ਜਰਮਨੀ ਵਿੱਚ ਬੱਚੇ ਪੈਦਾ ਕਰਨ ਦੀ ਗਿਣਤੀ ਵਿੱਚ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ। 2024 ਵਿੱਚ ਜਰਮਨ ਔਰਤਾਂ ਦੀ ਔਸਤਨ ਬੱਚੇ ਪੈਦਾ ਕਰਨ ਦੀ ਸੰਖਿਆ 1.38 ਹੈ, ਜੋ 2021 ਵਿੱਚ 1.58 ਸੀ। ਪਹਿਲੇ ਬੱਚੇ ਦੇ ਜਨਮ ਸਮੇਂ ਔਰਤਾਂ ਦੀ ਔਸਤ ਉਮਰ 30.3 ਸਾਲ ਹੈ। ਜੀਵਨ ਸ਼ੈਲੀ ਵਿੱਚ ਬਦਲਾਅ ਅਤੇ ਸਮਾਜਿਕ ਢਾਂਚੇ ਦੀਆਂ ਤਬਦੀਲੀਆਂ ਕਾਰਨ ਨੌਜਵਾਨਾਂ ਵਿੱਚ ਵਿਆਹ ਅਤੇ ਬੱਚੇ ਪੈਦਾ ਕਰਨ ਦੀ ਦਿਲਚਸਪੀ ਘਟਦੀ ਜਾ ਰਹੀ ਹੈ। 1971 ਤੋਂ ਬਾਅਦ ਜਰਮਨੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਨਮ ਲੈਣ ਵਾਲਿਆਂ ਨਾਲੋਂ ਵੱਧ ਹੈ। 2024 ਵਿੱਚ ਜਨਮ ਅਤੇ ਮੌਤ ਦਾ ਅੰਤਰ 3.3 ਲੱਖ ਸੀ, ਜੋ ਪਿਛਲੇ ਸਾਲਾਂ ਵਾਂਗ ਹੀ ਹੈ।
ਜਰਮਨੀ ਦੀ ਆਬਾਦੀ ਵਿੱਚ ਵਾਧਾ ਸਿਰਫ਼ ਪਰਵਾਸੀਆਂ ਕਾਰਨ ਹੋ ਰਿਹਾ ਹੈ। 2024 ਵਿੱਚ ਜਰਮਨੀ ਦੀ ਕੁੱਲ ਆਬਾਦੀ 8.36 ਕਰੋੜ ਸੀ, ਜੋ 2023 ਨਾਲੋਂ 1.21 ਲੱਖ (0.1%) ਜ਼ਿਆਦਾ ਹੈ। ਪਰ ਪਰਵਾਸੀਆਂ ਦੀ ਸ਼ੁੱਧ ਗਿਣਤੀ (ਆਉਣ ਅਤੇ ਜਾਣ ਵਾਲਿਆਂ ਦਾ ਅੰਤਰ) 2023 ਵਿੱਚ 6.6 ਲੱਖ ਸੀ, ਜੋ 2024 ਵਿੱਚ ਘਟ ਕੇ 4.2 ਲੱਖ ਰਹਿ ਗਈ। ਇਸ ਦੇ ਨਾਲ ਹੀ, ਹਰ ਚੌਥਾ ਪਰਵਾਸੀ ਜਰਮਨੀ ਛੱਡਣ ਦੀ ਸੋਚ ਰਿਹਾ ਹੈ। ਵਿਦੇਸ਼ੀ ਲੋਕਾਂ ਦੀ ਗਿਣਤੀ 2.3% ਵਧ ਕੇ 1.24 ਕਰੋੜ ਹੋ ਗਈ, ਜੋ ਕੁੱਲ ਆਬਾਦੀ ਦਾ 14.8% ਹੈ।
ਜਰਮਨੀ ਵਿੱਚ ਵਿਦੇਸ਼ੀਆਂ ਦਾ ਸਭ ਤੋਂ ਵੱਡਾ ਸਮੂਹ ਤੁਰਕੀ ਮੂਲ ਦਾ ਹੈ, ਜਿਨ੍ਹਾਂ ਦੀ ਗਿਣਤੀ 1.403 ਕਰੋੜ ਹੈ। ਇਸ ਤੋਂ ਬਾਅਦ ਯੂਕ੍ਰੇਨ (10.85 ਲੱਖ), ਸੀਰੀਆ (8.89 ਲੱਖ), ਪੋਲੈਂਡ (7.23 ਲੱਖ), ਅਫ਼ਰੀਕੀ ਦੇਸ਼ (7 ਲੱਖ), ਅਫ਼ਗਾਨਿਸਤਾਨ (4.4 ਲੱਖ), ਇਰਾਕ (2.6 ਲੱਖ) ਅਤੇ ਭਾਰਤ (2.7 ਲੱਖ) ਦੇ ਲੋਕ ਹਨ। ਜਰਮਨੀ ਵਿੱਚ ਵੱਖ-ਵੱਖ ਨਸਲਾਂ ਅਤੇ ਧਰਮਾਂ ਦੇ ਲੋਕ ਵਸਦੇ ਹਨ, ਜਿਨ੍ਹਾਂ ਵਿੱਚ ਇਸਲਾਮ, ਇਸਾਈ, ਯਹੂਦੀ ਅਤੇ ਹੋਰ ਧਰਮ ਸ਼ਾਮਲ ਹਨ। ਸਿੱਖ ਧਰਮ ਦੀ ਗੱਲ ਕਰੀਏ ਤਾਂ, ਸਿੱਖਾਂ ਦੀ ਅੰਦਾਜ਼ਨ ਗਿਣਤੀ 15,000 ਤੋਂ 25,000 ਦੇ ਵਿਚਕਾਰ ਹੈ, ਪਰ ਸਹੀ ਅੰਕੜੇ ਉਪਲਬਧ ਨਹੀਂ ਹਨ।