ਬਾਲ ਲਿਖਤਾਂ ’ਚੋਂ ਝਲਕਦੀ ਹੈ ਬੱਚਿਆਂ ਦੀ ਸ਼ਖ਼ਸੀਅਤ

In ਮੁੱਖ ਲੇਖ
July 17, 2025

ਲਿਖਣ ਲਈ ਪੈੱਨ, ਪੈਨਸਿਲ ਤੇ ਕਾਪੀ ਦਾ ਆਪਣਾ ਮਹੱਤਵ ਹੈ। ਮਨੁੱਖ ਲਈ ਬੋਲਣਾ ਪ੍ਰਭਾਵਸ਼ਾਲੀ ਕਲਾ ਹੈ। ਉਹ ਬੋਲ ਕੇ ਆਪਣੀ ਗੱਲ ਨੂੰ ਸਮਝਾ ਲੈਂਦਾ ਹੈ ਪਰ ਆਪਣੀ ਗੱਲ ਨੂੰ ਲਿਖ ਕੇ ਕਰਨਾ ਆਪਣਾ ਹੀ ਹੁਨਰ ਹੈ। ਜਦੋਂ ਅਸੀਂ ਲਿਖਦੇ ਹਾਂ ਤਾਂ ਉਸ ’ਚ ਸਪੱਸ਼ਟਤਾ ਵੱਧ ਆਉਂਦੀ ਹੈ। ਲਿਖਣ ਨਾਲ ਸਾਡਾ ਵਿਆਕਰਨ ਮਜ਼ਬੂਤ ਹੁੰਦਾ ਹੈ। ਸਾਡੀਆਂ ਲਿਖਤਾਂ ’ਚੋਂ ਸਾਡੀ ਸ਼ਖ਼ਸੀਅਤ ਝਲਕਦੀ ਹੈ।
ਬੱਚਾ ਪਹਿਲਾਂ ਹੁੰਗਾਰੇ ਭਰਨਾ ਸਿੱਖਦਾ ਹੈ ਤੇ ਫਿਰ ਹੌਲੀ-ਹੌਲੀ ਸੁਣੀਆਂ ਗਈਆਂ ਧੁਨੀਆਂ ਦਾ ਅਨੁਕਰਨ ਕਰਦਿਆਂ ਬੋਲਣ ਲੱਗ ਜਾਂਦਾ ਹੈ। ਲਿਖਣਾ ਅਕਸਰ ਬੱਚੇ ਸਕੂਲ ਵਿੱਚ ਜਾ ਕੇ ਸਿੱਖਦੇ ਹਨ। ਪੰਜ ਸਾਲ ਦੀ ਉਮਰ ’ਚ ਉਹ ਸਿੱਧੀ ਲਕੀਰ ਵਾਹ ਸਕਦੇ ਹਨ। ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਪੰਜ ਸਾਲ ਦੀ ਉਮਰ ਲਿਖਣਾ ਸਿੱਖਣ ਲਈ ਸਭ ਤੋਂ ਸਹੀ ਉਮਰ ਹੈ। ਕਿਸੇ ਭਾਸ਼ਾ ਨੂੰ ਲਿਖਣਾ ਸਿੱਖਣ ਲਈ ਪੈਨਸਿਲ, ਪੈੱਨ ਤੇ ਕਾਪੀ ਜ਼ਰੂਰੀ ਟੂਲ ਹਨ। ਬੇਸ਼ੱਕ ਪਹਿਲਾਂ ਫੱਟੀ ਤੇ ਉਸ ਤੋਂ ਪਹਿਲਾਂ ਤਾਮਰ ਪੱਤਰ ਦੀ ਵਰਤੋਂ ਕੀਤੀ ਜਾਂਦੀ ਰਹੀ। ਹੁਣ ਵੀ ਕਈ ਥਾਵਾਂ ’ਤੇ ਸਲੇਟ ਵਰਤੀ ਜਾਂਦੀ ਹੈ ਪਰ ਫਿਰ ਵੀ ਲਿਖਣ ਲਈ ਪੈੱਨ-ਪੈਨਸਿਲ ਤੇ ਕਾਪੀ ਜ਼ਰੂਰੀ ਹਨ।
ਲਿਖਣਾ ਸਿੱਖ ਕੇ ਅਸੀਂ ਆਪਣੀ ਗੱਲ ਨੂੰ ਬੜੀ ਖ਼ੂਬਸੂਰਤੀ ਨਾਲ ਕਹਿ ਸਕਦੇ ਹਾਂ। ਲਿਖਣਾ ਜਾਣਨਾ ਹੀ ਸਾਖ਼ਰ ਹੋਣਾ ਹੈ। ਬੋਲਣ ਵਾਲਾ ਪੜਿ੍ਹਆ-ਲਿਖਿਆ ਨਹੀਂ ਹੁੰਦਾ। ਸਾਖ਼ਰ ਦਾ ਅਰਥ ਹੈ ਅੱਖਰ ਸਹਿਤ। ਜਿਸ ਨੂੰ ਅੱਖਰ ਲਿਖਣੇ ਆ ਜਾਣ, ਉਹ ਸਾਖ਼ਰ। ਅਸੀਂ ਜਾਣਦੇ ਹਾਂ ਕਿ ਅਨਪੜ੍ਹ ਲੋਕਾਂ ਦੀ ਜਾਂ ਉਹ ਲੋਕ ਜੋ ਲਿਖਣਾ-ਪੜ੍ਹਨਾ ਨਹੀਂ ਜਾਣਦੇ, ਕਿਸ ਤਰ੍ਹਾਂ ਉਨ੍ਹਾਂ ਨਾਲ ਲੁੱਟ ਹੁੰਦੀ ਹੈ। ਉਨ੍ਹਾਂ ਦੀ ਕਿਰਤ ਵੀ ਲੁੱਟੀ ਜਾਂਦੀ ਹੈ। ਇਸ ਲਈ ਲਿਖਣਾ ਆਉਣਾ ਜ਼ਰੂਰੀ ਹੈ।

ਤਰਕ ਦਾ ਹੁੰਦਾ ਵਿਕਾਸ

ਲਿਖਣ ਨਾਲ ਇੱਕ ਨਹੀਂ, ਕਈ ਤਰ੍ਹਾਂ ਦੇ ਹੁਨਰ ਵਿਕਸਿਤ ਹੁੰਦੇ ਹਨ। ਲਿਖਣ ਨਾਲ ਅਸੀਂ ਆਪਣੀ ਗੱਲ ਨੂੰ ਸੋਹਣੇ ਤਰੀਕੇ ਨਾਲ ਕਹਿ ਸਕਦੇ ਹਾਂ। ਸਾਡੀ ਗੱਲ ਸਪੱਸ਼ਟ ਹੋ ਜਾਂਦੀ ਹੈ। ਇਸ ਨਾਲ ਸਾਡੇ ਅੰਦਰ ਕ੍ਰਿਟੀਕਲ ਥਿੰਕਿੰਗ ਵੱਧਦੀ ਹੈ। ਸਾਡੇ ਅੰਦਰ ਤਰਕ ਦਾ ਵਿਕਾਸ ਹੁੰਦਾ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਲਿਖਦੇ ਹਾਂ ਤਾਂ ਬਹੁਤ ਵਾਰ ਕੱਟ ਦਿੰਦੇ ਹਾਂ, ਦੁਬਾਰਾ ਲਿਖਦੇ ਹਾਂ। ਇਸ ਤਰ੍ਹਾਂ ਸਾਡੇ ’ਚ ਹੋਰ ਵਧੀਆ ਲਿਖਣ ਦੀ ਕਾਬਲੀਅਤ ਪੈਦਾ ਹੁੰਦੀ ਹੈ।

ਸੋਚਣ ਲਈ ਕਰਦਾ ਮਜਬੂਰ

ਲਿਖਣ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਸ ਨਾਲ ਤੁਹਾਡਾ ਕਥਾਰਸਿਸ ਹੁੰਦਾ ਹੈ। ਜਦੋਂ ਤੁਸੀਂ ਕਿਸੇ ਗੱਲ ਨੂੰ ਪੈਨਸਿਲ ਜਾਂ ਪੈੱਨ ਨਾਲ ਕਾਪੀ ’ਤੇ ਲਿਖ ਲੈਂਦੇ ਹੋ ਤਾਂ ਉਹ ਵਿਚਾਰ ਤੁਹਾਡੇ ਮਨ ਵਿੱਚੋਂ ਨਿਕਲ ਜਾਂਦਾ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਲੋਕ ਡਾਇਰੀ ਲਿਖਦੇ ਹਨ। ਇਸ ਦਾ ਅਸਲੀ ਕਾਰਨ ਇਹੀ ਹੈ ਕਿ ਲਿਖ ਕੇ ਉਹ ਆਪਣੇ ਮਨ ਨੂੰ ਹੌਲਾ ਕਰ ਲੈਂਦੇ ਹਨ। ਬਹੁਤ ਵਾਰ ਜਦੋਂ ਕੁਝ ਦਿਨਾਂ ਬਾਅਦ ਆਪਣਾ ਹੀ ਲਿਖਿਆ-ਪੜਿ੍ਹਆ ਜਾਵੇ ਤਦ ਸਮਝ ਆਉਂਦੀ ਹੈ ਕਿ ਅਸੀਂ ਕੀ ਕਰ ਰਹੇ ਸੀ। ਲਿਖਣਾ ਇਕ ਤਰ੍ਹਾਂ ਨਾਲ ਸਾਨੂੰ ਸਾਡੇ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ। ਕਿਸੇ ਦੂਜੇ ਦੀਆਂ ਲਿਖਤਾਂ ਨੂੰ ਪੜ੍ਹ ਕੇ ਅਸੀਂ ਆਪਣੇ ਜੀਵਨ ਨੂੰ ਸੁਧਾਰ ਲੈਂਦੇ ਹਾਂ। ਲਿਖਣਾ ਵਿਚਾਰਾਂ ਦੀ ਸਾਂਝ ਦਾ ਇਕ ਤਰੀਕਾ ਵੀ ਹੈ।

ਮਾਨਸਿਕ ਤੇ ਭਾਵਨਾਤਮਿਕ ਵਿਕਾਸ ’ਚ ਪਰੇਸ਼ਾਨੀ

ਅੱਜ ਤਕਨਾਲੋਜੀ ਦੇ ਯੁੱਗ ਵਿਚ ਨਾ ਪੈੱਨ ਦੀ ਲੋੜ ਹੈ, ਨਾ ਪੈਨਸਿਲ ਤੇ ਨਾ ਹੀ ਕਾਪੀ ਦੀ। ਸਭ ਕੁਝ ਡਿਜੀਟਲਾਈਜ਼ ਹੋ ਗਿਆ ਹੈ। ਅਸੀਂ ਫੋਨ ਤੇ ਲੈਪਟਾਪ ’ਤੇ ਲਿਖਦੇ ਹਾਂ। ਲਿਖਦੇ ਕੀ ਹਾਂ, ਬਸ ਟਾਈਪ ਕਰਦੇ ਹਾਂ। ਹੁਣ ਤਾਂ ਹਾਲਾਤ ਅਜਿਹੇ ਹੋ ਗਏ ਹਨ ਕਿ ਬੱਚਿਆਂ ਦੇ ਹੱਥੋਂ ਵੀ ਕਾਪੀ-ਪੈੱਨ ਛੁੱਟਦਾ ਜਾ ਰਿਹਾ ਹੈ। ਲਿਖਣ ਦਾ ਅਭਿਆਸ ਬਹੁਤ ਘੱਟ ਗਿਆ ਹੈ। ਇਸ ਕਾਰਨ ਸਾਡਾ ਵਿਆਕਰਨ ਵੀ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਹੁੰਦਾ। ਸਾਡੀਆਂ ਲਿਖਤਾਂ ਵਿਚ ਵਿਆਕਰਨ ਦੇ ਆਧਾਰ ’ਤੇ ਬਹੁਤ ਸਾਰੀਆਂ ਗ਼ਲਤੀਆਂ ਹੁੰਦੀਆਂ ਹਨ। ਇਕ ਨਵਾਂ ਤਰੀਕਾ ਹੈ ਬੋਲ ਕੇ ਟਾਈਪ ਕਰਨ ਦਾ। ਉਸ ਵਿਚ ਤਾਂ ਟਾਈਪ ਕਰਨ ਦੀ ਵੀ ਜ਼ਰੂਰਤ ਨਹੀਂ। ਬਸ ਤੁਸੀਂ ਬੋਲਦੇ ਜਾਓ ਤੇ ਸਾਫਟਵੇਅਰ ਲਿਖਦਾ ਜਾਂਦਾ ਹੈ। ਯਕੀਨਨ ਤਕਨਾਲੋਜੀ ਨੇ ਬਹੁਤ ਤਰੱਕੀ ਕੀਤੀ ਹੈ ਪਰ ਇਹ ਤਰੱਕੀ ਕਿਤੇ ਨਾ ਕਿਤੇ ਸਾਡੇ ਮਾਨਸਿਕ ਤੇ ਭਾਵਨਾਤਮਿਕ ਵਿਕਾਸ ’ਚ ਪਰੇਸ਼ਾਨੀ ਖੜ੍ਹੀ ਕਰ ਰਹੀ ਹੈ।

ਗ਼ਲਤ ਨੂੰ ਕੀਤਾ ਜਾ ਸਕਦਾ ਸਹੀ

ਸਵੀਡਨ ਵਰਗੇ ਦੇਸ਼ ਨੇ ਹੁਣ ਇਸ ਗੱਲ ਨੂੰ ਮੰਨ ਲਿਆ ਹੈ ਕਿ ਤਕਨਾਲੋਜੀ ਨਾਲ ਬੱਚਿਆਂ ਦਾ ਉਸ ਤਰੀਕੇ ਨਾਲ ਵਿਕਾਸ ਨਹੀਂ ਹੋ ਰਿਹਾ, ਜਿਵੇਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਤਕਨਾਲੋਜੀ ਨੂੰ ਪਾਸੇ ਕਰ ਦੁਬਾਰਾ ਤੋਂ ਪੈੱਨ ਤੇ ਕਾਪੀ ਚੁੱਕ ਲਏ ਹਨ। ਉਨ੍ਹਾਂ ਦੀ ਇਹ ਪਹਿਲਕਦਮੀ ਚੰਗਾ ਕਦਮ ਹੈ। ਬਾਕੀ ਦੇਸ਼ਾਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਉਸ ਦਾ ਮਜ਼ਾ ਹੀ ਅਲੱਗ ਹੈ। ਕਿਤਾਬ ਦੇ ਵਰਕੇ ਪਲਟਦਿਆਂ ਜੋ ਅਹਿਸਾਸ ਹੁੰਦਾ ਹੈ, ਉਹ ਕੰਪਿਊਟਰ ’ਤੇ ਪੜ੍ਹ ਕੇ ਨਹੀਂ ਹੁੰਦਾ। ਬੇਸ਼ੱਕ ਕੰਪਿਊਟਰਾਈਜ਼ੇਸ਼ਨ ਸਮੇਂ ਦੀ ਲੋੜ ਹੈ ਪਰ ਇਹ ਲਿਖਣ ਦਾ ਬਦਲ ਨਹੀਂ ਹੈ। ਪੈਨਸਿਲ ਨਾਲ ਲਿਖ ਕੇ ਜਦੋਂ ਬੱਚੇ ਉਸ ਨੂੰ ਵਾਰ-ਵਾਰ ਮਿਟਾ ਕੇ ਠੀਕ ਕਰਦੇ ਹਨ ਤਾਂ ਉਹ ਇਹ ਵੀ ਸਿੱਖ ਜਾਂਦੇ ਹਨ ਕਿ ਜ਼ਿੰਦਗੀ ਵਿਚ ਕੀਤੀਆਂ ਗ਼ਲਤੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਇਹ ਗੱਲ ਕਿਤੇ ਨਾ ਕਿਤੇ ਉਨ੍ਹਾਂ ਦੇ ਮਨ ’ਚ ਬਹਿ ਜਾਂਦੀ ਹੈ ਕਿ ਗ਼ਲਤ ਨੂੰ ਸਹੀ ਕੀਤਾ ਜਾ ਸਕਦਾ ਹੈ।

ਭਾਵਨਾ ਤੋਂ ਵਿਹੂਣਾ

ਪੈਨਸਿਲ ਤੋਂ ਪੈੱਨ ਦਾ ਸਫ਼ਰ ਬੜਾ ਰੋਮਾਂਚਕ ਹੁੰਦਾ ਹੈ। ਕਦੇ ਪਿਛਲ ਝਾਤ ਮਾਰ ਕੇ ਦੇਖੋ, ਜਦੋਂ ਤੁਸੀਂ ਪੈਨਸਿਲ ਛੱਡ ਕੇ ਪੈੱਨ ਫੜਿਆ ਸੀ ਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਸੀ। ਅੱਜ ਨਿੱਕੇ ਜਿਹੇ ਬੱਚੇ ਦੇ ਹੱਥ ਵਿਚ ਮੋਬਾਈਲ ਜਾਂ ਲੈਪਟਾਪ ਹੈ ਤੇ ਜ਼ਿੰਦਗੀ ਦੇ ਅਖ਼ੀਰ ਤੱਕ ਉਸ ਨੇ ਇਸੇ ਨਾਲ ਹੀ ਮੱਥਾ ਮਾਰਨ ਦੀ ਸੋਚੀ ਹੋਈ ਹੈ। ਇਸ ’ਤੇ ਟਾਈਪ ਕਰਨਾ ਭਾਵਨਾ ਤੋਂ ਵਿਹੂਣਾ ਹੈ। ਕਿਸੇ ਨੂੰ ਚਿੱਠੀ ਲਿਖਦਿਆਂ ਜਦੋਂ ਤੁਸੀਂ ਆਪਣੇ ਹੱਥ ਵਿਚ ਪੈੱਨ ਫੜ ਕੇ ਲਿਖਦੇ ਹੋ ਤਾਂ ਤੁਸੀਂ ਆਪਣੇ ਅਹਿਸਾਸ ਲਿਖਦੇ ਹੋ। ਪੜ੍ਹਨ ਵਾਲਾ ਵੀ ਤੁਹਾਡੇ ਅਹਿਸਾਸ ਪੜ੍ਹਦਾ ਹੈ। ਮੋਬਾਈਲ ’ਤੇ ਭੇਜਿਆ ਗਿਆ ਮੈਸੇਜ ਉਸ ਲਿਖਤ ਦਾ ਬਦਲ ਨਹੀਂ ਹੋ ਸਕਦਾ।

ਲਿਖਣ ਤੋਂ ਗੁਰੇਜ਼ ਕਰਦੇ ਬੱਚੇ

ਸਕੂਲਾਂ ਵਿੱਚ ਬੱਚਿਆਂ ਨੂੰ ਟੈਬ ਦਿੱਤੇ ਜਾ ਰਹੇ ਹਨ। ਈ-ਕੰਟੈਂਟ ਦੀ ਵਰਤੋਂ ਕੀਤੀ ਜਾ ਰਹੀ ਹੈ। ਬੱਚੇ ਲਿਖਣ ਤੋਂ ਇੰਨਾ ਕੁ ਗੁਰੇਜ਼ ਕਰਦੇ ਹਨ ਕਿ ਉਹ ਅਕਸਰ ਜਮਾਤ ਵਿੱਚ ਇਹ ਜਵਾਬ ਦਿੰਦੇ ਹਨ ਕਿ ਅਸੀਂ ਘਰ ਜਾ ਕੇ ਲਿਖ ਲਵਾਂਗੇ। ਅਧਿਆਪਕਾਂ ਨੂੰ ਅਕਸਰ ਇਹ ਸ਼ਿਕਾਇਤ ਹੁੰਦੀ ਹੈ ਕਿ ਬੱਚੇ ਲਿਖਦੇ ਨਹੀਂ। ਲਿਖਣ ਦੀ ਇਸ ਘੱਟ ਰਹੀ ਆਦਤ ਕਾਰਨ ਪੈੱਨ-ਪੈਨਸਿਲ ਤੇ ਕਾਪੀ ਉਦਾਸ ਹਨ। ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੀ ਵਰਤੋਂ ਨਾ ਹੋਣ ਕਰਕੇ ਜੋ ਨੁਕਸਾਨ ਹੋ ਰਿਹਾ ਹੈ, ਉਹ ਸਾਨੂੰ ਅਜੇ ਸਮਝ ਨਹੀਂ ਆ ਰਿਹਾ ਪਰ ਇਕ ਦਿਨ ਜ਼ਰੂਰ ਆਵੇਗਾ, ਜਦੋਂ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਅਸੀਂ ਪੈੱਨ-ਕਾਪੀ ਤੇ ਪੈਨਸਿਲ ਨੂੰ ਛੱਡ ਕੇ ਤਕਨਾਲੋਜੀ ਨੂੰ ਵਰਤ ਕੇ ਆਪਣਾ ਤੇ ਭਾਸ਼ਾ ਦਾ ਕਿੰਨਾ ਨੁਕਸਾਨ ਕੀਤਾ ਹੈ।

ਸੋਚ ਨੂੰ ਪੜ੍ਹ ਸਕਦੇ ਹਾਂ ਦੁਬਾਰਾ

ਲਿਖਣ ਨਾਲ ਅਸੀਂ ਆਪਣੀ ਸੋਚ ਨੂੰ ਦੁਬਾਰਾ ਪੜ੍ਹਦੇ ਹਾਂ ਤੇ ਫਿਰ ਉਨ੍ਹਾਂ ਵਿਚ ਸੁਧਾਰ ਕਰਦੇ ਹਾਂ। ਸਾਡੀ ਲਿਖਣ ਦੀ ਕਾਬਲੀਅਤ ਵਧਣ ਦੇ ਨਾਲ-ਨਾਲ ਗੱਲ ਕਹਿਣ, ਲਿਖਣ ਦੇ ਤਰੀਕੇ, ਸ਼ਬਦਾਂ, ਵਿਆਕਰਨ ਦੀ ਕਾਬਲੀਅਤ ਵੱਧਦੀ ਹੈ। ਲਿਖਣ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ। ਅਸੀਂ ਉਨ੍ਹਾਂ ਬਾਰੇ ਵਿਚਾਰ ਵੀ ਕਰਦੇ ਹਾਂ ਤੇ ਆਪਣੇ ਆਪ ਅੰਦਰ ਕਈ ਤਰ੍ਹਾਂ ਦੇ ਬਦਲਾਅ ਵੀ ਲਿਆਉਂਦੇ ਹਾਂ। ਆਪਣਾ ਹੀ ਲਿਖਿਆ ਪੜ੍ਹ ਕੇ ਕਈ ਵਾਰ ਸਮਝ ਆਉਂਦੀ ਹੈ ਕਿ ਸਾਡੀ ਸੋਚ ਤਰਕਹੀਣ ਹੈ।

ਪੈੱਨ-ਪੈਨਸਿਲ ਤੇ ਕਾਪੀ ਹੈ ਉਦਾਸ

ਪੈੱਨ-ਪੈਨਸਿਲ ਤੇ ਕਾਪੀ ਉਦਾਸ ਹੈ। ਉਸ ਨੂੰ ਸਾਡੀ ਤੇ ਸਾਨੂੰ ਉਸ ਦੀ ਜ਼ਰੂਰਤ ਹੈ। ਇੱਕ ਵਾਰ ਫਿਰ ਤੋਂ ਕਿਉਂ ਨਾ ਮੁੜੀਏ ਪੈੱਨ-ਕਾਪੀ ਤੇ ਪੈਨਸਿਲ ਵੱਲ। ਫਿਰ ਆਪਣੇ ਮਨ ਨੂੰ ਹਲਕਾ ਕਰੀਏ ਆਪਣੇ ਵਿਚਾਰਾਂ ਨੂੰ ਸ਼ਬਦਾਂ ਵਿੱਚ ਪਰੋਂਦਿਆਂ। ਕਾਗਜ਼ ’ਤੇ ਆਪਣੇ ਅਹਿਸਾਸ ਉਤਾਰਦੇ ਹੋਏ ਆਪਣੇ ਮਨ ਤੋਂ ਕਿੰਨਾ ਭਾਰ ਉਤਾਰ ਦੇਵਾਂਗੇ, ਇਹ ਲਿਖ ਕੇ ਹੀ ਪਤਾ ਲੱਗੇਗਾ।

Loading