
ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਬਰਸੀ ਇਸ ਵਾਰ ਵੀ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਸਥਿਤ ਉਨ੍ਹਾਂ ਦੀ ਸਮਾਧ ’ਤੇ ਨਹੀਂ ਮਨਾਈ ਜਾ ਸਕੇਗੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਨੇ ਦੱਸਿਆ ਕਿ ਲਾਹੌਰ ਦੇ ਨੌਲੱਖਾ ਬਾਜ਼ਾਰ ਵਿੱਚ, ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਗੁਰਦੁਆਰਾ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ ਨੂੰ ਜਾਣ ਵਾਲਾ ਰਸਤਾ ਛੇ ਸਾਲ ਪਹਿਲਾਂ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਵੱਲੋਂ ਸੀਲ ਕਰ ਦਿੱਤਾ ਗਿਆ ਸੀ। ਇਹ ਪਵਿੱਤਰ ਅਸਥਾਨ ਪਾਕਿਸਤਾਨੀ ਸਿੱਖ ਸੰਗਤ ਸਮੇਤ ਦੇਸ਼-ਵਿਦੇਸ਼ ਦੀ ਸੰਗਤ ਲਈ ਅਜੇ ਵੀ ਬੰਦ ਹੈ, ਅਤੇ ਇੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਮਸਲੇ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੀ 4-5 ਕਨਾਲ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸੁਹੇਲ ਬੱਟ ਪੁੱਤਰ ਸਲਾਹੁਦੀਨ ਬੱਟ, ਰਜ਼ਾ ਬੱਟ, ਉਮੇਰ ਅਤੇ ਕੱਟੜਪੰਥੀ ਸਮੂਹ ਦਾਵਤ-ਏ-ਇਸਲਾਮੀ (ਬਰੇਲਵੀ) ਵੱਲੋਂ ਵਿਵਾਦ ਖੜ੍ਹਾ ਕੀਤਾ ਗਿਆ। ਇਸ ਵਿਵਾਦ ਦੀ ਆੜ ਵਿੱਚ ਅਸਥਾਨ ਨੂੰ ਪੱਕੇ ਤੌਰ ’ਤੇ ਸੀਲ ਕਰਵਾ ਦਿੱਤਾ ਗਿਆ। ਸੁਹੇਲ ਬੱਟ ਨੇ 2020 ਵਿੱਚ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਇਹ ਜ਼ਮੀਨ ਪੀਰ ਸ਼ਾਹ ਕਾਕੂ ਦੀ ਦਰਗਾਹ ਅਤੇ ਮਸਜਿਦ ਨਾਲ ਸਬੰਧਤ ਹੈ। ਇਸ ਦਾਅਵੇ ਨੂੰ ਪਾਕਿਸਤਾਨੀ ਅਖਬਾਰਾਂ ਅਤੇ ਸਿੱਖ ਸੰਗਤ ਨੇ ਖੋਖਲਾ ਕਰਾਰ ਦਿੱਤਾ, ਕਿਉਂਕਿ ਇਤਿਹਾਸਕ ਦਸਤਾਵੇਜ਼ ਸਪੱਸ਼ਟ ਕਰਦੇ ਹਨ ਕਿ ਇਹ ਅਸਥਾਨ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਵਾਲੀ ਥਾਂ ਹੈ, ਜਿੱਥੇ 1745 ਵਿੱਚ ਮੁਗਲ ਗਵਰਨਰ ਜ਼ਕਰੀਆ ਖਾਨ ਦੇ ਹੁਕਮ ’ਤੇ ਉਨ੍ਹਾਂ ਦੀ ਖੋਪੜੀ ਉਤਾਰ ਕੇ ਸ਼ਹੀਦ ਕੀਤਾ ਗਿਆ ਸੀ।
ਪਾਕਿਸਤਾਨ ਵਿੱਚ ਸਿੱਖ ਆਗੂਆਂ ਗੋਪਾਲ ਸਿੰਘ ਚਾਵਲਾ ਅਤੇ ਫ਼ੌਜਾ ਸਿੰਘ ਨੇ ਅਸਥਾਨ ਨੂੰ ਖੁਲ੍ਹਵਾਉਣ ਲਈ ਕਈ ਉਪਰਾਲੇ ਕੀਤੇ, ਪਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈ.ਟੀ.ਪੀ.ਬੀ. ਦੀ ਚੁੱਪੀ ਕਾਰਨ ਮਾਮਲਾ ਹੱਲ ਨਹੀਂ ਹੋ ਸਕਿਆ।
ਸਿੱਖ ਸੰਗਤ ਵੱਲੋਂ ਦੋਸ਼ ਹੈ ਕਿ ਪਾਕਿਸਤਾਨ ਸਰਕਾਰ ਅਤੇ ਇਸ ਦੀਆਂ ਸੰਸਥਾਵਾਂ ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਸੰਭਾਲ ਵਿੱਚ ਨਾਕਾਮ ਰਹੀਆਂ ਹਨ। ਪ੍ਰਵਾਸੀ ਸਿੱਖ ਭਾਈਚਾਰੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ’ਤੇ ਵੀ ਸਵਾਲ ਉੱਠ ਰਹੇ ਹਨ ਕਿ ਉਹ ਇਸ ਮਸਲੇ ’ਤੇ ਆਵਾਜ਼ ਕਿਉਂ ਨਹੀਂ ਉਠਾਉਂਦੇ। 2020 ਵਿੱਚ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਾਈ ਕਮਿਸ਼ਨ ਕੋਲ ਇਸ ਮਸਲੇ ’ਤੇ ਵਿਰੋਧ ਦਰਜ ਕਰਵਾਇਆ ਸੀ, ਪਰ ਇਸ ਦੇ ਬਾਵਜੂਦ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਹੈ। ਉਨ੍ਹਾਂ ਨੇ ਮੁਗਲ ਜ਼ੁਲਮ ਦੇ ਸਾਹਮਣੇ ਆਪਣੀ ਸਿੱਖੀ ਸਿਦਕ ਨੂੰ ਕਾਇਮ ਰੱਖਦਿਆਂ, ਕੇਸਾਂ ਦੀ ਪਵਿੱਤਰਤਾ ਲਈ ਸਿਰ ਕਟਵਾਉਣ ਨੂੰ ਤਰਜੀਹ ਦਿੱਤੀ ਸੀ। ਅਜਿਹੇ ਪਵਿੱਤਰ ਅਸਥਾਨ ’ਤੇ ਪਾਬੰਦੀ ਅਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ। ਪਾਕਿਸਤਾਨ ਸਰਕਾਰ ਦੀ ਇਸ ਮਸਲੇ ’ਤੇ ਚੁੱਪੀ ਅਤੇ ਕੱਟੜਪੰਥੀ ਸਮੂਹਾਂ ਦੀ ਅੜੀ ਨੇ ਸਥਿਤੀ ਨੂੰ ਹੋਰ ਪੇਚੀਦਾ ਕਰ ਦਿੱਤਾ ਹੈ। ਸਿੱਖ ਵਿਦਵਾਨਾਂ ਅਤੇ ਆਗੂਆਂ ਦਾ ਮੰਨਣਾ ਹੈ ਕਿ ਅਜਿਹੇ ਮਸਲਿਆਂ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਪੰਥ ਵੱਲੋਂ ਦਬਾਅ ਬਣਾਉਣ ਦੀ ਲੋੜ ਹੈ, ਤਾਂ ਜੋ ਸਿੱਖ ਧਰਮ ਦੇ ਇਤਿਹਾਸਕ ਅਸਥਾਨਾਂ ਦੀ ਪਵਿੱਤਰਤਾ ਅਤੇ ਪਹੁੰਚ ਨੂੰ ਬਰਕਰਾਰ ਰੱਖਿਆ ਜਾ ਸਕੇ।