ਬਾਬਾ ਸੂਰਤ ਸਿੰਘ ਖ਼ਾਲਸਾ ਨੇ ਇੱਕਲਿਆਂ ਹੀ ਦਿੱਲੀ ਤਖ਼ਤ ਨਾਲ ਮੱਥਾ ਡਾਹ ਕੇ ਨਜ਼ਰਬੰਦ ਸਿੱਖਾਂ ਨੂੰ ਰਿਹਾਅ ਕਰਾਉਣ ਦੀ ਕੋਸ਼ਿਸ਼ ਕੀਤੀ : ਸਿੱਖ ਆਗੂ

In ਮੁੱਖ ਖ਼ਬਰਾਂ
January 31, 2025
ਫ਼ਰੀਮੈਂਟ/ਅਮਰੀਕਾ : ਆਪਣੀ ਜ਼ਿੰਦਗੀ ਦੇ ਆਖ਼ਰੀ ਦਹਾਕੇ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ 8 ਸਾਲਾਂ ਦਾ ਲੰਮਾ ਸੰਘਰਸ਼ ਕਰਨ ਵਾਲੀ ਮਹਾਨ ਸ਼ਖ਼ਸੀਅਤ ਬਾਪੂ ਸੂਰਤ ਸਿੰਘ ਖ਼ਾਲਸਾ, ਜੋ ਕਿ ਪਿਛਲੇ ਦਿਨੀਂ ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਲੈਥਰੋਪ ਵਿਖੇ ਅਕਾਲ ਚਲਾਣਾ ਕਰ ਗਏ ਸਨ, ਦਾ ਕੈਲੀਫ਼ੋਰਨੀਆ ਦੇ ਸ਼ਹਿਰ ਹੈਵਰਡ ਵਿਖੇ ਚੈਪਲਜ਼ ਆਫ਼ ਚਾਈਮਜ਼ 32992 ਮਿਸ਼ਨ ’ਚ ਪੂਰੀਆਂ ਧਾਰਮਿਕ ਰੀਤਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਿੱਖ ਪੰਥ ਦਰਦੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਉਪਰੰਤ ਗੁਰਦੁਆਰਾ ਸਾਹਿਬ ਫ਼ਰੀਮੈਂਟ ਕੈਲੀਫ਼ੋਰਨੀਆ ਵਿਖੇ ਬਾਪੂ ਸੂਰਤ ਸਿੰਘ ਖ਼ਾਲਸਾ ਨਮਿਤ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਫ਼ਰੀਮੈਂਟ ਦੇ ਹਜ਼ੂਰੀ ਰਾਗੀ ਭਾਈ ਦਿਲਬਾਗ ਸਿੰਘ ਤੇ ਬਾਪੂ ਸੂਰਤ ਸਿੰਘ ਖਾਲਸਾ ਦੀ ਧੀ ਬੀਬੀ ਮਨਦੀਪ ਕੌਰ ਦੇ ਜਥਿਆਂ ਵੱਲੋਂ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਨੇ ਕਿਹਾ ਕਿ ਕੌਮ ਦੇ ਮੌਜੂਦਾ ਧਰਮ-ਯੁੱਧ ਦੇ ਪਾਂਧੀ ਅਤੇ ਟਕਸਾਲੀ ਅਕਾਲੀ ਬਾਬਾ ਸੂਰਤ ਸਿੰਘ ਖ਼ਾਲਸਾ ਸਾਡੇ ਸਾਰਿਆਂ ਲਈ ਸਤਿਕਾਰ ਯੋਗ ਆਗੂ ਹੀ ਨਹੀ ਬਲਕਿ ਸੰਘਰਸ਼ ਦੇ ਨਵੇਂ ਪੂਰਨੇ ਪਾਉਣ ਵਾਲੇ ਜੁਝਾਰੂ ਵੀ ਸਨ। ਉਹਨਾਂ ਨੇ ਇੱਕਲਿਆਂ ਹੀ ਦਿੱਲੀ ਤਖ਼ਤ ਨਾਲ ਮੱਥਾ ਡਾਹ ਕੇ ਨਜ਼ਰਬੰਦ ਸਿੱਖਾਂ ਨੂੰ ਰਿਹਾਅ ਕਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਸੂਰਤ ਸਿੰਘ ਖ਼ਾਲਸਾ ਦਾ ਨਿੱਤਨੇਮੀ ਜੀਵਨ ਅਤੇ ਉਹਨਾਂ ਦਾ ਸਿਦਕੀ ਸੁਭਾਅ ਸਾਨੂੰ ਆਧੁਨਿਕ ਜੀਵਨ ਦੀ ਤੇਜ਼ ਰਫ਼ਤਾਰੀ ਵਿੱਚ ਵੀ ਸਿੱਖ ਇਤਿਹਾਸ ਅਤੇ ਵਿਰਸੇ ਦੇ ਨੇੜੇ ਰੱਖਦਾ ਹੈ। ਉਹਨਾਂ ਦਾ ਸਰੀਰਕ ਰੂਪ ’ਚ ਵਿਛੋੜਾ ਨਿਰਸੰਦੇਹ ਸਾਡੇ ਲਈ ਉਦਾਸ ਕਰ ਦੇਣ ਵਾਲਾ ਹੈ ਪਰ ਉਹਨਾਂ ਦੇ ਚੜ੍ਹਦੀਕਲਾ ਵਿੱਚ ਰਹਿਣ ਦੇ ਸਿਦਕੀ ਰੌਂਅ ਨੇ ਸਾਡੇ ਅਗਲੇ ਜੀਵਨ ਵਿੱਚ ਮਾਰਗ ਦਰਸ਼ਕ ਵੀ ਬਣਨਾ ਹੈ। ਬੁਲਾਰਿਆਂ ਨੇ ਕਿਹਾ ਕਿ ਅਕਾਲ ਪੁਰਖ਼ ਬਾਪੂ ਜੀ ਵੱਲੋਂ ਕੀਤੀਆਂ ਆਜ਼ਾਦੀ ਦੀਆਂ ਅਰਦਾਸਾਂ ਨੂੰ ਪੂਰਿਆਂ ਕਰੇ। ਬਾਪੂ ਸੂਰਤ ਸਿੰਘ ਖਾਲਸਾ ਨਮਿਤ ਸਮਾਗਮ ’ਚ ਸਿੱਖ ਪੰਥ ਦੀਆਂ ਮਹਾਨ ਹਸਤੀਆਂ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਨੁਮਾਇੰਦੇ ਭਾਈ ਸੁਖਵਿੰਦਰ ਸਿੰਘ ਨਾਗੋਕੇ, ਸਿੱਖ ਪੰਚਾਇਤ ਦੇ ਚੇਅਰਮੈਨ ਭਾਈ ਜਸਵਿੰਦਰ ਸਿੰਘ ਜੰਡੀ, ਭਾਈ ਹਰਮੀਤ ਸਿੰਘ ਖੂੰਡੀਆਂ, ਭਾਈ ਰਵਿੰਦਰਜੀਤ ਸਿੰਘ ਗੋਗੀ, ਸਿੱਖ ਫ਼ੈਡਰੇਸ਼ਨ ਯੂ.ਕੇ. ਦੇ ਭਾਈ ਰਣਜੋਧ ਸਿੰਘ, ਸਿੱਖ ਫ਼ੈਡਰੇਸ਼ਨ ਦੇ ਮੁਖੀ ਭਾਈ ਸੰਦੀਪ ਸਿੰਘ, ਸਿੱਖ ਪੰਚਾਇਤ ਦੇ ਮੁਖੀ ਭਾਈ ਰਜਿੰਦਰ ਸਿੰਘ ਰਾਜਾ, ਸਿੱਖ ਪੰਚਾਇਤ ਦੇ ਧਰਮ ਪ੍ਰਚਾਰ ਮੁਖੀ ਭਾਈ ਬਲਜੀਤ ਸਿੰਘ ਹੰਸਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦੇ ਭਾਈ ਤਰਸੇਮ ਸਿੰਘ ਟੁਲੇਰੀ, ਭਾਈ ਜਸਕਰਨ ਸਿੰਘ ਰੋਡੇ, ਭਾਈ ਜਸਦੇਵ ਸਿੰਘ ਫ਼ਰੀਮੈਂਟ, ਭਾਈ ਕਸ਼ਮੀਰ ਸਿੰਘ ਸਾਹੀ, ਗਿਆਨੀ ਜਗਜੀਤ ਸਿੰਘ ਨਲਵੀ, ਭਾਈ ਗੁਰਪ੍ਰੀਤ ਸਿੰਘ, ਭਾਈ ਮਹਿੰਦਰ ਸਿੰਘ ਗਿੱਲ, ਭਾਈ ਮਨਦੀਪ ਸਿੰਘ ਸਿੱਧੂ, ਭਾਈ ਜਸਪ੍ਰੀਤ ਸਿੰਘ ਫ਼ਰੀਮੈਂਟ, ਭਾਈ ਧੰਨਰਾਜ ਸਿੰਘ, ਸੋਨੀ ਧਾਲੀਵਾਲ, ਭਾਈ ਰਣਜੀਤ ਸਿੰਘ ਬੰਟੀ, ਭਾਈ ਦਲਬੀਰ ਸਿੰਘ ਅਟਵਾਲ, ਭਾਈ ਜਸਵੰਤ ਸਿੰਘ ਮਿਲਪੀਟਸ, ਭਾਈ ਨਿਰਪਾਲ ਸਿੰਘ, ਭਾਈ ਗੁਰਮੀਤ ਸਿੰਘ ਸਰਹਾਲੀ, ਭਾਈ ਹਰਜੀਤ ਸਿੰਘ ਬਿਜਲੀਵਾਲ, ਭਾਈ ਬਲਵਿੰਦਰ ਸਿੰਘ ਮਾਣੂੰਕੇ, ਭਾਈ ਨਰਿੰਦਰ ਪਾਲ ਸਿੰਘ ਲੁਧਿਆਣਾ, ਭਾਈ ਠਾਕੁਰ ਸਿੰਘ ਪਾਸ਼ਟਾਂ, ਭਾਈ ਧਾਰਾ ਸਿੰਘ, ਭਾਈ ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਸ਼ਾਮਲ ਹੋਈ ਸੀ। ਸ਼ਰਧਾਂਜਲੀ ਸਮਾਗਮ ਦੇ ਅੰਤ ’ਚ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸਪੁੱਤਰ ਭਾਈ ਰਵਿੰਦਰਜੀਤ ਸਿੰਘ ਗੋਗੀ ਨੇ ਸਮੂਹ ਸੰਗਤ ਤੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ’ਤੇ ਤਹਿ ਦਿਲੋਂ ਧੰਨਵਾਦ ਕੀਤਾ।

Loading