ਦੁਨੀਆ ’ਚ ਮਨੁੱਖ ਕੋਲ ਜੇ ਸਾਰੇ ਸਾਧਨ ਹਨ ਪਰ ਆਦਰਸ਼ ਚਰਿੱਤਰ ਨਹੀਂ ਹੈ ਤਾਂ ਸਭ ਫ਼ਜ਼ੂਲ ਹੈ। ਚਰਿੱਤਰ ਸ਼ਖ਼ਸੀਅਤ ਨੂੰ ਉਭਾਰਦਾ, ਮਨ ਨੂੰ ਉੱਜਵਲ ਕਰਦਾ ਤੇ ਜੀਵਨ ਨੂੰ ਸੰਵਾਰਦਾ ਹੈ। ਚਰਿੱਤਰ ਦੇ ਅਸਰ ਅਧੀਨ ਹੀ ਲੋਕ ਮਿੱਤਰ ਬਣਦੇ ਹਨ। ਵਿਅਕਤੀ ਨੂੰ ਯੋਗਤਾ ਦੀ ਵਜ੍ਹਾ ਨਾਲ ਸਫਲਤਾ ਮਿਲਦੀ ਹੈ ਤੇ ਉਸ ਸਫਲਤਾ ਦੀ ਸਾਂਭ-ਸੰਭਾਲ ਚਰਿੱਤਰ ਨਾਲ ਸੰਭਵ ਹੈ।
ਅੱਜ ਦੀ ਮਹੱਤਵਪੂਰਨ ਲੋੜ
ਜੇ ਸਫਲ ਵਿਅਕਤੀ ਆਪਣੇ ਚਰਿੱਤਰ ਨੂੰ ਨਹੀਂ ਨਿਖਾਰਦੇ ਤਾਂ ਉਨ੍ਹਾਂ ਦੀ ਸਫਲਤਾ ਸਥਾਈ ਨਹੀਂ ਰਹਿੰਦੀ। ਇਸ ਲਈ ਜੀਵਨ ’ਚ ਚਰਿੱਤਰ ਨੂੰ ਸੁਧਾਰਨਾ ਹੀ ਮਨੁੱਖ ਦਾ ਪਰਮ ਟੀਚਾ ਹੋਣਾ ਚਾਹੀਦਾ ਹੈ। ਅਸੀਂ ਚਾਹੇ ਕਿਸੇ ਵੀ ਖੇਤਰ ’ਚ ਸਰਗਰਮ ਹੋਈਏ, ਸਾਨੂੰ ਆਪਣਾ ਚਰਿੱਤਰ ਬਣਾ ਕੇ ਅਤੇ ਬਚਾ ਕੇ ਰੱਖਣਾ ਚਾਹੀਦਾ ਹੈ। ਗਿਆਨ ਤੋਂ ਬਿਨਾਂ ਚਰਿੱਤਰ ਦਾ ਨਿਰਮਾਣ ਨਹੀਂ ਹੋ ਸਕਦਾ। ਇਸ ਲਈ ਸਿੱਖਿਆ ਦੇ ਨਾਲ-ਨਾਲ ਚਰਿੱਤਰ ਨਿਰਮਾਣ ਅੱਜ ਦੀ ਮਹੱਤਵਪੂਰਨ ਲੋੜ ਹੈ। ਜਿੰਨਾ ਚਿਰ ਹਰ ਵਿਅਕਤੀ ਆਦਰਸ਼ ਮਨੁੱਖ ਨਹੀਂ ਬਣ ਜਾਂਦਾ, ਓਨਾ ਚਿਰ ਆਦਰਸ਼ ਸਮਾਜ ਦੀ ਸਿਰਜਣਾ ਹੋਣੀ ਸੰਭਵ ਨਹੀਂ ਹੈ। ਸਮਾਜ ’ਚ ਦਿਨੋਂ-ਦਿਨ ਨਿਖਾਰ ਦੀ ਥਾਂ ਨਿਘਾਰ ਆ ਰਿਹਾ ਹੈ। ਸਮਾਜ ਵਿੱਚ ਈਰਖਾ, ਮੂਰਖਤਾ, ਹੰਕਾਰ, ਖ਼ੁਦਗਰਜ਼ੀ, ਅਗਿਆਨਤਾ ਆਦਿ ਅਮਾਨਵੀ ਕਦਰਾਂ- ਕੀਮਤਾਂ ਦਾ ਬੋਲਬਾਲਾ ਹੈ। ਇਸ ਲਈ ਬੱਚੇ ਨੂੰ ਮੁੱਢ ਤੋਂ ਹੀ ਚੰਗੇ ਸੰਸਕਾਰ ਦਿੱਤੇ ਜਾਣੇ ਚਾਹੀਦੇ ਹਨ।
ਦੇਸ਼ ਦਾ ਭਵਿੱਖ ਹੁੰਦੇ ਬੱਚੇ
ਬੱਚੇ ਦੇ ਚਰਿੱਤਰ ਨਿਰਮਾਣ ਦਾ ਪਹਿਲਾ ਸਿੱਖਿਅਕ ਕੇਂਦਰ ਮਾਪੇ, ਦੂਜਾ ਸਕੂਲ ਤੇ ਤੀਜਾ ਧਾਰਮਿਕ ਸੰਸਥਾਵਾਂ ਹਨ। ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਮਨੁੱਖ ਦਾ ਅਸਲੀ ਸਰਮਾਇਆ ਬੱਚੇ ਹੀ ਹੁੰਦੇ ਹਨ। ਬੱਚੇ ਦੇ ਚਰਿੱਤਰ ਨਿਰਮਾਣ ’ਚ ਪਰਿਵਾਰ ਦਾ ਅਹਿਮ ਯੋਗਦਾਨ ਹੁੰਦਾ ਹੈ। ਸਭ ਤੋਂ ਪਹਿਲਾਂ ਮਾਤਾ- ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੇ ਗੁਣਾਂ ਦੀ ਸਿੱਖਿਆ ਦੇਣ ਭਾਵ ਚੰਗੇ ਸੰਸਕਾਰ ਪੈਦਾ ਕਰਨ। ਉਨ੍ਹਾਂ ਨੂੰ ਸਦਾਚਾਰਕ ਗੁਣਾਂ ਦੀ ਸਿੱਖਿਆ ਦੇਣ, ਸਦਾ ਸੱਚ ਬੋਲਣਾ, ਝੂਠ ਨਾ ਬੋਲਣਾ, ਕਿਸੇ ਦਾ ਬੁਰਾ ਨਾ ਕਰਨਾ, ਕਿਸੇ ਦਾ ਦਿਲ ਨਾ ਦੁਖਾਉਣਾ, ਕਿਸੇ ਨਾਲ ਧੋਖਾ ਨਾ ਕਰਨਾ, ਭੈੜੀ ਸੰਗਤ ਤੋਂ ਬਚਣਾ, ਕਿਸੇ ਦਾ ਹੱਕ ਨਾ ਖੋਹਣਾ, ਇਸ ਤੋਂ ਇਲਾਵਾ ਦੂਜਿਆਂ ਨੂੰ ਪਿਆਰ-ਸਤਿਕਾਰ ਦੇਣਾ, ਕ੍ਰੋਧ, ਕਾਮ, ਲੋਭ, ਈਰਖਾ ਤੇ ਅਹੰਕਾਰ ਦਾ ਤਿਆਗ ਕਰਨਾ, ਨਿਮਰਤਾ, ਹਮਦਰਦੀ, ਸਹਿਣਸ਼ੀਲਤਾ, ਦਇਆ, ਸਬਰ-ਸੰਤੋਖ ਦੇ ਧਾਰਨੀ ਹੋਣਾ ਇਹ ਸਭ ਕੁਝ ਬੱਚਾ ਘਰ ਤੋਂ ਹੀ ਸਿੱਖਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪ ਪਹਿਲਾਂ ਉਪਰੋਕਤ ਗੁਣਾਂ ਦੇ ਧਾਰਨੀ ਬਣਨ, ਤਾਂ ਜੋ ਉਨ੍ਹਾਂ ਪਾਸੋਂ ਬੱਚੇ ਸੇਧ ਲੈ ਕੇ ਆਪਣਾ ਜੀਵਨ ਸੁਚੱਜਾ ਬਣਾ ਸਕਣ।
ਰਿਸ਼ਤਿਆਂ ਬਾਰੇ ਦਿਉ ਜਾਣਕਾਰੀ
ਬੱਚਿਆਂ ਦਾ ਮਨ ਕੋਰਾ ਕਾਗਜ਼ ਹੈ। ਉਸ ਉੱਤੇ ਜਿਸ ਤਰ੍ਹਾਂ ਦੇ ਵਿਚਾਰ ਲਿਖੇ ਜਾਣਗੇ, ਉਸੇ ਤਰ੍ਹਾਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੋਵੇਗਾ। ਪਰਿਵਾਰ ਵਿਚ ਰਹਿ ਕੇ ਬੱਚਾ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਹੈ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਜਾਵੇ ਤੇ ਪਰਿਵਾਰਕ ਰਿਸ਼ਤਿਆਂ ਬਾਰੇ ਜਾਣਕਾਰੀ ਮੁੱਢ ਤੋਂ ਹੀ ਦਿੱਤੀ ਜਾਵੇ। ਮਾਪੇ ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਦੀ ਜਗ੍ਹਾ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ। ਬੱਚਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕੋਸ਼ਿਸ਼ ਦੇ ਨਾਲ-ਨਾਲ ਉਨ੍ਹਾਂ ਨੂੰ ਅਨੁਸ਼ਾਸਨ ’ਚ ਰਹਿਣ ਲਈ ਪ੍ਰੇਰਿਤ ਕਰਦੇ ਰਹਿਣ।
ਸਕੂਲ ਨਿਭਾਉਂਦਾ ਅਹਿਮ ਭੂਮਿਕਾ
ਇਸੇ ਤਰ੍ਹਾਂ ਬੱਚੇ ਦਾ ਦੂਜਾ ਸਿੱਖਿਆ ਕੇਂਦਰ ਸਕੂਲ ਹੈ। ਬੱਚੇ ਲਈ ਸਕੂਲ ਦਾ ਵਾਤਾਵਰਣ ਚੰਗਾ ਹੋਣਾ ਚਾਹੀਦਾ ਹੈ ਕਿਉਂਕਿ ਵਾਤਾਵਰਣ ਬੱਚੇ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਅਧਿਆਪਕਾਂ ਵੱਲੋਂ ਅੱਖਰੀ ਗਿਆਨ ਦੇ ਨਾਲ-ਨਾਲ ਬੱਚਿਆਂ ਨੂੰ ਵਿਹਾਰਕ, ਨੈਤਿਕ ਤੇ ਸਰੀਰਕ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ। ਬੱਚੇ ਦਾ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿਚ ਸਕੂਲ ਅਹਿਮ ਭੂਮਿਕਾ ਨਿਭਾਉਂਦਾ ਹੈ। ਅਧਿਆਪਕਾਂ ਨੂੰ ਬੱਚਿਆਂ ’ਚ ਚੰਗੀਆਂ ਕਿਤਾਬਾਂ ਪੜ੍ਹਨ ਦੀ ਰੁਚੀ, ਰਸਾਲੇ, ਅਖ਼ਬਾਰਾਂ ਪੜ੍ਹਨ, ਸਖ਼ਤ ਮਿਹਨਤ ਕਰਨ, ਅਨੁਸ਼ਾਸਨ ਬਣਾ ਕੇ ਰੱਖਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਸੱਚ ਦੇ ਮਾਰਗ ’ਤੇ ਚੱਲਣ, ਨਕਲ ਨਾ ਕਰਨਾ ਆਦਿ ਚੰਗੀਆਂ ਗੱਲਾਂ ਬੱਚੇ ਅੰਦਰ ਵਿਕਸਿਤ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਉਹ ਦੇਸ਼ ਦੇ ਜਾਗਰੂਕ ਨਾਗਰਿਕ ਅਤੇ ਵਧੀਆ ਇਨਸਾਨ ਵਜੋਂ ਵਿਕਸਿਤ ਹੋ ਸਕਣ।
ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਬਾਰੇ ਜਾਵੇ ਸਮਝਾਇਆ
ਇਸ ਤੋਂ ਬਾਅਦ ਬੱਚੇ ਦਾ ਸਿੱਖਿਆ ਕੇਂਦਰ ਗੁਰੂ ਘਰ ਹੈ ਯਾਨੀ ਧਾਰਮਿਕ ਸੰਸਥਾਵਾਂ। ਬੱਚੇ ਦਾ ਚਰਿੱਤਰ ਨਿਰਮਾਣ ਕਰਨ ’ਚ ਧਾਰਮਿਕ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬੱਚਿਆਂ ਨੂੰ ਦੱਸਿਆ ਜਾਵੇ ਕਿ ਗੁਰਬਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ, ਗੁਰੂ ਸਾਹਿਬਾਨਾਂ ਦੇ ਦਿੱਤੇ ਉਪਦੇਸ਼ਾਂ ਬਾਰੇ ਉਨ੍ਹਾਂ ਨੂੰ ਸਮਝਾਇਆ ਜਾਵੇ ਤਾਂ ਜੋ ਉਹ ਸਿੱਖੀ ਦੇ ਅਮੀਰ ਵਿਰਸੇ ਨਾਲ ਜੁੜ ਸਕਣ। ਇਸ ਨਾਲ ਬੱਚੇ ਦਾ ਚੰਗਾ ਚਰਿੱਤਰ ਨਿਰਮਾਣ ਹੋ ਸਕਦਾ ਹੈ। ਬੱਚੇ ਵਿਚ ਸਹਿਜ, ਸੰਜਮ, ਧੀਰਜ, ਦਇਆ, ਸਬਰ-ਸੰਤੋਖ, ਸਹਿਣਸ਼ੀਲਤਾ ਜਿਹੇ ਗੁਣ ਵਿਕਸਿਤ ਹੁੰਦੇ ਹਨ। ਬੱਚਾ ਚੰਗਾ ਮਨੁੱਖ ਬਣ ਕੇ ਚੰਗੇ ਸਮਾਜ ਦੀ ਸਿਰਜਣਾ ਕਰੇਗਾ। ਇਕ ਚੰਗੇ ਸਮਾਜ ਵਿੱਚੋਂ ਹੀ ਚੰਗੇ ਇਨਸਾਨ, ਅਧਿਆਪਕ, ਰਾਜਨੀਤਕ ਤੇ ਧਾਰਮਿਕ ਆਗੂ, ਡਾਕਟਰ, ਇੰਜੀਨੀਅਰ ਤੇ ਚੰਗੇ ਵਕੀਲ ਪੈਦਾ ਹੋਣਗੇ।
- ਵੀਰਪ੍ਰੀਤ ਕੌਰ
![]()
