
ਨਵੀਂ ਦਿੱਲੀ/ਏ.ਟੀ.ਨਿਊਜ਼:
ਭਾਰਤੀ ਜਾਂਚ ਏਜੰਸੀਆਂ ਵੱਲੋਂ ਹਵਾਲਗੀ ਦੀ ਅਪੀਲ ਮਗਰੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਚੋਕਸੀ ਪੰਜਾਬ ਨੈਸ਼ਨਲ ਬੈਂਕ ਨਾਲ 13,000 ਕਰੋੜ ਰੁਪਏ ਦੀ ਬੈਂਕ ਕਰਜ਼ਾ ‘ਧੋਖਾਧੜੀ’ ਕੇਸ ਵਿੱਚ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ। ਚੋਕਸੀ ਦੇ ਭਤੀਜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੋਂ ਬਾਅਦ ਇਸ ਕੇਸ ਦੇ ਦੂਜੇ ‘ਮੁੱਖ ਸ਼ੱਕੀ’ ਵਿਰੁੱਧ ਕਾਰਵਾਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਹਵਾਲਗੀ ਬੇਨਤੀ ਦੇ ਅਧਾਰ ’ਤੇ ਕੀਤੀ ਗਈ ਹੈ।
ਚੋਕਸੀ ਦੇ ਬੈਲਜੀਅਮ ਵਿੱਚ ਹੋਣ ਬਾਰੇ ਪਿਛਲੇ ਸਾਲ ਪਤਾ ਲੱਗਾ ਸੀ। ਹੀਰਾ ਕਾਰੋਬਾਰੀ, ਜੋ 2018 ਵਿੱਚ ਭਾਰਤ ਛੱਡਣ ਮਗਰੋਂ ਐਂਟੀਗਾ ਵਿੱਚ ਰਹਿ ਰਿਹਾ ਸੀ, ਮੈਡੀਕਲ ਇਲਾਜ ਲਈ ਉਥੇ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਚੋਕਸੀ ਦੀ ਗ੍ਰਿਫ਼ਤਾਰੀ ਲਈ ਜਾਰੀ ਇੰਟਰਪੋੋਲ ਰੈੱਡ ਨੋਟਿਸ ਕੁਝ ਸਮਾਂ ਪਹਿਲਾਂ ‘ਵਾਪਸ’ ਲੈ ਲਿਆ ਗਿਆ ਸੀ ਅਤੇ ਭਾਰਤੀ ਏਜੰਸੀਆਂ ਉਦੋਂ ਤੋਂ ਉਸ ਦੀ ਪੈੜ ਨੱਪਦਿਆਂ ਹਵਾਲਗੀ ਰੂਟ ਰਾਹੀਂ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ।
ਸੂਤਰਾਂ ਨੇ ਦੱਸਿਆ ਕਿ ਭਾਰਤੀ ਏਜੰਸੀਆਂ ਨੇ 2018 ਤੇ 2021 ਵਿੱਚ ਮੁੰਬਈ ਦੀ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਕੀਤੇ ਗਏ ਘੱਟੋ-ਘੱਟ ਦੋ ਗ੍ਰਿਫ਼ਤਾਰੀ ਵਾਰੰਟ ਹਵਾਲਗੀ ਬੇਨਤੀ ਵਜੋਂ ਆਪਣੇ ਬੈਲਜੀਅਨ ਹਮਰੁਤਬਾ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ/ਨਜ਼ਰਬੰਦੀ ਤੋਂ ਬਾਅਦ ਰਸਮੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਕਿਉਂਕਿ ਚੋਕਸੀ ਸਿਹਤ ਦੇ ਹਵਾਲੇ ਨਾਲ ਜ਼ਮਾਨਤ ਦੀ ਮੰਗ ਕਰ ਸਕਦਾ ਹੈ। ਸੀ.ਬੀ.ਆਈ. ਅਤੇ ਈ.ਡੀ. ਨੇ ਚੋਕਸੀ, ਮੋਦੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਰਮਚਾਰੀਆਂ, ਬੈਂਕ ਅਧਿਕਾਰੀਆਂ ਅਤੇ ਹੋਰਾਂ ਖ਼ਿਲਾਫ਼ 2018 ਵਿੱਚ ਮੁੰਬਈ ’ਚ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੀ ਬ੍ਰੈਡੀ ਹਾਊਸ ਸ਼ਾਖਾ ਵਿੱਚ ਕਥਿਤ ਕਰਜ਼ਾ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਸੀ।
ਐਫ.ਆਈ.ਆਰ. ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਚੋਕਸੀ, ਉਸ ਦੀ ਫਰਮ ਗੀਤਾਂਜਲੀ ਜੈਮਜ਼ ਅਤੇ ਹੋਰਾਂ ਨੇ ‘ਕੁਝ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਪੀਐਨਬੀ ਨਾਲ ਧੋਖਾਧੜੀ ਕੀਤੀ। ਧੋਖਾਧੜੀ ਨਾਲ ਐਲ.ਓ.ਯੂ. (ਅੰਡਰਟੈਕਿੰਗ ਲੈਟਰ) ਜਾਰੀ ਕਰਵਾ ਕੇ ਅਤੇ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਐਫਐਲਸੀ (ਵਿਦੇਸ਼ੀ ਕ੍ਰੈਡਿਟ ਪੱਤਰ) ਵਧਾ ਕੇ ਬੈਂਕ ਨੂੰ ਗਲਤ ਨੁਕਸਾਨ ਪਹੁੰਚਾਇਆ।’ ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ ਚੋਕਸੀ ਵਿਰੁੱਧ ਘੱਟੋ-ਘੱਟ ਦੋ ਚਾਰਜਸ਼ੀਟ ਦਾਇਰ ਕੀਤੀਆਂ ਹਨ ਜਦੋਂ ਕਿ ਈ.ਡੀ. ਨੇ ਇਸ ਤਰ੍ਹਾਂ ਦੀਆਂ ਤਿੰਨ ਸ਼ਿਕਾਇਤਾਂ ਦਾਇਰ ਕੀਤੀਆਂ ਹਨ।
ਨੀਰਵ ਮੋਦੀ, ਜਿਸ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਗਿਆ ਸੀ, ਇਸ ਮਾਮਲੇ ਵਿੱਚ ਈ.ਡੀ. ਤੇ ਸੀ.ਬੀ.ਆਈ. ਵੱਲੋਂ ਕੀਤੀ ਗਈ ਕਾਨੂੰਨੀ ਬੇਨਤੀ ਦੇ ਆਧਾਰ ’ਤੇ 2019 ਵਿੱਚ ਉੱਥੋਂ ਦੇ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਮਗਰੋਂ ਲੰਡਨ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਉਸ ਵੱਲੋਂ ਭਾਰਤ ਹਵਾਲਗੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਈ.ਡੀ. ਨੇ ਚੋਕਸੀ ਵਿਰੁੱਧ ਮਾਮਲੇ ਵਿੱਚ 2,565.90 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਅਤੇ ਅਦਾਲਤ ਨੇ ਇਨ੍ਹਾਂ ਸਾਰੀਆਂ ਜਾਇਦਾਦਾਂ ਦੇ ‘ਮੁਦਰੀਕਰਨ’ ਦੀ ਆਗਿਆ ਦੇ ਦਿੱਤੀ ਹੈ।