ਭਾਰਤੀ ਇਤਿਹਾਸ ਵਿੱਚ ਕਈ ਅਜਿਹੇ ਪਲ ਆਏ ਜਦੋਂ ਦੋ ਮਹਾਨ ਸਖਸ਼ੀਅਤਾਂ ਦੇ ਵਿਚਾਰਧਾਰਕ ਤੌਰ ੳੁੱਪਰ ਟਕਰਾਅ ਹੋਏ ਸਨ। ਪਰ ਜਦੋਂ ਡਾ. ਭੀਮਰਾਓ ਅੰਬੇਡਕਰ ਨੇ ਮਹਾਤਮਾ ਗਾਂਧੀ ਨੂੰ ‘ਭਾਰਤ ਵਿੱਚ ਅਛੂਤਾਂ ਦਾ ਸਭ ਤੋਂ ਵੱਡਾ ਦੁਸ਼ਮਣ’ ਤੇ ਸ਼ੈਤਾਨ ਕਿਹਾ, ਤਾਂ ਇਹ ਸਿਰਫ਼ ਇੱਕ ਨਿੱਜੀ ਟਿੱਪਣੀ ਨਹੀਂ ਸੀ। ਇਹ ਇੱਕ ਇਤਿਹਾਸਕ ਹਕੀਕਤ, ਇੱਕ ਚਿਤਾਵਨੀ ਅਤੇ ਦਲਿਤਾਂ ਲਈ ਡੂੰਘੀ ਪੀੜ ਦਾ ਨਤੀਜਾ ਸੀ। ਇਸ ਬਿਆਨ ਦਾ ਵਜਨ ਬਹੁਤ ਜ਼ਿਆਦਾ ਸੀ, ਅਤੇ ਇਸ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਅਜਿਹਾ ਕਿਉਂ ਕਿਹਾ? ਕੀ ਉਹ ਗਾਂਧੀ ਦੇ ਵਿਰੋਧੀ ਸਨ, ਜਾਂ ਇਸ ਦੇ ਪਿੱਛੇ ਕੋਈ ਇਤਿਹਾਸਕ, ਸਮਾਜਿਕ ਅਤੇ ਕਾਨੂੰਨੀ ਅਧਾਰ ਸੀ?
1930 ਦੇ ਦਹਾਕੇ ਵਿੱਚ, ਜਦੋਂ ਲੰਡਨ ਵਿੱਚ ਰਾਊਂਡ ਟੇਬਲ ਕਾਨਫਰੰਸ ਹੋ ਰਹੀ ਸੀ, ਡਾ. ਅੰਬੇਡਕਰ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਅਛੂਤ, ਜਿਨ੍ਹਾਂ ਨੂੰ ਅੱਜ ਅਨੁਸੂਚਿਤ ਜਾਤੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਹਿੰਦੂ ਸਮਾਜ ਦਾ ਹਿੱਸਾ ਨਹੀਂ ਸਨ। ਵਰਣ ਵਿਵਸਥਾ ਵਿੱਚ ਉਹ ਨਾ ਬ੍ਰਾਹਮਣ ਸਨ, ਨਾ ਖੱਤਰੀ, ਨਾ ਵੈਸ਼, ਅਤੇ ਨਾ ਹੀ ਸ਼ੂਦਰ। ਉਹ ‘ਅਵਰਣ’ ਸਨ, ਯਾਨੀ ਵਰਣ ਵਿਵਸਥਾ ਤੋਂ ਬਾਹਰ। ਇਸ ਅਧਾਰ ’ਤੇ ਬਾਬਾ ਸਾਹਿਬ ਅੰਬੇਡਕਰ ਨੇ ਅਛੂਤਾਂ ਲਈ ਵੱਖਰਾ ਚੋਣ ਅਧਿਕਾਰ ਦੀ ਮੰਗ ਕੀਤੀ। ਵੱਖਰਾ ਚੋਣ ਅਧਿਕਾਰ ਦਾ ਮਤਲਬ ਸੀ ਕਿ ਅਛੂਤ ਆਪਣੇ ਵਿਸ਼ੇਸ਼ ਨੁਮਾਇੰਦੇ ਚੁਣਨ ਦਾ ਅਧਿਕਾਰ ਪ੍ਰਾਪਤ ਕਰਨ।
ਬ੍ਰਿਟਿਸ਼ ਸਰਕਾਰ ਨੇ ਅੰਬੇਡਕਰ ਦੀ ਮੰਗ ਮੰਨ ਲਈ ਅਤੇ ਅਛੂਤਾਂ ਨੂੰ ਵੱਖਰਾ ਚੋਣ ਅਧਿਕਾਰ ਦੇਣ ਦਾ ਫ਼ੈਸਲਾ ਕੀਤਾ। ਪਰ ਜਿਵੇਂ ਹੀ ਇਹ ਅਧਿਕਾਰ ਅਛੂਤਾਂ ਨੂੰ ਮਿਲਣ ਵਾਲਾ ਸੀ, ਮਹਾਤਮਾ ਗਾਂਧੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਨੇ ਇਸ ਨੂੰ ਹਿੰਦੂ ਧਰਮ ਲਈ ‘ਜ਼ਹਿਰ ਦਾ ਟੀਕਾ’ ਕਿਹਾ ਅਤੇ ਇਸ ਦੇ ਵਿਰੁੱਧ ਅਨਸ਼ਨ ਸ਼ੁਰੂ ਕਰ ਦਿੱਤਾ। ਗਾਂਧੀ ਦਾ ਇਹ ਅਨਸ਼ਨ ਸਿਰਫ਼ ਨੈਤਿਕ ਦਬਾਅ ਨਹੀਂ ਸੀ, ਸਗੋਂ ਇਹ ਇੱਕ ਭਾਵਨਾਤਮਕ ਬਲੈਕਮੇਲ ਦਾ ਰੂਪ ਬਣ ਗਿਆ।
ਪੂਨਾ ਸਮਝੌਤਾ: ਬਾਬਾ ਸਾਹਿਬ ਨੇ ਮਜਬੂਰੀ ਵਿੱਚ ਲਿਆ ਫ਼ੈਸਲਾ
ਗਾਂਧੀ ਦੇ ਅਨਸ਼ਨ ਨੇ ਪੂਰੇ ਦੇਸ਼ ਵਿੱਚ ਤਣਾਅ ਪੈਦਾ ਕਰ ਦਿੱਤਾ। ਡਾ. ਅੰਬੇਡਕਰ ’ਤੇ ਹਰ ਪਾਸਿਓਂ ਦਬਾਅ ਪਾਇਆ ਗਿਆ ‘ਰਾਜਨੀਤਿਕ, ਸਮਾਜਿਕ ਅਤੇ ਇੱਥੋਂ ਤੱਕ ਕਿ ਹਿੰਸਾ ਦੀਆਂ ਧਮਕੀਆਂ ਵੀ। ’ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਗਾਂਧੀ ਦੀ ਮੌਤ ਹੋ ਗਈ, ਤਾਂ ਪੂਰੇ ਭਾਰਤ ਵਿੱਚ ਅਨੁਸੂਚਿਤ ਜਾਤੀਆਂ ਦੇ ਖ਼ਿਲਾਫ਼ ਨਸਲਕੁਸ਼ੀ ਹੋ ਸਕਦੀ ਹੈ। ਅਖੀਰ ਵਿੱਚ, ਅੰਬੇਡਕਰ ਨੇ ਮਜਬੂਰੀ ਵਿੱਚ ਪੂਨਾ ਸਮਝੌਤੇ ’ਤੇ ਦਸਤਖਤ ਕੀਤੇ। ਉਨ੍ਹਾਂ ਨੇ ਦਲਿਤਾਂ ਦੀ ਰੱਖਿਆ ਖਾਤਰ ਆਪਣਾ ਕਾਨੂੰਨੀ ਅਧਿਕਾਰ ਛੱਡ ਦਿੱਤਾ।
ਧਰਮ ਜਾਂ ਜੀਵਨ ਸ਼ੈਲੀ: ਪਛਾਣ ਦੀ ਰਾਜਨੀਤੀ
ਗਾਂਧੀ ਨੇ ‘ਹਿੰਦੂ ਧਰਮ’ ਨੂੰ ਇੱਕ ਧਰਮ ਦੀ ਤਰ੍ਹਾਂ ਪੇਸ਼ ਕੀਤਾ ਅਤੇ ਅਛੂਤਾਂ ਨੂੰ ਇਸ ਵਿੱਚ ਸ਼ਾਮਲ ਕਰਕੇ ਕਿਹਾ ਕਿ ਵੱਖਰਾ ਚੋਣ ਅਧਿਕਾਰ ਹਿੰਦੂ ਧਰਮ ਨੂੰ ਤੋੜ ਦੇਵੇਗਾ। ਪਰ ਡਾਕਟਰ ਅੰਬੇਡਕਰ ਦੇ ਅਨੁਸਾਰ, ਇਹ ਇੱਕ ਝੂਠੀ ਪਛਾਣ ਥੋਪਣ ਦੀ ਸਾਜ਼ਿਸ਼ ਸੀ। ਜੇਕਰ ਅਛੂਤਾਂ ਨੂੰ ਵੱਖਰੀ ਪਛਾਣ ਮਿਲ ਜਾਂਦੀ, ਤਾਂ ਅੱਜ ਕੋਈ ਵੀ ਅਨੁਸੂਚਿਤ ਜਾਤੀ ਦਾ ਵਿਅਕਤੀ ਹਿੰਦੂ ਨਾ ਕਹਾਉਾਂਦਾ।ਉਸ ਦੀ ਧਾਰਮਿਕ ਅਜ਼ਾਦੀ ਅਤੇ ਰਾਜਨੀਤਿਕ ਪਛਾਣ ਦੋਵੇਂ ਮਜ਼ਬੂਤ ਹੁੰਦੀਆਂ। ਡਾਕਟਰ ਅੰਬੇਡਕਰ ਦਾ ਮੰਨਣਾ ਸੀ ਕਿ ਵੱਖਰੇ ਚੋਣ ਅਧਿਕਾਰ ਰਾਹੀਂ ਅਛੂਤਾਂ ਨੂੰ ਰਾਜਨੀਤਿਕ ਸ਼ਕਤੀ ਮਿਲੇਗੀ, ਜਿਸ ਨਾਲ ਉਹ ਆਪਣੇ ਅਧਿਕਾਰਾਂ ਲਈ ਲੜ ਸਕਣਗੇ।
ਡਾ. ਅੰਬੇਡਕਰ ਦੀ ਸਭ ਤੋਂ ਵੱਡੀ ਚਿੰਤਾ ਸੀ ਕਿ ਅਛੂਤ ਸਮੇਂ ਦੇ ਨਾਲ ਆਪਣੇ ਆਪ ਨੂੰ ਹਿੰਦੂ ਮੰਨਣ ਨਾ ਲੱਗ ਜਾਣ, ਉਹ ਪਛਾਣ ਜੋ ਕਦੇ ਉਨ੍ਹਾਂ ਦੀ ਸੀ ਹੀ ਨਹੀਂ। ਬਾਬਾ ਸਾਹਿਬ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ‘ਹਿੰਦੂ’ ਬਣਾ ਦਿੱਤਾ ਗਿਆ।
ਗਾਂਧੀ ਨੇ ਅਛੂਤਾਂ ਨੂੰ ਹਿੰਦੂ ਕਿਉਂ ਕਿਹਾ? ਇਸ ਪਿੱਛੇ ਕੀ ਰਾਜਨੀਤੀ ਸੀ?
ਗਾਂਧੀ ਦੀ ਰਾਜਨੀਤੀ ਦਾ ਮੁੱਖ ਮਕਸਦ ਸੀ ਭਾਰਤੀ ਰਾਸ਼ਟਰਵਾਦ ਨੂੰ ਮਜ਼ਬੂਤ ਕਰਨਾ। ਉਹ ਚਾਹੁੰਦੇ ਸਨ ਕਿ ਸਾਰੇ ਭਾਰਤੀ ਇੱਕ ਸਾਂਝੀ ਪਛਾਣ ‘ਹਿੰਦੂ ਪਛਾਣ’ ਦੇ ਅਧੀਨ ਇਕੱਠੇ ਹੋਣ। ਅਛੂਤਾਂ ਨੂੰ ਵੱਖਰਾ ਚੋਣ ਅਧਿਕਾਰ ਦੇਣ ਦਾ ਮਤਲਬ ਸੀ ਉਨ੍ਹਾਂ ਨੂੰ ਇੱਕ ਵੱਖਰੀ ਸਮਾਜਿਕ ਅਤੇ ਰਾਜਨੀਤਿਕ ਪਛਾਣ ਦੇਣਾ, ਜੋ ਗਾਂਧੀ ਦੀ ‘ਹਿੰਦੂ ਏਕਤਾ’ ਦੀ ਸੰਕਲਪਨਾ ਨੂੰ ਤੋੜ ਸਕਦੀ ਸੀ। ਗਾਂਧੀ ਨੇ ਅਛੂਤਾਂ ਨੂੰ ‘ਹਰਿਜਨ’ (ਈਸ਼ਵਰ ਦੇ ਲੋਕ) ਕਹਿ ਕੇ ਹਿੰਦੂ ਸਮਾਜ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਅੰਬੇਡਕਰ ਨੇ ਇਸ ਸ਼ਬਦ ਨੂੰ ਵੀ ਠੁਕਰਾ ਦਿੱਤਾ, ਕਿਉਂਕਿ ਇਹ ਅਛੂਤਾਂ ਦੀ ਅਸਲ ਸਮੱਸਿਆ ਨੂੰ ਛੁਪਾਉਣ ਦੀ ਕੋਸ਼ਿਸ਼ ਸੀ।
ਅੰਬੇਡਕਰ ਨੇ ਗਾਂਧੀ ਨੂੰ ਦਲਿਤਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਿਉਂ ਕਿਹਾ?
ਅੰਬੇਡਕਰ ਦਾ ਇਹ ਬਿਆਨ ਸਿਰਫ਼ ਨਿੱਜੀ ਮਤਭੇਦ ਨਹੀਂ ਸੀ। ਇਹ ਇੱਕ ਡੂੰਘੇ ਸਮਾਜਿਕ ਧੋਖੇ ਵੱਲ ਇਸ਼ਾਰਾ ਸੀ। ਗਾਂਧੀ ਦੇ ਅਨਸ਼ਨ ਅਤੇ ਪੂਨਾ ਸਮਝੌਤੇ ਨੇ ਅਛੂਤਾਂ ਦੀ ਵੱਖਰੀ ਪਛਾਣ ਅਤੇ ਰਾਜਨੀਤਿਕ ਸ਼ਕਤੀ ਨੂੰ ਖਤਮ ਕਰ ਦਿੱਤਾ। ਗਾਂਧੀ ਦੀ ‘ਹਿੰਦੂ ਸਮਾਜ’ ਦੇ ਸਿਧਾਂਤ ਨੇ ਅਛੂਤਾਂ ਨੂੰ ਉਸੇ ਵਰਣ ਵਿਵਸਥਾ ਦਾ ਹਿੱਸਾ ਬਣਾ ਦਿੱਤਾ, ਜਿਸ ਨੇ ਸਦੀਆਂ ਤੋਂ ਦਲਿਤਾਂ ਨੂੰ ਦਬਾਇਆ ਸੀ। ਅੰਬੇਡਕਰ ਦਾ ਮੰਨਣਾ ਸੀ ਕਿ ਗਾਂਧੀ ਦੀਆਂ ਨੀਤੀਆਂ ਨੇ ਅਛੂਤਾਂ ਦੇ ਸੰਘਰਸ਼ ਨੂੰ ਕਮਜ਼ੋਰ ਕੀਤਾ ਅਤੇ ਉਨ੍ਹਾਂ ਨੂੰ ਇੱਕ ਝੂਠੀ ਪਛਾਣ ਵਿੱਚ ਬੰਨ੍ਹ ਦਿੱਤਾ।
ਕੀ ਸਮਾਂ ਨਹੀਂ ਆਇਆ ਜਾਗਣ ਦਾ?
ਡਾ. ਭੀਮਰਾਓ ਅੰਬੇਡਕਰ ਨੇ ਰਿਜ਼ਰਵੇਸ਼ਨ ਦੀ ਵਕਾਲਤ ਕੀਤੀ, ਤਾਂ ਜੋ ਇਨ੍ਹਾਂ ਦਬੇ ਕੁਚਲੇ ਲੋਕਾਂ ਨੂੰ ਨਾ ਸਿਰਫ਼ ਆਰਥਿਕ ਅਤੇ ਸਿੱਖਿਅਕ ਮੌਕੇ ਮਿਲਣ, ਸਗੋਂ ਸਮਾਜਿਕ ਸਤਿਕਾਰ ਅਤੇ ਰਾਜਨੀਤਿਕ ਸ਼ਕਤੀ ਵੀ ਪ੍ਰਾਪਤ ਹੋਵੇ। ਅਰਾਕਸ਼ਣ ਦਾ ਮਕਸਦ ਸੀ ਇਨ੍ਹਾਂ ਲੋਕਾਂ ਨੂੰ ਉਸ ਸਮਾਜਿਕ ਅਤੇ ਪੇਸ਼ੇਵਰ ਬੰਜਰਪਣ ਤੋਂ ਬਾਹਰ ਕੱਢਣਾ ਸੀ, ਜਿਸ ਨੇ ਉਨ੍ਹਾਂ ਨੂੰ ਸਦੀਆਂ ਤੱਕ ਗੁਲਾਮੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ। ਇਹ ਸਿਰਫ਼ ਜਾਤੀ ਦਾ ਮਸਲਾ ਨਹੀਂ ਸੀ, ਸਗੋਂ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਲੜਾਈ ਸੀ, ਜੋ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਅਤੇ ਉਨ੍ਹਾਂ ਦੀ ਮਾਨਵੀ ਮਰਿਆਦਾ ਨੂੰ ਬਹਾਲ ਕਰਨ ਦਾ ਇੱਕ ਯਤਨ ਸੀ।
![]()
