ਬੱਚਿਆਂ ਨੂੰ ਦਿਓ ਵਾਤਾਵਰਣ ਦੀ ਸੰਭਾਲ ਕਰਨ ਦੀ ਸਿੱਖਿਆ

In ਪੰਜਾਬ
March 26, 2026

ਸਵੱਛਤਾ ਤੇ ਸਫ਼ਾਈ ਕਿਸੇ ਵੀ ਸਮਾਜ ਦੀ ਤਰੱਕੀ, ਸਿਹਤ ਤੇ ਸੁਚੱਜੇ ਜੀਵਨ ਦੀ ਮਜ਼ਬੂਤ ਨੀਂਹ ਹੁੰਦੀ ਹੈ। ਮਨੁੱਖੀ ਜੀਵਨ ਦੀ ਗੁਣਵੱਤਾ ਸਿੱਧੀ ਤਰ੍ਹਾਂ ਉਸ ਦੇ ਆਲੇ-ਦੁਆਲੇ ਦੇ ਸਾਫ਼-ਸੁਥਰੇ ਮਾਹੌਲ ਨਾਲ ਜੁੜੀ ਹੋਈ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਸਵੱਛਤਾ ਅਭਿਆਨ ਤੇ ਸਫ਼ਾਈ ਮੁਹਿੰਮਾਂ ਨੂੰ ਕਾਮਯਾਬ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਫ਼ਾਈ ਪ੍ਰਤੀ ਜਾਗਰੂਕ ਕਰੀਏ। ਬੱਚੇ ਅੱਜ ਦੇ ਨਾਗਰਿਕ ਨਹੀਂ ਸਗੋਂ ਕੱਲ੍ਹ ਦੇ ਦੇਸ਼ ਦੇ ਨਿਰਮਾਤਾ ਹਨ। ਜੇ ਉਨ੍ਹਾਂ ਵਿੱਚ ਸਵੱਛਤਾ ਦੀ ਆਦਤ ਬਚਪਨ ’ਚ ਹੀ ਪੱਕੀ ਹੋ ਜਾਵੇ, ਤਾਂ ਭਵਿੱਖ ਵਿੱਚ ਸਾਫ਼, ਸਿਹਤਮੰਦ ਤੇ ਜਾਗਰੂਕ ਸਮਾਜ ਦੀ ਰਚਨਾ ਸੰਭਵ ਹੋ ਸਕਦੀ ਹੈ।
ਸਵੱਛਤਾ ਦਾ ਅਰਥ
ਸਵੱਛਤਾ ਦਾ ਅਰਥ ਹੈ ਸਰੀਰਕ, ਮਾਨਸਿਕ ਅਤੇ ਆਸ-ਪਾਸ ਦੇ ਮਾਹੌਲ ਦੀ ਪਵਿੱਤਰਤਾ। ਇਸ ’ਚ ਸਿਰਫ਼ ਕੂੜਾ ਨਾ ਸੁੱਟਣਾ ਹੀ ਨਹੀਂ ਸਗੋਂ ਆਪਣੇ ਘਰ, ਸਕੂਲ, ਗਲੀ, ਪਿੰਡ, ਸ਼ਹਿਰ ਤੇ ਦੇਸ਼ ਨੂੰ ਸਾਫ਼ ਰੱਖਣ ਦੀ ਭਾਵਨਾ ਸ਼ਾਮਿਲ ਹੈ। ਸਫ਼ਾਈ ਮੁਹਿੰਮ ਉਹ ਸੰਗਠਿਤ ਯਤਨ ਹੁੰਦਾ ਹੈ, ਜਿਸ ਰਾਹੀਂ ਲੋਕਾਂ ਨੂੰ ਸਫ਼ਾਈ ਦੀ ਮਹੱਤਤਾ ਸਮਝਾ ਕੇ ਉਨ੍ਹਾਂ ਨੂੰ ਇਸ ’ਚ ਭਾਗੀਦਾਰ ਬਣਾਇਆ ਜਾਂਦਾ ਹੈ। ‘ਸਵੱਛ ਭਾਰਤ ਅਭਿਆਨ’ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ, ਜਿਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਅੱਜ ਵੀ ਇਸ ਮੁਹਿੰਮ ਨੂੰ ਸਮੁੱਚੇ ਦੇਸ਼ ’ਚ ਵਿਸ਼ੇਸ਼ ਅਭਿਆਨ ਤਹਿਤ ਵੱਡੇ ਪੱਧਰ ’ਤੇ ਚਲਾਇਆ ਜਾਂਦਾ ਹੈ ਤਾਂ ਜੋ ਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਚੇਤੰਨ ਕੀਤਾ ਜਾ ਸਕੇ।
ਬੱਚੇ ਬਣਨ ਕੇਂਦਰ
ਸਵੱਛਤਾ ਅਭਿਆਨ ਦੀ ਅਸਲ ਸਫਲਤਾ ਉਦੋਂ ਹੀ ਸੰਭਵ ਹੈ, ਜਦੋਂ ਬੱਚੇ ਇਸ ਦਾ ਕੇਂਦਰ ਬਣਨ। ਬੱਚੇ ਜਲਦੀ ਸਿੱਖਦੇ ਹਨ, ਦੇਖ ਕੇ ਅਪਣਾਉਂਦੇ ਹਨ ਅਤੇ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਜੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਸਵੱਛਤਾ ਦੀ ਸਿੱਖਿਆ ਦਿੱਤੀ ਜਾਵੇ, ਤਾਂ ਉਹ ਆਪਣੇ ਮਾਪਿਆਂ, ਭੈਣ-ਭਰਾਵਾਂ ਤੇ ਸਮਾਜ ਨੂੰ ਵੀ ਸਹੀ ਦਿਸ਼ਾ ਵੱਲ ਪ੍ਰੇਰਿਤ ਕਰ ਸਕਦੇ ਹਨ।
ਜਾਗਰੂਕ ਕਰਨ ਦੀ ਲੋੜ
ਅੱਜ ਵੀ ਕਈ ਥਾਵਾਂ ’ਤੇ ਬੱਚੇ ਕੂੜਾ ਇੱਧਰ-ਉੱਧਰ ਸੁੱਟ ਦਿੰਦੇ ਹਨ, ਹੱਥ ਧੋਤੇ ਬਿਨਾਂ ਖਾਣਾ ਖਾ ਲੈਂਦੇ ਹਨ ਜਾਂ ਖੁੱਲ੍ਹੀ ਜਗ੍ਹਾ ’ਤੇ ਗੰਦਗੀ ਫੈਲਾਉਂਦੇ ਹਨ। ਇਹ ਸਾਰੀਆਂ ਆਦਤਾਂ ਅਗਿਆਨਤਾ ਦਾ ਨਤੀਜਾ ਹਨ। ਜੇ ਉਨ੍ਹਾਂ ਨੂੰ ਸਫ਼ਾਈ ਨਾਲ ਜੁੜੀਆਂ ਬੁਨਿਆਦੀ ਗੱਲਾਂ ਸਮਝਾਈਆਂ ਜਾਣ ਤਾਂ ਇਹ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਸਫ਼ਾਈ ਸਿਰਫ਼ ਨਿਯਮ ਨਹੀਂ ਸਗੋਂ ਜ਼ਿੰਮੇਵਾਰੀ ਹੈ। ਇਹ ਗੱਲ ਬੱਚਿਆਂ ਨੂੰ ਸਮਝਾਉਣੀ ਬਹੁਤ ਜ਼ਰੂਰੀ ਹੈ।
ਸਿਹਤ ਨਾਲ ਡੂੰਘਾ ਸਬੰਧ
ਸਫ਼ਾਈ ਦਾ ਸਿੱਧਾ ਸਬੰਧ ਮਨੁੱਖੀ ਸਿਹਤ ਨਾਲ ਹੁੰਦਾ ਹੈ। ਗੰਦਗੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਦਸਤ, ਟਾਈਫਾਇਡ, ਡੇਂਗੂ, ਮਲੇਰੀਆ ਆਦਿ ਫੈਲਦੀਆਂ ਹਨ। ਬੱਚੇ ਇਨ੍ਹਾਂ ਬਿਮਾਰੀਆਂ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਜੇ ਬੱਚਿਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਸਮੇਂ ਸਿਰ ਜਾਗਰੂਕ ਕੀਤਾ ਜਾਵੇ, ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਮਾਂ ਰਹਿੰਦਿਆਂ ਹੀ ਬਚਾਅ ਕੀਤਾ ਜਾ ਸਕਦਾ ਹੈ।
ਸਕੂਲਾਂ ਦੀ ਭੂਮਿਕਾ
ਸਕੂਲ ਸਿੱਖਿਆ ਨਾਲ ਜੁੜਿਆ ਪਲੇਟਫਾਰਮ ਹੈ। ਬੱਚਿਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਵਿੱਚ ਸਕੂਲਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਸਕੂਲ ਸਿਰਫ਼ ਪੜ੍ਹਾਈ ਦਾ ਕੇਂਦਰ ਨਹੀਂ ਸਗੋਂ ਚੰਗੀਆਂ ਆਦਤਾਂ ਵਿਕਸਿਤ ਕਰਨ ਦੀ ਥਾਂ ਵੀ ਹੈ। ਅੱਜ-ਕੱਲ੍ਹ ਦੇਸ਼ ਭਰ ਦੇ ਸਕੂਲਾਂ ਵਿੱਚ ਭਾਰਤ ਸਰਕਾਰ ਵੱਲੋਂ ‘ਮਿਡ-ਡੇ-ਮੀਲ’ ਸਕੀਮ ਤਹਿਤ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਦੀ ਸਫ਼ਾਈ ਬਹੁਤ ਲੋੜੀਂਦੀ ਹੈ। ਇਸ ਲਈ ਸਕੂਲ ਸੰਸਥਾ ਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਹੱਥ ਧੋਣ ਲਈ ਪ੍ਰੇਰਿਤ ਕਰਨ। ਇਸ ਨਾਲ ਇੱਕ ਤਾਂ ਬੱਚਿਆਂ ਦਾ ਜੀਵਨ ਸਿਹਤਮੰਦ ਬਣਿਆ ਰਹੇਗਾ ਅਤੇ ਦੂਜਾ ਉਹ ਸਫ਼ਾਈ ਪਸੰਦ ਰਹਿਣ ਦੀ ਆਦਤ ਨੂੰ ਅਪਣਾਉਣਗੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਸਵੱਛਤਾ ਅਭਿਆਨ ਨਾਲ ਸਬੰਧਿਤ ਹੋਰ ਗਤੀਵਿਧੀਆਂ, ਜਿਵੇਂ ਸਫ਼ਾਈ ਦਿਵਸ ਮਨਾਉਣਾ, ਪੋਸਟਰ ਬਣਾਉਣ ਦੇ ਮੁਕਾਬਲੇ, ਨਾਟਕ ਤੇ ਕਵਿਤਾਵਾਂ, ਸਫ਼ਾਈ ਮੁਹਿੰਮਾਂ ਵਿਚ ਭਾਗੀਦਾਰੀ ਆਦਿ ਕਰਵਾਈਆਂ ਜਾਣ, ਜੋ ਬੱਚਿਆਂ ’ਚ ਜਾਗਰੂਕਤਾ ਪੈਦਾ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਹਨ।
ਅਧਿਆਪਕਾਂ ਤੇ ਮਾਪਿਆਂ ਦੀ ਜ਼ਿੰਮੇਵਾਰੀ
ਬੱਚੇ ਜੋ ਕੁਝ ਵੇਖਦੇ ਹਨ, ਉਹੀ ਸਿੱਖਦੇ ਹਨ। ਜੇ ਅਧਿਆਪਕ ਅਤੇ ਮਾਪੇ ਆਪਣੇ-ਆਪ ਸਫ਼ਾਈ ਦਾ ਧਿਆਨ ਰੱਖਣ, ਤਾਂ ਬੱਚੇ ਆਪਣੇ ਆਪ ਇਸ ਨੂੰ ਅਪਣਾਉਣਗੇ। ਸਕੂਲ ਵਿੱਚ ਸਵੱਛਤਾ ਪੰਦਰਵਾੜਾ ਵਿਸ਼ੇਸ਼ ਪ੍ਰੋਗਰਾਮ ਤਹਿਤ ਮਨਾਇਆ ਜਾਂਦਾ ਹੈ। ਇਸ ਦੌਰਾਨ ਬੱਚਿਆਂ ਨੂੰ ਸਫ਼ਾਈ ਨਾਲ ਅਤੇ ਸਕੂਲ ਨਾਲ ਜੁੜੀਆਂ ਤਕਰੀਬਨ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਬੱਚੇ, ਅਧਿਆਪਕਾਂ ਦੀ ਅਗਵਾਈ ਨਾਲ ਹਰ ਕੰਪੋਨੈਂਟ ਵਿਚ ਹਿੱਸਾ ਲੈਂਦੇ ਹਨ ਅਤੇ ਜਾਣਕਾਰੀ ਹਾਸਿਲ ਕਰ ਕੇ ਆਪਣੀ ਸ਼ਮੂਲੀਅਤ ਦਰਜ ਕਰਵਾਉਂਦੇ ਹਨ। ਦੂਜਾ ਮਾਪਿਆਂ ਨੂੰ ਵੀ ਘਰ ਵਿੱਚ ਬੱਚਿਆਂ ਨੂੰ ਕੂੜਾ ਡਸਟਬਿਨ ’ਚ ਪਾਉਣ, ਹੱਥ ਧੋਣ ਅਤੇ ਆਲੇ-ਦੁਆਲਾ ਸਾਫ਼ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ।

ਸਵੱਛਤਾ ਅਭਿਆਨ ਬਨਾਮ ਸਫ਼ਾਈ ਮੁਹਿੰਮ

ਸਵੱਛਤਾ ਅਭਿਆਨ ਸਿਰਫ਼ ਸਰਕਾਰੀ ਯੋਜਨਾ ਨਹੀਂ ਸਗੋਂ ਇਹ ਸਮਾਜਿਕ ਅੰਦੋਲਨ ਹੈ। ਸਫ਼ਾਈ ਮੁਹਿੰਮਾਂ ਉਸ ਅਭਿਆਨ ਦਾ ਪ੍ਰਯੋਗਿਕ ਰੂਪ ਹੁੰਦੀਆਂ ਹਨ। ਦੋਵਾਂ ਦਾ ਮਕਸਦ ਇੱਕੋ ਹੀ ਹੈ ਸਾਫ਼ ਅਤੇ ਸੁਚੱਜਾ ਸਮਾਜ ਪਰ ਇਹ ਉਦੋਂ ਹੀ ਕਾਮਯਾਬ ਹੋ ਸਕਦੇ ਹਨ, ਜਦੋਂ ਬੱਚਿਆਂ ਨੂੰ ਇਸ ਦਾ ਸਰਗਰਮ ਹਿੱਸਾ ਬਣਾਇਆ ਜਾਵੇ।

ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ

ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਸਫ਼ਾਈ ਸਿਰਫ਼ ਸਫ਼ਾਈ ਕਰਮਚਾਰੀਆਂ ਦੀ ਡਿਊਟੀ ਨਹੀਂ ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਜਦੋਂ ਬੱਚੇ ਆਪਣੇ ਆਪ ਨੂੰ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਸਮਝਣ ਲੱਗ ਪੈਂਦੇ ਹਨ, ਤਾਂ ਉਹ ਸਵੱਛਤਾ ਅਭਿਆਨ ਨੂੰ ਦਿਲੋਂ ਅਪਣਾਉਂਦੇ ਹਨ।

ਚਰਿੱਤਰ ਨਿਰਮਾਣ

ਸਫ਼ਾਈ ਦੀ ਆਦਤ ਬੱਚਿਆਂ ਵਿੱਚ ਅਨੁਸ਼ਾਸਨ, ਸੰਜਮ ਤੇ ਜ਼ਿੰਮੇਵਾਰੀ ਵਰਗੇ ਗੁਣ ਪੈਦਾ ਕਰਦੀ ਹੈ। ਸਾਫ਼ ਰਹਿਣ ਵਾਲਾ ਬੱਚਾ ਆਤਮ-ਵਿਸ਼ਵਾਸੀ ਹੁੰਦਾ ਹੈ ਅਤੇ ਸਮਾਜ ਵਿਚ ਇੱਜ਼ਤ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਸਵੱਛਤਾ ਬੱਚਿਆਂ ਦੇ ਚਰਿੱਤਰ ਨਿਰਮਾਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਇਸ ਲਈ ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਸਵੱਛਤਾ ਅਭਿਆਨ ਤੇ ਸਫ਼ਾਈ ਮੁਹਿੰਮਾਂ ਦੀ ਅਸਲੀ ਸਫਲਤਾ ਬੱਚਿਆਂ ਦੀ ਜਾਗਰੂਕਤਾ ’ਤੇ ਨਿਰਭਰ ਕਰਦੀ ਹੈ। ਜੇ ਅਸੀਂ ਅੱਜ ਦੇ ਬੱਚਿਆਂ ਨੂੰ ਸਫ਼ਾਈ ਦੀ ਸਹੀ ਸਿੱਖਿਆ ਦੇ ਦਿੰਦੇ ਹਾਂ ਤਾਂ ਕੱਲ੍ਹ ਦਾ ਭਾਰਤ ਆਪਣੇ-ਆਪ ਹੀ ਸਵੱਛ, ਸੁੰਦਰ ਅਤੇ ਸਿਹਤਮੰਦ ਬਣ ਜਾਵੇਗਾ। ਇਸ ਲਈ ਆਓ ਅਸੀਂ ਸਭ ਮਿਲ ਕੇ ਬੱਚਿਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰੀਏ ਅਤੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੀਏ।

ਬੇਅੰਤ ਸਿੰਘ ਮਲੂਕਾ

Loading