‘ਬਾਰਡਰ-2’ ਵਿੱਚ ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ ਦਿਲਜੀਤ ਦੋਸਾਂਝ

ਗੌਤਮ ਰਿਸ਼ੀ

ਦਿਲਜੀਤ ਦੋਸਾਂਝ ਹੁਣ ਆਪਣੀ ਆਉਣ ਵਾਲੀ ਹਿੰਦੀ ਫ਼ਿਲਮ ‘ਬਾਰਡਰ 2’ ਲਈ ਚਰਚਾ ਵਿੱਚ ਹੈ। ਉਹ ਭਾਰਤ-ਪਾਕਿਸਤਾਨ ਦੇ 1971 ਦੇ ਯੁੱਧ ’ਤੇ ਆਧਾਰਿਤ ਫ਼ਿਲਮ ‘ਬਾਰਡਰ-2’ ਵਿੱਚ ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦਾ ਇਕਲੌਤਾ ਅਜਿਹਾ ਅਧਿਕਾਰੀ ਹੈ ਜਿਸ ਨੂੰ ਪਰਮਵੀਰ ਚੱਕਰ ਪ੍ਰਾਪਤ ਹੈ।
ਇਹ ਫ਼ਿਲਮ 1997 ਦੀ ਹਿੱਟ ਫ਼ਿਲਮ ‘ਬਾਰਡਰ’ ਦਾ ਸੀਕੁਏਲ ਹੈ ਜੋ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਦੌਰਾਨ ਲੌਂਗੇਵਾਲਾ ਦੀ ਲੜਾਈ ’ਤੇ ਆਧਾਰਿਤ ਸੀ। ‘ਬਾਰਡਰ 2’ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਸੰਨੀ ਦਿਓਲ, ਵਰੁਣ ਧਵਨ ਅਤੇ ਅਹਾਨ ਸ਼ੈਟੀ ਵੀ ਹਨ। ਇਹ ਫ਼ਿਲਮ ਅਗਲੇ ਸਾਲ ਗਣਤੰਤਰ ਦਿਵਸ ’ਤੇ ਰਿਲੀਜ਼ ਹੋਵੇਗੀ।
ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ 17 ਜੁਲਾਈ 1943 ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਈਸੇਵਾਲ ਵਿੱਚ ਹੋਇਆ ਸੀ। ਉਸ ਦੇ ਪਿਤਾ ਫ਼ਲਾਈਟ ਲੈਫ਼ਟੀਨੈਂਟ ਤਰਲੋਕ ਸਿੰਘ ਸੇਖੋਂ ਸੀ ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਹੀ ਨਿਰਮਲਜੀਤ ਸਿੰਘ ਨੇ ਇਸ ਪੇਸ਼ੇ ਨੂੰ ਅਪਣਾਇਆ ਸੀ। 1967 ਵਿੱਚ ਉਹ ਪਾਇਲਟ ਵਜੋਂ ਭਰਤੀ ਹੋਇਆ ਅਤੇ ਚਾਰ ਸਾਲ ਦੀ ਮਿਹਨਤ ਤੋਂ ਬਾਅਦ ਏਅਰ ਫ਼ੋਰਸ ਨੇ ਉਸ ਨੂੰ ਫ਼ਲਾਇੰਗ ਅਫ਼ਸਰ ਵਜੋਂ ਨਿਯੁਕਤ ਕੀਤਾ।
ਭਾਰਤ ਪਾਕਿਸਤਾਨ ਦਰਮਿਆਨ 1971 ਦੇ ਯੁੱਧ ਮੌਕੇ 14 ਦਸੰਬਰ ਨੂੰ ਪਾਕਿਸਤਾਨੀ ਹਵਾਈ ਸੈਨਾ ਨੇ ਧਾਵਾ ਬੋਲ ਦਿੱਤਾ। ਨਿਰਮਲਜੀਤ ਸਿੰਘ ਸੇਖੋਂ ਨੇ ਪਾਕਿਸਤਾਨ ਦੇ 6 ਲੜਾਕੂ ਐੱਫ਼-86 ਜਹਾਜ਼ਾਂ ਦਾ ਇਕੱਲਿਆਂ ਸਾਹਮਣਾ ਕੀਤਾ। ਉਸ ਵੱਲੋਂ ਵਿਖਾਈ ਬਹਾਦਰੀ ਕਾਰਨ ਹੀ ਭਾਰਤ ਸ੍ਰੀਨਗਰ ਏਅਰ ਬੇਸ ਨੂੰ ਬਚਾਉਣ ਵਿੱਚ ਸਫ਼ਲ ਰਿਹਾ। ਟੀਮ ਦੀ ਕਮਾਂਡ ਫ਼ਲਾਇੰਗ ਅਫ਼ਸਰ ਘੁੰਮਣ ਦੇ ਹੱਥ ਵਿੱਚ ਸੀ। ਹਰ ਪਾਸਿਓਂ ਬੰਬ ਡਿੱਗ ਰਹੇ ਸਨ। ਖ਼ਤਰਾ ਕਾਫ਼ੀ ਸੀ, ਪਰ ਦੋਵਾਂ ਨੇ ਆਪਣੇ ਆਪਣੇ ਹਵਾਈ ਜਹਾਜ਼ ਸੰਭਾਲੇ ਅਤੇ ਉਡਾਣ ਭਰੀ। ਉਡਾਣ ਭਰਨ ਤੋਂ ਬਾਅਦ ਧੁੰਦ ਕਾਰਨ ਲੈਫ਼ਟੀਨੈਂਟ ਘੁੰਮਣ ਨੂੰ ਸਾਹਮਣੇ ਤੋਂ ਵੇਖਣਾ ਔਖਾ ਹੋ ਗਿਆ, ਮੁਕਾਬਲੇ ਵੀ ਚਾਰੇ ਪਾਸੇ ਤੋਂ ਹੋ ਰਹੇ ਸਨ।
ਚਾਰੇ ਪਾਸੇ ਤੋਂ ਘਿਰੇ ਹੋਣ ਦੇ ਬਾਵਜੂਦ ਨਿਰਮਲਜੀਤ ਸਿੰਘ ਸੇਖੋਂ ਨੇ ਪਾਕਿਸਤਾਨ ਦੇ ਚਾਰ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਉਲਝਾਈ ਰੱਖਿਆ। ਉਹ ਵਾਰ-ਵਾਰ ਸੇਖੋਂ ਦੇ ਜਹਾਜ਼ ਨੂੰ ਨਿਸ਼ਾਨਾ ਬਣਾਉਣ ਤੋਂ ਖੁੰਝ ਰਹੇ ਸਨ। ਜਦੋਂ ਸੇਖੋਂ ਦੇ ਜੈੱਟ ’ਤੇ ਨਿਸ਼ਾਨਾ ਵੱਜਿਆ ਤਾਂ ਏਅਰ ਟਰੈਫ਼ਿਕ ਨੂੰ ਸੰਭਾਲ ਰਹੇ ਸਕੁਐਡਰਨ ਲੀਡਰ ਵੀਰੇਂਦਰ ਸਿੰਘ ਪਠਾਨੀਆ ਨੇ ਉਨ੍ਹਾਂ ਨੂੰ ਬੇਸ ’ਤੇ ਵਾਪਸ ਆਉਣ ਲਈ ਕਿਹਾ। ਜਦੋਂ ਕਿ ਨਿਰਮਲਜੀਤ ਸਿੰਘ ਸੇਖੋਂ ਨੇ ਹਮਲੇ ਦਾ ਟਾਕਰਾ ਕਰਨਾ ਜਾਰੀ ਰੱਖਿਆ। ਇਸ ਤੋਂ ਬਾਅਦ ਜੈੱਟ ਤੋਂ ਇੱਕ ਹੋਰ ਧਮਾਕਾ ਹੋਇਆ ਅਤੇ ਪਾਕਿਸਤਾਨ ਦੇ ਸੇਬਰ ਜੈੱਟ ਦੇ ਤਬਾਹ ਹੋਣ ਦੀ ਆਵਾਜ਼ ਆਈ। ਨਿਸ਼ਾਨਾ ਫ਼ਿਰ ਲੱਗਿਆ ਅਤੇ ਨਿਰਮਲਜੀਤ ਸਿੰਘ ਸੇਖੋਂ ਨੇ ਪਾਕਿਸਤਾਨ ਦਾ ਇੱਕ ਹੋਰ ਸੇਬਰ ਜੈੱਟ ਜ਼ਮੀਨ ’ਤੇ ਮਾਰ ਸੁੱਟਿਆ।
ਨਿਰਮਲਜੀਤ ਸਿੰਘ ਸੇਖੋਂ ਆਪਣੇ ਸਾਥੀ ਲੈਫ਼ਟੀਨੈਂਟ ਘੁੰਮਣ ਨੂੰ ਵਾਇਰਲੈਸ ਮੈਸਜ਼ ਭੇਜ ਰਹੇ ਸਨ, ‘‘ਸ਼ਾਇਦ ਮੇਰਾ ਜੈੱਟ ਵੀ ਨਿਸ਼ਾਨੇ ’ਤੇ ਆ ਗਿਆ ਹੈ, ਘੁੰਮਣ ਹੁਣ ਤੁਸੀਂ ਮੋਰਚਾ ਸੰਭਾਲੋ।’’ ਇਸ ਉਪਰੰਤ ਨਿਰਮਲਜੀਤ ਸਿੰਘ ਸੇਖੋਂ ਦਾ ਜੈੱਟ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਦੌਰਾਨ ਉਹ ਸ਼ਹੀਦ ਹੋ ਗਏ। ਉਸ ਸਮੇਂ ਉਸ ਦੀ ਉਮਰ ਸਿਰਫ਼ 26 ਸਾਲ ਸੀ। ਨਿਰਮਲਜੀਤ ਸਿੰਘ ਸੇਖੋਂ ਦੀ ਬਹਾਦਰੀ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਫ਼ਿਲਮ ‘ਬਾਰਡਰ 2’ ਰਾਹੀਂ ਇਸ ਬਹਾਦਰੀ ਭਰੇ ਕਾਰਨਾਮੇ ਨੂੰ ‘ਬਾਰਡਰ 2’ ਰਾਹੀਂ ਮੁੜ ਸਿਰਜਿਆ ਜਾ ਰਿਹਾ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਇਸ ਬਹਾਦਰੀ ਤੋਂ ਜਾਣੂ ਕਰਾਇਆ ਜਾ ਸਕੇ। ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ।

Loading