ਬੱਦਲ ਫ਼ਟਣ ਕਰਕੇ ਉੱਤਰਕਾਸ਼ੀ ਵਿੱਚ ਹੜ੍ਹ ਆਇਆ

In ਮੁੱਖ ਖ਼ਬਰਾਂ
August 06, 2025

ਉੱਤਰਕਾਸ਼ੀ ਵਿੱਚ ਗੰਗੋਤਰੀ ਜਾਣ ਵਾਲੇ ਰਸਤੇ ’ਤੇ ਧਰਾਲੀ ਪਿੰਡ ਨੇੜੇ ਬੱਦਲ ਫ਼ਟਣ ਕਰਕੇ ਅਚਾਨਕ ਹੜ੍ਹ ਆਉਣ ਕਾਰਨ ਕਈ ਘਰ ਤੇ ਹੋਟਲ ਪਾਣੀ ਵਿੱਚ ਵਹਿ ਗਏ, ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 60-70 ਵਿਅਕਤੀ ਲਾਪਤਾ ਹੋ ਗਏ। ਇਸ ਦੌਰਾਨ ਲੋਅਰ ਹਰਸਿਲ ਖੇਤਰ ਵਿਚਲੇ ਫ਼ੌਜੀ ਕੈਂਪ ’ਚੋਂ 9 ਜਵਾਨ ਵੀ ਪਾਣੀ ’ਚ ਵਹਿ ਗਏ। ਮੌਸਮ ਵਿਭਾਗ ਨੇ ਨੈਨੀਤਾਲ, ਚੰਪਾਵਤ, ਊਧਮ ਸਿੰਘ ਨਗਰ, ਬਾਗੇਸ਼ਵਰ, ਪੌੜੀ ਟੀਹਰੀ, ਹਰਿਦੁਆਰ ਅਤੇ ਦੇਹਰਾਦੂਨ ਸਮੇਤ ਸੱਤ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਦੇ ਲੋਕਾਂ ਨੂੰ ਪਹਿਲਾਂ ਵੀ ਅਜਿਹੇ ਦੁਖਾਂਤ ਦਾ ਸਾਹਮਣਾ ਕਰਨਾ ਪਿਆ ਹੈ। 2013 ਵਿੱਚ ਕੇਦਾਰਨਾਥ ’ਚ ਹੜ੍ਹ ਆਏ ਸਨ ਅਤੇ 2021 ਵਿੱਚ ਚਮੋਲੀ ’ਚ ਗਲੇਸ਼ੀਅਰ ਫ਼ਟਿਆ ਸੀ।
ਗੰਗੋਤਰੀ ਜਾਣ ਵਾਲੇ ਵੱਡੇ ਗਿਣਤੀ ਲੋਕ ਧਰਾਲੀ ਵਿੱਚ ਠਹਿਰਦੇ ਹਨ। ਇੱਥੇ ਵੱਡੀ ਗਿਣਤੀ ਵਿੱਚ ਹੋਟਲ, ਰੈਸਤਰਾਂ ਅਤੇ ਹੋਮਸਟੇਅਜ਼ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਗਪਗ ਅੱਧਾ ਪਿੰਡ ਮਲਬੇ ਹੇਠਾਂ ਦੱਬਿਆ ਗਿਆ ਹੈ। ਰਾਹਤ ਕਰਮੀ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ।
ਖੀਰ ਗੰਗਾ ਨਦੀ ਦੇ ਕੈਚਮੈਂਟ ਖੇਤਰ ਵਿੱਚ ਬੱਦਲ ਫ਼ਟਣ ਕਰਕੇ ਭਿਆਨਕ ਹੜ੍ਹ ਆਉਣ ਮਗਰੋਂ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ। ਸੂਬੇ ਦੇ ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਦੱਸਿਆ ਕਿ ਪਾਣੀ ਪਹਾੜੀ ਦੇ ਦੋ ਪਾਸਿਆਂ ਧਰਾਲੀ ਤੇ ਸੁੱਕੀ ਪਿੰਡਾਂ ਰਾਹੀਂ ਹੇਠਾਂ ਆਇਆ। ਸ਼ਾਮ ਤੱਕ ਮੀਂਹ ਜਾਰੀ ਰਹਿਣ ਕਾਰਨ ਬਚਾਅ ਕਾਰਜਾਂ ਵਿੱਚ ਵਿਘਨ ਪਿਆ ਹੈ।
ਢਿੱਗਾਂ ਡਿੱਗਣ ਕਾਰਨ ਪੰਜ ਕੌਮੀ ਮਾਰਗਾਂ ਤੇ ਸੱਤ ਰਾਜ ਮਾਰਗਾਂ ਸਮੇਤ 163 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਪ੍ਰਭਾਵਿਤ ਇਲਾਕੇ ਵਿੱਚ ਪਹੁੰਚਣ ਲਈ ਬਚਾਅ ਟੀਮਾਂ ਨੂੰ 140 ਕਿਲੋਮੀਟਰ ਲੰਮਾ ਪੈਂਡਾ ਤਹਿ ਕਰਕੇ ਆਉਣਾ ਪੈ ਰਿਹਾ ਹੈ। ਨੇੜਲੇ ਹਰਸਿਲ ਇਲਾਕੇ ਤੋਂ ਫ਼ੌਜ ਦੀ ਟੀਮ ਰਾਹਤ ਕਾਰਜਾਂ ਲਈ ਮੌਕੇ ’ਤੇ ਪਹੁੰਚ ਗਈ ਹੈ ਪਰ ਹੋਰਨਾਂ ਟੀਮਾਂ ਨੂੰ ਟੁੱਟੀਆਂ ਸੜਕਾਂ ਤੇ ਖ਼ਰਾਬ ਮੌਸਮ ਕਾਰਨ ਮੌਕੇ ’ਤੇ ਪਹੁੰਚਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਸ਼ਾਂਤ ਆਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ। ਲਾਪਤਾ ਵਿਅਕਤੀਆਂ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਹੈ ਪਰ ਇਹ ਗਿਣਤੀ ਕਾਫ਼ੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਉਤਰਾਖੰਡ ਦੇ ਪ੍ਰਿੰਸੀਪਲ ਸੈਕਟਰੀ ਆਰ ਕੇ ਸੁਧਾਂਸ਼ੂ ਨੇ ਕਿਹਾ ਕਿ 40 ਤੋਂ 50 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਕਾਰਨ ਹੈਲੀਕਾਪਟਰਾਂ ਦੀ ਮਦਦ ਵੀ ਨਹੀਂ ਲਈ ਜਾ ਸਕੀ। ਅਧਿਕਾਰੀਆਂ ਨੇ ਕਿਹਾ ਕਿ 16 ਮੈਂਬਰੀ ਇੰਡੋ-ਤਿੱਬਤੀ ਬਾਰਡਰ ਪੁਲੀਸ (ਆਈ.ਟੀ.ਬੀ.ਪੀ.) ਦੀ ਟੀਮ ਉਤਰਾਖੰਡ ਦੇ ਮੈਤਲੀ ਵਿੱਚ ਤਾਇਨਾਤ ਆਪਣੀ 12ਵੀਂ ਬਟਾਲੀਅਨ ਤੋਂ ਧਰਾਲੀ ਪਹੁੰਚ ਗਈ ਹੈ। ਉਸ ਦੀ ਇੱਕ ਹੋਰ ਯੂਨਿਟ ਨੂੰ ਵੀ ਆਫ਼ਤ ਵਾਲੀ ਥਾਂ ’ਤੇ ਜਾਣ ਲਈ ਕਿਹਾ ਗਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਹੜ੍ਹ ਦਾ ਪਾਣੀ ਪਿੰਡ ਵਿੱਚ ਵੜਦਾ ਨਜ਼ਰ ਆ ਰਿਹਾ ਹੈ। ਇਹ ਸੈਲਾਬ ਘਰਾਂ, ਸੜਕਾਂ ਅਤੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਗਿਆ। ਲੋਕਾਂ ਨੂੰ ਘਬਰਾਹਟ ਵਿੱਚ ਚੀਕਦੇ ਸੁਣਿਆ ਜਾ ਸਕਦਾ ਹੈ। ਆਈ.ਟੀ.ਬੀ.ਪੀ. ਦੇ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ 37 ਪਿੰਡ ਵਾਸੀਆਂ (22 ਪੁਰਸ਼, 11 ਔਰਤਾਂ ਅਤੇ ਚਾਰ ਬੱਚੇ) ਨੂੰ ਹੋਰ ਏਜੰਸੀਆਂ ਨਾਲ ਤਾਲਮੇਲ ਕਰਕੇ ਬਚਾਇਆ ਗਿਆ ਅਤੇ ਕੋਪਾਂਗ ਵਿੱਚ ਆਈ.ਟੀ.ਬੀ.ਪੀ. ਦੀ ਸਰਹੱਦੀ ਚੌਕੀ ਵਿੱਚ ਸੁਰੱਖਿਅਤ ਢੰਗ ਨਾਲ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਦੇਹਰਾਦੂਨ ਵਿੱਚ ਸਟੇਟ ਡਿਜ਼ਾਸਟਰ ਅਪਰੇਸ਼ਨ ਸੈਂਟਰ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਬਚਾਅ ਏਜੰਸੀਆਂ ਨਾਲ ਉੱਚ ਪੱਧਰੀ ਮੀਟਿੰਗ ਮੀਟਿੰਗ ਕੀਤੀ। ਜੋਸ਼ੀਮੱਠ ਵਿੱਚ ਆਰਮੀ ਬ੍ਰਿਗੇਡ ਵਿੱਚ ਤਾਇਨਾਤ ਬ੍ਰਿਗੇਡੀਅਰ ਮਨਦੀਪ ਢਿੱਲੋਂ ਨੇ ਦੱਸਿਆ ਕਿ ਬੱਦਲ ਫ਼ਟਣ ਕਾਰਨ ਆਰਮੀ ਕੈਂਪ ਦਾ ਵੀ ਇੱਕ ਹਿੱਸਾ ਨੁਕਸਾਨਿਆ ਗਿਆ ਹੈ। ਇਸ ਦੇ ਬਾਵਜੂਦ ਫ਼ੌਜ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ ਅਤੇ ਪੀੜਤਾਂ ਦੀ ਮਦਦ ਲਈ ਦ੍ਰਿੜ੍ਹ ਹੈ।

Loading