
ਬੱਚੇ ਹਰ ਘਰ ਦੀ ਰੌਣਕ ਹੁੰਦੇ ਹਨ। ਉਨ੍ਹਾਂ ਦੀ ਮੁਸਕਰਾਟ ਤੇ ਖੇਡਾਂ ਮਾਪਿਆਂ ਲਈ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੁੰਦੀਆਂ ਹਨ ਪਰ ਜਦੋਂ ਇਮਤਿਹਾਨਾਂ ਦਾ ਮੌਸਮ ਆਉਂਦਾ ਹੈ ਤਾਂ ਇਹ ਖ਼ੁਸ਼ੀਆਂ ਡਰ ’ਚ ਤਬਦੀਲ ਹੋ ਜਾਂਦੀਆਂ ਹਨ। ਇਮਤਿਹਾਨ ਦਾ ਨਾਂ ਸੁਣਦਿਆਂ ਹੀ ਬੱਚਿਆਂ ਦੇ ਮਨ ’ਚ ਅਜਿਹਾ ਦਬਾਅ ਬਣ ਜਾਂਦਾ ਹੈ ਕਿ ਪੜ੍ਹਾਈ ਤੋਂ ਰੁਚੀ ਘਟਣ ਲੱਗਦੀ ਹੈ। ਜਿਹੜਾ ਕੰਮ ਡਰ ਨਾਲ ਕੀਤਾ ਜਾਵੇ, ਉਹ ਨਾ ਦਿਲੋਂ ਕੀਤਾ ਜਾਂਦਾ ਹੈ ਤੇ ਨਾ ਹੀ ਉਸ ਦਾ ਕੋਈ ਲੰਬੇ ਸਮੇਂ ਤਕ ਲਾਭ ਮਿਲਦਾ ਹੈ।
ਪ੍ਰੀਖਿਆਵਾਂ ਨੂੰ ਬੱਚਿਆਂ ਦੀ ਯੋਗਤਾ ਮਾਪਣ ਦਾ ਇੱਕ ਸਾਧਨ ਮੰਨਿਆ ਜਾਂਦਾ ਹੈ ਪਰ ਇਹ ਸੋਚ ਗ਼ਲਤ ਹੈ। ਅਸਲ ਵਿੱਚ ਇਮਤਿਹਾਨ ਸਿਰਫ਼ ਇਹ ਵੇਖਣ ਲਈ ਹੁੰਦੇ ਹਨ ਕਿ ਨਿਰਧਾਰਿਤ ਸਮੇਂ ’ਚ ਬੱਚੇ ਨੇ ਕੀ ਸਿੱਖਿਆ ਹੈ ਪਰ ਸਮਾਜ ਨੇ ਇਸ ਨੂੰ ਜੀਵਨ ਦੀ ਅੰਤਿਮ ਕਸੌਟੀ ਬਣਾਇਆ ਹੋਇਆ ਹੈ। ਚੰਗੇ ਅੰਕਾਂ ਨੂੰ ਭਵਿੱਖ ਦੀ ਸਫਲਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਦਬਾਅ ਕਾਰਨ ਬੱਚਿਆਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ।
ਅਸਲ ਸੱਚ ਇਹ ਹੈ ਕਿ ਅੱਜ ਦੇ ਯੁੱਗ ’ਚ ਸਿਰਫ਼ ਸਿਧਾਂਤਕ ਗਿਆਨ ਕਾਫ਼ੀ ਨਹੀਂ। ਵਿਹਾਰਕ ਗਿਆਨ ਤੇ ਅਨੁਭਵ ਹੀ ਕਿਸੇ ਵਿਅਕਤੀ ਨੂੰ ਅੱਗੇ ਵਧਾਉਂਦੇ ਹਨ। ਬਹੁਤ ਵਾਰ ਮਾਪੇ ਆਪਣੀਆਂ ਅਧੂਰੀਆਂ ਖ਼ਾਹਿਸ਼ਾਂ ਬੱਚਿਆਂ ਉੱਤੇ ਲੱਧ ਦਿੰਦੇ ਹਨ। ਜਿਹੜੇ ਖੇਤਰ ’ਚ ਉਹ ਆਪ ਨਹੀਂ ਚਮਕ ਸਕੇ, ਉਸੇ ਵਿੱਚ ਬੱਚਿਆਂ ਨੂੰ ਧੱਕਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਬੱਚਾ ਸਕੂਲ ਦੇ ਦਬਾਅ ਦੇ ਨਾਲ-ਨਾਲ ਘਰ ਦੇ ਦਬਾਅ ਹੇਠ ਵੀ ਆ ਜਾਂਦਾ ਹੈ। ਨਤੀਜੇ ਵਜੋਂ ਉਹ ਆਪਣਾ ਆਤਮ-ਵਿਸ਼ਵਾਸ ਖੋਹ ਬੈਠਦਾ ਹੈ।
ਬੱਚਿਆਂ ਦੀ ਸਫਲਤਾ ਨੂੰ ਸਿਰਫ਼ ਅੰਕਾਂ ਨਾਲ ਜੋੜਨਾ ਬਹੁਤ ਵੱਡੀ ਗ਼ਲਤੀ ਹੈ। ਇਤਿਹਾਸ ਗਵਾਹ ਹੈ ਕਿ ਅਨੇਕਾਂ ਮਹਾਨ ਵਿਗਿਆਨੀ, ਲੇਖਕ ਤੇ ਕਲਾਕਾਰ ਸਕੂਲੀ ਇਮਤਿਹਾਨਾਂ ਵਿੱਚ ਕਦੇ ਵੀ ਉੱਤਮ ਵਿਦਿਆਰਥੀ ਨਹੀਂ ਸਨ ਪਰ ਆਪਣੇ ਹੁਨਰ ਤੇ ਮਿਹਨਤ ਨਾਲ ਦੁਨੀਆ ਨੂੰ ਨਵੀਂ ਦਿਸ਼ਾ ਦਿੱਤੀ। ਇਸ ਲਈ ਜੇ ਕੋਈ ਬੱਚਾ ਵਧੀਆ ਅੰਕ ਨਹੀਂ ਲਿਆਉਂਦਾ ਤਾਂ ਇਹ ਮੰਨ ਲੈਣਾ ਕਿ ਉਹ ਅਸਫਲ ਹੈ, ਇਹ ਇੱਕ ਤੰਗ-ਸੋਚ ਹੈ। ਸਿੱਖਿਆ ਦਾ ਅਸਲ ਮਕਸਦ ਬੱਚਿਆਂ ਵਿੱਚ ਜਗਿਆਸਾ ਜਗਾਉਣਾ ਅਤੇ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਹੋਣਾ ਚਾਹੀਦਾ ਹੈ ਪਰ ਜਦੋਂ ਇਸ ਨੂੰ ਸਿਰਫ਼ ਅੰਕਾਂ ਦੀ ਦੌੜ ਤਕ ਸੀਮਤ ਕਰ ਦਿੱਤਾ ਜਾਂਦਾ ਹੈ, ਤਾਂ ਸਿੱਖਣ ਦੀ ਅਸਲੀ ਖ਼ੁਸ਼ੀ ਖ਼ਤਮ ਹੋ ਜਾਂਦੀ ਹੈ। ਇਸ ਲਈ ਸਾਨੂੰ ਅਜਿਹੀ ਸਿੱਖਿਆ ਪ੍ਰਣਾਲੀ ਦੀ ਲੋੜ ਹੈ, ਜਿੱਥੇ ਬੱਚੇ ਆਪਣੀ ਯੋਗਤਾ ਪਛਾਣ ਸਕਣ ਤੇ ਰੁਚੀ ਅਨੁਸਾਰ ਅੱਗੇ ਵੱਧ ਸਕਣ।
ਮਾਪਿਆਂ ਨੂੰ ਵੀ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਬੱਚਿਆਂ ’ਤੇ ਦਬਾਅ ਪਾਉਣ ਦੀ ਬਜਾਏ ਉਨ੍ਹਾਂ ਨੂੰ ਹੌਸਲਾ ਦੇਣਾ ਸਭ ਤੋਂ ਮਹੱਤਵਪੂਰਨ ਹੈ। ਜੇ ਘਰ ਦਾ ਮਾਹੌਲ ਸੁਰੱਖਿਅਤ ਤੇ ਸ਼ਾਂਤ ਹੋਵੇ ਤਾਂ ਬੱਚੇ ਡਰ ਦੀ ਥਾਂ ਵਿਸ਼ਵਾਸ ਨਾਲ ਪੜ੍ਹਦੇ ਹਨ। ਜੇ ਮਾਪੇ ਇਹ ਸਮਝਾ ਦੇਣ ਕਿ ਗ਼ਲਤੀ ਕਰਨਾ ਵੀ ਸਿੱਖਣ ਦਾ ਹਿੱਸਾ ਹੈ, ਤਾਂ ਬੱਚਿਆਂ ਦਾ ਮਨੋਬਲ ਕਈ ਗੁਣਾਂ ਵੱਧਦਾ ਹੈ।
ਇਮਤਿਹਾਨਾਂ ਦੇ ਸਮੇਂ ਬੱਚਿਆਂ ਦੀਆਂ ਮਨੋਵਿਗਿਆਨਕ ਜ਼ਰੂਰਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਸਮੇਂ-ਸਮੇਂ ’ਤੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਤਾਂ ਜੋ ਉਹ ਆਪਣੀਆਂ ਸਮੱਸਿਆਵਾਂ ਬਿਨਾਂ ਡਰ ਦੇ ਸਾਂਝੀਆਂ ਕਰ ਸਕਣ। ਜਦੋਂ ਬੱਚੇ ਨੂੰ ਇਹ ਯਕੀਨ ਹੋਵੇ ਕਿ ਉਸ ਦੀ ਗੱਲ ਸੁਣੀ ਜਾ ਰਹੀ ਹੈ, ਤਾਂ ਉਹ ਵੀ ਪੜ੍ਹਾਈ ਪ੍ਰਤੀ ਗੰਭੀਰ ਹੋ ਜਾਂਦਾ ਹੈ। ਇਸੇ ਤਰ੍ਹਾਂ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਿਰਫ਼ ਅੰਕਾਂ ਦੇ ਆਧਾਰ ’ਤੇ ਬੱਚਿਆਂ ਦੀ ਯੋਗਤਾ ਨਾ ਤੋਲੀ ਜਾਵੇ। ਖੇਡ, ਕਲਾ, ਸੰਗੀਤ ਜਿਵੇਂ ਖੇਤਰਾਂ ’ਚ ਵੀ ਉਨ੍ਹਾਂ ਦੀ ਪ੍ਰਤਿਭਾ ਦੀ ਕਦਰ ਹੋਣੀ ਚਾਹੀਦੀ ਹੈ। ਜਦੋਂ ਬੱਚਿਆਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੀਆਂ ਹੋਰ ਕਾਬਲੀਅਤਾਂ ਵੀ ਮਹੱਤਵ ਰੱਖਦੀਆਂ ਹਨ, ਤਾਂ ਉਹ ਪ੍ਰੀਖਿਆਵਾਂ ਦਾ ਸਾਹਮਣਾ ਵੀ ਸ਼ਾਂਤੀ ਨਾਲ ਕਰ ਸਕਦੇ ਹਨ।
ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਮਤਿਹਾਨ ਜੀਵਨ ਦਾ ਸਿਰਫ਼ ਇਕ ਪੜਾਅ ਹਨ, ਪੂਰਾ ਜੀਵਨ ਨਹੀਂ। ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਸਫਲਤਾ ਕੇਵਲ ਅੰਕਾਂ ਨਾਲ ਨਹੀਂ ਮਾਪੀ ਜਾਂਦੀ। ਜਦੋਂ ਉਹ ਇਹ ਗੱਲ ਸਮਝ ਲੈਂਦੇ ਹਨ, ਤਾਂ ਨਾ ਸਿਰਫ਼ ਇਮਤਿਹਾਨਾਂ ਦਾ ਡਰ ਘਟਦਾ ਹੈ ਸਗੋਂ ਉਹ ਜੀਵਨ ਦੀਆਂ ਵੱਡੀਆਂ ਚੁਣੌਤੀਆਂ ਨਾਲ ਵੀ ਹਿੰਮਤ ਨਾਲ ਨਜਿੱਠ ਸਕਦੇ ਹਨ। ਅਸਲੀ ਸਫਲਤਾ ਉਹੀ ਹੈ ਜਿੱਥੇ ਡਰ ਨਹੀਂ, ਸਿਰਫ਼ ਹੌਸਲਾ ਹੁੰਦਾ ਹੈ। ਜੇ ਮਾਪੇ, ਅਧਿਆਪਕ ਅਤੇ ਸਮਾਜ ਮਿਲ ਕੇ ਅਜਿਹਾ ਮਾਹੌਲ ਬਣਾਉਣ, ਜਿਸ ਵਿੱਚ ਬੱਚੇ ਖੁੱਲ੍ਹੇ ਮਨ ਨਾਲ ਸਿੱਖ ਸਕਣ, ਤਾਂ ਭਵਿੱਖ ਦੀ ਪੀੜ੍ਹੀ ਹੋਰ ਵੀ ਨਿੱਖਰੀ ਹੋਵੇਗੀ।
- ਹਰਜਸਪ੍ਰੀਤ ਕੌਰ