ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦਿੱਤਾ ਅਸਤੀਫ਼ਾ

In ਮੁੱਖ ਖ਼ਬਰਾਂ
August 05, 2024
ਬੰਗਲਾਦੇਸ਼, 05 ਅਗਸਤ/ਅੰਮ੍ਰਿਤਸਰ ਟਾਈਮਜ਼ ਬਿਊਰੋ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸਰਕਾਰ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨਾਂ ਦੇ ਮੱਦਦੇਨਜ਼ਰ ਅਸਤੀਫ਼ਾ ਦੇ ਦਿੱਤਾ ਹੈ ਅਤੇ ਦੇਸ਼ ਛੱਡ ਕੇ ਚਲੀ ਗਈ ਹੈ। ਹਾਲਾਂਕਿ ਢਾਕਾ ਛੱਡ ਕੇ ਜਾਣ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖ਼ਲ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇੱਕ ਨਿੱਜੀ ਚੈੱਨਲ ਜਮੁਨਾ ਸਮਾਚਾਰ ਨੇ ਕਿਹਾ ਹੈ ਕਿ ਵਿਵਾਦਤ ਕੋਟਾ ਵਿਵਸਥਾ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ ਹਸੀਨਾ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਧਰ ਰਾਈਟਰਜ਼ ਦੀ ਰਿਪੋਰਟ ਅਨੁਸਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਭੈਣ ਨੂੰ ਸਰਕਾਰੀ ਰਿਹਾਇਸ਼ ਤੋਂ ਦੂਰ ਇੱਕ ਸੁਰੱਖਿਅਤ ਜਗ੍ਹਾ ’ਤੇ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਏਐਫਪੀ ਨਿਊਜ਼ ਏਜੰਸੀ ਨੇ ਇੱਕ ਸੀਨੀਅਰ ਸਹਾਇਕ ਦੇ ਹਵਾਲੇ ਨਾਲ ਰਿਪੋਰਟ ਇਹ ਰਿਪੋਰਟ ਸਾਂਝੀ ਕੀਤੀ ਹੈ। ਬੰਗਲਾਦੇਸ਼ ਵਿੱਚ ਸੋਮਵਾਰ ਨੂੰ -ਢਾਕਾ ਤੱਕ ਲੰਬੇ ਮਾਰਚ’ ਲਈ ਇਕੱਠੇ ਹੋਣ ਮੌਕੇ ਹਿੰਸਾ ਦੀ ਤਾਜ਼ਾ ਘਟਨਾ ਦੌਰਾਨ ਘੱਟੋ ਘੱਟ 6 ਵਿਅਕਤੀਆਂ ਦੀ ਮੌਤ ਹੋ ਗਈ। ਬੰਗਲਾਦੇਸ਼ ਦੇ ਫ਼ੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਐਲਾਨ ਕੀਤਾ ਹੈ ਕਿ ਮੈਂ (ਦੇਸ਼ ਦੀ) ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ, ਕਿਰਪਾ ਕਰਕੇ ਸਹਿਯੋਗ ਕਰੋ। ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਇੱਕ ਟੀਵੀ ਸੰਬੋਧਨ ਵਿੱਚ ਕਿਹਾ ਕਿ ਹਸੀਨਾ ਨੇ ਦੇਸ਼ ਛੱਡ ਦਿੱਤਾ ਹੈ। ਫੌਜ ਮੁਖੀ ਨੇ ਕਿਹਾ ਕਿ ਉਹ ਸਿਆਸੀ ਨੇਤਾਵਾਂ ਨੂੰ ਮਿਲੇ ਹਨ ਅਤੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਫ਼ੌਜ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲੇਗੀ। ਦੇਸ਼ ਭਰ ਵਿੱਚ ਹੋਰ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਸਬੰਧੀ ਉਨ੍ਹਾਂ ਕਿਹਾ ਕਿ ਫੌਜ ਅਤੇ ਪੁਲਿਸ ਦੋਹਾਂ ਨੂੰ ਗੋਲੀ ਨਾ ਚਲਾਉਣ ਲਈ ਕਿਹਾ ਹੈ।

Loading