
ਲੰਡਨ/ਏ.ਟੀ.ਨਿਊਜ਼: ਬ੍ਰਿਟੇਨ ’ਚ ਕੰਮ ਕਰ ਰਹੀਆਂ ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਦੀ ਗਿਣਤੀ 2025 ’ਚ ਸਾਲਾਨਾ ਆਧਾਰ ’ਤੇ 23 ਫੀਸਦੀ ਵਧ ਕੇ 1,197 ਹੋ ਗਈ ਹੈ। ਕਿਸੇ ਇੱਕ ਸਾਲ ’ਚ ਦਰਜ ਇਹ ਸਭ ਤੋਂ ਤੇਜ਼ ਵਾਧਾ ਹੈ।
ਕੌਮਾਂਤਰੀ ਵਿੱਤੀ ਸਲਾਹਕਾਰ ਕੰਪਨੀ ਗ੍ਰਾਂਟ ਥਾਰਨਟਨ ਵੱਲੋਂ ਉਦਯੋਗ ਬਾਡੀ ਸੀ. ਆਈ. ਆਈ. (ਭਾਰਤੀ ਉਦਯੋਗ ਸੰਘ) ਦੇ ਸਹਿਯੋਗ ਨਾਲ ਕੀਤੇ ਵਿਸ਼ਲੇਸ਼ਣ ‘ਇੰਡੀਆ ਮੀਟਸ ਬ੍ਰਿਟੇਨ ਟਰੈਕਰ’ ਅਨੁਸਾਰ ਬ੍ਰਿਟੇਨ ’ਚ ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਵੱਲੋਂ ਦਰਜ ਕੀਤਾ ਸੰਯੁਕਤ ਮਾਲੀਆ 2024 ਦੇ 68.09 ਅਰਬ ਪਾਊਂਡ (ਜੀ. ਬੀ. ਪੀ.) ਤੋਂ ਵਧ ਕੇ 2025 ’ਚ 72.14 ਅਰਬ ਜੀ. ਬੀ. ਪੀ. ਹੋ ਗਿਆ। ਵਿਸ਼ਲੇਸ਼ਣ ਦੇ 12ਵੇਂ ਐਡੀਸ਼ਨ ’ਚ ਪਾਇਆ ਗਿਆ ਕਿ ਹੁਣ ਬ੍ਰਿਟੇਨ ’ਚ 1,197 ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ, ਜੋ 2024 ਦੇ ਅੰਕੜਿਆਂ ਦੀ ਤੁਲਨਾ ’ਚ 23 ਫੀਸਦੀ ਜ਼ਿਆਦਾ ਹੈ।
‘ਇੰਡੀਆ ਮੀਟਸ ਬ੍ਰਿਟੇਨ ਟਰੈਕਰ’ ਨੂੰ ਲੰਡਨ ’ਚ ‘ਇੰਡੀਆ ਗਲੋਬਲ ਫੋਰਮ (ਆਈ. ਜੀ. ਐੱਫ.) ਯੂ. ਕੇ.-ਇੰਡੀਆ ਵੀਕ’ ਦੌਰਾਨ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਬ੍ਰਿਟੇਨ ਦੇ ਉਨ੍ਹਾਂ ਦੇ ਹਮਰੁਤਬਾ ਜੋਨਾਥਨ ਰੇਨਾਲਡਸ ਨੇ ਪਿਛਲੇ ਦਿਨੀਂ ਪੇਸ਼ ਕੀਤਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਬ੍ਰਿਟੇਨ ਅਤੇ ਭਾਰਤ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਦੇ ਲਾਗੂਕਰਨ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕਰਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣ ਦੇ ਤਰੀਕਿਆਂ ਦਾ ਪਤਾ ਲਾਉਣ ਲਈ 2 ਦਿਨਾ ਆਧਿਕਾਰਕ ਯਾਤਰਾ ’ਤੇ ਲੰਡਨ ’ਚ ਹਨ।
ਬ੍ਰਿਟੇਨ ਦੇ ਕੇਂਦਰੀ ਬੈਂਕ ਨੇ ਇਰਾਨ-ਇਜ਼ਰਾਇਲ ਸੰਘਰਸ਼ ਨਾਲ ਬੇਯਕੀਨੀ ਵਧਣ ਦੇ ਖਦਸ਼ੇ ’ਚ ਨੀਤੀਗਤ ਵਿਆਜ ਦਰ ਨੂੰ 2 ਸਾਲਾਂ ਦੇ ਹੇਠਲੇ ਪੱਧਰ 4.25 ਫੀਸਦੀ ’ਤੇ ਬਰਕਰਾਰ ਰੱਖਿਆ ਹੈ । ਬੈਂਕ ਆਫ ਇੰਗਲੈਂਡ ਦੀ ਕਰੰਸੀ ਨੀਤੀ ਕਮੇਟੀ ਨੇ ਬੈਠਕ ’ਚ ਪ੍ਰਮੁੱਖ ਵਿਆਜ ਦਰ ਨੂੰ ਜਿਉਂ ਦਾ ਤਿਉਂ ਰੱਖਣ ਦਾ ਫੈਸਲਾ ਕੀਤਾ। ਕਮੇਟੀ ਦੇ 9 ’ਚੋਂ 6 ਮੈਂਬਰਾਂ ਨੇ ਦਰ ਨੂੰ ਸਥਿਰ ਰੱਖਣ ਦੇ ਪੱਖ ’ਚ ਮਤ ਦਿੱਤਾ, ਜਦੋਂਕਿ 3 ਮੈਂਬਰ 0.25 ਫੀਸਦੀ ਦੀ ਕਟੌਤੀ ਦੇ ਪੱਖ ’ਚ ਸਨ।
ਬ੍ਰਿਟੇਨ ’ਚ ਪ੍ਰਚੂਨ ਮਹਿੰਗਾਈ 3.4 ਫੀਸਦੀ ਹੈ, ਜੋ ਹੁਣ ਵੀ ਕੇਂਦਰੀ ਬੈਂਕ ਦੇ 2 ਫੀਸਦੀ ਦੇ ਟੀਚੇ ਤੋਂ ਜ਼ਿਆਦਾ ਹੈ। ਅਜਿਹੇ ’ਚ ਨੀਤੀ-ਨਿਰਮਾਤਾਵਾਂ ਨੇ ਪੱਛਮ ਏਸ਼ੀਆ ’ਚ ਤਣਾਅ ਵਧਣ ਦੇ ਸੰਭਾਵੀ ਅਸਰ ਨੂੰ ਵੇਖਦੇ ਹੋਏ ਨੀਤੀਗਤ ਦਰ ’ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ।