ਬੰਗਲਾਦੇਸ਼ ਵਿੱਚ ਸੱਤਾ ਪਰਿਵਰਤਨ: ਭਾਰਤ ਲਈ ਰਿਸ਼ਤੇ ਸੁਧਾਰਨ ਦਾ ਸੁਹਿਰਦ ਮੌਕਾ

In ਮੁੱਖ ਲੇਖ
February 21, 2026

ਨਿਤਿਆ ਚਕਰਵਰਤੀ
ਬੰਗਲਾਦੇਸ਼ ’ਚ 12 ਫਰਵਰੀ ਨੂੰ ਹੋਈਆਂ ਰਾਸ਼ਟਰੀ ਚੋਣਾਂ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੀ ਵੱਡੀ ਜਿੱਤ ਨਾ ਸਿਰਫ਼ ਦੱਖਣ ਏਸ਼ੀਆ ਦੀ ਰਾਜਨੀਤੀ ਵਿੱਚ ਇੱਕ ਚੰਗੀ ਗੱਲ ਹੈ, ਸਗੋਂ ਇਹ ਭਾਰਤ ਤੇ ਉਸ ਦੇ ਪੂਰਬੀ ਗੁਆਂਢੀ ਦੇਸ਼ ਵਿੱਚ ਆਪਸੀ ਰਿਸ਼ਤਿਆਂ ਲਈ ਵੀ ਚੰਗਾ ਸੰਕੇਤ ਹੈ। ਬੀ.ਐਨ.ਪੀ. ਨੇ ਨਵੀਂ ਸੰਸਦ ਵਿੱਚ ਕੁੱਲ 300 ਸੀਟਾਂ ’ਚੋਂ ਦੋ-ਤਿਹਾਈ ਤੋਂ ਵਧੇਰੇ ਸੀਟਾਂ ਪ੍ਰਾਪਤ ਕੀਤੀਆਂ, ਜਿਸ ਵਿੱਚ ਉਸ ਨੇ ਆਪਣੇ ਕੱਟੜ ਰਵੱਈਏ ਲਈ ਜਾਣੀ ਜਾਂਦੀ ਮੁੱਖ ਵਿਰੋਧੀ ਪਾਰਟੀ ਜਮਾਤ-ਏ-ਇਸਲਾਮੀ ਨੂੰ ਹਰਾਇਆ, ਜੋ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ ਦੇ ਨਾਲ-ਨਾਲ ਭਾਰਤ ਵਿੱਚ ਮੋਦੀ ਸਰਕਾਰ ਲਈ ਵੀ ਇੱਕ ਵੱਡੀ ਰਾਹਤ ਵਾਲੀ ਗੱਲ ਹੈ।
ਤਾਜ਼ਾ ਖਬਰਾਂ ਦੱਸਦੀਆਂ ਹਨ ਕਿ ਜਿਨ੍ਹਾਂ 299 ਸੀਟਾਂ ’ਤੇ ਚੋਣ ਹੋਈ, ਉਨ੍ਹਾਂ ’ਚੋਂ ਬੀ.ਐਨ.ਪੀ. ਨੂੰ 209, ਜਮਾਤ ਦੀ ਅਗਵਾਈ ਵਾਲੇ ਗੱਠਜੋੜ ਨੂੰ 68, ਨੈਸ਼ਨਲ ਸਿਟੀਜ਼ਨ ਪਾਰਟੀ 6 ਅਤੇ ਆਜ਼ਾਦ ਉਮੀਦਵਾਰਾਂ ਨੇ 7 ਸੀਟਾਂ ਲਈਆਂ ਹਨ। ਹੁਣ ਤੱਕ ਹੋਈਆਂ ਆਮ ਚੋਣਾਂ ਵਿੱਚ ਬੀ.ਐਨ.ਪੀ. ਦਾ ਇਹ ਸਭ ਤੋਂ ਚੰਗਾ ਪ੍ਰਦਰਸ਼ਨ ਰਿਹਾ ਹੈ। ਇਸ ਤੋਂ ਪਹਿਲਾਂ 2001 ਦੀਆਂ ਚੋਣਾਂ ਵਿੱਚ ਬੀ.ਐਨ.ਪੀ. ਨੇ 193 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ, ਜੋ 2026 ਦੀਆਂ ਚੋਣਾਂ ਤੱਕ ਉਸ ਦੀ ਸਭ ਤੋਂ ਵੱਡੀ ਜਿੱਤ ਸੀ। ਜਮਾਤ ਨੇ ਵੀ ਚੋਣਾਂ ਵਿੱਚ 68 ਸੀਟਾਂ ਲੈ ਕੇ ਖ਼ੁਦ ਨੂੰ ਰਾਸ਼ਟਰੀ ਰਾਜਨੀਤੀ ਦੇ ਮੁੱਖ ਮੰਚ ’ਤੇ ਲਿਆ ਖੜ੍ਹਾਇਆ ਹੈ। ਇਸ ਦਾ ਪਿਛਲਾ ਸਭ ਤੋਂ ਚੰਗਾ ਪ੍ਰਦਰਸ਼ਨ 1991 ਦੀਆਂ ਚੋਣਾਂ ਵਿੱਚ ਸਿਰਫ਼ 17 ਸੀਟਾਂ ਸੀ।
12 ਫਰਵਰੀ ਦੀਆਂ ਚੋਣਾਂ ਵਿੱਚ ਕਈ ਵੱਡੇ ਸਬਕ ਮਿਲੇ ਹਨ, ਜਿਨ੍ਹਾਂ ਵਿੱਚ ਕਈ ਲੋਕਾਂ ਨੇ 2024 ਦੀ ਜੁਲਾਈ ਕ੍ਰਾਂਤੀ ਤੋਂ ਬਾਅਦ ਇਨ੍ਹਾਂ ਚੋਣਾਂ ਨੂੰ ਇਤਿਹਾਸਕ ਕਿਹਾ ਹੈ, ਜਿਸ ਕਾਰਨ 5 ਅਗਸਤ 2024 ਨੂੰ ਸ਼ੇਖ਼ ਹਸੀਨਾ ਦੀ ਸਰਕਾਰ ਚਲੀ ਗਈ ਸੀ। ਉਨ੍ਹਾਂ ਵਿਰੁੱਧ ਅੰਦੋਲਨ ਮੁੱਖ ਤੌਰ ’ਤੇ ਵਿਦਿਆਰਥੀਆਂ ਵੱਲੋਂ ਚਲਾਇਆ ਗਿਆ ਸੀ। ਵਿਦਿਆਰਥੀਆਂ ਦੇ ਸਮੂਹ ਨੇ ਆਪਣੀ ਨੈਸ਼ਨਲ ਸਿਟੀਜ਼ਨਜ਼ ਪਾਰਟੀ (ਐਨ.ਸੀ.ਪੀ.) ਬਣਾਈ ਤੇ ਜਮਾਤ-ਏ-ਇਸਲਾਮੀ ਨਾਲ ਗੱਠਜੋੜ ਵਿੱਚ ਚੋਣ ਲੜੀ। ਸਿਰਫ਼ ਦੋ ਵੱਡੇ ਗੱਠਜੋੜ ਸਨ। ਬੇਸ਼ਕ ਇਹ ਯਾਦ ਰੱਖਣਾ ਹੋਵੇਗਾ ਕਿ 1972 ਤੋਂ ਵਧੇਰੇ ਸਾਲਾਂ ਤੱਕ ਸੱਤਾਧਾਰੀ ਪਾਰਟੀ ਰਹੀ ਅਵਾਮੀ ਲੀਗ ਨੂੰ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ।
ਹੁਣ ਦੀਆਂ ਚੋਣਾਂ ਦੀਆਂ ਜੇ ਵੱਡੀਆਂ ਗੱਲਾਂ ’ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਹ ਚੋਣਾਂ ਕਾਫੀ ਹੱਦ ਤੱਕ ਸੁਤੰਤਰ ਤੇ ਨਿਰਪੱਖ ਹੋਈਆਂ ਹਨ। ਮਤਦਾਨ 60 ਫ਼ੀਸਦੀ ਨੂੰ ਪਾਰ ਕਰ ਗਿਆ ਸੀ ਤੇ ਵੋਟਰਾਂ ’ਚ ਕਿਸੇ ਤਿਉਹਾਰ ਵਾਂਗ ਉਤਸ਼ਾਹ ਜਾਪ ਰਿਹਾ ਸੀ। ਯੂਰਪੀਅਨ ਸਮੀਖਿਅਕ ਖ਼ੁਸ਼ ਸਨ ਕਿ ਚੋਣਾਂ ਬਿਨਾਂ ਕਿਸੇ ਭੇਦਭਾਵ ਤੋਂ ਹੋਈਆਂ ਹਨ। ਚੋਣ ਮੁਹਿੰਮਾਂ ਦੌਰਾਨ ਦੋ ਵਿਰੋਧੀ ਗੁੱਟਾਂ ’ਚ ਤਣਾਅ ਭਰੀ ਦੁਸ਼ਮਣੀ ਹੋਣ ਦੇ ਬਾਵਜੂਦ ਕੁਝ ਸੀਮਤ ਝਗੜੇ ਹੋਏ। ਵੋਟਰਾਂ ਦੀ ਗਿਣਤੀ 12 ਕਰੋੜ ਤੋਂ ਵਧੇਰੇ ਸੀ। ਲੋਕਤੰਤਰਿਕ ਮਾਹੌਲ ਵਿੱਚ ਚੋਣਾਂ ਕਰਵਾਉਣੀਆਂ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੀ ਵੱਡੀ ਕਾਮਯਾਬੀ ਕਹੀ ਜਾ ਸਕਦੀ ਹੈ।
ਦੂਜਾ, ਬੀ.ਐਨ.ਪੀ. ਆਪਣੇ ਨਰਮ ਰਵੱਈਏ ਤੇ ਸਥਿਰ ਸਰਕਾਰ ਦੇਣ ਦੇ ਨਾਅਰੇ ਨਾਲ ਲੋਕਾਂ ਦਾ ਸਮਰਥਨ ਹਾਸਿਲ ਕਰਨ ਵਿੱਚ ਕਾਮਯਾਬ ਰਹੀ। ਲੋਕ ਲਗਾਤਾਰ ਉਥਲ-ਪੁਥਲ ਤੋਂ ਤੰਗ ਆ ਚੁੱਕੇ ਸਨ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਅਸਰ ਪੈ ਰਿਹਾ ਸੀ। ਉਹ ਸਮਝਦਾਰ ਨੇਤਾ ਦੀ ਭਾਲ ’ਚ ਸਨ, ਜੋ ਸੱਚਮੁੱਚ ਦੇਸ਼ ਦੇ ਦੇਸ਼ਵਾਸੀਆਂ ਦੀ ਪ੍ਰਵਾਹ ਕਰੇ। ਬੀ.ਐਨ.ਪੀ. ਦੇ ਮੌਜੂਦਾ ਪ੍ਰਮੁੱਖ ਤੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ੀਆ ਦੇ ਬੇਟੇ ਤਾਰਿਕ ਰਹਿਮਾਨ ਨੇ ਹੁਣ ਤੱਕ ਸਮਝਦਾਰੀ ਦਿਖਾਈ ਹੈ। ਜਬਰਦਸਤ ਜਿੱਤ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕੋਈ ਜੇਤੂ ਜਲੂਸ ਨਾ ਕੱਢਣ ਦੀ ਅਪੀਲ ਕੀਤੀ। ਜਮਾਤ ਸਮਰਥਕਾਂ ਨਾਲ ਟਕਰਾਅ ਤੋਂ ਬਚਣ ਲਈ ਇਹ ਇਕ ਚੰਗਾ ਕਦਮ ਹੈ, ਜੋ ਵੋਟਾਂ ਵਿੱਚ ਗੜਬੜੀ ਦੇ ਦੋਸ਼ ਲਾ ਰਹੇ ਹਨ।
ਤੀਜਾ, ਜਮਾਤ ਬੰਗਲਾਦੇਸ਼ ਦੀ ਰਾਜਨੀਤੀ ’ਚ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਸ ਦੀ ਮੌਜੂਦਾ ਤਾਕਤ ਹੁਣ ਬੀ.ਐਨ.ਪੀ. ਦੀ ਸਰਕਾਰ ਬਣਨ ਤੋਂ ਬਾਅਦ ਉਸ ਨੂੰ ਸੰਸਦ ਵਿਚ ਚੁਣੌਤੀ ਦੇਣ ਲਈ ਕਾਫ਼ੀ ਹੈ। ਜਮਾਤ ਤੋਂ ਖ਼ਦਸ਼ਾ ਹੈ ਕਿ ਉਹ ਆਪਣਾ ਆਧਾਰ ਬਣਾਈ ਰੱਖਣ ਲਈ ਵਿਰੋਧੀ ਪਾਰਟੀ ਦੇ ਤੌਰ ’ਤੇ ਭਾਰਤ ਵਿਰੋਧੀ ਰੁਖ਼ ਵੱਧ ਅਪਣਾਏਗੀ। ਇਸ ਦਾ ਮਤਲਬ ਹੈ ਕਿ ਬੀ.ਐਨ.ਪੀ. ਦੀ ਲੀਡਰਸ਼ਿਪ ਭਾਰਤ ਨਾਲ ਸਮਝੌਤਾ ਕਰਨ ਵਿੱਚ ਚੰਗਾ ਰਵੱਈਆ ਅਪਣਾਉਣ ਦੇ ਰਾਹ ਵਿੱਚ ਰੁਕਾਵਟ ਮਹਿਸੂਸ ਕਰੇਗੀ। ਭਾਰਤ ਸਰਕਾਰ ਨਾਲ ਇਸ ਦੀ ਗੱਲਬਾਤ ’ਤੇ ਜਮਾਤ ਦੀ ਹਮੇਸ਼ਾ ਤਿੱਖੀ ਨਜ਼ਰ ਰਹੇਗੀ।
ਚੌਥਾ, ਜੁਲਾਈ ਕ੍ਰਾਂਤੀ ਤੋਂ ਬਾਅਦ ਬੰਗਲਾਦੇਸ਼ ਦੀ ਰਾਜਨੀਤੀ ਨੇ ਵੱਡੀਆਂ ਉਮੀਦਾਂ ਜਗਾਈਆਂ ਸਨ, ਕਿ ਬਰਾਬਰੀ ਤੇ ਇੱਜ਼ਤ ਵਾਲਾ ਇਕ ਨਵਾਂ ਬੰਗਲਾਦੇਸ਼ ਬਣੇਗਾ। ਉਹ ਉਮੀਦਾਂ ਟੁੱਟ ਗਈਆਂ ਹਨ। ਐਨ.ਸੀ.ਪੀ., ਜੋ ਜਮਾਤ ਦੇ ਨਾਲ ਮਿਲ ਕੇ 30 ਸੀਟਾਂ ’ਤੇ ਚੋਣ ਲੜੀ ਸੀ, ਨੂੰ ਵੋਟਰਾਂ ਨੇ ਸਵੀਕਾਰ ਨਹੀਂ ਕੀਤਾ, ਉਸ ਨੂੰ ਸਿਰਫ਼ 6 ਸੀਟਾਂ ਮਿਲੀਆਂ ਹਨ। ਬੰਗਲਾਦੇਸ਼ ਦੀ ਰਾਜਨੀਤੀ ਪੁਰਾਣੇ ਤੌਰ-ਤਰੀਕੇ ਦੋ-ਪਾਰਟੀ ਪ੍ਰਣਾਲੀ ’ਤੇ ਵਾਪਸ ਆ ਗਈ ਹੈ, ਫਰਕ ਸਿਰਫ਼ ਇੰਨਾ ਹੈ ਕਿ ਅਵਾਮੀ ਲੀਗ ਹੁਣ ਇਸ ਖੇਡ ’ਚ ਨਹੀਂ ਹੈ। ਭਾਰਤ ਲਈ ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਸੁਧਾਰਨ ਦਾ ਸਭ ਤੋਂ ਚੰਗਾ ਮੌਕਾ ਹੈ। ਅਗਸਤ 2024 ਵਿੱਚ ਅਵਾਮੀ ਲੀਗ ਸਰਕਾਰ ਦੇ ਹਟਣ ਤੋਂ ਬਾਅਦ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਬਣਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਪਟੜੀ ਤੋਂ ਉਤਰ ਗਏ ਸਨ। ਭਾਰਤੀ ਨੀਤੀ ਬਣਾਉਣ ਵਾਲਿਆਂ ਨੇ ਪਿਛਲੇ 18 ਮਹੀਨਿਆਂ ਵਿੱਚ ਬੰਗਲਾਦੇਸ਼ ਨਾਲ ਆਪਣੇ ਸੰਬੰਧਾਂ ’ਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹਨ। ਸਭ ਤੋਂ ਨਵੀਂ ਗਲਤੀ ਭਾਜਪਾ ਦੇ ਕਹਿਣ ’ਤੇ ਬੀ.ਸੀ.ਸੀ.ਆਈ. ਵੱਲੋਂ ਬੰਗਲਾਦੇਸ਼ੀ ਕ੍ਰਿਕਟਰ ਮੁਸਤਫ਼ਿਜ਼ੁਰ ਰਹਿਮਾਨ ਨੂੰ ਆਈ.ਪੀ.ਐੱਲ. ’ਚ ਖੇਡਣ ਤੋਂ ਰੋਕਣ ਦਾ ਫ਼ੈਸਲਾ ਸੀ। ਉਦੋਂ ਤੱਕ ਭਾਰਤ ਵਿਰੋਧੀ ਭਾਵਨਾਵਾਂ ਘੱਟ ਸਨ। ਚੋਣ ਮੁਹਿੰਮ ਚੱਲ ਰਹੀ ਸੀ। ਭਾਰਤ ਇਸ ਗ਼ਲਤੀ ਤੋਂ ਬਚ ਸਕਦਾ ਸੀ, ਪਰ ਇਸ ਗਲਤੀ ਕਾਰਨ ਬੰਗਲਾਦੇਸ਼ ਵਿਚ ਭਾਰਤ ਖ਼ਿਲਾਫ਼ ਮਾਹੌਲ ਹੋਰ ਗਰਮਾਅ ਗਿਆ, ਜਿਸ ਵਿਚ ਸਾਰੀਆਂ ਰਾਜਨੀਤਿਕ ਪਾਰਟੀਆਂ ਸ਼ਾਮਿਲ ਸਨ।
ਇਹ ਇਕ ਤਰ੍ਹਾਂ ਦਾ ਛੋਟੀ ਸੋਚ ਵਾਲਾ ਫ਼ੈਸਲਾ ਸੀ, ਜਿਸ ਤੋਂ ਭਾਰਤ ਨੂੰ ਬਚਣਾ ਚਾਹੀਦਾ ਸੀ। ਹੁਣ ਭਾਰਤ ਦੀ ਮੋਦੀ ਸਰਕਾਰ ਨੂੰ ਬਹੁਤ ਨਰਮ ਤਰੀਕੇ ਨਾਲ ਉਸ ਮਾਹੌਲ ਨੂੰ ਠੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਤਾਰਿਕ ਰਹਿਮਾਨ ਨੂੰ ਵੀ ਹੌਲੀ-ਹੌਲੀ ਅੱਗੇ ਵਧਣਾ ਹੋਵੇਗਾ। ਬੰਗਲਾਦੇਸ਼ ਲਾਜ਼ਮੀ ਤੌਰ ’ਤੇ ਸ਼ੇਖ਼ ਹਸੀਨਾ ਦੇ ਭਾਰਤੀ ਧਰਤੀ ਤੋਂ ਢਾਕਾ ਵਾਪਸ ਭੇਜਣ ਦਾ ਮੁੱਦਾ ਉਠਾਏਗਾ। ਜਮਾਤ ਨਵੇਂ ਬੀ.ਐਨ.ਪੀ. ਪ੍ਰਧਾਨ ਮੰਤਰੀ ਨੂੰ ਸ਼ਰਮਿੰਦਾ ਕਰਨ ਲਈ ਆਪਣਾ ਪੂਰਾ ਜ਼ੋਰ ਇਸੇ ’ਤੇ ਕੇਂਦਰਿਤ ਕਰੇਗੀ। ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਪੁਰਾਣੇ ਦੋਸਤ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਛੱਡੇ ਬਿਨਾਂ ਇਸ ਮੁੱਦੇ ਨਾਲ ਨਜਿੱਠਣ ਦੇ ਤਰੀਕੇ ਲੱਭਣੇ ਹੋਣਗੇ। ਸ੍ਰੀ ਮੋਦੀ ਨੇ ਬੀ.ਐਨ.ਪੀ. ਦੀ ਸ਼ਾਨਦਾਰ ਜਿੱਤ ’ਤੇ ਤਾਰਿਕ ਰਹਿਮਾਨ ਨੂੰ ਵਧਾਈ ਦੇਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣ ਕੇ ਅਤੇ ਇੱਕ ਲੋਕਤੰਤਰਿਕ ਬੰਗਲਾਦੇਸ਼ ਬਣਾਉਣ ਲਈ ਉਸ ਦੀ ਸਰਕਾਰ ਨਾਲ ਸਹਿਯੋਗ ਕਰਨ ਦੀ ਇੱਛਾ ਜਤਾਅ ਕੇ ਚੰਗਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਨਵੀਂ ਬੀ.ਐਨ.ਪੀ. ਸਰਕਾਰ ਦੀ ਮਦਦ ਲਈ ਠੋਸ ਕਦਮ ਚੁੱਕਣੇ ਪੈਣਗੇ।

Loading