ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਇਸ ਲਈ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ ਪਰ ਜੇ ਅੱਜ ਦੇ ਬੱਚਿਆਂ ਵੱਲ ਵੇਖਿਆ ਜਾਵੇ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਬੱਚੇ ਹੁਣ ਕੰਪਿਊਟਰ ਤੇ ਮੋਬਾਇਲ ’ਤੇ ਜਿਆਦਾ ਨਿਰਭਰ ਹੋ ਗਏ ਹਨ, ਉਹ ਹੁਣ ਆਪਣੇ ਦਿਮਾਗ ਤੋਂ ਕੰਮ ਲੈਣ ਦੀ ਥਾਂ ਕੈਲੂਕਟਰ ਅਤੇ ਮੋਬਾਇਲ ਦੀ ਵਰਤੋ ਵਧੇਰੇ ਕਰਦੇ ਹਨ।
ਵੱਡੀ ਗਿਣਤੀ ਬੱਚੇ ਅਜੇ ਵੀ ਘਰਾਂ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਦਾ ਦਿਨ ਸਵੇਰੇ ਸਕੂਲ ਜਾਣ ਤੇ ਦੁਪਹਿਰੇ ਵਾਪਸ ਘਰ ਆਉਣ ਤਕ ਸੀਮਿਤ ਹੁੰਦਾ ਜਾ ਰਿਹਾ ਹੈ। ਵੱਡੀ ਗਿਣਤੀ ਮਾਪੇ ਆਪਣੇ ਬੱਚਿਆਂ ਨੂੰ ਲਗਾਤਾਰ ਪੜ੍ਹਾਈ ਕਰਨ ਲਈ ਦਬਾਓ ਪਾਉਂਦੇ ਹਨ, ਜਿਸ ਦਾ ਕਈ ਵਾਰ ਬੱਚੇ ਤੇ ਗਲਤ ਅਸਰ ਵੀ ਹੁੰਦਾ ਹੈ ਅਤੇ ਪੜ੍ਹਾਈ ਵਿੱਚ ਉਹਨਾਂ ਦਾ ਧਿਆਨ ਨਹੀਂ ਲੱਗਦਾ। ਅਜਿਹੇ ਸਮੇਂ ਵਿੱਚ ਕਈ ਵਾਰ ਬੱਚਿਆਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ।
ਮਾਪੇ ਸੋਚਦੇ ਹਨ ਕਿ ਜੇ ਬਚਪਣ ਵਿੱਚ ਬੱਚਿਆਂ ਨੂੰ ਸਹੀ ਤਰੀਕੇ ਨਾਲ ਪੜਾਇਆ ਜਾਵੇ ਤਾਂ ਬੱਚਾ ਵੱਡਾ ਹੋ ਕੇ ਚੰਗਾ ਇਨਸਾਨ ਬਣਨ ਦੇ ਨਾਲ ਚੰਗੇ ਰੁਜ਼ਗਾਰ ’ਤੇ ਲਗ ਜਾਵੇਗਾ। ਇਸ ਤਰ੍ਹਾਂ ਬੱਚੇ ਦੀ ਜਿੰਦਗੀ ਬਣ ਜਾਵੇਗੀ ਪਰ ਮਾਪੇ ਭੁੱਲ ਜਾਂਦੇ ਹਨ ਕਿ ਬੱਚਿਆਂ ੳੱੁਪਰ ਕਦੇ ਵੀ ਮਾਪਿਆਂ ਨੂੰ ਆਪਣੇ ਫੈਸਲੇ ਥੋਪੇ ਨਹੀਂ ਜਾਣੇ ਚਾਹੀਦੇ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਰੁਚੀ ਅਨੁਸਾਰ ਉਹਨਾਂ ਦੀ ਪੜ੍ਹਾਈ ਕਰਵਾਉਣ। ਇਹ ਠੀਕ ਹੈ ਕਿ ਬੱਚਿਆਂ ਨੂੰ ਅਕਸਰ ਆਪਣੇ ਭਲੇ ਬੁਰੇ ਦੀ ਪਹਿਚਾਣ ਨਹੀਂ ਹੁੰਦੀ, ਇਸ ਲਈ ਮਾਪੇ ਸਹੀ ਤਰੀਕੇ ਨਾਲ ਬੱਚਿਆਂ ਦਾ ਮਾਰਗ ਦਰਸ਼ਨ ਕਰ ਸਕਦੇ ਹਨ।
ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਯੋਗਤਾਵਾਂ ਦੀ ਪਰਖ ਕਰਨ ਅਤੇ ਬੱਚਿਆਂ ਦੀਆਂ ਯੋਗਤਾਵਾਂ ਨੂੰ ਦਬਾਉਣ ਦੀ ਥਾਂ ਉਹਨਾਂ ਨੂੰ ਉਤਸ਼ਾਹਿਤ ਕਰਨ। ਜੇ ਕਿਸੇ ਬੱਚੇ ਦੀ ਪੇਟਿੰਗ ਵਿੱਚ ਰੁਚੀ ਹੈ ਤਾਂ ਉਸ ਨੂੰ ਪੇਟਿੰਗ ਦੀ ਟ੍ਰÇੇਨੰਗ ਦਿਵਾਈ ਜਾਣੀ ਚਾਹੀਦੀ ਹੈ। ਇਸੇ ਤਰਾਂ ਜੇ ਕਿਸੇ ਬੱਚੇ ਦੀ ਕਿਸੇ ਖੇਡ ਵਿੱਚ ਰੁਚੀ ਹੈ ਤਾਂ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਉਸ ਖੇਡ ਵਿੱਚ ਮੁਹਾਰਤ ਦਿਵਾਉਣ।
ਕਈ ਮਾਪੇ ਸੋਚਦੇ ਹਨ ਕਿ ਖੇਡਾਂ ਵਿੱਚ ਹਿੱਸਾ ਲੈਣਾ ਵਿਹਲੇ ਬੱਚਿਆਂ ਦਾ ਕੰਮ ਹੈ ਅਤੇ ਖੇਡਾਂ ਵਿੱਚ ਹਿਸਾ ਲੈਣ ਕਰਕੇ ਬੱਚਾ ਪੜ੍ਹਾਈ ਵਿੱਚ ਪਿਛੜ ਸਕਦਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਨ। ਸਾਰਾ ਦਿਨ ਖੇਡਾਂ ਵਿੱਚ ਬਤੀਤ ਕਰਨਾਂ ਵੀ ਬੱਚਿਆਂ ਲਈ ਠੀਕ ਨਹੀਂ ਹੈ, ਪਰ ਬੱਚਿਆਂ ਨੂੰ ਖੇਡਣ ਲਈ ਕੁਝ ਸਮਾਂ ਜਰੂਰ ਦੇਣਾਂ ਚਾਹੀਦਾ ਹੈ। ਇਸ ਲਈ ਇਕ ਟਾਇਮ ਟੇਬਲ ਬਣਾ ਲੈਣਾ ਚਾਹੀਦਾ ਹੈ ਅਤੇ ਖ ੇਡਾਂ ਦੇ ਸਮੇਂ ਬੱਚੇ ਦਾ ਧਿਆਨ ਸਿਰਫ਼ ਖੇਡਾਂ ਵੱਲ ਹੋਣਾਂ ਚਾਹੀਦਾ ਹੈ। ਖੇਡਾਂ ਵਿਚ ਹਿਸਾ ਲੈਣ ਵਾਲੇ ਬੱਚੇ ਤੰਦਰੁਸਤ ਰਹਿੰਦੇ ਹਨ ਅਤੇ ਉਹ ਬਿਮਾਰ ਘੱਟ ਹੁੰਦੇ ਹਨ। ਇਸਦੇ ਨਾਲ ਹੀ ਉਹਨਾਂ ਦਾ ਸਰੀਰਕ ਵਿਕਾਸ ਵੀ ਸਹੀ ਤਰੀਕਿਆਂ ਨਾਲ ਹੁੰਦਾ ਹੈ। ਖੇਡਾਂ ਵਿੱਚ ਹਿਸਾ ਲੈਣ ਵਾਲੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਕੁਝ ਸਮਾਂ ਖੇਡਣ ਲਈ ਵੀ ਦੇਣਾਂ ਚਾਹੀਦਾ ਹੈ।
ਬੱਚਿਆਂ ਦੀ ਪੜ੍ਹਾਈ ਲਈ ਘਰ ਦਾ ਵਾਤਾਵਰਣ ਸ਼ਾਂਤੀ ਭਰਿਆ ਹੋਣਾ ਚਾਹੀਦਾ ਹੈ ਕਿਉਂਕਿ ਜੇ ਘਰਾਂ ਵਿੱਚ ਕਲੇਸ਼ ਹੋਵੇਗਾ ਤਾਂ ਇਸ ਦਾ ਅਸਰ ਬੱਚਿਆਂ ਦੀ ਪੜ੍ਹਾਈ ’ਤੇ ਵੀ ਪਵੇਗਾ। ਇਸ ਲਈ ਬੱਚਿਆਂ ਨੂੰ
ਪੜ੍ਹਾਈ ਵਿੱਚ ਜਿਆਦਾ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਦੀ ਕਾਪੀਆਂ, ਕਿਤਾਬਾਂ ਅਤੇ ਯੂਨੀਫਾਰਮ ਦੀ ਮਹਿੰਗਾਈ ਦਾ ਰੋਣਾਂ ਬੱਚਿਆਂ ਸਾਹਮਣ ਨਹੀਂ ਰੋਣਾਂ ਚਾਹੀਦਾ ਕਿਉਂਕਿ ਇਸਦਾ ਬੱਚਿਆਂ ਉਪਰ ਨਾਂਹ ਪੱਖੀ ਪ੍ਰਭਾਵ ਪੈਂਦਾ ਹੈ।
ਅਕਸਰ ਬੱਚੇ ਅਨਭੋਲ ਹੁੰਦੇ ਹਨ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਹੀ ਗਲਤ ਦੀ ਵੀ ਜਾਣਕਾਰੀ ਦੇਣ। ਕਈ ਵਾਰ ਵੇਖਿਆ ਜਾਂਦਾ ਹੈ ਕਿ ਅਨੇਕਾਂ ਗੁਪਤ ਦੁਸ਼ਮਣ ਜਾਂ ਸਮਾਜ ਵਿਰੋਧੀ ਅਨਸਰ ਬੱਚਿਆਂ ਨਾਲ ਪਹਿਲਾਂ ਮਿੱਠੀਆਂ ਗੱਲ੍ਹਾਂ ਕਰਕੇ ਦੋਸਤੀ ਕਰਦੇ ਹਨ ਤੇ ਬੱਚਿਆਂ ਦਾ ਭਰੋਸਾ ਜਿੱਤਦੇ ਹਨ , ਫਿਰ ਬੱਚੇ ਨਾਲ ਗਲਤ ਹਰਕਤਾਂ ਕਰਦੇ ਹਨ। ਇਸ ਲਈ ਹਰ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਨਿਗਰਾਨੀ ਜਰੂਰ ਕਰਨ। ਜੇ ਬੱਚੇ ਦੇ ਵਿਵਹਾਰ ਵਿੱਚ ਬਦਲਾਓ ਆਉਂਦਾ ਹੈ ਤਾਂ ਬੱਚੇ ਨਾਲ ਪਿਆਰ ਨਾਲ ਗਲਬਾਤ ਕਰਕੇ ਅਸਲੀਅਤ ਦਾ ਪਤਾ ਲਗਾਉਣਾ ਚਾਹੀਦਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣ। ਜਦੋਂ ਬੱਚਾ ਕੋਈ ਗਲਤੀ ਕਰਦਾ ਹੈ, ਤਾਂ ਉਸ ਨੂੰ ਝਿੜਕਣ ਦੇ ਨਾਲ ਪਿਆਰ ਨਾਲ ਵੀ ਸਮਝਾਉਣਾ ਚਾਹੀਦਾ ਹੈ।
ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਤੇ ਉਨਾਂ ਦੀਆਂ ਜਰੂਰਤਾਂ ਅਤੇ ਲੋੜਾਂ ਦਾ ਵਿਸ਼ੇਸ਼ ਧਿਆਨ ਰਖਣਾ ਚਾਹੀਦਾ ਹੈ। ਬੱਚੇ ਅਨਭੋਲ ਹੁੰਦੇ ਹਨ, ਇਸ ਕਰਕੇ ਉਹਨਾਂ ਸਾਹਮਣੇ ਕਿਸੇ ਰਿਸ਼ਤੇਦਾਰ ਜਾਂ ਗੁਆਂਢ ਬਾਰੇ ਮੰਦੀ ਚੰਗੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਬੱਚੇ ਕਈ ਵਾਰ ਭੋਲੇਪਣ ਵਿੱਚ ਉਹੀ ਗੱਲ ਰਿਸ਼ਤੇਦਾਰ ਜਾਂ ਗੁਆਂਢੀ ਸਾਹਮਣੇ ਕਰ ਸਕਦੇ ਹਨ।
ਵੇਖਣ ਵਿੱਚ ਆਇਆ ਹੈ ਕਿ ਪੜ੍ਹਾਈ ਦੇ ਬੋਝ ਕਾਰਨ ਅਕਸਰ ਬਚੇ ਤਨਾਓ ਵਿੱਚ ਆ ਜਾਂਦੇ ਹਨ। ਇਸ ਲਈ ਬੱਚਿਆਂ ਨੂੰ ਸਹੀ ਸਮੇਂ ’ਤੇ ਸਮਝਾਉਣਾ ਚਾਹੀਦਾ ਹੈ। ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਜਰੂਰ ਕਰਵਾਉਣਾ ਚਾਹੀਦਾ ਹੈ ਕਿ ਪੜ੍ਹਾਈ ਬੱਚਿਆਂ ਲਈ ਬਹੁਤ ਜਰੂਰੀ ਹੈ। ਇਸਦੇ ਨਾਲ ਹੀ ਬੱਚਿਆਂ ਨੂੰ ਇਹ ਵੀ ਸਮਝਾਉਣਾ ਚਾਹੀਦਾ ਹੈ ਕਿ ਜੇ ਉਹ ਬਚਪਣ ਵਿੱਚ ਮਿਹਨਤ ਕਰਨਗੇ ਤਾਂ ਵੱਡੇ ਹੋ ਕੇ ਆਰਾਮਮਈ ਜੀਵਨ ਬਤੀਤ ਕਰਨਗੇ ਜੇ ਬਚਪਣ ਵਿੱਚ ਉਹ ਪੜ੍ਹਾਈ ਵੱਲ ਧਿਆਨ ਨਹੀਂ ਦੇਣਗੇ ਤਾਂ ਫਿਰ ਜਵਾਨੀ ਅਤੇ ਬੁਢਾਪੇ ਵਿੱਚ ਉਹਨਾਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ।
ਬੱਚਿਆਂ ਨੂੰ ਜਿੰਦਗੀ ਵਿਚ ਸਫਲ ਹੋਏ ਲੋਕਾਂ ਦੀਆਂ ਕਹਾਣੀਆਂ ਦਸਣੀਆਂ ਚਾਹੀਦੀਆ ਹਨ ਤਾਂ ਕਿ ਬੱਚੇ ਉਹਨਾਂ ਤੋਂ ਸੇਧ ਲੈ ਕੇ ਆਪਣੀ ਜਿੰਦਗੀ ਨੂੰ ਸੰਵਾਰਨ। ਬੱਚਿਆਂ ਲਈ ਘਰ ਵਿੱਚ ਉਸਾਰੂ ਮਾਹੌਲ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਉਹਨਾਂ ਦੇ ਮਨੋਰੰਜਨ ਦਾ ਵੀ ਖਿਆਲ ਰਖਣਾ ਚਾਹੀਦਾ ਹੈ। ਬੱਚਿਆਂ ਨੂੰ ਬਚਪਣ ਵਿੱਚ ਹੀ ਸੈਰ ਅਤੇ ਕਸਰਤ ਕਰਨ ਦੀ ਆਦਤ ਪਾ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਸੈਰ ਅਤੇ ਕਸਰਤ ਦੇ ਲਾਭ ਵੀ ਦਸੇ ਜਾਣੇ ਚਾਹੀਦੇ ਹਨ।
ਬੱਚਿਆਂ ਨੂੰ ਕਦੇ ਵੀ ਇਕਲਿਆ ਨਹੀਂ ਛੱਡਣਾ ਚਾਹੀਦਾ ਪਰ ਅੱਜ ਕੱਲ ਮਾਤਾ ਪਿਤਾ ਦੋਵਾਂ ਦੇ ਨੌਕਰੀ ਪੇਸ਼ਾ ਜਾਂ ਦੁਕਾਨਦਾਰ ਜਾਂ ਹੋਰ ਕੰਮ ਕਾਜ ਕਰਦੇ ਹੋਣ ਕਾਰਨ ਬੱਚਿਆਂ ਨੂੰ ਕਈ ਵਾਰ ਇੱਕਲੇ ਛੱਡਣਾ ਮਜਬੂਰੀ ਹੁੰਦੀ ਹੈ। ਇਸ ਲਈ ਅਜਿਹਾ ਪ੍ਰਬੰਧ ਕੀਤਾ ਜਾਣਾ ਜਰੂਰੀ ਹੈ ਕਿ ਬੱਚਿਆਂ ਨੂੰ ਇੱਕਲਾ ਪਣ ਨਾ ਮਹਿਸੂਸ ਹੋਵੇ। ਬੱਚਿਆਂ ਦੀ ਹਰ ਸਹੂਲਤ ਦਾ ਖਿਆਲ ਰਖਣਾ ਚਾਹੀਦਾ ਹੈ। ਇਸਦੇ ਨਾਲ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਦੀ ਆਰਥਿਕ ਸਥਿਤੀ ਨੂੰ ਸਮਝਣਾ ਚਾਹੀਦਾ ਹੈ ਅਤੇ ਫਾਲਤੂ ਦੀਆਂ ਚੀਜਾਂ ਲੈਣ ਲਈ ਜਿੱਦ ਨਹੀਂ ਕਰਨੀ ਚਾਹੀਦੀ।
ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਗਲਤ ਦੀ ਜਾਣਕਾਰੀ ਜਰੂਰ ਦੇਣ ਤਾਂ ਕਿ ਬੱਚਿਆਂ ਨੂੰ ਆਪਣੇ ਭਲੇ ਅਤੇ ਬੁਰੇ ਬਾਰੇ ਵੀ ਜਾਣਕਾਰੀ ਹੋਵੇ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਾਪਿਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਹ ਬੱਚੇ ਦੇਸ਼ ਦਾ ਰੌਸ਼ਣ ਭਵਿੱਖ ਬਣ ਸਕਣ।