
ਪਟਿਆਲਾ, 25 ਅਕਤੂਬਰ:
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਦੇ ਖ਼ਿਲਾਫ਼ ਪਟਿਆਲਾ ਦੀ ਇੱਕ ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਪਟਿਆਲਾ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵੱਲੋਂ ਜਾਰੀ ਵਰੰਟਾਂ ਵਿੱਚ ਚਹਿਲ ਨੂੰ 28 ਅਕਤੂਬਰ ਤੱਕ ਗ੍ਰਿਫਤਾਰ ਕਰ ਕੇ ਅਦਾਲਤ ਲੱਗੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਜਿਕਰਯੋਗ ਹੈ ਕਿ ਭਰਤ ਇੰਦਰ ਚਹਿਲ ਦੇ ਖ਼ਿਲਾਫ਼ ਆਮਦਨੀ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ 2 ਅਗਸਤ, 2023 ਨੂੰ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਧਾਰਾ 13(1)ਬੀ, 13(2) ਪੀਸੀ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਚਹਿਲ ਵੱਲੋਂ ਅਗਾਊ ਜ਼ਮਾਨਤ ਲਈ ਦਾਇਰ ਕੀਤੀ ਗਈ ਅਰਜ਼ੀ ਪਿਛਲੇ ਦਿਨੀਂ ਹਾਈ ਕੋਰਟ ਨੇ ਖ਼ਾਰਜ ਕਰ ਦਿੱਤੀ ਸੀ।
ਇਸ ਸਬੰਧੀ ਆਪਣੇ ਹੁਕਮਾਂ ਵਿਚ ਅਦਾਲਤ ਨੇ ਇਸ ਮਾਮਲੇ ਵਿੱਚ ਚਹਿਲ ਦੀ ਹਿਰਾਸਤੀ ਪੁੱਛਗਿਛ ਜ਼ਰੂਰੀ ਕਰਾਰ ਦਿੱਤੀ ਸੀ। ਇਸ ਦੇ ਚੱਲਦਿਆਂ ਹੀ ਹੁਣ ਪਟਿਆਲਾ ਦੇ ਚੀਫ ਜੁਡੀਸ਼ਅਲ ਮੈਜਿਸਟਰੇਟ ਦੀ ਅਦਾਲਤ ਨੇ ਚਹਿਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ ਤਾਂ ਜੋ ਉਨ੍ਹਾਂ ਦੀ ਹਿਰਾਸਤੀ ਪੁੱਛਗਿਛ ਯਕੀਨੀ ਬਣਾਈ ਜਾ ਸਕੇ।