
ਰਈਆ, 5 ਦਸੰਬਰ
: ਵੀਰਵਾਰ ਸਵੇਰੇ ਅੰਮ੍ਰਿਤਸਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਦੇ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਵੱਜਣ ਕਾਰਨ ਬੱਸ ਵਿਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸਾ ਇੰਨਾ ਭਿਆਨਕ ਸੀ ਬੱਸ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਗੋਲਡਨ ਐਕਸਪ੍ਰੈਸ ਪ੍ਰਾਈਵੇਟ ਬੱਸ (ਨੰਬਰ ਪੀਬੀ 02ਸੀਆਰ 9295) ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸੀ। ਜਦੋਂ ਇਹ ਸਵੇਰੇ ਕਰੀਬ 10 ਵਜੇ ਬਿਆਸ ਕਸਬੇ ਕੋਲ ਰੋਹੀ ਪੁਲ ’ਤੇ ਪੁੱਜੀ ਤਾਂ ਅੱਗੇ ਜਾ ਰਹੀ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ (ਨੰਬਰ ਪੀਬੀ 07 ਐਕਸ 2819) ਦੇ ਪਿੱਛੇ ਟਕਰਾ ਗਈ।
ਇਸ ਕਾਰਨ ਬੱਸ ਬੁਰੀ ਤਰ੍ਹਾਂ ਚੱਕਨਾਚੂਰ ਹੋ ਗਈ ਅਤੇ ਬੱਸ ਦੀਆਂ ਦੋ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ਦੀ ਸ਼ਨਾਖ਼ਤ ਬੱਸ ਕੰਡਕਟਰ ਪਵਿੱਤਰ ਸਿੰਘ ਵਾਸੀ ਕੋਟਲਾ ਗੁਜਰਾਂ ਅਤੇ ਮੁਸਾਫ਼ਰ ਮੰਗਲ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਭੋਰਸੀ ਰਾਜਪੂਤਾਂ ਵਜੋਂ ਹੋਈ ਹੈ। ਬਾਕੀ ਜ਼ਖ਼ਮੀ ਸਵਾਰੀਆਂ ਨੂੰ ਡੇਰਾ ਬਿਆਸ, ਸਿਵਲ ਹਸਪਤਾਲ ਬਾਬਾ ਬਕਾਲਾ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।