
ਨੈਤਿਕਤਾ ਦਾ ਭਾਵ ਮਨੁੱਖੀ ਕਿਰਦਾਰ ਤੋਂ ਹੈ, ਜੋ ਸਮਾਜ ’ਚ ਵਿਚਰਨ ਲਈ ਜ਼ਰੂਰੀ ਹੈ। ਨੈਤਿਕਤਾ ਦਾ ਸਿੱਧਾ ਸਬੰਧ ਸਾਡੇ ਮਨ ਤੇ ਆਤਮਾ ਨਾਲ ਹੈ, ਜੋ ਸਾਨੂੰ ਹਰ ਵੇਲੇ ਕੁਝ ਕਰਨ ਤੋਂ ਵਰਜਦੇ ਹਨ ਤੇ ਕੁਝ ਨਵਾਂ ਕਰਨ ਲਈ ਪ੍ਰੇਰਦੇ ਹਨ। ਚੰਗੀ ਸੰਗਤ, ਚੰਗਾ ਸਾਹਿਤ, ਚੰਗੀ ਸਿੱਖਿਆ, ਚੰਗੇ ਸੰਸਕਾਰ, ਸਿਆਣੇ ਮਾਪੇ, ਉੱਚੇ ਕਿਰਦਾਰ ਦੇ ਅਧਿਆਪਕ ਆਦਿ ਨੈਤਿਕਤਾ ਦਾ ਪੱਧਰ ਉੱਚਾ ਕਰਨ ’ਚ ਮਦਦ ਕਰਦੇ ਹਨ, ਇਨ੍ਹਾਂ ਦੀ ਘਾਟ ਹੀ ਨੈਤਿਕਤਾ ਦੀ ਘਾਟ ਹੈ।
ਨੈਤਿਕਤਾ ਉਹ ਹੈ, ਜਿਸ ਨਾਲ ਅਸੀਂ ਸਮਾਜ ਵਿੱਚ ਆਦਰ-ਮਾਣ, ਸਤਿਕਾਰ ਅਤੇ ਪਛਾਣ ਪ੍ਰਾਪਤ ਕਰਦੇ ਹਾਂ। ਇਸੇ ਤਰ੍ਹਾਂ ਸਕੂਲਾਂ ’ਚ ਗੁਰੂ ਜਾਂ ਅਧਿਆਪਕ ਸਿਰਫ਼ ਕਿਤਾਬੀ ਗਿਆਨ ਨਹੀਂ ਦਿੰਦੇ ਸਗੋਂ ਨੈਤਿਕਤਾ ਦਾ ਪਾਠ ਵੀ ਪੜ੍ਹਾਉਂਦੇ ਹਨ ਤੇ ਜਿਊਣ ਦਾ ਢੰਗ ਵੀ ਬੱਚਿਆਂ ਨੂੰ ਦੱਸਦੇ ਹਨ। ਅਸੀਂ ਦੂਜਿਆਂ ਨਾਲ ਆਦਰ-ਸਤਿਕਾਰ ਨਾਲ ਵਿਚਰੀਏ, ਦੂਜਿਆਂ ਪ੍ਰਤੀ ਹਮਦਰਦੀ ਰੱਖਣੀ ਚਾਹੀਦੀ ਹੈ। ਸਾਡੇ ਮਨ ’ਚ ਸਬਰ ਦਾ ਹੋਣਾ ਜ਼ਰੂਰੀ ਹੈ। ਨੈਤਿਕਤਾ ਸਾਨੂੰ ਬਚਪਨ ’ਚ ਹੀ ਛੋਟੇ ਹੁੰਦਿਆਂ ਤੋਂ ਪਰਿਵਾਰ ਵਿੱਚ ਸਿਖਾਈ ਜਾਂਦੀ ਹੈ। ਵੱਡੇ ਹੁੰਦਿਆਂ-ਹੁੰਦਿਆਂ ਸਾਨੂੰ ਸਮਝ ਆ ਜਾਂਦੀ ਹੈ ਕਿ ਕੀ ਗ਼ਲਤ ਤੇ ਕੀ ਸਹੀ ਹੈ। ਆਪਣੀ ਮਰਜ਼ੀ ਨਾਲ ਦੂਜਿਆਂ ਨੂੰ ਸਹਿਯੋਗ ਕਰਨਾ ਤੇ ਦੂਜਿਆਂ ਦੀ ਮਦਦ ਕਰਦੇ ਰਹਿਣਾ, ਖ਼ੁਦ ਨੂੰ ਪ੍ਰੇਰਿਤ ਕਰਦੇ ਰਹਿਣਾ, ਚੰਗੇ ਕੰਮਾਂ ਲਈ ਆਦਿ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸ਼ੁਰੂਆਤੀ ਬਚਪਨ ਦਾ ਸਮਾਂ ਬੱਚੇ ਦੇ ਚਰਿੱਤਰ ਨਿਰਮਾਣ ਅਤੇ ਨੈਤਿਕਤਾ ਨੂੰ ਸਿੱਖਣ ਦਾ ਸਹੀ ਵਕਤ ਹੁੰਦਾ ਹੈ। ਨੈਤਿਕਤਾ ਪਹਿਲੀ ਉਮਰ ’ਚ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ ਪਰ ਇਨਸਾਨ ਸਾਰੀ ਉਮਰ ਸਿੱਖਦਾ ਰਹਿੰਦਾ ਹੈ। ਬਚਪਨ ’ਚ ਦਿੱਤੀ ਸਿੱਖਿਆ ਸਾਰੀ ਉਮਰ ਨਾਲ ਰਹਿੰਦੀ ਤੇ ਕੰਮ ਆਉਂਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਬਚਪਨ ਤੋਂ ਹੀ ਬੱਚਿਆਂ ’ਚ ਨਿਮਰਤਾ, ਇਮਾਨਦਾਰੀ, ਆਦਰ-ਸਤਿਕਾਰ, ਸਨਮਾਨ ਆਦਿ ਸੰਸਕਾਰ ਦੇਣ।
ਮਨੁੱਖੀ ਸ਼ਖ਼ਸੀਅਤ ਲਈ ਜ਼ਰੂਰੀ
ਨੈਤਿਕ ਕਦਰਾਂ-ਕੀਮਤਾਂ ਦੀ ਸਾਰਿਆਂ ਨੂੰ ਬਹੁਤ ਜ਼ਰੂਰਤ ਹੈ ਭਾਵੇਂ ਉਹ ਬੱਚਾ ਹੋਵੇ, ਜਵਾਨ ਜਾਂ ਬਜ਼ੁਰਗ ਹੋਵੇ। ਇਨ੍ਹਾਂ ਦਾ ਸੰਬੰਧ ਸਾਡੇ ਆਚਰਨ ਤੇ ਵਿਵਹਾਰ ਨਾਲ ਹੁੰਦਾ ਹੈ। ਵਿੱਦਿਅਕ ਯੋਗਤਾ ਤੇ ਗਿਆਨ ਭਾਵੇਂ ਸਾਡੀ ਲਈ ਮਹੱਤਵਪੂਰਨ ਹਨ ਪਰ ਚੰਗਾ ਚਰਿੱਤਰ ਹੋਣਾ ਵੱਧ ਜ਼ਰੂਰੀ ਹੈ, ਜਿਸ ਨਾਲ ਸਾਡੀ ਸ਼ਖ਼ਸੀਅਤ ਬਣਦੀ ਹੈ। ਨੈਤਿਕ ਕਦਰਾਂ-ਕੀਮਤਾਂ ਸਾਡੇ ਸਮਾਜ ਲਈ ਅਹਿਮ ਰੋਲ ਅਦਾ ਕਰਦੀਆਂ ਹਨ। ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਇਨ੍ਹਾਂ ਅਨੁਸਾਰ ਜ਼ਿਆਦਾ ਚੱਲਦੀ ਹੈ, ਜੋ ਸਾਨੂੰ ਸਹੀ ਤੇ ਗ਼ਲਤ ਬਾਰੇ ਸਿਖਾਉਂਦੀਆਂ ਹਨ ਤੇ ਚੰਗਾ-ਮਾੜਾ ਦੱਸਦੀਆਂ ਹਨ। ਬੱਚੇ ਵਿਚ ਦਿਆਲਤਾ, ਨਿਮਰਤਾ, ਇਮਾਨਦਾਰੀ, ਸਮਾਨਤਾ, ਘਰ ਤੋਂ ਸਕੂਲ ਜਾਣ-ਆਉਣ ਵੇਲੇ ਵੱਡਿਆਂ ਦੇ ਪੈਰੀਂ ਹੱਥ ਲਾਉਣਾ ਅਤੇ ਉਨ੍ਹਾਂ ਨੂੰ ਜੱਫੀ ਪਾ ਕੇ ਮਿਲਣਾ ਆਦਿ ਵਰਗੇ ਸੰਸਕਾਰ ਸਿਖਾਉਣੇ ਚਾਹੀਦੇ ਹਨ।
ਸਮਾਜ ਨੂੰ ਦੇਖ ਕੇ ਬਹੁਤ ਕੁਝ ਸਿੱਖਦਾ ਬੱਚਾ
ਅੱਜ-ਕੱਲ੍ਹ ਨੈਤਿਕ ਕਦਰਾਂ-ਕੀਮਤਾਂ ਸਬੰਧੀ ਵੱਡੀ ਘਾਟ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਬੱਚਾ ਸਹੀ ਵਿਵਹਾਰ ਨਹੀਂ ਕਰਦਾ। ਇਸ ਲਈ ਪਰਿਵਾਰ, ਸਿੱਖਿਅਕ ਸੰਸਥਾਵਾਂ ਤੇ ਸਮਾਜ ਦਾ ਉਹ ਹਰ ਵਿਅਕਤੀ ਜ਼ਿੰਮੇਵਾਰ ਹੈ, ਜੋ ਆਪਣੀ ਜ਼ਿੰਦਗੀ ਦੇ ਤਜਰਬਿਆਂ, ਪਰਿਵਾਰ ਤੋਂ ਮਿਲੀ ਨੈਤਿਕ ਸਿੱਖਿਆ ਬੱਚਿਆਂ ਤੇ ਆਲੇ-ਦੁਆਲੇ ਪ੍ਰਦਾਨ ਨਹੀਂ ਕਰਦਾ। ਬੱਚਾ ਸਮਾਜ ਤੋਂ ਦੇਖ ਕੇ ਬਹੁਤ ਕੁਝ ਸਿੱਖਦਾ ਹੈ। ਅੱਜ ਦੇ ਸਮੇਂ ਵਿਚ ਬੱਚੇ ਖ਼ੁਦ ਵੀ ਮਾਪਿਆਂ, ਦਾਦਾ-ਦਾਦੀ ਤੇ ਆਪਣੇ ਵੱਡਿਆਂ ਕੋਲ ਨਹੀਂ ਬੈਠਦੇ ਸਗੋਂ ਮੋਬਾਈਲ ਫੋਨ, ਗੇਮਾਂ ਤੇ ਸੋਸ਼ਲ ਮੀਡੀਆ ਦੀ ਵੱਧ ਵਰਤੋਂ ਕਰਦੇ ਹਨ। ਇਸ ਕਾਰਨ ਬੱਚੇ ਨੈਤਿਕਤਾ ਤੋਂ ਬਹੁਤ ਦੂਰ ਜਾ ਰਹੇ ਹਨ। ਉਨ੍ਹਾਂ ਨੂੰ ਸਹੀ-ਗ਼ਲਤ ਦਾ ਗਿਆਨ ਨਹੀਂ ਹੁੰਦਾ। ਅਧਿਆਪਕਾਂ ਕੋਲ ਵੀ ਇੰਨਾ ਸਮਾਂ ਨਹੀਂ ਹੁੰਦਾ। ਦਿਨੋਂ-ਦਿਨ ਸਾਂਝੇ ਪਰਿਵਾਰ ਘਟਦੇ ਜਾ ਰਹੇ ਹਨ। ਆਧੁਨਿਕ ਤਕਨਾਲੋਜੀ, ਸੋਸ਼ਲ ਮੀਡੀਆ ਦਾ ਅਸਰ ਬਹੁਤ ਜ਼ਿਆਦਾ ਹੈ। ਸਮਾਜ ਵਿਚ ਸੇਵਾ ਭਾਵਨਾ, ਰਿਸ਼ਤਿਆਂ ਦੀ ਕਦਰ, ਮੋਹ-ਪਿਆਰ ਵਰਗੀਆਂ ਭਾਵਨਾਵਾਂ ਖ਼ਤਮ ਹੁੰਦੀਆਂ ਜਾਂਦੀਆਂ ਹਨ। ਬੱਚਿਆਂ ਨੂੰ ਵੀ ਕੋਈ ਵੀ ਨੈਤਿਕਤਾ ਬਾਰੇ ਗਿਆਨ ਦੇਣ ਦੀ ਜਾਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦਾ।
ਨੈਤਿਕ ਸਿੱਖਿਆ ਦਾ ਵਿਸ਼ਾ ਕੀਤਾ ਜਾਵੇ ਲਾਜ਼ਮੀ
ਸਕੂਲਾਂ-ਕਾਲਜਾਂ ਵਿੱਚ ਨੈਤਿਕ ਸਿੱਖਿਆ ’ਤੇ ਸੈਮੀਨਾਰ ਕਰਵਾਉਣੇ ਚਾਹੀਦੇ ਹਨ। ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਦਾ ਵਿਸ਼ਾ ਵੀ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਨੈਤਿਕ ਸਿੱਖਿਆ ਵਿਦਿਆਰਥੀ ਨੂੰ ਚੰਗੀ ਸ਼ਖ਼ਸੀਅਤ ਦਾ ਮਾਲਕ ਬਣਾਉਂਦੀ ਹੈ, ਉਸ ਨੂੰ ਜ਼ਿੰਮੇਵਾਰ ਬਣਾਉਂਦੀ ਹੈ। ਬੱਚਿਆਂ ਅੰਦਰ ਇਨ੍ਹਾਂ ਦਾ ਸੰਚਾਰ ਪਰਿਵਾਰ, ਅਧਿਆਪਕ ਤੇ ਸਮਾਜ ਨੇ ਕਰਨਾ ਹੁੰਦਾ ਹੈ। ਸਾਨੂੰ ਵੀ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ, ਦੂਜਿਆਂ ਨੂੰ ਸਹਿਯੋਗ ਦੇਣਾ, ਮਿਲ ਕੇ ਰਹਿਣਾ ਚਾਹੀਦਾ ਹੈ। ਪਰਿਵਾਰਕ ਰਿਸ਼ਤਿਆਂ ਤੇ ਦੂਜਿਆਂ ਦੀ ਸਿਹਤ ਦੀ ਸੰਭਾਲ ਰੱਖਣੀ ਚਾਹੀਦੀ ਹੈ। ਚੰਗੀ ਸਿੱਖਿਆ ਲੈਣੀ ਚਾਹੀਦੀ ਹੈ ਤੇ ਦੂਜਿਆਂ ਨੂੰ ਪ੍ਰਦਾਨ ਕਰਨੀ ਚਾਹੀਦੀ ਹੈ। ਸਾਨੂੰ ਦੂਜਿਆਂ ਨਾਲ ਵੀ ਆਦਰ-ਸਤਿਕਾਰ ਤੇ ਹੱਸ ਕੇ ਮਿਲਣਾ ਤੇ ਗੱਲਬਾਤ ਕਰਨੀ ਚਾਹੀਦੀ ਹੈ। ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨਾ ਵੀ ਸਾਡਾ ਮਹੱਤਵਪੂਰਨ ਫ਼ਰਜ਼ ਹੈ। ਸਾਡਾ ਆਪਸੀ ਵਿਵਹਾਰ ਹੀ ਸਾਡੀ ਨੈਤਿਕਤਾ ਤੇ ਅਨੈਤਿਕਤਾ ਬਾਰੇ ਦੱਸਦਾ ਹੈ।
- ਰਾਜਿੰਦਰ ਰਾਣੀ ਗੰਢੂਆਂ