਲ ਸ਼੍ਰੋਮਣੀ ਕਮੇਟੀ ਹੈ। ਸ਼੍ਰੋਮਣੀ ਕਮੇਟੀ ਫਿਲਹਾਲ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਕੋਲ ਹੈ। ਇਸ ਕਰਕੇ ਜੇਕਰ ਮਜੀਠੀਆ ਬਗ਼ਾਵਤ ਕਰਦੇ ਵੀ ਹਨ ਤਾਂ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਜਰੂਰ ਹੋਵੇਗਾ,ਪਰ ਮਜੀਠੀਆ ਪੰਥਕ ਲੀਡਰ ਵਜੋਂ ਪ੍ਰਵਾਨ ਨਹੀਂ ਹੋਣਗੇ।
![]()
