ਬਾਬਾ ਸੀਚੇਵਾਲ ਵੱਲੋਂ ਸਵਰਨਜੀਤ ਸਿੰਘ ਖ਼ਾਲਸਾ ਦੇ ਅਮਰੀਕਾ ਵਿੱਚ ਮੇਅਰ ਬਣਨ ਦੀ ਸ਼ਲਾਘਾ

In ਪੰਜਾਬ
November 10, 2025

ਬੀਤੇ ਦਿਨੀ ਵਾਤਾਵਰਣ ਮੁਹਿੰਮ ਦੇ ਨਾਇਕ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਪੰਜਾਬ ਦੇ ਜਲੰਧਰ ਨਾਲ ਸਬੰਧਿਤ ਸਵਰਨਜੀਤ ਸਿੰਘ ਖ਼ਾਲਸਾ ਅਮਰੀਕਾ ਵਿੱਚ ਨੌਰਵਿਚ ਦੇ ਮੇਅਰ ਚੁਣੇ ਜਾਣ ਉੱਪਰ ਉਹਨਾਂ ਦੇ ਪਿਤਾ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੂੰ ਮੁਬਾਰਕਬਾਦ ਦਿੱਤੀ ਤੇ ਸਨਮਾਨਿਤ ਵੀ ਕੀਤਾ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ, ‘ਇਸ ਦਾ ਸਿਹਰਾ ਸਿਰਫ਼ ਸਾਨੂੰ ਹੀ ਨਹੀਂ, ਸਗੋਂ ਪੂਰੀ ਪੰਜਾਬੀ ਕੌਮ, ਖ਼ਾਸ ਕਰਕੇ ਸਿੱਖ ਭਾਈਚਾਰਾ ਤੇ ਜਲੰਧਰ ਵਾਸੀਆਂ ਨੂੰ ਵੀ ਜਾਂਦਾ ਹੈ। ਇਹ ਮਾਣ ਦੀ ਗੱਲ ਹੈ ਕਿ ਸਵਰਨਜੀਤ ਸਿੰਘ ਪਹਿਲਾ ਅੰਮ੍ਰਿਤਧਾਰੀ ਸਿੱਖ ਹੈ ਜੋ ਅਮਰੀਕਾ ਵਿੱਚ ਮੇਅਰ ਚੁਣਿਆ ਗਿਆ ਹੈ। ਜਿਸ ਕਰਕੇ ਸਮੂਹ ਪੰਜਾਬੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਇਹ ਪੰਥ ,ਪੰਜਾਬ ,ਦੇਸ ਦੀ ਜਿੱਤ ਹੈ। ’
ਜਥੇਦਾਰ ਪਰਮਿੰਦਰਪਾਲ ਸਿੰਘ ਨੇ ਬਾਬਾ ਜੀ ਨੂੰ ਦੱਸਿਆ ਕਿ ਸਵਰਨਜੀਤ ਸਿੰਘ ਖ਼ਾਲਸਾ ਨੇ ਨਸਲਵਾਦ ਬਾਰੇ ਕਾਫੀ ਜਾਗਰੂਕਤਾ ਫੈਲਾਉਣ ਵਾਲੇ ਕਾਰਜ ਕੀਤੇ। ਉਨ੍ਹਾਂ ਵੱਲੋਂ ਸਿੱਖਾਂ ਦੀ ਪਛਾਣ ਬਾਰੇ ਦੱਸਣ ਦੇ ਲਈ ਕਰੀਬ 200 ਸੈਮੀਨਾਰ ਕਰਵਾਏ। ਇਸ ਕਾਰਨ ਐਫ.ਬੀ.ਆਈ. ਨੇ ਸਨਮਾਨਿਤ ਵੀ ਕੀਤਾ ਸੀ। ਉਨ੍ਹਾਂ ਦਸਿਆ ਕਿ ਸਵਰਨਜੀਤ ਸਿੰਘ ਅਮਰੀਕਾ ਦੇ ਸਰਕਾਰੀ ਦਫ਼ਤਰਾਂ ਵਿੱਚ ਆਪਣਾ ਪ੍ਰੋਜੈਕਟਰ ਲੈ ਕੇ ਜਾਂਦਾ ਸੀ ਅਤੇ ਸਿੱਖ ਇਤਿਹਾਸ ਅਤੇ ਸਿੱਖੀ ਬਾਰੇ ਸਮਝਾਉਂਦਾ ਸੀ ਕਿ ਸਿੱਖ ਕੌਣ ਹਨ। ਇਸੇ ਪ੍ਰਚਾਰ ਕਰਕੇ ਸਵਰਨਜੀਤ ਸਿੰਘ ਲੋਕਾਂ ਦੇ ਨਜ਼ਦੀਕ ਆ ਗਏ ਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਚੋਣਾਂ ਲੜਨ ਲਈ ਕਿਹਾ ਤੇ ਜਿਤਾਇਆ।
ਖਾਲਸਾ ਨੇ ਬਾਬਾ ਜੀ ਦੀ ਪ੍ਰਦੂਸ਼ਣ ਵਿਰੋਧੀ ਲਹਿਰ ਤੇ ਗੁਰੂ ਨਾਨਕ ਵੇਂਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਮਨੁੱਖਤਾ ਲਈ ਇਤਹਾਸਕ ਰੋਲ ਨਿਭਾਇਆ ਹੈ। ਇਸ ਮੌਕੇ ਸਾਹਿਬ ਸਿੰਘ, ਬਲਵਿੰਦਰ ਪਾਲ ਸਿੰਘ, ਹਰਦੇਵ ਸਿੰਘ ਗਰਚਾ, ਗੁਰਪ੍ਰੀਤ ਸਿੰਘ ਰਾਜੂ, ਕਮਲਜੀਤ ਸਿੰਘ ਜਮਸ਼ੇਰ ਆਦਿ ਸ਼ਾਮਲ ਸਨ।

Loading