
ਹਿੰਦੀ ਸਿਨੇਮਾ ਵਿਚ ਸ਼ਾਸਤਰੀ ਸੰਗੀਤ ਨੂੰ ਵੱਡਾ ਮਾਣ ਦੁਆਉਣ ਲਈ ਨੌਸ਼ਾਦ ਸਾਹਿਬ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾ ਦੇ ਰਚੇ ਸੰਗੀਤ ਵਿੱਚੋਂ ਹਿੰਦੁਸਤਾਨੀ ਮਿੱਟੀ ਦੀ ਮਹਿਕ ਤੇ ਲੋਕ ਸੰਗੀਤ ਦੀ ਖ਼ੁਸ਼ਬੂ ਸਹਿਜ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਭਾਰਤੀ ਫਿਲਮ ਸੰਗੀਤ ਜਗਤ ਨੌਸ਼ਾਦ ਸਾਹਿਬ ਵੱਲੋਂ ਰਚੇ ਗਏ ਸੁਰੀਲੇ, ਪਾਏਦਾਰ ਤੇ ਯਾਦਗਾਰੀ ਯੋਗਦਾਨ ਲਈ ਹਮੇਸ਼ਾ ਹੀ ਉਨ੍ਹਾਂ ਦਾ ਰਿਣੀ ਰਹੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੰਗੀਤਕਾਰ ਉਨ੍ਹਾਂ ਦੇ ਸੰਗੀਤ ਤੋਂ ਸਦਾ ਸੇਧ ਲੈਂਦੇ ਰਹਿਣਗੇ। ਬਾਲੀਵੁੱਡ ਦੇ ਦਿੱਗਜ ਅਦਾਕਾਰ ਤੇ ਨੌਸ਼ਾਦ ਸਾਹਿਬ ਦੇ ਸੰਗੀਤ ਨਾਲ ਸਜੀਆਂ ‘ਲੀਡਰ’,‘ਗੰਗਾ ਜਮੁਨਾ’,‘ਨਇਆ ਦੌਰ’ ਤੇ ‘ਮੁਗ਼ਲੇ ਆਜ਼ਮ’ ਆਦਿ ਜਿਹੀਆਂ ਅਨੇਕਾਂ ਫਿਲਮਾਂ ਕਰਨ ਵਾਲੇ ਦਿਲੀਪ ਕੁਮਾਰ ਨੇ 5 ਮਈ, 2006 ਨੂੰ ਹੋਏ ਨੌਸ਼ਾਦ ਸਾਹਿਬ ਦੇ ਇੰਤਕਾਲ ਮੌਕੇ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦਿਆਂ ਇਹ ਅਲਫ਼ਾਜ਼ ਕਹੇ ਸਨ।
ਬਚਪਨ ਤੋਂ ਸੀ ਸੰਗੀਤ ’ਚ ਦਿਲਚਸਪੀ
25 ਦਸੰਬਰ, 1919 ਨੂੰ ਵਾਹਿਦ ਅਲੀ ਦੇ ਘਰ ਜਨਮੇ ਨੌਸ਼ਾਦ ਅਲੀ ਬਚਪਨ ਤੋਂ ਹੀ ਸੰਗੀਤ ’ਚ ਦਿਲਚਸਪੀ ਰੱਖਦੇ ਸਨ। ਬਚਪਨ ’ਚ ਉਹ ਲਖਨਊ ਨਜ਼ਦੀਕ ਪੈਂਦੇ ਬਾਰਾਬੰਕੀ ਇਲਾਕੇ ’ਚ ਸਥਿਤ ‘ਦੇਵਾ ਸ਼ਰੀਫ਼’ ਨਾਮਕ ਸਥਾਨ ’ਤੇ ਲੱਗਦੇ ਮੇਲੇ ਵਿਚ ਸ਼ਿਰਕਤ ਜ਼ਰੂਰ ਕਰਦੇ ਸਨ। ਮਾਪਿਆਂ ਤੋਂ ਉਨ੍ਹਾਂ ਨੇ ਉਸਤਾਦ ਗ਼ੁਰਬਤ ਅਲੀ, ਯੂਸਫ਼ ਅਲੀ, ਬੱਬਨ ਸਾਹਿਬ ਤੇ ਕੁਝ ਹੋਰ ਸੰਗੀਤਕਾਰਾਂ ਤੋਂ ਸੰਗੀਤ ਦੇ ਗੁਰ ਸਿੱਖੇ ਤੇ ਕੁਝ ਸਮੇਂ ਲਈ ਹਰਮੋਨੀਅਮ ਮੁਰੰਮਤ ਦਾ ਕੰਮ ਵੀ ਕੀਤਾ ਸੀ। ਰੋਜ਼ੀ-ਰੋਟੀ ਲਈ ਉਨ੍ਹਾਂ ਨੇ ‘ਜੂਨੀਅਰ ਥੀਏਟਰੀਕਲ ਕਲੱਬ’ ਵਿਚ ਬਤੌਰ ਸੰਗੀਤਕਾਰ ਕੰਮ ਕੀਤਾ ਕਿਉਂਕਿ ਉਨ੍ਹਾਂ ਨੂੰ ਵੱਖ-ਵੱਖ ਸੰਗੀਤਕ ਸਾਜ਼ ਵਜਾਉਣ ’ਚ ਮੁਹਾਰਤ ਹਾਸਿਲ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੇ ‘ਵਿੰਡਸਰ ਮਿਊਜ਼ਿਕ ਐਂਟਰਟੇਨਰਜ਼’ ਨਾਮਕ ਕੰਪਨੀ ਸ਼ੁਰੂ ਕਰ ਲਈ ਤੇ ਫਿਰ ਉਹ ‘ਸਟਾਰ ਥੀਏਟਰੀਕਲ ਕੰਪਨੀ’ ਵਿਚ ਕੰਮ ਕਰਨ ਲੱਗ ਪਏ। ਇਸ ਦੌਰਾਨ ਉਨ੍ਹਾਂ ਨੇ ਉਸਤਾਦ ਲੁੱਡਨ ਖ਼ਾਨ ਸਾਹਿਬ ਤੋਂ ਸੰਗੀਤ ਦੀ ਬਾਰੀਕੀਆਂ ਸਿੱਖੀਆਂ ਤੇ ਉਕਤ ਕੰਪਨੀ ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਸ਼ੋਅ ਕਰਦਿਆਂ ਉਨ੍ਹਾ ਨੇ ਪੰਜਾਬ,ਰਾਜਸਥਾਨ,ਉੱਤਰ ਪ੍ਰਦੇਸ਼ ਸਮੇਤ ਹਰ ਸੂਬੇ ਦੇ ਲੋਕ ਸੰਗੀਤ ਨੂੰ ਨੇੜਿਓਂ ਹੋ ਕੇ ਸੁਣਿਆ, ਸਿੱਖਿਆ ਤੇ ਆਪਣੀ ਰੂਹ ਵਿਚ ਉਤਾਰ ਲਿਆ ਸੀ, ਜੋ ਬਾਅਦ ’ਚ ਉਨ੍ਹਾਂ ਵੱਲੋਂ ਰਚੇ ਫਿਲਮ ਸੰਗੀਤ ਵਿੱਚੋਂ ਸਾਫ਼ ਝਲਕਦਾ ਸੀ।
ਬਾਲੀਵੁੱਡ ਪ੍ਰਤੀ ਖਿੱਚ
ਨੌਸ਼ਾਦ ਸਾਹਿਬ ਉਦੋਂ ਸਿਰਫ਼ 12 ਵਰ੍ਹਿਆਂ ਦੇ ਸਨ, ਜਦੋਂ ਭਾਰਤ ਦੀ ਪਹਿਲੀ ਆਵਾਜ਼ ਯੁਕਤ ਫਿਲਮ ‘ਆਲਮਆਰਾ’ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਗੀਤ-ਸੰਗੀਤ ਨੇ ਨੌਸ਼ਾਦ ਹੁਰਾਂ ਅੰਦਰ ਬਾਲੀਵੁੱਡ ਪ੍ਰਤੀ ਖਿੱਚ ਜਿਹੀ ਪੈਦਾ ਕਰ ਦਿੱਤੀ ਸੀ। ਸਾਲ 1937 ’ਚ ਉਹ ਅਠਾਰਾਂ ਸਾਲ ਦੀ ਉਮਰ ਦੇ ਸਨ, ਜਦੋਂ ਉਨ੍ਹਾਂ ਨੇ ਮੁੰਬਈ ਜਾ ਕੇ ਫਿਲਮ ਸੰਗੀਤ ’ਚ ਨਾਮਣਾ ਖੱਟਣ ਦਾ ਮਨ ਬਣਾ ਲਿਆ ਸੀ। ਮਾਪਿਆਂ ਨੂੰ ਕਿਸੇ ਦੂਜੇ ਸ਼ਹਿਰ ਜਾ ਕੇ ਨੌਕਰੀ ਕਰਨ ਦਾ ਝੂਠ ਬੋਲ ਕੇ ਉਹ ਪੁੱਜੇ ਤੇ ਇਥੇ ਕਈ ਦਿਨ ਉਨ੍ਹਾਂ ਨੂੰ ਰਾਤ ਵੇਲੇ ਫੁੱਟਪਾਥ ਉੱਤੇ ਵੀ ਸੌਣਾ ਪਿਆ। ਸੰਘਰਸ਼ ਦੇ ਦਿਨਾਂ ਦੌਰਾਨ ਉਨ੍ਹਾਂ ਦੀ ਮੁਲਾਕਾਤ ਬਾਲੀਵੁੱਡ ਦੇ ਨਾਮਵਰ ਸੰਗੀਤਕਾਰ ਉਸਤਾਦ ਝੰਡੇ ਖ਼ਾਨ ਸਾਹਿਬ ਨਾਲ ਹੋਈ ਤੇ ਨੌਸ਼ਾਦ ਹੁਰਾਂ ਦਾ ਸੰਗੀਤਕ ਹੁਨਰ ਪਰਖ਼ ਕੇ ਝੰਡੇ ਖ਼ਾਨ ਸਾਹਿਬ ਨੇ ਉਸ ਨੂੰ ਚਾਲੀ ਰੁਪਏ ਪ੍ਰਤੀ ਮਹੀਨਾ ਤਨਖ਼ਾਹ ’ਤੇ ਆਪਣਾ ਸਹਾਇਕ ਨਿਯੁਕਤ ਕਰ ਲਿਆ। ਕੁਝ ਸਮੇਂ ਬਾਅਦ ਜਦੋਂ ਉਸ ਦੇ ਹੁਨਰ ਦੀ ਖ਼ੁਸ਼ਬੂ ਆਸੇ-ਪਾਸੇ ਪਸਰਨ ਲੱਗੀ ਤਾਂ ਉੱਘੇ ਸੰਗੀਤ ਨਿਰਦੇਸ਼ਕ ਖੇਮਚੰਦ ਪ੍ਰਕਾਸ਼ ਨੇ ਉਨ੍ਹਾਂ ਨੂੰ ਸੱਠ ਰੁਪਏ ਮਹੀਨਾਵਾਰ ਤਨਖ਼ਾਹ ’ਤੇ ਆਪਣਾ ਸਹਾਇਕ ਰੱਖ ਲਿਆ। ਖੇਮੰਚਦ ਹੁਰਾਂ ਨਾਲ ਨੌਸ਼ਾਦ ਨੇ ਪਹਿਲੀ ਫਿਮਲ ‘ਕੰਚਨ’ ਕੀਤੀ, ਜੋ ਆਪਣੇ ਸੰਗੀਤ ਕਰਕੇ ਹਿੱਟ ਰਹੀ ਸੀ। ਗੀਤਕਾਰ ਡੀਐੱਨ ਮਧੋਕ ਦੀ ਮਦਦ ਨਾਲ ਉਸ ਦਾ ਮੇਲ ਵੱਡੇ ਫਿਲਮ ਨਿਰਮਾਤਾ ਚੰਦੂ ਲਾਲ ਸ਼ਾਹ ਨਾਲ ਹੋਇਆ ਤੇ ਉਨ੍ਹਾਂ ਦੀ ਫਿਲਮ ‘ਮਿਰਜ਼ਾ ਸਾਹਿਬਾ’ ਲਈ 1939 ’ਚ ਨੌਸ਼ਾਦ ਨੇ ਬਤੌਰ ਸਹਾਇਕ ਸੰਗੀਤ ਨਿਰਦੇਸ਼ਕ ਕੰਮ ਕਰਨ ਪਿੱਛੋਂ 1940 ਵਿਚ ਬਤੌਰ ਸੁਤੰਤਰ ਸੰਗੀਤ ਨਿਰਦੇਸ਼ਕ ਆਪਣੀ ਪਹਿਲੀ ਫਿਲਮ ‘ਪ੍ਰੇਮ ਨਗਰ’ ਕੀਤੀ, ਜੋ ਆਪਣੇ ਸੰਗੀਤ ਕਰਕੇ ਕਾਫ਼ੀ ਚਰਚਾ ਵਿਚ ਰਹੀ। ਉੱਘੇ ਫਿਲਮਕਾਰ ਏਆਰ ਕਾਰਦਾਰ ਦੀਆਂ ਦੋ ਫ਼ਿਲਮਾਂ ‘ਨਈ ਦੁਨੀਆ’ ਤੇ ‘ਸ਼ਾਰਦਾ’ ਲਈ ਨੌਸ਼ਾਦ ਵੱਲੋਂ 1942 ਵਿਚ ਰਚੇ ਸੁਰੀਲੇ ਸੰਗੀਤ ਨੇ ਹਰ ਪਾਸੇ ਧੁੰਮਾਂ ਪਾ ਦਿੱਤੀਆਂ। ਫਿਲਮ ‘ਸ਼ਾਰਦਾ’ ਵਿਚ ਗਾਇਕਾ ਸੁਰੱਈਆ ਤੋਂ ਉਸ ਦੇ ਕਰੀਅਰ ਦਾ ਪਹਿਲਾ ਗੀਤ ਗਵਾ ਕੇ ਉਸ ਨੇ 13 ਵਰ੍ਹਿਆਂ ਦੀ ਸੁਰੱਈਆ ਨੂੰ ਬਾਲੀਵੁੱਡ ਦੀ ਚਹੇਤੀ ਗਾਇਕਾ ਬਣਾ ਦਿੱਤਾ ਸੀ।
ਸਭ ਤੋਂ ਮਹਿੰਗੇ ਸੰਗੀਤ ਨਿਰਦੇਸ਼ਕ ਬਣੇ
1944 ’ਚ ਉਨ੍ਹਾਂ ਨੂੰ ਫਿਲਮ ‘ਰਤਨ’ ਦੇ ਗੀਤਾਂ ਨੂੰ ਸੰਗੀਤਬੱਧ ਕਰਨ ਦਾ ਮੌਕਾ ਮਿਲਿਆ ਤੇ ਇਸ ਫਿਲਮ ਦੇ ਰਿਲੀਜ਼ ਹੁੰਦਿਆਂ ਹੀ ਸਾਰੇ ਦੇ ਸਾਰੇ ਗੀਤ ਹਰ ਗਲੀ-ਕੂਚੇ ’ਚ ਗੂੰਜਣ ਲੱਗ ਪਏ ਸਨ। ਇਸ ਫਿਲਮ ਨੇ ਨੌਸ਼ਾਦ ਦੇ ਜੀਵਨ ’ਚ ਤਿੰਨ ਯਾਦਗਾਰੀ ਘਟਨਾਵਾਂ ਨੂੰ ਜਨਮ ਦਿੱਤਾ ਸੀ। ਪਹਿਲੀ ਗੱਲ ਤਾਂ ਇਹ ਸੀ ਕਿ ਇਸ ਫਿਲਮ ਦੇ ਸੰਗੀਤ ਦੀ ਸਫਲਤਾ ਮਗਰੋਂ ਉਨ੍ਹਾਂ ਨੂੰ ਉਸ ਜ਼ਮਾਨੇ ’ਚ 25 ਹਜ਼ਾਰ ਰੁਪਏ ਫ਼ੀਸ ਮਿਲਣੀ ਸ਼ੁਰੂ ਹੋ ਗਈ ਸੀ ਤੇ ਉਹ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਸੰਗੀਤ ਨਿਰਦੇਸ਼ਕ ਹੋ ਗਏ ਸਨ। ਦੂਜੀ ਗੱਲ ਇਹ ਸੀ ਕਿ ਇਸ ਫਿਲਮ ਦੇ ਨਿਰਮਾਣ ’ਤੇ ਕੁੱਲ 75 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਸੀ ਤੇ ਇਸ ਫਿਲਮ ਦੇ ਗੀਤਾਂ ਦੇ ਤਵੇ ਵੇਚ ਕੇ ਇਕ ਹੀ ਸਾਲ ਵਿਚ ਫਿਲਮ ਦੇ ਨਿਰਮਾਤਾ ਨੇ ਤਿੰਨ ਲੱਖ ਰੁਪਏ ਕਮਾ ਲਏ ਸਨ। ਸਭ ਤੋਂ ਦਿਲਚਸਪ ਤੀਜੀ ਗੱਲ ਇਹ ਰਹੀ ਸੀ ਕਿ ਫਿਲਮ ਦੇ ਰਿਲੀਜ਼ ਹੋਣ ਪਿੱਛੋਂ ਨੌਸ਼ਾਦ ਸਾਹਿਬ ਜਦੋਂ ਆਪਣੇ ਪਿੰਡ ਵਾਪਸ ਗਏ ਤਾਂ ਉਨ੍ਹਾਂ ਦੇ ਪਿੰਡ ਜਾਂ ਰਿਸ਼ਤੇਦਾਰੀ ’ਚ ਕਿਸੇ ਨੂੰ ਵੀ ਉਨ੍ਹਾਂ ਦੀ ਇਸ ਵੱਡੀ ਪ੍ਰਾਪਤੀ ਦਾ ਇਲਮ ਨਹੀਂ ਸੀ ਕਿਉਂਕਿ ਉਨ੍ਹਾਂ ਕਿਸੇ ਨੂੰ ਵੀ ਆਪਣੇ ਫਿਲਮ ਸੰਗੀਤ ਨਿਰਦੇਸ਼ਕ ਹੋਣ ਬਾਰੇ ਦੱਸਿਆ ਨਹੀਂ ਸੀ। ਕਿੰਨੀ ਹੈਰਾਨੀ ਦੀ ਗੱਲ ਸੀ ਕਿ ਉਨ੍ਹਾਂ ਦੇ ਵਿਆਹ ’ਚ ਉਨ੍ਹਾਂ ਦੀ ਹੀ ਫਿਲਮ ‘ਰਤਨ’ ਦੇ ਗੀਤ ਵੱਜ ਰਹੇ ਸਨ ਪਰ ਉਨ੍ਹਾਂ ਦੇ ਰਿਸ਼ਤੇਦਾਰ ਉਕਤ ਸੰਗੀਤ ਪ੍ਰਤੀ ਆਲੋਚਨਾਤਮਕ ਸ਼ਬਦਾਵਲੀ ਵਰਤ ਰਹੇ ਸਨ। ਵਾਪਸ ਮੁੰਬਈ ਆ ਕੇ ਉਨ੍ਹਾਂ ਨੇ ਆਪਣੇ ਸੰਗੀਤ ਨੂੰ ਹੋਰ ਤਰਾਸ਼ਿਆ ਤੇ ਸੁਆਰਿਆ ਤੇ ਫਿਰ ਅਗਲੇ ਕਈ ਵਰ੍ਹਿਆਂ ਤਕ ਹਰ ਸਾਲ ਗੋਲਡਨ ਤੇ ਸਿਲਵਰ ਜੁਬਲੀ ਫਿਲਮਾਂ ਦਿੰਦੇ ਰਹੇ। ਉਨ੍ਹਾਂ ਨੇ ਆਪਣੇ ਸਮੁੱਚੇ ਕਰੀਅਰ ਦੌਰਾਨ 70 ਦੇ ਕਰੀਬ ਫਿਲਮਾਂ ਲਈ ਸੰਗੀਤ ਤਿਆਰ ਕੀਤਾ ਸੀ, ਜਿਨ੍ਹਾਂ ਵਿੱਚੋਂ ਆਪਣੇ ਮਨਮੋਹਕ ਸੰਗੀਤ ਦੀ ਬਦੌਲਤ 35 ਫਿਲਮਾਂ ਸਿਲਵਰ ਜੁਬਲੀ, 12 ਫਿਲਮਾਂ ਗੋਲਡਨ ਜੁਬਲੀ ਤੇ ਪੰਜ ਫਿਲਮਾਂ ਡਾਇਮੰਡ ਜੁਬਲੀ ਰਹੀਆਂ ਸਨ।