ਬਾਬਾ ਸੂਰਤ ਸਿੰਘ ਖ਼ਾਲਸਾ ਦਾ ਅੰਤਿਮ ਸਸਕਾਰ ਤੇ ਅੰਤਿਮ ਅਰਦਾਸ 26 ਜਨਵਰੀ ਨੂੰ

In ਮੁੱਖ ਖ਼ਬਰਾਂ
January 21, 2025
ਕੈਲੀਫ਼ੋਰਨੀਆ/ਏ.ਟੀ.ਨਿਊਜ਼: ਬੀਤੀ 14 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਬੰਦੀ ਸਿੱਖਾਂ ਲਈ ਸੰਘਰਸ਼ ਲੜਨ ਵਾਲੇ ਬਾਬਾ ਸੂਰਤ ਸਿੰਘ ਖ਼ਾਲਸਾ ਦਾ ਅੰਤਿਮ ਸਸਕਾਰ 26 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਚੈਪਲਸ ਆਫ ਚਾਈਮਸ 32992 ਮਿਸ਼ਨ ਬੁਲੇਵਾਰਡ, ਹੇਵਰਡ, ਕੈਲੀਫ਼ੋਰਨੀਆ ਵਿਖੇ ਕੀਤਾ ਜਾਵੇਗਾ। ਲੰਗਰ, ਭੋਗ ਅਤੇ ਅੰਤਿਮ ਅਰਦਾਸ 26 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਫ਼ਰੀਮੌਂਟ ਗੁਰਦੁਆਰਾ ਸਾਹਿਬ 300 ਗੁਰਦੁਆਰਾ ਰੋਡ, ਫ਼ਰੀਮੌਂਟ, ਕੈਲੀਫ਼ੋਰਨੀਆ ਵਿਖੇ ਹੋਣਗੇ। ਹੋਰ ਜਾਣਕਾਰੀ ਲਈ ਰਵਿੰਦਰਜੀਤ ਸਿੰਘ ਗੋਗੀ ਨਾਲ 661-978-0183 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਨੇ 16 ਜਨਵਰੀ, 2015 ਨੂੰ 82 ਸਾਲ ਦੀ ਉਮਰ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰਦਿਆਂ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ।ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਦੀ ਭੁੱਖ ਹੜਤਾਲ 14 ਜਨਵਰੀ, 2023 ਤੱਕ ਚੱਲੀ। ਇਸ ਤਰ੍ਹਾਂ ਉਨ੍ਹਾਂ ਦੇ ਅੰਦੋਲਨ ਨੂੰ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਅਤੇ ਸਭ ਤੋਂ ਮਹੱਤਵਪੂਰਨ ਅਹਿੰਸਕ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਉਹ ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਪਿੰਡ ਹਸਨਪੁਰ ਦੇ ਵਸਨੀਕ ਸਨ। ਬਾਪੂ ਸੂਰਤ ਸਿੰਘ ਖ਼ਾਲਸਾ ਦਾ ਜਨਮ 7 ਮਾਰਚ 1933 ਨੂੰ ਹੋਇਆ ਸੀ। ਉਹ ਇਕ ਨਾਗਰਿਕ ਅਧਿਕਾਰ ਕਾਰਕੁਨ ਸਨ, ਜਿਨ੍ਹਾਂ ਨੂੰ ਬਾਪੂ ਸੂਰਤ ਸਿੰਘ ਖ਼ਾਲਸਾ ਵਜੋਂ ਜਾਣਿਆ ਜਾਂਦਾ ਹੈ। ਉਹ ਲੁਧਿਆਣਾ ਦੇ ਹਸਨਪੁਰ ਪਿੰਡ ਦਾ ਰਹਿਣ ਵਾਲੇ ਸਨ। ਉਨ੍ਹਾਂ ਦੇ ਪੰਜ ਪੁੱਤਰ ਅਤੇ ਇੱਕ ਧੀ ਹਨ ਤੇ ਸਾਰੇ ਅਮਰੀਕਾ ਦੇ ਨਾਗਰਿਕ ਹਨ। ਖ਼ਾਲਸਾ ਖ਼ੁਦ ਵੀ ਇੱਕ ਅਮਰੀਕੀ ਨਾਗਰਿਕ ਸਨ। ਬਾਪੂ ਸੂਰਤ ਸਿੰਘ ਖ਼ਾਲਸਾ ਨੇ ਆਪਣੇ ਆਖਰੀ ਸਾਹ 91 ਸਾਲ ਦੀ ਉਮਰ ’ਚ ਅਮਰੀਕਾ ਵਿੱਚ ਹੀ ਲਏ। ਉਨ੍ਹਾਂ ਨੇ ਬੰਦੀ ਸਿੰਘਾਂ ਲਈ ਲੰਮੀ ਲੜਾਈ ਲੜੀ ਸੀ।

Loading