ਬੱਚਿਆਂ ਨੂੰ ਬਚਪਣ ’ਚ ਹੀ ਸਿਖਾਓ ਅਨੁਸ਼ਾਸਨ

In ਮੁੱਖ ਲੇਖ
October 09, 2025

ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਉਸ ਨੂੰ ਸੌਣਾ ਤੇ ਜਾਗਣਾ ਪੈਂਦਾ ਹੈ ਕਿਉਂਕਿ ਇਹ ਉਸ ਦੀ ਜ਼ਰੂਰਤ ਹੁੰਦੀ ਹੈ। ਜਿਉਂ-ਜਿਉਂ ਉਹ ਵੱਡਾ ਹੋਣ ਲੱਗਦਾ ਹੈ, ਉਹ ਆਪਣੇ ਮਾਂ-ਪਿਓ ਤੇ ਦੂਜੇ ਸਕੇ-ਸਬੰਧੀਆਂ ਦੇ ਵਿਹਾਰ ਨੂੰ ਮਨ ਹੀ ਮਨ ਨਾਪਣ-ਤੋਲਣ ਲੱਗਦਾ ਹੈ। ਉਸ ਨੂੰ ਇਹ ਅਹਿਸਾਸ ਹੋਣ ਲੱਗ ਪੈਂਦਾ ਹੈ ਕਿ ਪਰਿਵਾਰ ’ਚ ਉਸ ਦੀ ਕੋਈ ਥਾਂ ਹੈ ਜਾਂ ਉਸ ਦੀਆਂ ਲੋੜਾਂ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਵੇਗਾ? ਦੂਸਰੇ ਪਾਸੇ ਜ਼ਰਾ ਜਿਹਾ ਬੱਚਾ ਰੋਇਆ ਨਹੀਂ ਕਿ ਮਾਂ-ਬਾਪ ਪਿਘਲ ਜਾਂਦੇ ਹਨ ਤੇ ਉਸ ਦੀਆਂ ਜਾਇਜ਼ -ਨਜਾਇਜ਼ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਹੈ ਕਿ ਚਲੋ ਵੱਡਾ ਹੋ ਕੇ ਸਭ ਸਮਝ ਜਾਵੇਗਾ ਪਰ ਇਹ ਸੋਚਣਾ ਸਹੀ ਨਹੀਂ ਹੈ। ਹੱਦਾਂ ਅੰਦਰ ਰਹਿ ਕੇ ਹੀ ਬੱਚੇ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਬੱਚਾ ਛੋਟਾ ਹੁੰਦਾ ਹੈ ਤਾਂ ਉਹ ਵੀ ਉਸ ਸਮੇਂ ਪ੍ਰੇਸ਼ਾਨੀਆਂ ’ਚ ਘਿਰਿਆ ਹੁੰਦਾ ਹੈ ਪਰ ਅਸੀਂ ਬੱਚੇ ਨੂੰ ਹਰ ਕੀਮਤ ’ਤੇ ਸਫਲਤਾ ਬੁੱਕ ਵਿੱਚ ਪਾ ਕੇ ਦਿੰਦੇ ਹਾਂ। ਕਦੇ ਧਨ/ਦੌਲਤ ਨਾਲ, ਕਦੇ ਸਿਫਾਰਸ਼ ਨਾਲ, ਯਾਨੀ ਬੱਚੇ ਨੂੰ ਨਿਰਾਸ਼ ਨਹੀਂ ਹੋਣ ਦਿੰਦੇ। ਨਿੱਕੇ ਹੁੰਦੇ ਤੋਂ ਹੀ ਅਸੀਂ ਬੱਚੇ ਦਾ ਕੁਮਲਾਇਆ ਹੋਇਆ ਚਿਹਰਾ ਵੇਖ ਕੇ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਾਂ ਪਰ ਜਦੋਂ ਉਹ ਵੱਡਾ ਹੁੰਦਾ ਹੈ ਤਾਂ ਉਸ ਦੇ ਸਨਮੁੱਖ ਜੋ ਦਿੱਕਤਾਂ ਆਉਂਦੀਆਂ ਹਨ, ਉਨ੍ਹਾਂ ਨੂੰ ਦੂਰ ਕਰਨਾ ਸਾਡੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਜ਼ਿੰਦਗੀ ਕੋਈ ਫੁੱਲਾਂ ਦੀ ਸੇਜ ਤਾਂ ਨਹੀਂ ਹੈ, ਆਪਣੇ ਹਿੱਸੇ ਦੀ ਪੀੜ ਤਾਂ ਸਭ ਨੂੰ ਸਹਾਰਨੀ ਪਵੇਗੀ, ਇਸ ਕਰਕੇ ਅਨੁਸ਼ਾਸਨ ਤਾਂ ਬੱਚੇ ਦਾ ਪਹਿਲਾ ਪਾਠ ਹੈ। ਇਹੀ ਸਬਕ ਉਸ ਨੂੰ ਅੱਗੇ ਜਾ ਕੇ ਦੇਸ਼ ਤੇ ਸਮਾਜ ਵਿੱਚ ਅਨੁਸ਼ਾਸਨ ਪਾਲਣ ਦਾ ਰਾਹ ਵਿਖਾਏਗਾ।
ਕਈ ਵਾਰੀ ਮਾਂ-ਪਿਓ ਅਣਬੁੱਝੇ ਹੀ ਅਜਿਹਾ ਵਿਹਾਰ ਕਰ ਬੈਠਦੇ ਹਨ ਕਿ ਬੱਚਿਆਂ ਦੇ ਕੱਚੇ-ਪੱਕੇ ਮਨ ’ਤੇ ਮਾੜਾ ਅਸਰ ਪੈਂਦਾ ਹੈ, ਜਿਸ ਨਾਲ ਬੱਚੇ ਆਪਣੇ ਆਪ ਨੂੰ ਨਲਾਇਕ ਸਮਝਣ ਲੱਗਦੇ ਹਨ। ਮਾਂ-ਪਿਓ ਇਸ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖਣ ਕਿ ਉਨ੍ਹਾਂ ਦਾ ਵਿਹਾਰ ਬੱਚਿਆਂ ਲਈ ਇਸ ਤਰ੍ਹਾਂ ਦਾ ਹੋਵੇ ਕਿ ਬੱਚੇ ਦੇ ਮਨ ਵਿੱਚ ਇਸ ਤਰ੍ਹਾਂ ਦੀ ਧਾਰਨਾ ਜਨਮ ਹੀ ਨਾ ਲਵੇ।
ਅੱਜ-ਕੱਲ੍ਹ ਦੇ ਇਕਹਿਰੇ ਪਰਿਵਾਰਾਂ ’ਚ ਪਤੀ-ਪਤਨੀ ਦੋਵੇਂ ਹੀ ਨੌਕਰੀ ਜਾਂ ਬਿਜ਼ਨੈੱਸ ਦੇ ਸਿਲਸਲੇ ਵਿੱਚ ਸਾਰਾ-ਸਾਰਾ ਦਿਨ ਘਰ ਤੋਂ ਬਾਹਰ ਰਹਿੰਦੇ ਹਨ ਤੇ ਫਿਰ ਉਨ੍ਹਾਂ ਦੇ ਬੱਚੇ ਨੌਕਰਾਂ ਆਦਿ ਦੇ ਆਸਰੇ ਪਲਦੇ ਹਨ ਤੇ ਨੌਕਰਾਂ ਕੋਲ ਪਲੇ ਬੱਚੇ ਦੇ ਸੰਸਕਾਰ ਕੀ ਹੋਣਗੇ? ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਇਸ ਲਈ ਨੌਕਰੀਪੇਸ਼ਾ ਮਾਂ-ਪਿਓ ਨੂੰ ਸਮੇਂ-ਸਮੇਂ ਆਪਣੇ ਬੱਚਿਆਂ ਵੱਲ ਉਚੇਚਾ ਧਿਆਨ ਦਿੰਦੇ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਕਿੰਨੇ ਕੁ ਅਨੁਸ਼ਾਸਨ ਦੇ ਪਾਬੰਦ ਹਨ। ਉਨ੍ਹਾਂ ਆਸਰੇ ਪਲੇ ਬੱਚੇ ਅਨੁਸ਼ਾਸਨਹੀਣ ਹੋ ਜਾਂਦੇ ਹਨ, ਜੋ ਬਾਅਦ ਵਿੱਚ ਪਰਿਵਾਰ ਅਤੇ ਸਮਾਜ ਲਈ ਖ਼ਤਰਾ ਬਣਦੇ ਹਨ।
ਬੱਚਿਆਂ ’ਚ ਅਨੁਸ਼ਾਸਨਹੀਣਤਾ ਦਾ ਮੁੱਖ ਕਾਰਨ ਅੱਜ ਦੀ ਸਿੱਖਿਆ ਪ੍ਰਣਾਲੀ ਵੀ ਹੈ, ਜਿਸ ਵਿੱਚ ਅਧਿਆਤਮਿਕਤਾ ਤੇ ਐਥਿਕਸ ਲਈ ਕੋਈ ਥਾਂ ਨਹੀਂ ਹੈ। ਅਧਿਆਪਕ ਤੇ ਵਿਦਿਆਰਥੀਆਂ ਦੇ ਸਬੰਧ ਵੀ ਹੁਣ ਪਹਿਲਾਂ ਵਰਗੇ ਨਹੀਂ ਰਹੇ। ਅੱਜ ਸਕੂਲਾਂ ’ਚ ਸਹੀ ਤੇ ਸਖ਼ਤ ਪ੍ਰਬੰਧ ਨਾ ਹੋ ਸਕਣਾ ਵੀ ਬੱਚਿਆਂ ਨੂੰ ਅਨੁਸ਼ਾਸਨ ਤੋਂ ਵੰਚਿਤ ਰੱਖਦਾ ਹੈ। ਇੱਕ-ਇੱਕ ਜਮਾਤ ’ਚ 60-60/70-70 ਬੱਚੇ ਹੁੰਦੇ ਹਨ। ਇਸ ਤਰ੍ਹਾਂ ਅਧਿਆਪਕ ਕਿਸ – ਕਿਸ ’ਤੇ ਨਜ਼ਰ ਰੱਖੇ। ਇਸ ਤਰ੍ਹਾਂ ਨਾ ਤਾਂ ਵਿਦਿਆਰਥੀ ਪੜ੍ਹ ਸਕਦਾ ਹੈ ਅਤੇ ਨਾ ਹੀ ਅਧਿਆਪਕ ਚੰਗੀ ਤਰ੍ਹਾਂ ਪੜ੍ਹਾ ਸਕਦਾ ਹੈ। ਇਸ ਕਰਕੇ ਵਿਦਿਆਰਥੀ ਅਧਿਆਪਕ ਤੋਂ ਕੱਟਿਆ ਜਿਹਾ ਰਹਿੰਦਾ ਹੈ, ਫਿਰ ਵੱਡੀਆਂ-ਵੱਡੀਆਂ ਫ਼ੀਸਾਂ ਆਦਿ ਦੇ ਕੇ ਵੀ ਜਦੋਂ ਸਹੂਲਤਾਂ ਨਹੀਂ ਮਿਲਦੀਆਂ ਤਾਂ ਉਹ ਵਿਰੋਧ ਕਰਦਾ ਹੈ। ਇਹੀ ਅਨੁਸ਼ਾਸਨ ਨੂੰ ਭੰਗ ਕਰਨਾ ਹੈ। ਕਲਾਸ ਰੂਮ ’ਚ ਖਾਣਾ, ਕਾਰਟੂਨ ਬਣਾਉਣਾ, ਚਿੱਟ ’ਤੇ ਲਿਖ ਕੇ ਇਕ-ਦੂਜੇ ਵੱਲ ਸੁੱਟਣਾ ਵੇਖਣ ’ਚ ਇਹ ਭਾਵੇਂ ਗੱਲਾਂ ਛੋਟੀਆਂ ਲੱਗਣ ਪਰ ਇਹ ਅਨੁਸ਼ਾਸਨ ਤੋੜਨ ਦੀ ਪਹਿਲੀ ਪੌੜੀ ਹੁੰਦੀਆਂ ਹਨ। ਇਹ ਸ਼ਰਾਰਤਾਂ ਬੱਚੇ ਅਕਸਰ ਕਰਦੇ ਰਹਿੰਦੇ ਹਨ, ਜੋ ਪੜ੍ਹਾਈ ਤੋਂ ਮਨ ਨੂੰ ਹਟਾਉਂਦੀਆਂ ਹਨ।
ਘਰ ਵਿੱਚ ਵੀ ਬੱਚੇ ਅਨੁਸ਼ਾਸਨ ਵਿਚ ਬੱਝੇ ਜ਼ਰੂਰ ਹੋਣੇ ਚਾਹੀਦੇ ਹਨ। ਇਹ ਨਹੀਂ ਕਿ ਬਾਹਰੋਂ ਆਏ ਮਹਿਮਾਨਾਂ ਦੀ ਹਜ਼ੂਰੀ ਵਿਚ ਸ਼ਰਾਰਤਾਂ ਹੀ ਕਰਦੇ ਰਹਿਣ, ਉੱਚੀ ਆਵਾਜ਼ ਵਿੱਚ ਬੋਲਣ, ਜ਼ਿੱਦ ਕਰਨ। ਕਈ ਬੱਚੇ ਤਾਂ ਸੋਫਿਆਂ ’ਤੇ ਚੜ੍ਹ ਕੇ ਟੱਪਦੇ, ਚੀਜ਼ਾਂ ਦੀ ਤੋੜ-ਭੰਨ ਕਰ ਦਿੰਦੇ ਹਨ, ਜੋ ਵੇਖਣ ਵਾਲੇ ਨੂੰ ਬੁਰਾ ਲੱਗਦਾ ਹੈ ਤੇ ਇਹ ਤਮੀਜ਼ ਵੀ ਨਹੀਂ ਹੈ। ਸਕੂਲੋਂ ਘਰ ਆਏ ਵੀ ਬੱਚੇ ਬਸਤਾ ਕਿਤੇ ਸੁੱਟ, ਜੁਰਾਬਾਂ ਕਿਤੇ, ਬੂਟ ਕਿਤੇ। ਇਹ ਆਦਤਾਂ ਚੰਗੀਆਂ ਨਹੀਂ ਹਨ। ਟਿਕਾਣੇ ’ਤੇ ਚੀਜ਼ ਰੱਖਣਾ, ਘੱਟ ਬੋਲਣਾ, ਆਏ-ਗਏ ਦੀ ਇੱਜ਼ਤ ਰੱਖਣਾ, ਉੱਠਣ-ਬੈਠਣ ਦਾ ਢੰਗ ਅਤੇ ਖਾਣ-ਪੀਣ ਦਾ ਤਰੀਕਾ ਇਹ ਸਭ ਕੁਝ ਬੱਚੇ ਨੂੰ ਆਉਣਾ ਚਾਹੀਦਾ ਹੈ। ਜ਼ਿੰਦਗੀ ’ਚ ਕਦਮ-ਕਦਮ ’ਤੇ ਚੁਣੌਤੀਆਂ ਆਉਂਦੀਆਂ ਹਨ, ਕਾਮਯਾਬੀ-ਨਾਕਾਮਯਾਬੀ ਦੇ ਦੌਰ ਆਸ-ਬੇਆਸ ਦੇ ਰਸਤੇ ਤੁਰਦੀ ਜ਼ਿੰਦਗੀ ਅਗਾਂਹ ਵੱਧਦੀ ਹੈ। ਸਾਨੂੰ ਬੱਚਿਆਂ ’ਚ ਇਹ ਸਮਰੱਥਾ ਪੈਦਾ ਕਰਨੀ ਹੋਵੇਗੀ ਕਿ ਉਹ ਇਨ੍ਹਾਂ ਹਾਲਤਾਂ ਨਾਲ ਜੂਝ ਸਕਣ। ਇਸ ਤਰ੍ਹਾਂ ਨਾ ਹੋਵੇ ਕਿ ਉਲਟ ਹਾਲਤ ਵਿੱਚ ਉਨ੍ਹਾਂ ਦੀ ਜ਼ਿੰਦਗੀ ਤਾਰ-ਤਾਰ ਹੋ ਕੇ ਬਿਖਰ ਜਾਵੇ।

  • ਸੁਖਮੰਦਰ ਸਿੰਘ ਤੂਰ

Loading