ਬੰਗਲਾਦੇਸ਼ ਦਾ ਸਿਆਸੀ ਸੰਕਟ ਗਹਿਰਾਇਆ,ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਭੱਜੀ

In ਖਾਸ ਰਿਪੋਰਟ
August 06, 2024
ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਹੋ ਰਹੇ ਰੋਸ ਪ੍ਰਦਰਸ਼ਨਾਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਹੁਦਾ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਪਿਛਲੇ ਤਿੰਨ ਹਫ਼ਤਿਆਂ ਦੌਰਾਨ ਹੋਈ ਵਿਆਪਕ ਹਿੰਸਾ ’ਚ 300 ਲੋਕਾਂ ਦੀ ਮੌਤ ਮਗਰੋਂ ਫੈਲੇ ਰੋਹ ਦੌਰਾਨ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਕੇ ਭਾਰਤ ਦੌੜਨਾ ਪਿਆ। ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਬੰਗਲਾਦੇਸ਼ ਦੇ ਸੈਨਾ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਹਸੀਨਾ ਦੇ ਅਸਤੀਫ਼ੇ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਅੰਤ੍ਰਿਮ ਸਰਕਾਰ ਦਾ ਗਠਨ ਜਲਦੀ ਕੀਤਾ ਜਾਵੇਗਾ। ਫ਼ੌਜ ਨੂੰ ਵੀ ਇਹ ਹਾਲਾਤ ਸੰਭਾਲਣੇ ਔਖੇ ਹੋਏ ਪਏ ਹਨ। ਇਸ ਨਾਟਕੀ ਘਟਨਾਕ੍ਰਮ ਨੇ ਦੇਸ਼ ਨੂੰ ਗਹਿਰੀ ਅਰਾਜਕਤਾ ਤੇ ਅਨਿਸ਼ਚਿਤਤਾ ਵੱਲ ਧੱਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਸਭ ਆਮ ਚੋਣਾਂ ਤੋਂ ਮਹਿਜ਼ ਸੱਤ ਮਹੀਨਿਆਂ ਬਾਅਦ ਵਾਪਰ ਰਿਹਾ ਹੈ ਹਾਲਾਂਕਿ ਚੋਣਾਂ ਵੀ ਵਿਵਾਦਾਂ ਵਿੱਚ ਹੀ ਘਿਰੀਆਂ ਰਹੀਆਂ ਸਨ ਜਿਨ੍ਹਾਂ ਦਾ ਬੰਗਲਾਦੇਸ਼ ਦੀ ਨੈਸ਼ਨਲਿਸਟ ਪਾਰਟੀ ਅਤੇ ਹੋਰਾਂ ਰਾਜਨੀਤਕ ਧਿਰਾਂ ਨੇ ਬਾਈਕਾਟ ਕੀਤਾ ਸੀ। ਹਸੀਨਾ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਈ ਸੀ ਪਰ ਚੋਣਾਂ ਵਿੱਚ ਹੇਰ-ਫੇਰ ਤੇ ਧੱਕੇਸ਼ਾਹੀ ਦੇ ਦੋਸ਼ਾਂ ਨੇ ਉਸ ਦੀ ਜਿੱਤ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ। ਆਪਣੇ ਤੇ ਆਪਣੀ ਸਰਕਾਰ ਲਈ ਅਤਿ ਲੋੜੀਂਦਾ ਸਮਰਥਨ ਜੁਟਾਉਣ ਖ਼ਾਤਿਰ ਉਸ ਨੇ ਹਾਲ ਦੇ ਮਹੀਨਿਆਂ ਦੌਰਾਨ ਭਾਰਤ ਤੇ ਚੀਨ ਦਾ ਦੌਰਾ ਵੀ ਕੀਤਾ ਸੀ ਪਰ ਪਿੱਛੇ ਬੰਗਲਾਦੇਸ਼ ਵਿੱਚ ਹਾਲਾਤ ਵਿਗੜਦੇ ਰਹੇ। ਹਸੀਨਾ ਸਰਕਾਰ ਵਿਦਿਆਰਥੀਆਂ ਦੇ ਰਾਖਵੇਂਕਰਨ ਵਿਰੁੱਧ ਵਿੱਢੇ ਅੰਦੋਲਨ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਨਾਕਾਮ ਹੋ ਗਈ। ਸਰਕਾਰ ਵੱਲੋਂ ਇਹ ਰਾਖਵਾਂਕਰਨ ਬੰਗਲਾਦੇਸ਼ ਦੀ ਆਜ਼ਾਦੀ ਲਈ ਜੰਗ (1971) ਲੜਨ ਵਾਲੇ ਸੁਤੰਤਰਤਾ ਸੈਨਾਨੀਆਂ ਦੇ ਰਿਸ਼ਤੇਦਾਰਾਂ ਨੂੰ ਦਿੱਤਾ ਗਿਆ ਸੀ। ਇਹ 30 ਪ੍ਰਤੀਸ਼ਤ ਰਾਖਵਾਂਕਰਨ ਸਰਕਾਰੀ ਨੌਕਰੀਆਂ ਵਿੱਚ ਲਾਗੂ ਹੋਣਾ ਸੀ ਪਰ ਹਿੰਸਾ ਦੀ ਲਹਿਰ ਪੂਰੇ ਦੇਸ਼ ਵਿੱਚ ਫੈਲ ਗਈ ਤੇ ਸੁਰੱਖਿਆ ਕਰਮੀਆਂ ਨੇ ਲਗਾਤਾਰ ਵਧ ਰਹੀ ਗੜਬੜੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੀ ਤਾਕਤ ਵਰਤੀ। ਸੁਪਰੀਮ ਕੋਰਟ ਨੇ ਹਾਲਾਂਕਿ ਰਾਖਵਾਂਕਰਨ ਘਟਾ ਕੇ ਮਗਰੋਂ 5 ਪ੍ਰਤੀਸ਼ਤ ਕਰ ਦਿੱਤਾ ਪਰ ਸਰਕਾਰ ਵੱਲੋਂ ਗ੍ਰਿਫ਼ਤਾਰ ਵਿਦਿਆਰਥੀ ਆਗੂਆਂ ਨੂੰ ਛੱਡਣ ਵਿੱਚ ਕੀਤੀ ਜਾ ਰਹੀ ਨਾਂਹ-ਨੁੱਕਰ ਨੇ ਮੁਜ਼ਾਹਰਾਕਾਰੀਆਂ ਨੂੰ ਹੋਰ ਭੜਕਾ ਦਿੱਤਾ। ਲੋਕਾਂ ਦੀ ਭੀੜ ਨੇ ਸ਼ੇਖ ਹਸੀਨਾ ਦੇ ਪਿਤਾ ‘ਬੰਗਬੰਧੂ’ ਸ਼ੇਖ ਮੁਜੀਬੁਰ ਰਹਿਮਾਨ ਦੇ ਬੁੱਤ ਦੀ ਵੀ ਤੋੜ-ਭੰਨ ਕੀਤੀ ਹੈ ਜਿਨ੍ਹਾਂ ਦੇਸ਼ ਦੇ ਆਜ਼ਾਦੀ ਅੰਦੋਲਨ ਦੀ ਅਗਵਾਈ ਕੀਤੀ ਸੀ ਤੇ ਰਾਸ਼ਟਰਪਤੀ ਵੀ ਰਹੇ। ਇਸ ਅੰਦੋਲਨ ਵਿੱਚ ਵਿਰੋਧੀ ਪਾਰਟੀਆਂ ਨੇ ਵੀ ਆਪਣਾ ਪੂਰਾ ਹਿੱਸਾ ਪਾਇਆ। ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਲਗਾਇਆ ਜਾ ਸਕਦਾ ਕਿ ਇਹ ਏਨਾ ਭਿਆਨਕ ਰੂਪ ਧਾਰਨ ਕਰ ਲਵੇਗਾ ਅਤੇ ਘਟਨਾਚੱਕਰ ਪ੍ਰਸ਼ਾਸਨ ਅਤੇ ਫ਼ੌਜ ਲਈ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ 76 ਸਾਲਾ ਹਸੀਨਾ ਬਰਤਾਨੀਆ ਵਿੱਚ ਸ਼ਰਨ ਮੰਗ ਰਹੀ ਹੈ। ਹਸੀਨਾ ਦੀ ਭੈਣ ਰੇਹਾਨਾ ਬਰਤਾਨੀਆ ਦੀ ਨਾਗਰਿਕ ਹੈ, ਵੀ ਉਨ੍ਹਾਂ ਦੇ ਨਾਲ ਹੈ। ਸੂਤਰਾਂ ਮੁਤਾਬਕ ਹਸੀਨਾ ਨੂੰ ਸਿਆਸੀ ਸ਼ਰਨ ਦਿੱਤੇ ਜਾਣ ਸਬੰਧੀ ਬਰਤਾਨੀਆ ਨੇ ਅਜੇ ਪੁਸ਼ਟੀ ਨਹੀਂ ਕੀਤੀ ਹੈ। ਉੱਧਰ, ਭੇਦਭਾਵ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਕੋਆਰਡੀਨੇਟਰਾਂ ਨੇ ਐਲਾਨ ਕੀਤਾ ਕਿ ਨੋਬੇਲ ਪੁਰਸਕਾਰ ਜੇਤੂ ਡਾ. ਮੁਹੰਮਦ ਯੂਨਸ ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਹੋਣਗੇ। ਇਸੇ ਦੌਰਾਨ ਸ਼ੇਖ ਹਸੀਨਾ ਦੇ ਪੁੱਤਰ ਸਾਜੀਬ ਵਾਜ਼ੇਦ ਜੁਆਏ ਨੇ ਪੁਲਿਸ, ਬਾਰਡਰ ਗਾਰਡ ਬੰਗਲਾਦੇਸ਼ ਅਤੇ ਫ਼ੌਜ ਨੂੰ ਸੰਵਿਧਾਨ ਨੂੰ ਬਰਕਰਾਰ ਰੱਖਣ ਤੇ ਕਿਸੇ ਵੀ ਬਿਨਾ ਚੁਣੀ ਸਰਕਾਰ ਨੂੰ ਸੱਤਾ ਸੰਭਾਲਣ ਤੋਂ ਰੋਕਣ ਲਈ ਕਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਨਾਲ ਬੰਗਲਾਦੇਸ਼ ਦੀ 15 ਸਾਲਾਂ ਦੀ ਤਰੱਕੀ ਖ਼ਤਰੇ ਵਿੱਚ ਪੈ ਸਕਦੀ ਹੈ ਅਤੇ ਇਹ ਸਥਿਤੀ ਸੰਭਾਵੀ ਤੌਰ ’ਤੇ ਦੇਸ਼ ਨੂੰ ਪਾਕਿਸਤਾਨ ਦੀ ਤਰ੍ਹਾਂ ਉਸ ਰਸਤੇ ’ਤੇ ਲੈ ਕੇ ਜਾ ਸਕਦੀ ਹੈ, ਜੋ ਕਿ ਦੇਸ਼ ਦੇ ਭਵਿੱਖ ਲਈ ਤਬਾਹਕੁੰਨ ਸਾਬਤ ਹੋਵੇਗੀ। ਉੱਧਰ, ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਰ-ਉਜ਼-ਜ਼ਮਾਨ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕਰਨਗੇ, ਕਿਉਂਕਿ ਦੇਸ਼ ਨਵੀਂ ਸਰਕਾਰ ਦੇ ਗਠਨ ਦੀ ਉਡੀਕ ਕਰ ਰਿਹਾ ਹੈ। ਜ਼ਮਾਨ ਨੇ ਕਿਹਾ ਕਿ ਉਨ੍ਹਾਂ ਨੇ ਹਸੀਨਾ ਦੀ ਲੰਬੇ ਸਮੇਂ ਤੋਂ ਸੱਤਾਧਾਰੀ ਪਾਰਟੀ ਆਵਾਮੀ ਲੀਗ ਨੂੰ ਛੱਡ ਕੇ ਹੋਰ ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲ ਕੀਤੀ ਹੈ ਅਤੇ ਅੱਗੇ ਦੇ ਰਾਹ ਬਾਰੇ ਚਰਚਾ ਕੀਤੀ ਹੈ। ਡੱਬੀ ਬੰਗਲਾਦੇਸ਼ ਦੀ ਇਹ ਦੂਜੀ ਅਜ਼ਾਦੀ ਹੈ... ਅਮਰੀਕਾ, ਪਾਕਿਸਤਾਨ ਅਤੇ ਬ੍ਰਿਟੇਨ ਫ਼ੌਜ ਦੀ ਕਰ ਰਹੇ ਨੇ ਤਾਰੀਫ਼ ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ, ਜੋ ਕਿ ਬ੍ਰਿਟੇਨ ਵਿੱਚ ਜਲਾਵਤਨੀ ਵਿੱਚ ਰਹਿ ਰਹੇ ਹਨ, ਨੇ ਐਕਸ ’ਤੇ ਲਿਖਿਆ, ‘ਹਸੀਨਾ ਦਾ ਅਸਤੀਫ਼ਾ ਲੋਕਾਂ ਦੀ ਸ਼ਕਤੀ ਨੂੰ ਦਰਸਾਉਂਦਾ ਹੈ।’ ਉਨ੍ਹਾਂ ਨੇ ਅਪੀਲ ਕੀਤੀ, ਆਓ ਅਸੀਂ ਸਾਰੇ ਮਿਲ ਕੇ ਬੰਗਲਾਦੇਸ਼ ਨੂੰ ਇੱਕ ਜਮਹੂਰੀ ਅਤੇ ਵਿਕਸਤ ਰਾਸ਼ਟਰ ਦੇ ਰੂਪ ਵਿੱਚ ਪੁਨਰ ਨਿਰਮਾਣ ਕਰੀਏ, ਜਿੱਥੇ ਸਾਰੇ ਲੋਕਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰੱਖਿਆ ਕੀਤੀ ਜਾਵੇ। ਬਰਤਾਨੀਆ ਨੇ ਕੀ ਕਿਹਾ? ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਬੁਲਾਰੇ ਨੇ ਦੱਸਿਆ ਕਿ ਲੋਕਤੰਤਰ ਨੂੰ ਬਹਾਲ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਬੰਗਲਾਦੇਸ਼ ਵਿੱਚ ਲੋਕਾਂ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਸਾਰੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਯੂ. ਕੇ. ਦੇ ਵ੍ਹਾਈਟਚੈਪਲ ਵਿੱਚ ਬੰਗਲਾਦੇਸ਼ੀਆਂ ਦੀ ਇੱਕ ਵੱਡੀ ਆਬਾਦੀ ਰਹਿੰਦੀ ਹੈ। ਇੱਥੇ ਬਹੁਤ ਸਾਰੇ ਲੋਕ ਤਖਤਾ ਪਲਟ ਤੋਂ ਖੁਸ਼ ਹਨ ਅਤੇ ਜਸ਼ਨ ਮਨਾਉਣ ਲਈ ਸੜਕਾਂ ’ਤੇ ਆ ਗਏ ਹਨ। ਉਨ੍ਹਾਂ ਹੱਥਾਂ ਵਿੱਚ ਆਪਣੇ ਦੇਸ਼ ਦਾ ਝੰਡਾ ਫੜ ਕੇ ‘ਬੰਗਲਾਦੇਸ਼-ਬੰਗਲਾਦੇਸ਼’ ਦੇ ਨਾਅਰੇ ਲਾਏ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ 50 ਸਾਲਾ ਅਬੂ ਸਾਈਮ ਨੇ ਕਿਹਾ ਕਿ ਬੰਗਲਾਦੇਸ਼ ਲਈ ਇਹ ਦੂਜੀ ਆਜ਼ਾਦੀ ਹੈ। ਉਨ੍ਹਾਂ ਕਿਹਾ, ਸਾਨੂੰ ਪਹਿਲੀ ਵਾਰ 1971 ’ਚ ਆਜ਼ਾਦੀ ਮਿਲੀ, ਪਰ ਤਾਨਾਸ਼ਾਹ ਸ਼ੇਖ ਹਸੀਨਾ ਦੇਸ਼ ’ਤੇ ਜ਼ਬਰਦਸਤੀ ਰਾਜ ਕਰ ਰਹੀ ਸੀ। ਉਨ੍ਹਾਂ ਨੇ ਸਾਡੇ ਤੋਂ ਸਾਡਾ ਹੱਕ ਖੋਹ ਲਿਆ। ਉਹ ਹਜ਼ਾਰਾਂ ਬੱਚਿਆਂ ਨੂੰ ਮਾਰ ਚੁੱਕੀ ਹੈ। ਜਰਮਨੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਦੇਸ਼ ਵਿੱਚ ਅਸ਼ਾਂਤੀ ਦੇ ਦੌਰਾਨ ਇਹ ਜ਼ਰੂਰੀ ਹੈ ਕਿ ਬੰਗਲਾਦੇਸ਼ ਆਪਣੇ ਲੋਕਤੰਤਰੀ ਮਾਰਗ ’ਤੇ ਅੱਗੇ ਵਧੇ। ਯੂਰਪੀਅਨ ਯੂਨੀਅਨ ਨੇ ਬੰਗਲਾਦੇਸ਼ ਵਿੱਚ ਲੋਕਤੰਤਰੀ ਸ਼ਾਸਨ ਵਿੱਚ ਇੱਕ ਵਿਵਸਥਿਤ ਅਤੇ ਸ਼ਾਂਤੀਪੂਰਨ ਤਬਦੀਲੀ ਦੀ ਮੰਗ ਕੀਤੀ ਹੈ। ਅਮਰੀਕਾ ਨੇ ਇਸ ਪੂਰੇ ਮਾਮਲੇ ਵਿੱਚ ਬੰਗਲਾਦੇਸ਼ ਫ਼ੌਜ ਦੇ ਸੰਜਮ ਦੀ ਤਾਰੀਫ਼ ਕੀਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਉਹ ਅੰਤਰਿਮ ਸਰਕਾਰ ਦੇ ਗਠਨ ਦੇ ਐਲਾਨ ਦਾ ਸਵਾਗਤ ਕਰਦੇ ਹਨ। ਵ੍ਹਾਈਟ ਹਾਊਸ ਨੇ ਬੰਗਲਾਦੇਸ਼ ਵਿੱਚ ਜਮਹੂਰੀ ਅਧਿਕਾਰਾਂ ਦਾ ਸਨਮਾਨ ਕਰਨ ਲਈ ਕਿਹਾ। ਪਰ ਭਾਰਤ ਨੇ ਅਜੇ ਤੱਕ ਬੰਗਲਾਦੇਸ਼ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ। ਪਾਕਿਸਤਾਨ ਵੱਲੋਂ ਵੀ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਪਰ ਸੋਸ਼ਲ ਮੀਡੀਆ ’ਤੇ ਲੋਕਾਂ ’ਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਐਕਸ ’ਤੇ ਪਾਕਿਸਤਾਨੀਆਂ ਦੀਆਂ ਪੋਸਟਾਂ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਬੰਗਲਾਦੇਸ਼ ਮੁੜ ਪੂਰਬੀ ਪਾਕਿਸਤਾਨ ਬਣ ਗਿਆ ਹੋਵੇ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬੀ ਨੇ ਟਵਿੱਟਰ ’ਤੇ ਇੱਕ ਬਿਆਨ ’ਚ ਕਿਹਾ, ਅਸੀਂ ਬੰਗਲਾਦੇਸ਼ੀ ਰਾਸ਼ਟਰ ਦੀ ਲਚਕਤਾ ਅਤੇ ਏਕਤਾ ’ਚ ਵਿਸ਼ਵਾਸ ਰੱਖਦੇ ਹਾਂ ਅਤੇ ਜਲਦੀ ਹੀ ਸ਼ਾਂਤੀ ਅਤੇ ਸਥਿਰਤਾ ਦੀ ਉਮੀਦ ਕਰਦੇ ਹਾਂ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ, ਮਾਸਕੋ ਆਪਣੇ ਦੋਸਤ ਦੇਸ਼ ਵਿੱਚ ਸੰਵਿਧਾਨਕ ਤਰੀਕੇ ਨਾਲ ਅੰਦਰੂਨੀ ਸਿਆਸੀ ਪ੍ਰਕਿਰਿਆਵਾਂ ਦੀ ਛੇਤੀ ਵਾਪਸੀ ਦੀ ਉਮੀਦ ਕਰਦਾ ਹੈ। ਡੱਬੀ ਬੰਗਲਾਦੇਸ਼ ’ਚ ਭਾਰਤੀ ਸੱਭਿਆਚਾਰਕ ਕੇਂਦਰ ਦੀ ਭੰਨਤੋੜ, 4 ਮੰਦਰ ਨੁਕਸਾਨੇ ਚਸ਼ਮਦੀਦਾਂ ਅਨੁਸਾਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਬੇਕਾਬੂ ਭੀੜ ਨੇ ਇੱਕ ਭਾਰਤੀ ਸੱਭਿਆਚਾਰਕ ਕੇਂਦਰ ਦੀ ਭੰਨ-ਤੋੜ ਕੀਤੀ ਤੇ ਦੇਸ਼ ਭਰ ’ਚ 4 ਹਿੰਦੂ ਮੰਦਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਾਇਆ। ਹਿੰਦੂ ਬੋਧੀ ਕ੍ਰਿਸਚਨ ਏਕਤਾ ਪ੍ਰੀਸ਼ਦ ਦੇ ਆਗੂ ਕਾਜੋਲ ਦੇਬਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਦੇਸ਼ ਭਰ ’ਚ ਘੱਟੋ-ਘੱਟ 4 ਮੰਦਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਇਸ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਹਿੰਦੂ ਭਾਈਚਾਰੇ ਦੇ ਲੋਕ ਡਰੇ ਹੋਏ ਹਨ। ਚਸ਼ਮਦੀਦਾਂ ਅਨੁਸਾਰ ਬੇਕਾਬੂ ਭੀੜ ਨੇ ਧਾਨਮੰਡੀ ਖੇਤਰ ’ਚ ਸਥਿਤ ਇੰਦਰਾ ਗਾਂਧੀ ਸੱਭਿਆਚਾਰਕ ਕੇਂਦਰ ਨੂੰ ਨੁਕਸਾਨ ਪਹੁੰਚਾਇਆ। ਢਾਕਾ ਦੇ ਧਾਨਮੰਡੀ ਇਲਾਕੇ ’ਚ ਸਥਿਤ ਇੰਦਰਾ ਗਾਂਧੀ ਕਲਚਰਲ ਸੈਂਟਰ (ਆਈ.ਜੀ.ਸੀ.ਸੀ.) ਤੇ ਬੰਗਬੰਧੂ ਮੈਮੋਰੀਅਲ ਮਿਊਜ਼ੀਅਮ ਨੂੰ ਬੇਕਾਬੂ ਭੀੜ ਨੇ ਨੁਕਸਾਨ ਪਹੁੰਚਾਇਆ ਹੈ। ਡੱਬੀ ਭਾਰਤ-ਬੰਗਲਾਦੇਸ਼ ਵਪਾਰ ਬੰਦ ਬੰਗਲਾਦੇਸ਼ ’ਚ ਪੈਦਾ ਹੋਏ ਹਾਲਾਤ ਤੋਂ ਬਾਅਦ ਭਾਰਤ-ਬੰਗਲਾਦੇਸ਼ ਵਪਾਰ ਨੂੰ ਰੋਕ ਦਿੱਤਾ ਗਿਆ ਹੈ। ਪੱਛਮੀ ਬੰਗਾਲ ਐਕਸਪੋਰਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸਕੱਤਰ ਉੱਜਲ ਸਾਹਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨੀ ਬੰਦਰਗਾਹਾਂ ’ਤੇ ਬੰਗਲਾਦੇਸ਼ੀ ਕਸਟਮਜ਼ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਸਭ ਬੰਦਰਗਾਹਾਂ ’ਤੇ ਨਿਰਯਾਤ ਤੇ ਆਯਾਤ ਦੀਆਂ ਗਤੀਵਿਧੀਆਂ ਠੱਪ ਹੋ ਗਈਆਂ ਹਨ। ਡੱਬੀ ਕ੍ਰੋਨੀ ਪੂੰਜੀਵਾਦੀ ਤੇ ਫਾਸ਼ੀਵਾਦ ਕਾਰਨ ਹੁਸੀਨਾ ਤੇ ਮੋਦੀ ਭੈਣ ਭਰਾ ਬੰਗਲਾਦੇਸ਼ ਵਿੱਚ ਹਸੀਨਾ ਵਾਜੇਦ ਦਾ ਵਿਕਾਸ ਕ੍ਰੋਨੀ ਪੂੰਜੀਵਾਦ ਦੇ ਉਸੇ ਮਾਡਲ ਉੱਤੇ ਹੈ, ਜਿਵੇਂ ਭਾਰਤ ਵਿੱਚ ਹੈ । ਇਸੇ ਲਈ ਬੰਗਲਾਦੇਸ਼ ਵਿੱਚ ਆਰਥਿਕ ਅਸਮਾਨਤਾਵਾਂ ਵਿੱਚ ਵੀ ਗਰੀਬ ਬਨਾਮ ਅਮੀਰਾਂ ਵਿੱਚ ਰਿਕਾਰਡ ਤੋੜ ਪਾੜਾ ਹੈ। ਭਾਰਤੀ ਪੱਖ ਤੋਂ, ਬੰਗਲਾਦੇਸ਼ ਵਿੱਚ ਮੋਦੀ ਸਰਕਾਰ ਦੀ ਮਜ਼ਬੂਤੀ ਕਾਰਨ, ਅਡਾਨੀ ਸਮੂਹ ਨੇ ਵੀ ਹਸੀਨਾ ਸਰਕਾਰ ਨਾਲ ਵੱਡੇ ਵਪਾਰਕ ਸੌਦੇ ਕੀਤੇ ਹਨ। ਇਸ ਲਈ, ਇਹ ਸੁਣਨ ਨੂੰ ਸਮਝਣ ਯੋਗ ਹੈ ਕਿ ਅੰਦੋਲਨਕਾਰੀਆਂ ਨੇ ਆਪਣਾ ਗੁੱਸਾ ਭਾਰਤੀ ਝੰਡੇ ’ਤੇ ਕੱਢਿਆ ਹੈ। ਭਾਰਤ ਵਿੱਚ ਨੌਜਵਾਨਾਂ ਦੀ ਬੇਚੈਨੀ ਲੁਕੀ ਨਹੀਂ ਹੈ। ਜੇਕਰ ਲੱਖਾਂ ਨੌਜਵਾਨ ਅਗਨੀਵੀਰ ਯੋਜਨਾ, ਨੀਟ ਪ੍ਰੀਖਿਆ ਅਤੇ ਛੋਟੀਆਂ ਅਤੇ ਮਾਮੂਲੀ ਨੌਕਰੀਆਂ ਵੱਲ ਝੁਕ ਰਹੇ ਹਨ, ਤਾਂ ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਹੋਵੇਗਾ ਕਿ ਭਾਰਤ ਦੇ ਨੌਜਵਾਨ ਆਬਾਦੀ ਕਿਵੇਂ ਨਿਰਾਸ਼ ਤੇ ਗੰਭੀਰ ਸੰਕਟ ਵਿੱਚ ਹੈ। ਮੋਦੀ ਸਰਕਾਰ ਦੇ ਸ਼ਾਸਨ ਵਿੱਚ, ਭਾਰਤ ਨੂੰ ਲੋਕਤੰਤਰ ਦੇ ਮਾਮਲੇ ਵਿੱਚ ਵੀ ਵਿਸ਼ਵਵਿਆਪੀ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਹਸੀਨਾ ਸਰਕਾਰ ਦਾ ਮਾਮਲਾ ਸੀ। ਇਹ ਸੰਭਵ ਨਹੀਂ ਹੈ ਕਿ ਯੂਰਪ ਦਾ ਕੋਈ ਸੱਭਿਅਕ ਦੇਸ਼ ਸ਼ੇਖ ਹਸੀਨਾ ਨੂੰ ਪਨਾਹ ਦੇਵੇਗਾ। ਭਾਰਤ ਨੂੰ ਖੁਦ ਉਨ੍ਹਾਂ ਨੂੰ ਪਨਾਹ ਦੇਣੀ ਪਵੇਗੀ ਅਤੇ ਇਸ ਦਾ ਅਸਰ ਬੰਗਲਾਦੇਸ਼ ਦੇ ਲੋਕਾਂ ’ਤੇ ਪਵੇਗਾ। ਬੰਗਲਾਦੇਸ਼ ਵਿੱਚ ਹਿੰਦੂ ਅਬਾਦੀ ਦਾ ਜੀਵਨ ਹੋਰ ਔਖਾ ਹੋ ਜਾਵੇਗਾ। ਬੇਰੁਜ਼ਗਾਰੀ ਅਤੇ ਆਰਥਿਕ ਸਮੱਸਿਆਵਾਂ ਨੇ ਸਾਰੇ ਮੁਲਕਾਂ ਵਿੱਚ ਨੌਜਵਾਨਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਹਰ ਦੇਸ਼ ਦੇ ਆਰਥਿਕ ਕੁਸ਼ਾਸਨ, ਆਰਥਿਕ ਅਸਮਾਨਤਾ ਦੇ ਜ਼ਿੰਮੇਵਾਰ ਉਸ ਦੇ ਆਪਣੇ ਅਡਾਨੀ-ਅੰਬਾਨੀ ਹਨ। ਸਾਰੇ ਦੇਸ਼ਾਂ ਵਿੱਚ ਕ੍ਰੋਨੀ ਪੂੰਜੀਵਾਦ ਅਤੇ ਭ੍ਰਿਸ਼ਟਾਚਾਰ ਹੈ। ਸਾਰੇ ਦੇਸ਼ ਜਲਵਾਯੂ ਪਰਿਵਰਤਨ ਅਤੇ ਆਫ਼ਤਾਂ ਨਾਲ ਜੂਝ ਰਹੇ ਹਨ। ਬੰਗਲਾਦੇਸ਼ ਤੋਂ ਪਹਿਲਾਂ ਸ੍ਰੀਲੰਕਾ ਵਿੱਚ ਸਿਆਸੀ ਅਰਾਜਕਤਾ ਸੀ। ਉੱਥੋਂ ਦੇ ਰਾਸ਼ਟਰਪਤੀ ਨੇ ਵੀ ਭੱਜ ਕੇ ਕਿਸੇ ਹੋਰ ਦੇਸ਼ ਵਿੱਚ ਸ਼ਰਨ ਲਈ ਸੀ। ਉਸ ਲਹਿਰ ਦੇ ਆਗੂ ਵੀ ਨੌਜਵਾਨ ਸਨ। ਇਸੇ ਤਰ੍ਹਾਂ ਨੇਪਾਲ ਅਸਥਿਰਤਾ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ ਤਾਂ ਇਸ ਦਾ ਜ਼ਮੀਨੀ ਕਾਰਨ ਬੇਰੁਜ਼ਗਾਰੀ ਤੇ ਲੋਕਾਂ ਦੀ ਬੇਚੈਨੀ ਹੈ। ਇਸ ਲਈ ਭਾਰਤ ਦੀ 140 ਕਰੋੜ ਦੀ ਅਬਾਦੀ ਦੇ ਉਨ੍ਹਾਂ 90 ਕਰੋੜ ਨੌਜਵਾਨਾਂ ਬਾਰੇ ਸੋਚਣਾ ਜ਼ਰੂਰੀ ਹੈ ਜੋ ਨੌਕਰੀਆਂ ਨੂੰ ਤਰਸ ਰਹੇ ਹਨ।

Loading