ਭਾਈ ਰਾਜੋਆਣਾ ਦੇ ਨਾਲ ਐਡਵੋਕੇਟ ਧਾਮੀ ਤੇ ਜਥੇਦਾਰ ਰਘਬੀਰ ਸਿੰਘ ਦੀ ਮਿਲਣੀ ਨੇ ਖੜੇ ਕੀਤੇ ਕਈ ਸਵਾਲ

In ਖਾਸ ਰਿਪੋਰਟ
August 14, 2024
ਕੱਲ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਭਾਈ ਰਾਜੋਆਣਾ ਨਾਲ ਮਿਲਣੀ ਕਾਫ਼ੀ ਚਰਚਾ ਦੇ ਵਿੱਚ ਹੈ। ਭਾਵੇਂਕਿ ਬਾਹਰ ਆ ਕੇ ਸਿੱਖ ਆਗੂਆਂ ਨੇ ਕਿਹਾ ਕਿ ਅਸੀਂ ਭਾਈ ਸਾਹਿਬ ਨੂੰ ਜਲ ਦੇਣ ਗਏ ਸੀ ਅਤੇ ਇਹ ਇੱਕ ਪਰਿਵਾਰਕ ਮੁਲਾਕਾਤ ਸੀ। ਇਸ ਮੁਲਾਕਾਤ ਦੇ ਕਈ ਮਾਇਨੇ ਨਿਕਲ ਰਹੇ ਨੇ। ਮਾਂ ਪਿਓ ਤੇ ਭੈਣ ਭਰਾ ਤੋਂ ਬਿਨਾਂ ਇਹ ਮੁਲਾਕਾਤ ਪਰਿਵਾਰਕ ਕਿਵੇਂ ਹੋ ਗਈ? ਗਿਆਨੀ ਰਘਬੀਰ ਸਿੰਘ ਦਾ ਦੂਜੀ ਵਾਰ ਜੇਲ੍ਹ ਦੇ ਵਿੱਚ ਭਾਈ ਰਾਜੋਆਣਾ ਦੇ ਨਾਲ ਮੁਲਾਕਾਤ ਕਰਨਾ ਕਾਫ਼ੀ ਸਵਾਲ ਖੜੇ ਕਰਦਾ ਹੈ। ਭਾਈ ਰਾਜੋਆਣਾ ਨੂੰ ਜੇਲ੍ਹ ਵਿੱਚ ਬੰਦ ਹੋਇਆਂ 30 ਸਾਲ ਹੋਣ ਵਾਲੇ ਹਨ। ਤੇ 18 ਸਾਲ ਹੋ ਗਏ ਨੇ, ਉਹ ਫਾਂਸੀ ਦੀ ਚੱਕੀ ਦੇ ਅੰਦਰ ਹਨ। ਚੱਕੀ ਵਿੱਚ ਬੰਦ ਹੋਣਾ ਰੋਜ਼ ਮਰਨ ਵਾਲੀ ਗੱਲ ਹੁੰਦੀ ਹੈ। ਤੁਹਾਨੂੰ ਯਾਦ ਹੋਣੈ ਕਿ ਕੁਝ ਸਮੇਂ ਪਹਿਲਾਂ ਭਾਈ ਰਾਜੋਆਣਾ ਦੀ ਸਿਹਤ ਖਰਾਬ ਸੀ, ਸ਼੍ਰੋਮਣੀ ਕਮੇਟੀ ਨੇ ਉਸ ਸਮੇਂ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਸੀ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਪਰ ਉਸ ਪੱਤਰ ਦਾ ਜਵਾਬ ਕੋਈ ਨਹੀਂ ਸੀ ਆਇਆ। ਅਸਲ ਦੇ ਵਿੱਚ ਜੇਲ੍ਹ ਅੰਦਰ ਗੱਲਬਾਤ ਕੀ ਹੋਈ ਪਤਾ ਨਹੀਂ ਪਰ ਕਿਆਸ ਅਰਾਈਆਂ ਬੁੱਧੀਜੀਵੀ ਇਹ ਲਗਾ ਰਹੇ ਨੇ ਕਿ ਹਾਸ਼ੀਏ ਵਿੱਚ ਗਿਆ ਅਕਾਲੀ ਦਲ ਹੱਥ ਪੈਰ ਮਾਰ ਰਿਹਾ ਹੈ। ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦੀ ਚਰਚਾ ਅਕਾਲੀਆਂ ਨਾਲੋਂ ਕਿਤੇ ਵਧ ਹੈ, ਬੁੱਧੀਜੀਵੀ ਤਾਂ ਇਹ ਕਹਿ ਰਹੇ ਨੇ ਕਿ ਭਾਈ ਰਾਜੋਆਣੇ ਦੇ ਨਾਲ ਗੱਲਬਾਤ ਕਰਕੇ ਕਿਧਰੇ ਅਕਾਲੀ ਪਾਰਟੀ ਕੁਝ ਖੱਟਣਾ ਤਾਂ ਨਹੀਂ ਚਾਹੁੰਦੀ ਜਾਂ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ? ਅਸਲ ਵਿੱਚ ਅੰਮ੍ਰਿਤਪਾਲ ਦੀ ਜਿੱਤ ਪੰਥਕ ਜਿੱਤ ਹੀ ਨਹੀਂ, ਸਗੋਂ ਪੂਰੇ ਸਿਸਟਮ ਦੇ ਖ਼ਿਲਾਫ਼ ਜਿੱਤ ਸੀ। ਨਸ਼ੇ ਦੇ ਮੁੱਦੇ ’ਤੇ ਗੱਲ ਕਰਨੀ, ਨੌਜਵਾਨਾਂ ਨੂੰ ਲਾਮਬੰਦ ਕਰਨਾ, ਸਿੱਖੀ ਨਾਲ ਜੋੜਨ ਵਰਗੀਆਂ ਗੱਲਾਂ ਅਕਾਲੀਆਂ ਨੂੰ ਖੁੱਡੇ ਲਗਾ ਗਈਆਂ। ਹੁਣ ਵੀ ਗਿੱਦੜਬਾਹੇ ਦੀ ਜਿੱਤ ਸੁਖਬੀਰ ਬਾਦਲ ਦੀ ਮੁੱਛ ਦਾ ਸਵਾਲ ਬਣਿਆ ਹੋਇਆ ਹੈ। ਹੋ ਸਕਦਾ ਹੈ ਕਿ ਕੱਲ ਦੀ ਮਿਲਣੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਚੋਣ ਬਾਰੇ ਵੀ ਗੱਲ ਹੋਈ ਹੋਵੇ। ਖ਼ਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ ਜਗਤਾਰ ਸਿੰਘ ਹਵਾਰਾ ਦੇ ਪਿਤਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗਵਰਨਰ ਦੇ ਨਾਲ ਮੁਲਾਕਾਤ ਵੀ ਕੀਤੀ ਹੈ। 2019 ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਾਂਗੇ ਤੇ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪਰ ਰਿਹਾਅ ਕੋਈ ਸਿੰਘ ਨਹੀਂ ਕੀਤਾ ਗਿਆ। ਨੋਟੀਫਿਕੇਸ਼ਨ ਰੱਦ ਕਰ ਦਿੱਤਾ। ਕੀ ਕੋਈ ਗਵਰਨਰ ਇਹੋ ਜਿਹੇ ਮਸਲੇ ’ਤੇ ਰਸਤਾ ਲੱਭ ਸਕਦਾ ਹੈ? ਵੈਸੇ ਗੁਲਾਬ ਚੰਦ ਕਟਾਰੀਆ ਘਾਗ ਸਿਆਸਤਦਾਨ ਨੇ, ਐਮ.ਪੀ. ਰਹੇ ਨੇ, ਵਿਰੋਧੀ ਧਿਰ ਦੇ ਨੇਤਾ ਰਹੇ ਨੇ, 8 ਵਾਰ ਐਮ.ਐਲ.ਏ. ਵੀ ਰਹੇ ਨੇ। ਰਸਤਾ ਲੱਭ ਸਕਦੇ ਨੇ। ਤੁਹਾਨੂੰ ਯਾਦ ਹੋਣੈ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਤਾਂ ਉਸ ਸਮੇਂ ਪੰਜਾਬ ਦੇ ਗਵਰਨਰ ਅਰਜਨ ਸਿੰਘ ਨੇ ਇਹ ਸਮਝੌਤਾ ਕਰਵਾਇਆ ਸੀ ਤੇ ਬਦਲੇ ਵਿੱਚ ਉਹਨਾਂ ਨੂੰ ਇਨਾਮ ਵੀ ਮਿਲੇ ਸੀ। ਸੋ ਸਰਕਾਰ ਨੂੰ ਗੁਲਾਬ ਚੰਦ ਕਟਾਰੀਆ ਚਾਹੁਣ ਤਾਂ ਮਨਾਉਣ ਵਿੱਚ ਕਾਮਯਾਬ ਹੋ ਸਕਦੇ ਨੇ। ‘‘ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੋਮਣੀ ਕਮੇਟੀ ਨੂੰ ਮੁਲਾਕਾਤ ਦਾ ਸਮਾਂ ਨਹੀਂ ਦੇ ਰਹੇ, ਤਾਂ ਸਾਨੂੰ ਕੁਝ ਹੋਰ ਸੋਚਣਾ ਪਵੇਗਾ।’’ ਭਾਈ ਰਾਜੋਆਣੇ ਦੇ ਨਾਲ ਮੁਲਾਕਾਤ ਤੋਂ ਬਾਅਦ ਸਿੱਖ ਆਗੂਆਂ ਨੇ ਇਹ ਗੱਲ ਕਹੀ। ਇਸ ਗੱਲ ਦੇ ਵਿੱਚ ਨਾਰਾਜ਼ਗੀ ਵੀ ਹੈ ਤੇ ਬੇਬਸੀ ਵੀ ਹੈ। ਇਸ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੇ ਵਿੱਚ ਪੱਚੀ ਲੱਖ ਦਸਤਖ਼ਤ ਵੀ ਕਰਵਾਏ ਗਏ ਸੀ। ਇੱਕ ਐਕਸ਼ਨ ਉਲੀਕਿਆ ਗਿਆ ਸੀ ਕਿ ਦਸਤਖ਼ਤਾਂ ਵਾਲੇ ਲਿਫ਼ਾਫ਼ੇ ਸਿਰਾਂ ’ਤੇ ਰੱਖ ਕੇ ਰਾਸ਼ਟਰਪਤੀ ਭਵਨ ਜਾਵਾਂਗੇ ਪਰ ਉਹ ਪ੍ਰੋਗਰਾਮ ਐਨ ਮੌਕੇ ’ਤੇ ਰੱਦ ਹੋ ਗਿਆ ਤੇ ਫਿਰ ਇੱਕ ਕਮੇਟੀ ਬਣ ਗਈ। ਹੋ ਸਕਦੈ ਕਿ ਫਿਰ ਉਵੇਂ ਦਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇ । ਸਵਾਲ ਇਹ ਵੀ ਹੈ ਕਿ ਕੇਂਦਰ ਨਾਲ ਲੜਾਈ ਵਿੱਢਣ ਦੀ ਤਾਕਤ ਹੁਣ ਅਕਾਲੀ ਦਲ ਦੇ ਵਿੱਚ ਜਾਂ ਕਿਸੇ ਪੰਥਕ ਸੰਸਥਾ ਦੇ ਵਿੱਚ ਹੈ? ਇਸ ਸਮੇਂ ਸਥਿਤੀ ਇਵੇਂ ਦੀ ਬਣੀ ਹੋਈ ਹੈ ਕਿ ਚੁਆਇਸ ਨਾ ਭਾਈ ਰਾਜੋਆਣਾ ਕੋਲ ਹੈ ਤੇ ਨਾ ਹੀ ਐਸ. ਜੀ. ਪੀ. ਸੀ. ਦੇ ਕੋਲ ਹੈ। ਦੁੱਖ ਹੁੰਦਾ ਹੈ ਕਿ ਇੱਕ ਪਾਸੇ ਕਾਤਲ, ਬਲਾਤਕਾਰੀ ਖੁੱਲ੍ਹੇਆਮ ਜੇਲ੍ਹ ਵਿਚੋਂ ਬਾਹਰ ਆ ਰਹੇ ਨੇ, ਫਿਰ ਪੰਜਾਬ ਦੇ ਨਾਲ ਵਿਤਕਰਾ ਕਿਉਂ? ਪੰਜਾਬ ਲਈ ਕਾਨੂੰਨ ਸਖ਼ਤ ਕਿਉਂ ਨੇ? ਕੀ ਰਾਮ ਰਹੀਮ ਸਰਕਾਰਾਂ ਲਈ ਸ਼ਰੀਫ਼ ਬੰਦਾ ਹੋ ਗਿਆ? ਰਾਮ ਰਹੀਮ ਦੇ ਨਾਲ ਬੰਦੀ ਸਿੰਘਾਂ ਦੇ ਬਾਰੇ ਵਿੱਚ ਗੱਲ ਕਰਨੀ ਚੰਗੀ ਤਾਂ ਨਹੀਂ ਲੱਗਦੀ ਪਰ ਇਨਸਾਫ਼ ਦੀ ਤਕੜੀ ਦਾ ਬੇਈਮਾਨ ਛਾਬਾ ਜਦੋਂ ਭਾਰਾ ਲੱਗੇ ਤਾਂ ਹੋਰ ਕੋਈ ਰਸਤਾ ਨਹੀਂ ਰਹਿੰਦਾ। ਹਾਲੇ ਵੀ ਲੋਕ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਹੁੰਮ ਹੁਮਾ ਕੇ ਇਕੱਠੇ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਕੋਈ ਭਰੋਸੇਮੰਦ ਧਿਰ ਨਜ਼ਰ ਨਹੀਂ ਪੈਂਦੀ। ਲੋਕਾਂ ਦੇ ਵਿੱਚ ਧਾਰਨਾ ਬਣ ਗਈ ਹੈ ਕਿ ਜੇ ਅਕਾਲੀ ਪਹਿਲਾਂ ਵਾਂਗ ਫੇਰ ਪਿਛਾਂਹ ਹੱਟ ਗਏ ਤਾਂ? ਅਕਾਲੀ ਪਾਰਟੀ ਨੂੰ ਭਰੋਸਾ ਕਾਇਮ ਕਰਨਾ ਪਵੇਗਾ ਕਿਉਂਕਿ ਮਨੋ ਤੇ ਸੰਕਲਪੋਂ ਹਾਰੇ ਬੰਦਿਆਂ ਦੇ ਪਿੱਛੇ ਲੋਕਾਂ ਦੀ ਧਾੜ ਨਹੀਂ ਲੱਗਦੀ। ਬੰਦੀ ਸਿੰਘਾਂ ਦੀ ਰਿਹਾਈ ਲਈ ਹਾਕਮ ਸਰਕਾਰ ਵੱਲੋਂ ਟਾਲ ਮਟੌਲ ਕਰਨਾ ਦੁਨੀਆਂ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਹੈ।

Loading