
ਬਚਪਨ ਜ਼ਿੰਦਗੀ ਦਾ ਅਜਿਹਾ ਸ਼ਾਨਦਾਰ ਪੜਾਅ ਹੈ, ਜਿਸ ’ਚ ਨਾ ਕੋਈ ਫ਼ਿਕਰ ਹੁੰਦੀ ਹੈ ਤੇ ਨਾ ਕੋਈ ਚਿੰਤਾ, ਬਸ ਮੌਜ-ਮਸਤੀ ਹੁੰਦੀ ਹੈ। ਅਜੋਕਾ ਬਚਪਨ ਕਿਤਾਬਾਂ, ਕੰਪਿਊਟਰ ਤੇ ਮੋਬਾਈਲ ’ਚ ਗੁਆਚਦਾ ਜਾ ਰਿਹਾ ਹੈ। ਪਹਿਲਾਂ ਪੰਜ-ਛੇ ਸਾਲ ਦੇ ਬੱਚੇ ਨੂੰ ਸਕੂਲ ਵਿਚ ਦਾਖ਼ਲਾ ਮਿਲਦਾ ਸੀ ਪਰ ਅੱਜ-ਕੱਲ੍ਹ ਢਾਈ-ਤਿੰਨ ਸਾਲ ਦੇ ਜਵਾਕ ਨੂੰ ਮਾਪੇ ਸਕੂਲ ਭੇਜਣ ਲੱਗ ਜਾਂਦੇ ਹਨ। ਅੱਜ ਬੱਚਿਆਂ ਦਾ ਬਾਲਪਣ ਜਿੱਥੇ ਚਿੰਤਾਗ੍ਰਸਤ ਹੋ ਰਿਹਾ ਹੈ, ਉੱਥੇ ਹੀ ਇਸ ਦਾ ਅਸਰ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਉੱਪਰ ਵੀ ਪੈ ਰਿਹਾ ਹੈ। ਸ਼ਾਇਦ ਹੀ ਕੋਈ ਬੱਚਾ ਹੋਵੇਗਾ, ਜੋ ਸਵੇਰੇ ਸਕੂਲ ਜਾਣ ਲੱਗਿਆਂ ਰੋਂਦਾ ਨਾ ਹੋਵੇ।
ਭਾਵੇਂ ਅੱਤ ਦੀ ਗਰਮੀ ਜਾਂ ਕੜਾਕੇ ਦੀ ਠੰਢ ਹੋਵੇ, ਵਿਲਕਦੇ ਮਾਸੂਮਾਂ ਨੂੰ ਸਕੂਲ ਦੀ ਬੱਸ ਵਿੱਚ ਧੱਕੇ ਨਾਲ ਚੜ੍ਹਾ ਦਿੱਤਾ ਜਾਂਦਾ ਹੈ। ਉਲਟਾ ਐਨਾ ਤਾਂ ਬੱਚੇ ਦਾ ਵਜ਼ਨ ਨਹੀਂ ਹੁੰਦਾ, ਜਿੰਨਾ ਉਸ ਦੇ ਬਸਤੇ ਵਿੱਚ ਹੁੰਦਾ ਹੈ। ਬੇਸ਼ੱਕ ਇਹ ਆਧੁਨਿਕਤਾ ਦਾ ਦੌਰ ਹੈ ਤੇ ਜ਼ਿੰਦਗੀ ’ਚ ਕੁਝ ਬਣਨ ਲਈ ਦੁਨੀਆਦਾਰੀ ਨੂੰ ਸਮਝਣ ਲਈ ਪੜ੍ਹਨਾ-ਲਿਖਣਾ ਲਾਜ਼ਮੀ ਹੈ ਪਰ ਹੁਣ ਪੜ੍ਹਾਈ-ਲਿਖਾਈ ਬੱਚਿਆਂ ਲਈ ਜਿਵੇਂ ਇੱਕ ਮੁਸੀਬਤ ਬਣਦੀ ਜਾ ਰਹੀ ਹੈ। ਸ਼ਾਇਦ ਇਸ ਕਰਕੇ ਵੀ ਕਿਉਂਕਿ ਮਾਪਿਆਂ ਨੇ ਆਪਣੇ ਬੱਚਿਆਂ ਤੋਂ ਉਮੀਦਾਂ ਕੁਝ ਜ਼ਿਆਦਾ ਲਾ ਲਈਆਂ ਹਨ। ਮਾਪਿਆਂ ਦੇ ਵੱਡੇ-ਵੱਡੇ ਸੁਪਨੇ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਖੋਹ ਰਹੇ ਹਨ, ਭਾਵੇਂ ਬੱਚੇ ਅੰਦਰ ਉਹ ਸਭ ਬਣਨ ਦੀ ਕਾਬਲੀਅਤ ਨਾ ਹੋਵੇ, ਜਿਸ ਦੀ ਆਸ ਉਸ ਦੇ ਮਾਤਾ-ਪਿਤਾ ਉਨ੍ਹਾਂ ਕੋਲੋਂ ਲਾਈ ਬੈਠੇ ਹਨ।
ਬੋਝ ਪਾਉਣਾ ਅਕਲਮੰਦੀ ਨਹੀਂ
ਬੱਚਿਆਂ ’ਤੇ ਹਰ ਸਮੇਂ ਇੱਛਾਵਾਂ ਦਾ ਵਾਧੂ ਬੋਝ ਪਾਉਣਾ ਅਕਲਮੰਦੀ ਨਹੀਂ ਹੈ, ਜਦੋਂਕਿ ਬੱਚੇ ਦੀ ਦਿਲਚਸਪੀ ਕਿਸ ਚੀਜ਼ ਵਿੱਚ ਹੈ, ਉਸ ਨੂੰ ਕਿਹੜਾ ਵਿਸ਼ਾ ਪੜ੍ਹਨਾ ਪਸੰਦ ਹੈ, ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਆਪਣੀ ਮਰਜ਼ੀ ਉਸ ਉਂਪਰ ਨਹੀਂ ਥੋਪਣੀ ਚਾਹੀਦੀ, ਹਾਂ ਬੱਚਿਆਂ ਅੰਦਰ ਅਨੁਸ਼ਾਸਨ ਜ਼ਰੂਰ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹਿਲਾਂ ਸਕੂਲ ਵਿਚ ਪੜ੍ਹਨਾ, ਫਿਰ ਉਸ ਤੋਂ ਬਾਅਦ ਟਿਊਸ਼ਨ ਉਨ੍ਹਾਂ ਦੀ ਮੱਤ ਮਾਰੀ ਰੱਖਦੀ ਹੈ। ਸਭ ਤੋਂ ਵੱਡੀ ਸਮੱਸਿਆ ਬੱਚਿਆਂ ਲਈ ਉਦੋਂ ਖੜ੍ਹੀ ਹੁੰਦੀ ਹੈ, ਜਦੋਂ ਕੋਈ ਹੋਰ ਬੱਚਾ ਪਹਿਲੇ ਨੰਬਰ ’ਤੇ ਆਉਾਂਦਾਹੈ ਤਾਂ ਮਾਪੇ ਆਪਣੇ ਬੱਚੇ ਦੇ ਨੰਬਰ ਘੱਟ ਆਉਣ ਕਰਕੇ ਉਸ ’ਤੇ ਹੋਰ ਦਬਾਅ ਪਾਉਾਂਦੇਹਨ ਕਿ ਅਗਲੀ ਵਾਰ ਤੂੰ ਅੱਵਲ ਆਉਣਾ ਹੈ। ਇੱਥੋਂ ਤੱਕ ਫੇਲ੍ਹ ਹੋਣ ਕਰਕੇ ਤਾਂ ਕਈ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਭਾਵੇਂ ਚੰਗੇ ਨੰਬਰ ਆਉਣ ਨਾਲ ਜਿੱਥੇ ਮਾਪਿਆਂ ਦਾ ਸਿਰ ਫ਼ਖ਼ਰ ਨਾਲ ਉੱਚਾ ਹੁੰਦਾ ਹੈ, ਉੱਥੇ ਹੀ ਬੱਚੇ ਅੰਦਰ ਵੀ ਪੜ੍ਹਨ ਦੀ ਹੋਰ ਜਗਿਆਸਾ ਪੈਦਾ ਹੁੰਦੀ ਹੈ, ਜਿਸ ਨਾਲ ਉਸ ਨੂੰ ਹੌਸਲਾ ਮਿਲਦਾ ਹੈ। ਕਈ ਵਾਰ ਕੁਝ ਬਣਨ ਦੇ ਚੱਕਰ ਵਿੱਚ ਬਹੁਤ ਕੁਝ ਵਿਗੜ ਵੀ ਜਾਂਦਾ ਹੈ ਅਰਥਾਤ ਜੇ ਬੱਚਾ ਆਪਣਾ ਬਚਪਨ ਹੀ ਜੀਅ ਨਹੀਂ ਰਿਹਾ, ਸਾਰਾ-ਸਾਰਾ ਦਿਨ ਪੜ੍ਹਾਈ ਵਿੱਚ ਹੀ ਉਲਝਿਆ ਰਹਿੰਦਾ ਹੈ ਤੇ ਅੱਗੇ ਚੱਲ ਕੇ ਜੇ ਉਹ ਆਪਣੇ ਆਪ ਨੂੰ ਕੋਈ ਰੋਗ ਲਾ ਲੈਂਦਾ ਹੈ, ਫਿਰ ਕੀ ਫ਼ਾਇਦਾ ਅਜਿਹੇ ਚੰਗੇ ਨੰਬਰਾਂ ਦਾ।
ਸਿਹਤ ’ਤੇ ਪੈਂਦਾ ਮਾੜਾ ਪ੍ਰਭਾਵ
ਅੱਜ-ਕੱਲ੍ਹ ਤਕਰੀਬਨ ਘਰਾਂ ਵਿੱਚ ਇੱਕ ਜਾਂ ਦੋ ਬੱਚੇ ਹਨ, ਜਿਸ ਕਰਕੇ ਬੱਚਾ ਇਕੱਲਾ ਹੋਣ ਕਰਕੇ ਕੰਪਿਊਟਰ ਜਾਂ ਮੋਬਾਈਲ ਦੇਖਣ ’ਚ ਲੱਗਿਆ ਰਹਿੰਦਾ ਹੈ, ਟੈਲੀਵਿਜ਼ਨ ’ਤੇ ਕਾਰਟੂਨ ਦੇਖਦਾ ਰਹਿੰਦਾ ਹੈ, ਜਿਸ ਦਾ ਮਾੜਾ ਪ੍ਰਭਾਵ ਉਸ ਦੀ ਸਿਹਤ ਉੱਪਰ ਪੈਂਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਖੇਡਣ-ਕੁੱਦਣ ਦੀ ਪੂਰੀ ਆਜ਼ਾਦੀ ਦੇਣ ਭਾਵ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ। ਇਸ ਤੋਂ ਇਲਾਵਾ ਬੱਚਿਆਂ ਨੂੰ ਸਮਾਜਿਕ ਕਦਰਾਂ-ਕੀਮਤਾਂ ਨਾਲ ਵੀ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਦਾ ਸਿਰਫ਼ ਹੁਸ਼ਿਆਰ ਹੋਣਾ ਹੀ ਜ਼ਰੂਰੀ ਨਹੀਂ ਸਗੋਂ ਉਸ ਦਾ ਚੰਗਾ ਤੇ ਸੰਸਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ। ਮਾਪਿਆ ਨੂੰ ਆਪਣੀ ਔਲਾਦ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਸਕੇ-ਸਬੰਧੀਆਂ ਨਾਲ ਮਿਲਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੀ ਪਛਾਣ ਚੰਗੀ ਤਰ੍ਹਾਂ ਹੋ ਸਕੇ।
ਪੜ੍ਹਾਈ ’ਤੇ ਪੈਂਦਾ ਅਸਰ
ਸਾਡੇ ਸਮਾਜ ’ਚ ਗੁਰੂ ਦਾ ਸਥਾਨ ਬਹੁਤ ਉੱਚਾ ਹੈ, ਇਸ ਲਈ ਮਾਪੇ ਹੋਣ ਜਾਂ ਵਿਦਿਆਰਥੀ, ਸਭ ਨੂੰ ਆਧਿਆਪਕ ਵਰਗ ਦਾ ਸਨਮਾਨ ਕਰਨਾ ਚਾਹੀਦਾ ਹੈ। ਉਂਜ ਵੀ ਜੇ ਅਜੋਕੇ ਮਾਪੇ ਆਪਣੇ ਵਿਦਿਆਰਥੀ ਜੀਵਨ ਨੂੰ ਚੇਤੇ ਕਰਨ ਤਾਂ ਘਰ ਵਾਲਿਆ ਦੀਆਂ ਲਾਈਆਂ ਸ਼ਿਕਾਇਤਾਂ ਤੇ ਮਾਸਟਰਾਂ ਵੱਲੋਂ ਫੜਾਏ ਕੰਨ ਤੇ ਪੁੱਠੇ ਹੱਥਾਂ ’ਤੇ ਮਾਰੇ ਡੰਡੇ ਯਾਦ ਆਉਣਗੇ। ਖ਼ੈਰ ਸਭ ਸਮੇਂ ਦੀਆਂ ਬਾਤਾਂ ਹਨ। ਨਾ ਹੁਣ ਉਹ ਬਚਪਨ ਰਿਹਾ ਤੇ ਨਾ ਹੀ ਉਹ ਮਾਹੌਲ। ਬਾਕੀ ਰਹੀ ਗੱਲ ਵਿੱਦਿਆ ਦੀ, ਉਹ ਵਰਤਮਾਨ ’ਚ ਵਪਾਰ ਤੇ ਸ਼ੋਸ਼ੇਬਾਜ਼ੀ ਬਣਦੀ ਜਾ ਰਹੀ ਹੈ। ਕਈ ਸਕੂਲਾਂ ’ਚ ਤਾਂ ਵਿਦਿਆਰਥੀ ਵੱਧ ਹੁੰਦੇ ਹਨ ਤੇ ਅਧਿਆਪਕ ਘੱਟ। ਦੂਜਾ ਸਿਲੇਬਸ ਜ਼ਿਆਦਾ ਹੋਣ ਕਰਕੇ ਵੀ ਅਧਿਆਪਕ ਬੱਚਿਆਂ ਨੂੰ ਸਹੀ ਢੰਗ ਨਾਲ ਪੜ੍ਹਾਈ ਨਹੀਂ ਕਰਵਾ ਪਾਉਂਦੇ,ਨਤੀਜਾ ਇਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ’ਤੇ ਪੈਂਦਾ ਹੈ ।
ਸਿੱਖਿਆ ਸਾਡਾ ਮੌਲਿਕ ਅਧਿਕਾਰ
ਸੋਚਿਆ ਜਾਵੇ ਤਾਂ ਪਹਿਲਾਂ ਵਿਦਿਆਰਥੀ ਅਧਿਆਪਕ ਤੇ ਕਿਤਾਬਾਂ ਤੋਂ ਗਿਆਨ ਪ੍ਰਾਪਤ ਕਰਦੇ ਸਨ ਪਰ ਅੱਜ-ਕੱਲ੍ਹ ਵਿਦਿਆਰਥੀ ਇੰਟਰਨੈੱਟ ਤੋਂ ਜਾਣਕਾਰੀ ਹਾਸਿਲ ਕਰਦੇ ਹਨ ਤੇ ਕਈ ਵਾਰ ਉਹ ਜਾਣਕਾਰੀ ਸਹੀ ਵੀ ਹੁੰਦੀ ਹੈ ਤੇ ਨਹੀਂ ਵੀ। ਇੱਕੋ ਵਿਸ਼ੇ ’ਤੇ ਬੁੱਧੀਜੀਵੀਆਂ ਦੀ ਰਾਇ ਵੱਖ-ਵੱਖ ਹੋਣ ਕਰਕੇ ਵੀ ਵਿਦਿਆਰਥੀ ਸ਼ਸ਼ੋਪੰਜ ਵਿੱਚ ਪੈ ਜਾਂਦੇ ਹਨ। ਅੱਜ ਬੱਚੇ ਵਿਦੇਸ਼ਾਂ ’ਚ ਵੀ ਪੜ੍ਹਾਈ ਕਰਨ ਲਈ ਜਾ ਰਹੇ ਹਨ, ਇਸ ਚੀਜ਼ ਨੂੰ ਵੀ ਧਿਆਨ ’ਚ ਰੱਖਦਿਆਂ ਮਾਪਿਆਂ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ, ਤਾਂ ਜੋ ਉਹ ਛੋਟੀ-ਮੋਟੀ ਸਮੱਸਿਆ ਆਉਣ ’ਤੇ ਖ਼ੁਦ ਨੂੰ ਸੰਭਾਲ ਸਕਣ। ਸਿੱਖਿਆ ਸਾਡਾ ਮੌਲਿਕ ਅਧਿਕਾਰ ਹੈ। ਸਿੱਖਿਆ ਬਿਨਾਂ ਮਜ਼ਬੂਤ ਸਮਾਜ ਦੀ ਸਿਰਜਣਾ ਨਹੀਂ ਹੋ ਸਕਦੀ। ਮੰਨਿਆ ਕਿ ਸਰਕਾਰਾਂ ਤੇ ਹੋਰ ਸੰਸਥਾਵਾਂ ਸਿੱਖਿਆ ਦੇ ਵਿਕਾਸ ਲਈ ਉਪਰਾਲੇ ਕਰ ਰਹੀਆਂ ਹਨ ਪਰ ਫੇਰ ਵੀ ਕਿਤੇ ਨਾ ਕਿਤੇ ਇਸ ਖੇਤਰ ’ਚ ਕਈ ਕਮੀਆਂ ਹਨ, ਜਿਨ੍ਹਾਂ ਵਿੱਚ ਸੁਧਾਰ ਹੋਣਾ ਬੇਹੱਦ ਜ਼ਰੂਰੀ ਹੈ।
ਨੈਤਿਕ ਸਿੱਖਿਆ ਵੀ ਜ਼ਰੂਰੀ
ਇਸ ’ਚ ਕੋਈ ਦੋ ਰਾਇ ਨਹੀਂ ਕਿ ਸਕੂਲ ਵਿੱਚ ਜੋ ਕੁਝ ਪੜ੍ਹਾਇਆ ਜਾਂਦਾ ਹੈ, ਉਹ ਆਮ ਜ਼ਿੰਦਗੀ ਤੋਂ ਵੱਖ ਹੁੰਦਾ ਹੈ। ਇਸ ਕਰਕੇ ਬੱਚਿਆਂ ਲਈ ਵਿੱਦਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਜੀਵਨ ਦੀ ਹਕੀਕਤ ਨੂੰ ਜਾਣ ਸਕਣ । ਚੰਗੇ-ਮਾੜੇ ’ਚ ਫ਼ਰਕ ਸਮਝ ਸਕਣ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ’ਤੇ ਨਿਗਰਾਨੀ ਰੱਖਣ ਕਿਉਂਕਿ ਇਹ ਉਮਰ ਚੀਕਣੀ ਮਿੱਟੀ ਵਾਂਗ ਹੁੰਦੀ ਹੈ। ਬੱਚੇ ਕਿੱਥੇ ਜਾਂਦੇ ਹਨ, ਉਨ੍ਹਾਂ ਦੀ ਸੰਗਤ ਕਿਹੋ ਜਿਹੀ ਹੈ, ਇਸ ਦੀ ਖ਼ਬਰ ਰੱਖਣ। ਸ਼ੌਕ ਦੀ ਆੜ ਵਿੱਚ ਕਿਧਰੇ ਬੱਚਾ ਗ਼ਲਤ ਪਾਸੇ ਤਾਂ ਨਹੀਂ ਜਾ ਰਿਹਾ।
ਗੋਪਾਲ ਸ਼ਰਮਾ