
ਚੰਡੀਗੜ੍ਹ, 9 ਨਵੰਬਰ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਮਹਿਲਾਵਾਂ ਵੱਲੋਂ ਦੋ-ਪਹੀਆ ਵਾਹਨਾਂ ’ਤੇ ਬਿਨਾਂ ਹੈਲਮਟ ਤੋਂ ਸਵਾਰੀ ਕਰ ਕੇ ਕਾਨੂੰਨ ਦੀਆਂ ਧੱਜੀਆਂ ਉਡਾਏ ਜਾਣ ਦਾ ਖੁਦ-ਬ-ਖੁਦ ਨੋਟਿਸ ਲੈਂਦਿਆਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਅਜਿਹੀਆਂ ਮਹਿਲਾਵਾਂ ਦੇ ਕੀਤੇ ਚਲਾਨਾਂ ਬਾਰੇ ਵਿਸਥਾਰਤ ਰਿਪੋਰਟ ਮੰਗੀ ਹੈ ਜਿਹੜੀਆਂ ਕਿ ਬਿਨਾ ਹੈਲਮਟ ਤੋਂ ਦੋ-ਪਹੀਆ ਵਾਹਨਾਂ ਦੀ ਪਿਛਲੀ ਸੀਟ ’ਤੇ ਬੈਠ ਕੇ ਸਵਾਰੀ ਕਰਦੀਆਂ ਰਹੀਆਂ ਹਨ। ਚੀਫ਼ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਅਨਿਲ ਕਸ਼ੇਤਰਪਾਲ ਦੇ ਬੈਂਚ ਨੇ ਅਗਲੀ ਸੁਣਵਾਈ 4 ਦਸੰਬਰ ’ਤੇ ਪਾਈ ਹੈ। ਅਦਾਲਤ ਨੇ ਦੋਵਾਂ ਸੂਬਿਆਂ ਤੇ ਚੰਡੀਗੜ੍ਹ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੂੰ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ ਜਿਸ ’ਚ ਇਹ ਅੰਕੜਾ ਹੋਵੇ ਕਿ ਕਿੰਨੀਆਂ ਦੋ ਪਹੀਆ ਵਾਹਨ ਚਾਲਕ ਮਹਿਲਾਵਾਂ ਤੇ ਮਹਿਲਾ ਸਵਾਰੀਆਂ ਵੱਲੋਂ ਹੈਲਮਟ ਪਹਿਨਣ ਸਬੰਧੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।