
ਡਾ. ਸਤਿਕਾਰ ਸਿੰਘ ਗਿੱਲ :
ਮਨੁੱਖ ਕੋਠੀਆਂ, ਕਾਰਾਂ ਤੇ ਮਾਇਆ ਇਕੱਠੀ ਕਰਨ ਦੀ ਦੌੜ ਵਿੱਚ ਦਿਨ-ਰਾਤ ਬਹੁਤ ਭੱਜਿਆ ਫਿਰਦਾ ਹੈ ਪਰ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦਾ ਜਿਸ ਦੀ ਅੱਜ ਦੀ ਤਾਰੀਖ ਵਿੱਚ ਜ਼ਰੂਰਤ ਬਹੁਤ ਜ਼ਿਆਦਾ ਹੈ। ਅਨੇਕ ਬਿਮਾਰੀਆਂ ਤਾਂ ਅਸੀਂ ਪਾਣੀ ਪੀਣ ਦਾ ਸਹੀ ਢੰਗ-ਤਰੀਕਾ ਨਾ ਹੋਣ ਕਾਰਨ ਆਪ ਹੀ ਸਹੇੜ ਲੈਂਦੇ ਹਾਂ। ਅਨੇਕ ਬਿਮਾਰੀਆਂ ਦਾ ਇਲਾਜ ਤੁਹਾਡੀ ਰਸੋਈ ਵਿੱਚ ਹੀ ਪਿਆ ਹੈ ਪਰ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ। ਇਉਂ ਸਾਰੀ ਗੱਲ ਸਹੀ ਢੰਗ-ਤਰੀਕਾ ਨਾ ਅਪਣਾਉਣ ਕਾਰਨ ਵਿਗੜੀ ਹੈ। ਜਿਵੇਂ ਖਾਣਾ ਖਾਣ ਸਮੇਂ ਨਾਲ-ਨਾਲ ਪਾਣੀ ਪੀਣ ਦੀ ਆਦਤ ਠੀਕ ਨਹੀਂ। ਇਸ ਲਈ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਪਿੱਛੋਂ ਪਾਣੀ ਪੀਣਾ ਚਾਹੀਦਾ ਹੈ।
ਅਸੀਂ ਆਧੁਨਿਕ ਤਰੀਕੇ ਅਪਣਾਉਣ ਕਾਰਨ ਪੁਰਾਣੇ ਢੰਗ-ਤਰੀਕੇ ਭੁੱਲ ਗਏ ਜਾਂ ਜਾਣਬੁੱਝ ਹੀ ਕੇ ਛੱਡ ਦਿੱਤੇ ਹਨ। ਜਦੋਂ ਸਾਡੀਆਂ ਦਾਦੀਆਂ, ਮਾਵਾਂ ਹਾਰੇ ਵਿੱਚ ਤੌੜੀ ’ਚ ਦਾਲਾਂ ਬਣਾਉਂਦੀਆਂ ਸਨ ਤਾਂ ਤੌੜੀ ਉੱਤੇ ਢੱਕਣ ਵਜੋਂ ਰੱਖੇ ਕੌਲੇ ਵਿੱਚ ਆਮ ਤੌਰ ’ਤੇ ਪਾਣੀ ਰੱਖ ਦਿੰਦੀਆਂ ਸਨ। ਇਉਂ ਭਾਫ਼ ਨਾਲ ਪਾਣੀ ਗਰਮ ਹੋ ਜਾਂਦਾ ਸੀ ਅਤੇ ਲੋੜ ਪੈਣ ’ਤੇ ਦਾਲ ਵਿੱਚ ਇਹ ਗਰਮ ਪਾਣੀ ਪਾਇਆ ਜਾਂਦਾ ਸੀ ਕਿਉਂਕਿ ਰਿੱਝਦੀ ਦਾਲ ਵਿੱਚ ਠੰਢਾ ਪਾਣੀ ਪਾਉਣ ਨਾਲ ਜਿੱਥੇ ਇਹਦਾ ਸੁਆਦ ਖ਼ਰਾਬ ਹੋ ਜਾਂਦਾ ਹੈ, ਉੱਥੇ ਉਹਦੀ ਰਿੱਝਣ ਕਿਰਿਆ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਕੁੱਕਰ, ਮੇਜ਼ ਕੁਰਸੀਆਂ, ਡਾਇਨਿੰਗ ਟੇਬਲ, ਫਰਿਜ ਆਦਿ ਸੁੱਖ-ਸਹੂਲਤਾਂ ਨੇ ਸਾਡੀ ਜ਼ਿੰਦਗੀ ਦਾ ਤਾਣਾ-ਪੇਟਾ ਹੀ ਉਲਝਾ ਕੇ ਰੱਖ ਦਿੱਤਾ ਹੈ। ਇਸੇ ਕਾਰਨ ਬਿਮਾਰੀ ਆਣ ਘੇਰਦੀਆਂ ਹਨ। ਪਹਿਲਾਂ ਦੇ ਮੁਕਾਬਲੇ ਉਮਰਾਂ ਅੱਧੀਆਂ ਰਹਿ ਗਈਆਂ ਹਨ।
ਸਾਡੇ ਪਿਓ-ਦਾਦੇ ਉਮਰ ਦਾ ਸੈਂਕੜਾ ਸਹਿਜੇ ਹੀ ਪਾਰ ਕਰ ਜਾਂਦੇ ਸਨ, ਹੁਣ ਪੰਜਾਹ-ਸੱਠ ਤੋਂ ਉੱਪਰਲੀ ਜ਼ਿੰਦਗੀ ਤਾਂ ਬੋਨਸ ਹੀ ਮੰਨੀ ਜਾਣ ਲੱਗ ਪਈ ਹੈ। ਜਿਵੇਂ ਸਿਉਂਕ ਵਾਲਾ ਦਰੱਖਤ ਬਹੁਤ ਚਿਰ ਨਹੀਂ ਕੱਟਦਾ, ਉਹੀ ਹਾਲ ਮਨੁੱਖੀ ਸਰੀਰ ਦਾ ਹੋ ਗਿਆ ਹੈ।
ਤੁਸੀਂ ਰੋਟੀ ਖਾਂਦੇ ਕਿਸੇ ਦੀ ਦਾਲ-ਸਬਜ਼ੀ ਵਾਲੀ ਕੌਲੀ ਵਿੱਚ ਪਾਣੀ ਪਾ ਕੇ ਦੇਖੋ, ਉਹਦਾ ਪ੍ਰਤੀਕਰਮ ਕੀ ਹੋਵੇਗਾ? ਕੀ ਉਹ ਰੋਟੀ ਖਾਏਗਾ? ਹਰਗਿਜ਼ ਨਹੀਂ। ਲੜਨ ਨੂੰ ਪਵੇਗਾ। ਹੋ ਸਕਦਾ, ਥਾਲ਼ੀ ਵਗਾਹ ਕੇ ਮਾਰਦਾ ਹੋਇਆ ਆਖੇਗਾ- ‘ਮੇਰਾ ਖਾਣਾ ਖ਼ਰਾਬ ਕਰ ਦਿੱਤਾ’। ਆਮ ਤੌਰ ’ਤੇ ਲੋਕ ਗਰਮ ਖਾਣਾ ਖਾਣ ਸਮੇਂ ਠੰਡਾ, ਫਰਿਜ ਵਾਲਾ ਪਾਣੀ ਬੜੇ ਲੁਤਫ਼ ਨਾਲ ਪੀਂਦੇ ਹਨ ਜਦੋਂਕਿ ਦਾਲ ਵਾਲੀ ਕੌਲੀ ਵਿੱਚ ਪਾਇਆ ਪਾਣੀ ਕੋਈ ਜਰਦਾ ਨਹੀਂ। ਜੋ ਹਾਲ ਤੌੜੀ ਵਾਲੀ ਦਾਲ ਦਾ ਠੰਡਾ ਪਾਣੀ ਪਾਉਣ ਉੱਤੇ ਹੁੰਦਾ ਹੈ, ਉਹੀ ਹਾਲ ਗਰਮ ਖਾਣਾ ਖਾਣ ਸਮੇਂ ਠੰਡਾ ਪਾਣੀ ਪੀਣ ਨਾਲ ਸਾਡੇ ਸਰੀਰ ਦਾ ਹੁੰਦਾ ਹੈ। ਫ਼ਰਕ ਇੰਨਾ ਕੁ ਹੀ ਹੁੰਦਾ ਹੈ ਕਿ ਦਾਲ ਵਾਲੀ ਕੌਲੀ ਵਿੱਚ ਪਾਇਆ ਪਾਣੀ ਸਾਨੂੰ ਦਿਸਦਾ ਹੈ ਜਦੋਂਕਿ ਖਾਣੇ ਨਾਲ ਪੀਤਾ ਠੰਡਾ ਪਾਣੀ ਦਿਸਦਾ ਨਹੀਂ। ਇਸ ਦਾ ਪਤਾ ਬਾਅਦ ਵਿੱਚ ਲਗਦਾ ਹੈ ਜਦੋਂ ਮਨੁੱਖ ਬਿਮਾਰੀਆਂ ਦੀ ਜਕੜ ਵਿੱਚ ਆ ਜਾਂਦਾ ਹੈ। ਉਦੋਂ ਮਨੁੱਖੀ ਸਰੀਰ ਦਾ ਹਾਲ ਮੱਕੜੀ ਦੇ ਜਾਲ ਵਿੱਚ ਫਸੇ ਮਕੌੜੇ ਵਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਵਿਆਹ-ਸ਼ਾਦੀਆਂ ਵਿੱਚ ਖਾਣੇ ਤੋਂ ਬਾਅਦ ਆਮ ਤੌਰ ’ਤੇ ਲੋਕ ਆਈਸ ਕਰੀਮ ਵੱਲ ਟੁੱਟ ਕੇ ਪੈਂਦੇ ਹਨ।
ਸਵੇਰੇ ਉਠਣ ਸਾਰ ਕੁਰਲੀ ਜਾਂ ਦਾਤਣ, ਬੁਰਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੇ ਮੂੰਹ ਵਿਚਲੀ ਲਾਰ ਬਹੁਤ ਗੁਣਕਾਰੀ ਹੁੰਦੀ ਹੈ। ਇਸ ਲਾਰ ਨੂੰ ਕਿਸੇ ਜ਼ਖ਼ਮ, ਦੱਦ ਜਾਂ ਦਾਗ਼ ਵਾਲੀ ਜਗ੍ਹਾ ਉੱਤੇ ਲਾ ਕੇ ਦੇਖੋ, ਸਾਫ਼ ਹੋ ਜਾਵੇਗਾ। ਇਸ ਲਈ ਇਸ ਲਾਰ ਨੂੰ ਕੁਰਲੀ ਵਗ਼ੈਰਾ ਕਰਨ ਸਮੇਂ ਬਾਹਰ ਨਹੀਂ ਸੁੱਟਣਾ ਚਾਹੀਦਾ। ਇਸ ਕਰ ਕੇ ਰਾਤ ਦੇ ਭੋਜਨ ਤੋਂ ਬਾਅਦ ਦਾਤਣ ਜਾਂ ਬੁਰਸ਼ ਕਰੋ ਅਤੇ ਸਵੇਰੇ ਕੋਸਾ ਪਾਣੀ ਪੀਓ।
ਜੇ ਹੋ ਸਕੇ ਤਾਂ ਭੁੰਜੇ ਪੈਰਾਂ ਭਾਰ ਬੈਠ ਕੇ ਜਾਂ ਚੌਕੜੀ ਮਾਰ ਕੇ ਭੋਜਨ ਖਾਣਾ ਚਾਹੀਦਾ ਹੈ। ਇਹੀ ਤਰੀਕਾ ਪਾਣੀ ਪੀਣ ਵੇਲੇ ਵੀ ਅਪਣਾਉਣਾ ਚਾਹੀਦਾ ਹੈ। ਫਰਿਜ ਦੀ ਥਾਂ ਘੜੇ ਦਾ ਪਾਣੀ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਫਰਿਜ ਨੇ ਇਹ ਸਭ ਕੁਝ ਸਾਡੀ ਜ਼ਿੰਦਗੀ ਵਿਚੋਂ ਮਨਫ਼ੀ ਕਰ ਦਿੱਤਾ ਹੈ। ਉਂਝ, ਤੰਦਰੁਸਤੀ ਖ਼ਾਤਿਰ ਥੋੜ੍ਹਾ ਜਿਹਾ ਤਰੱਦਦ ਤਾਂ ਕਰਨਾ ਹੀ ਪੈਣਾ ਹੈ। ਇਸ ਲਈ ਘਰੇ ਘੜਾ ਲਿਆਓ, ਕਈ ਬਿਮਾਰੀਆਂ ਘਰ ਅੰਦਰ ਵੜਨਗੀਆਂ ਹੀ ਨਹੀਂ।
ਕਾਫ਼ੀ ਸਮਾਂ ਪਹਿਲਾਂ ਗੀਤ ਆਇਆ ਸੀ- ‘ਜਦੋਂ ਪੈਂਦੀ ਐ ਤਰੀਕ ਕਿਤੇ ਜੱਟ ਦੀ, ਕਚਹਿਰੀਆਂ ’ਚ ਮੇਲੇ ਲੱਗਦੇ’....... ਇਸ ਗੀਤ ਵਿਚ ਗੀਤਕਾਰ ਨੇ ਕਤਲਾਂ, ਲੜਾਈਆਂ ਪਿੱਛੇ ਲੱਗਣ ਵਾਲੇ ‘ਮੇਲਿਆਂ’ ਦੀ ਗੱਲ ਤਾਂ ਕਰ ਦਿੱਤੀ ਪਰ ਅੱਜ ਤੱਕ ਕਿਸੇ ਗੀਤਕਾਰ ਨੇ ਬਿਮਾਰੀਆਂ ਦੀ ਵਜ੍ਹਾ ਕਾਰਨ ਹਸਪਤਾਲਾਂ ਵਿੱਚ ਲੱਗਣ ਵਾਲੇ ‘ਮੇਲਿਆਂ’ ਅਤੇ ਮੌਤਾਂ ਬਾਰੇ ਕਲਮ ਨਹੀਂ ਚੁੱਕੀ। ਹਾਂ, ਗੁਰਦਾਸ ਮਾਨ ਨੇ ਗੀਤ ਜ਼ਰੂਰ ਗਾਇਆ ਸੀ ਕਿ ਬਾਕੀ ਦੇ ਕੰਮ ਬਾਅਦ ’ਚ, ਪਹਿਲਾਂ ਸਿਹਤ ਜ਼ਰੂਰੀ ਐ।
ਸੋ, ਜੇ ਬਹੁਤੀ ਨਹੀਂ ਤਾਂ ਆਪਣੇ ਖਾਣ-ਪੀਣ ਵਿੱਚ ਮਾਮੂਲੀ ਜਿਹੀ ਤਬਦੀਲੀ ਲਿਆ ਕੇ ਅਸੀਂ ਨਿਰੋਗ ਜ਼ਿੰਦਗੀ ਜੀਅ ਸਕਦੇ ਹਾਂ। ਅਸਲ ਮਸਲਾ ਪਰਹੇਜ਼ ਅਤੇ ਸਿਹਤ ਵੱਲ ਧਿਆਨ ਦੇਣ ਦਾ ਹੈ।