ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ

In ਮੁੱਖ ਲੇਖ
March 21, 2026

ਪ੍ਰਮਿੰਦਰ ਸਿੰਘ ਪ੍ਰਵਾਨਾ
ਅਠਾਰਵੀਂ ਸਦੀ ਵਿੱਚ ਮੁਗਲ ਸਰਕਾਰ ਨੇ ਸਿੰਘਾਂ ’ਤੇ ਜ਼ੁਲਮਾਂ ਦੀ ਹੱਦ ਹੀ ਮੁਕਾ ਦਿੱਤੀ। ਆਪਣੇ ਖੂਨੀ ਇਰਾਦੇ ਨਾਲ ਸਿੰਘਾਂ ਦਾ ਖੁਰਾਖ਼ੋਜ਼ ਮਿਟਾਉਣ ਲਈ ਤਤਪਰ ਰਹਿੰਦੇ। ਉਹਨਾਂ ਨੇ ਸਿੱਖਾਂ ਨੂੰ ਚੁਣ ਚੁਣ ਕੇ ਸ਼ਹੀਦ ਕਰਨ ਦੀ ਮੁਹਿੰਮ ਹੀ ਚਲਾ ਦਿੱਤੀ ਪਰ ਸਿੰਘ ਚੜ੍ਹਦੀਕਲਾ ਵਿੱਚ ਰਹਿੰਦੇ। ਰਾਜਨੀਤਿਕ ਮੁਕਾਬਲੇ ਲਈ ਅੱਗੇ ਵਧਦੇ ਗਏ। ਉਹਨਾਂ ਨੇ ਗੁਰਬਾਣੀ ਵਿੱਚ ਨਿਸ਼ਚੇ ਰੱਖਿਆ ਅਤੇ ਸੇਧ ਪ੍ਰਾਪਤ ਕੀਤੀ। ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ 1 ਜੁਲਾਈ 1745 ਅਤੇ ਹੋਰ ਸਮਕਾਲੀ ਸ਼ਹੀਦੀਆਂ ਤੋਂ ਸਿੰਘਾਂ ਵਿੱਚ ਰੋਹ ਦੀ ਲਹਿਰ ਦੌੜ ਪਈ। ਉਨ੍ਹਾਂ ਨੇ ਮੁਗਲਾਂ ਤੋਂ ਬਦਲਾ ਲੈਣ ਲਈ ਗੁਰੀਲਾ ਜੰਗ ਦਾ ਪੈਂਤੜਾ ਅਪਣਾਇਆ। ਸਿੰਘਾਂ ਨੇ ਸੰਸਾਰ ਦੀ ਸਭ ਤੋਂ ਵੱਡੀ ਗੁਰੀਲਾ ਜੰਗ ਲੜੀ ਹੈ। ਉਹ ਸਰਕਾਰੀ ਕਾਫਲੇ ਦੇ ਖ਼ਜ਼ਾਨੇ ਨੂੰ ਲੁੱਟ ਲੈਂਦੇ । ਸਰਕਾਰੀ ਅਮਲਾ ਜਦੋਂ ਮਾਲੀਆ ਉਗਰਾਹ ਕੇ ਲਾਹੌਰ ਵੱਲ ਜਾ ਰਿਹਾ ਹੁੰਦਾ, ਤਾਂ ਸਿੰਘ ਖ਼ਜ਼ਾਨਾ ਪੂਰਾ ਲੁੱਟ ਕੇ ਲੈ ਜਾਂਦੇ। ਇਸ ਤਰ੍ਹਾਂ ਸਰਕਾਰੀ ਖ਼ਜ਼ਾਨੇ ਵਿੱਚ ਮਾਲੀਆ ਜਮ੍ਹਾ ਹੋਣ ਤੋਂ ਬੰਦ ਹੋ ਗਿਆ। ਸਰਕਾਰ ਨੇ ਸਿੰਘਾ ਨੂੰ ਸਜ਼ਾਵਾਂ ਦੇਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਿੰਘ ਹੱਥ ਨਹੀਂ ਆਉਂਦੇ ਸਨ। ਉਹ 3-4 ਸਿੰਘਾਂ ਦਾ ਜਥਾ ਬਣਾਂ ਕੇ ਰਸਦ ਪਾਣੀ ਅਤੇ ਖ਼ਜ਼ਾਨਾ ਲੁੱਟਦੇ ਤੇ ਜੰਗਲਾਂ ਬੇਲਿਆਂ ਵਾਦੀਆਂ ਮਾਰੂਥਲਾਂ ਦੀਆਂ ਪਨਾਹਗਾਹਾਂ ਤੇ ਡੇਰਿਆਂ ’ਤੇ ਚਲੇ ਜਾਂਦੇ। ਗੁਰੀਲਾ ਜੰਗ ਕੁਝ ਚਿਰ ਚਲਦੀ ਰਹੀ। ਸਰਕਾਰ ਸਿੰਘਾਂ ਦੇ ਇਸ ਜੰਗੀ ਪੈਂਤੜੇ ਤੋਂ ਤੰਗ ਆ ਗਈ ਸੀ। ਆਖਰਕਾਰ ਸਿੰਘਾਂ ਨੂੰ ਸ਼ਾਂਤ ਕਰਨ ਅਤੇ ਵਕਤੀ ਸੁਲਾਹ ਕਰਨ ਦੀ ਵਿਉਂਤ ਬਣਾਈ। ਇਸ ਅਨੁਸਾਰ 1733 ਵਿੱਚ ਜਕਰੀਆ ਖਾਨ ਨੇ ਸੁਝਾਅ ਦਿੱਤਾ ਕਿ ਸਿੰਘਾਂ ਨੂੰ ਜਗੀਰ ਅਤੇ ਪਦਵੀ ਦਾ ਖਿਤਾਬ ਦੇ ਕੇ ਨਿਵਾਜਿਆ ਜਾਵੇ। ਸਰਕਾਰ ਵਾਸਤੇ ਸਿੰਘਾਂ ਨੂੰ ਰਾਜ਼ੀ ਕਰ ਲੈਣਾ ਇੱਕ ਔਖਾ ਕੰਮ ਸੀ।
ਜਕਰੀਆ ਖਾਨ ਨੇ ਸਿੰਘਾਂ ਨੂੰ ਮਨਾਉਣ ਲਈ ਭਾਈ ਸੁਬੇਗ ਸਿੰਘ ਜੀ ਨੂੰ ਚੁਣਿਆ। ਭਾਈ ਸੁਬੇਗ ਸਿੰਘ ਜੀ ਲਾਹੌਰ ਜ਼ਿਲ੍ਹੇ ਦੇ ਪਿੰਡ ਜੰਬਰ ਹੁਣ ਪਾਕਿਸਤਾਨ ਦਾ ਇੱਕ ਪ੍ਰਭਾਵਸ਼ਾਲੀ ਜ਼ਿਮੀਦਾਰ ਸੀ। ਉਹ ਲਾਹੌਰ ਪੁਲਿਸ ਦਾ ਕੋਤਵਾਲ ਵੀ ਰਹਿ ਚੁੱਕਿਆ ਸੀ। ਉਸ ਨੇ ਆਪਣੇ ਕਾਰਜਕਾਲ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਸੀ। ਉਨ੍ਹਾਂ ਦਾ ਭਾਈਚਾਰੇ ਵਿੱਚ ਬੜਾ ਰਸੂਖ਼ ਸੀ। ਉਹ ਮਿਹਨਤੀ ਅਤੇ ਇਮਾਨਦਾਰ ਠੇਕੇਦਾਰ ਸਨ, ਜਿਨ੍ਹਾਂ ਦੀ ਸਰਕਾਰ ਵਿੱਚ ਬੜੀ ਇੱਜ਼ਤ ਸੀ। ਆਪ ਜੀ ਦੇ ਪ੍ਰਵਾਰ ਵਿੱਚ ਅਰਬੀ ਤੇ ਫਾਰਸੀ ਦੇ ਪ੍ਰਸਿੱਧ ਵਿਦਵਾਨ ਹੋਏ ਸਨ। ਭਾਈ ਸਾਹਿਬ ਜੀ ਨੇ ਆਪ ਵੀ ਚੰਗੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ। ਉਹ ਜ਼ਕਰੀਆ ਖਾਨ ਲਈ ਕਈ ਰਾਜਨੀਤਿਕ ਫੈਸਲਿਆਂ ਵਿੱਚ ਚੰਗੇ ਨੀਤੀਵਾਨ ਮਦਦਗਾਰ ਸਾਬਤ ਹੋਏ ਸਨ। ਇਸ ਵਾਰ ਵੀ ਜਕਰੀਆ ਖਾਨ ਨੇ ਉਹਨਾਂ ਨੂੰ ਹੀ ਚੁਣਿਆ ਅਤੇ ਕਿਹਾ ਕਿ ਜੇਕਰ ਤੁਸੀਂ ਸਿੰਘਾਂ ਨੂੰ ਰਾਜ਼ੀ ਕਰਨ ਲਈ ਸਫ਼ਲ ਹੋ ਜਾਂਦੇ ਹੋ ਤਾਂ ਤੁਹਾਨੂੰ ਸਰਕਾਰ ਤੋਂ ਚੰਗੀ ਸੇਵਾ ਮਿਲੇਗੀ। ਤੁਹਾਡੀ ਸੇਵਾ ਨੂੰ ਯਾਦ ਕੀਤਾ ਜਾਵੇਗਾ ਅਤੇ ਉਚਿੱਤ ਇਨਾਮ ਵੀ ਦਿੱਤਾ ਜਾਵੇਗਾ।
ਉਹ ਸਿੰਘਾਂ ਨੂੰ ਆਪਣੇ ਤਜਰਬੇ ਦੀ ਵਾਹ ਲਾ ਕੇ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋ ਗਏ। ਇੱਕ ਇਕੱਠ ਵਿੱਚ ਉਹਨਾਂ ਨੇ ਗੱਲਬਾਤ ਕੀਤੀ। ਸਰਕਾਰ ਵੱਲੋਂ ਦਿੱਤੀ ਗਈ ਪੇਸ਼ਕਾਰੀ ਦਾ ਵਿਸਥਾਰ ਦੱਸਿਆ ਕਿ ਸਿੰਘਾਂ ਨੂੰ ਇੱਕ ਲੱਖ ਰੁਪਏ ਸਲਾਨਾ ਦੀ ਜਾਗੀਰ ਅਤੇ ਨਵਾਬ ਦੀ ਉਪਾਧੀ ਦਿੱਤੀ ਜਾ ਰਹੀ ਹੈ। ਸਿੰਘ ਪੇਸ਼ਕਸ਼ ਨੂੰ ਮੰਨਣ ਲਈ ਤਿਆਰ ਨਹੀਂ ਸਨ। ਉਹਨਾਂ ਦੇ ਮੁਖੀ ਸਰਦਾਰ ਦਰਬਾਰਾ ਸਿੰਘ ਨੇ ਨਵਾਬੀ ਦੀ ਪੇਸ਼ਕਸ਼ ਠੁਕਰਾ ਦਿੱਤੀ। ਕੋਈ ਵੀ ਸਿੰਘ ਪੇਸ਼ਕਸ਼ ਸਵੀਕਾਰ ਕਰਨ ਲਈ ਅੱਗੇ ਨਹੀਂ ਆਇਆ। ਭਾਈ ਸੁਬੇਗ ਸਿੰਘ ਜੀ ਨੇ ਤਜਵੀਜ਼ ਰੱਖੀ ਕਿ ਇਹ ਵਕਤੀ ਜੰਗਬੰਦੀ ਦਾ ਮੌਕਾ ਹੈ। ਸ਼ਾਂਤੀ ਵਿੱਚ ਰਹਿ ਕੇ ਸਿੰਘਾਂ ਨੂੰ ਆਪਣੀ ਜੰਗੀ ਰਣਨੀਤੀ ਉਲੀਕਣ ਦਾ ਸਮਾਂ ਮਿਲ ਜਾਵੇਗਾ। ਉਹ ਆਪਣੇ ਜਥੇਬੰਧਕ ਢਾਂਚੇ ਨੂੰ ਹੋਰ ਵੀ ਸੰਗਠਿਤ ਕਰ ਸਕਣਗੇ ਤਾਂ ਜੋ ਜੰਗ ਦੇ ਸਮੇਂ ਮੁਕਾਬਲੇ ਲਈ ਤਿਆਰ ਹੋ ਜਾਣਗੇ। ਸਿੰਘ ਸਰਕਾਰ ਦੀ ਇਸ ਪੇਸ਼ਕਸ਼ ਤੋਂ ਲਾਭ ਉਠਾ ਸਕਦੇ ਹਨ। ਭਾਈ ਸਾਹਿਬ ਨੇ ਸਿੰਘਾਂ ਦੇ ਸਾਰੇ ਇਤਰਾਜ਼ ਦੂਰ ਕੀਤੇ। ਲੰਮੀਆਂ ਵਿਚਾਰਾਂ ਚੱਲੀਆਂ ਤਾਂ ਮਤਾ ਪਾਸ ਹੋਇਆ ਕਿ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬੀ ਲਈ ਨਾਮਜ਼ਦ ਕੀਤਾ ਗਿਆ। ਇਸ ਤਰ੍ਹਾਂ ਭਾਈ ਸਾਹਿਬ ਜੀ ਦੇ ਯਤਨਾਂ ਨਾਲ ਖ਼ਾਲਸੇ ਨੂੰ ਦੀਪਾਲਪੁਰ, ਕੰਗਣਵਾਲ, ਝਬਾਲ ਪ੍ਰਗਨਿਆ ਦੀ ਜਗੀਰ ਦਿੱਤੀ ਗਈ। ਜ਼ਕਰੀਆ ਖਾਨ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ। ਉਸ ਨੇ ਭਾਈ ਸਾਹਿਬ ਜੀ ਦੀ ਵਕਤੀ ਤੌਰ ’ਤੇ ਸ਼ਲਾਘਾ ਵੀ ਕੀਤੀ। ਮੁਗਲਾਂ ਅਤੇ ਸਿੰਘਾਂ ਵਿੱਚ ਇਹ ਸੰਧੀ ਬਹੁਤੀ ਦੇਰ ਨਾ ਰਹੀ ਪਰ ਸਿੰਘਾਂ ਨੂੰ ਆਪਣੇ ਜੰਗੀ ਹੁਨਰ ਨੂੰ ਸੰਵਾਰਨ ਦਾ ਜ਼ਰੂਰ ਮੌਕਾ ਮਿਲ ਗਿਆ ਸੀ। ਜ਼ਕਰੀਆ ਖਾਨ ਨੇ ਸਿੰਘਾਂ ਨੂੰ ਖਤਮ ਕਰਨ ਦੀ ਚਾਲ ਫਿਰ ਆਰੰਭ ਲਈ। ਸਿੰਘ ਇੱਕ ਵਾਰ ਫੇਰ ਜੰਗਲਾਂ, ਦਰਿਆਵਾਂ, ਵਾਦੀਆਂ, ਰੇਗਿਸਤਾਨਾਂ ਵਿੱਚ ਆਪਣੇ ਟਿਕਾਣਿਆਂ ’ਤੇ ਜਾਣ ਲਈ ਮਜਬੂਰ ਹੋ ਗਏ ਸਨ। ਇਸ ਜ਼ੁਲਮ ਦੀ ਮੁਹਿੰਮ ਵਿੱਚ ਭਾਈ ਸਾਹਿਬ ਜੀ ਨੂੰ ਵੀ ਨਹੀਂ ਬਖਸ਼ਿਆ ਗਿਆ। ਭਾਈ ਸਾਹਿਬ ਜੀ ਵੱਲੋਂ ਹਕੂਮਤ ਲਈ ਕੀਤੇ ਚੰਗੇ ਕੰਮਾਂ ਦੀ ਨੇਕੀ ਭੁਲਾ ਕੇ ਉਹਨਾਂ ਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਸਰਦਾਰ ਭਾਈ ਸੁਬੇਗ ਸਿੰਘ ਜੀ ਦਾ ਇੱਕ ਪੁੱਤਰ ਸ਼ਾਹਬਾਜ਼ ਸਿੰਘ ਸੀ। ਉਹ ਇੱਕ ਕਾਜ਼ੀ ਕੋਲ ਮੁਹੰਮਦ ਸਕੂਲ ਵਿੱਚ ਪੜ੍ਹਦਾ ਸੀ। ਨੌਜਵਾਨ ਸੁੰਦਰ ਅਤੇ ਹੋਣਹਾਰ ਸੀ। ਕਾਜ਼ੀ ਉਸ ਦੀ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ ਉਸ ਕੋਲੋਂ ਇਸਲਾਮ ਕਬੂਲ ਕਰਵਾਉਣਾ ਚਾਹੁੰਦਾ ਸੀ। ਉਸ ਕਾਜ਼ੀ ਨੇ ਸੋਚਿਆ ਕਿ ਇਸ ਰੋਸ਼ਨ ਦਿਮਾਗ ਹੋਣਹਾਰ ਗੱਭਰੂ ਨੂੰ ਇਸਲਾਮ ਵਿੱਚ ਲੈ ਆਉਣਾ ਚਾਹੀਦਾ ਹੈ। ਇਹ ਇਸਲਾਮ ਲਈ ਬੜੇ ਫਾਇਦੇ ਦਾ ਹੋਵੇਗਾ। ਉਹ ਇੱਥੋਂ ਤੱਕ ਕਿ ਆਪਣੀ ਧੀ ਦਾ ਵਿਆਹ ਕਰਨ ਲਈ ਵੀ ਤਿਆਰ ਸੀ। ਕਾਜ਼ੀ ਨੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ। ਉਸ ਨੇ ਸਾਰੇ ਹੱਥਕੰਡੇ ਅਜ਼ਮਾ ਲਏ ਪਰ ਨੌਜਵਾਨ ਆਪਣੇ ਵਿਸ਼ਵਾਸ ਵਿੱਚ ਪੱਕਾ ਸੀ। ਨਾ ਤਾਂ ਧਮਕੀਆਂ,ਡਰਾਵੇ ਤੇ ਲਾਲਚ ਉਸ ਦਾ ਇਰਾਦਾ ਬਦਲ ਸਕੇ। ਇਸ ਲਈ ਕਾਜ਼ੀ ਰੋਹ ਵਿੱਚ ਆ ਗਿਆ। ਉਹ ਨੌਜਵਾਨ ਨੂੰ ਖਤਮ ਕਰਨ ਲਈ ਦ੍ਰਿੜ੍ਹ ਹੋ ਗਿਆ। ਉਸ ਨੇ ਭਾਈ ਸ਼ਾਹਬਾਜ਼ ਸਿੰਘ ਨੂੰ ਕਿਹਾ ਕਿ ਜੇਕਰ ਉਹ ਇਸਲਾਮ ਕਬੂਲ ਕਰਨ ਲਈ ਤਿਆਰ ਨਾ ਹੋਇਆ ਤਾਂ ਉਹ ਰਾਜਪਾਲ ਕੋਲ ਉਸ ਵਿਰੁੱਧ ਘੋਰ ਸ਼ਿਕਾਇਤ ਦਰਜ਼ ਕਰਵਾਏਗਾ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦਿਵਾਏਗਾ।
ਉਸ ਕਾਜ਼ੀ ਨੇ ਨੌਜਵਾਨ ਦੇ ਖ਼ਿਲਾਫ਼ ਪਹਿਲਾਂ ਤਾਂ ਉਸ ਦੀ ਵਿਦਿਆ ਪ੍ਰਾਪਤੀ ਦੀਆਂ ਊਣਤਾਈਆਂ ਗਿਣਵਾਈਆਂ। ਫਿਰ ਰਿਪੋਰਟ ਵਿੱਚ ਕਿਹਾ ਕਿ ਨੌਜਵਾਨ ਨੇ ਸਾਡੇ ਪੈਗੰਬਰ ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋ ਕੀਤੀ ਹੈ। ਉਸ ਨੇ ਇਸਲਾਮ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਹੈ। ਇਹ ਕਾਫ਼ਰ ਕੋਈ ਰਹਿਮ ਦਾ ਹੱਕਦਾਰ ਨਹੀਂ। ਇਹ ਸਿਰਫ਼ ਮੌਤ ਦਾ ਹੱਕਦਾਰ ਹੈ। ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਝੂਠੀ ਰਿਪੋਰਟ ’ਤੇ ਗ੍ਰਿਫ਼ਤਾਰ ਕਰਕੇ ਲਾਹੌਰ ਲਿਜਾਇਆ ਗਿਆ। ਰਾਜਪਾਲ ਦੇ ਸਾਹਮਣੇ ਮੁਕਦਮਾ ਪੇਸ਼ ਹੋਇਆ। ਇਸ ਦੇ ਨਾਲ ਹੀ ਉਹਨਾਂ ਦੇ ਪਿਤਾ ਭਾਈ ਸੁਬੇਗ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਿਤਾ ਦੇ ਖ਼ਿਲਾਫ਼ ਕਿਹਾ ਕਿ ਉਹ ਸਿੰਘਾਂ ਨੂੰ ਸਰਕਾਰ ਦੀਆਂ ਦਮਨਕਾਰੀ ਯੋਜਨਾ ਦਾ ਸੰਕੇਤ ਦੇ ਕੇ ਉਹਨਾਂ ਨੂੰ ਚੌਕਸ ਕਰਦਾ ਹੈ। ਉਹ ਸਿੰਘਾਂ ਨੂੰ ਹਕੂਮਤ ਖ਼ਿਲਾਫ਼ ਖੜੇ ਹੋਣ ਲਈ ਉਤਸ਼ਾਹਿਤ ਵੀ ਕਰਦਾ ਹੈ। ਇਸ ਨੂੰ ਇਸਲਾਮ ਵਿੱਚ ਲਿਆਉਣਾ ਚਾਹੀਦਾ ਹੈ ਕਿ ਇਸ ਦੀਆਂ ਕਾਰਵਾਈਆਂ ਨੂੰ ਠੱਲ੍ਹ ਪਾਈ ਜਾ ਸਕੇ। ਮੁਕਦਮੇ ਦੌਰਾਨ ਹੀ 1 ਜੁਲਾਈ 1745 ਨੂੰ ਜ਼ਕਰੀਆ ਖਾਨ ਦੀ ਮੌਤ ਹੋ ਜਾਂਦੀ ਹੈ। ਉਸ ਦੇ ਪੁੱਤਰ ਯਾਹੀਆ ਖਾਨ ਨੇ ਗੱਦੀ ਸੰਭਾਲੀ। ਉਹ ਤਾਂ ਆਪਣੇ ਪਿਤਾ ਤੋਂ ਵੀ ਵੱਧ ਜਾਲਮ ਸੀ। ਉਸ ਨੇ ਵੀ ਭਾਈ ਸੁਬੇਗ ਸਿੰਘ ਜੀ ਲਈ ਕੋਈ ਹਮਦਰਦੀ ਨਹੀਂ ਦਿਖਾਈ। ਉਸ ਨੇ ਵੀ ਮੁਕੱਦਮੇ ਦੇ ਕੇਸ ਨੂੰ ਮਾੜੇ ਦੁਖਾਂਤ ਤੱਕ ਪਹੁੰਚਾਇਆ। ਉਸ ਨੇ ਭਾਈ ਸਾਹਿਬ ਨੂੰ ਕਿਹਾ ਕਿ ਉਹ ਇਸਲਾਮ ਕਬੂਲ ਕਰ ਲੈਣ ਨਹੀਂ ਤਾਂ ਚਰਖੜੀ ’ਤੇ ਚੜ੍ਹ ਕੇ ਸ਼ਹੀਦ ਹੋਣ ਲਈ ਤਿਆਰ ਹੋ ਜਾਣ। ਭਾਈ ਸਾਹਿਬ ਜੀ ਨੇ ਆਪਣਾ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਚਰਖੜੀ ’ਤੇ ਚੜ੍ਹਾ ਕੇ ਡੂੰਘੇ ਸੰਕਟ ਵਿੱਚ ਪਾ ਦਿੱਤਾ ਪਰ ਭਾਈ ਸਾਹਿਬ ਨਿਸ਼ਚੇ ਤੋਂ ਡੋਲੇ ਨਹੀਂ।
ਫਿਰ ਉਹਨਾਂ ਦੇ ਪੁੱਤਰ ਸ਼ਾਹਬਾਜ਼ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰਕੇ ਆਪਣੀ ਜਵਾਨੀ ਬਚਾ ਸਕਦੇ ਹੋ। ਉਹਨਾਂ ਨੇ ਆਪਣਾ ਸਿੱਖੀ ਵਿੱਚ ਵਿਸ਼ਵਾਸ ਨਹੀਂ ਛੱਡਿਆ। ਉਸ ਨੂੰ ਵੀ ਚਰਖੜੀ ’ਤੇ ਚੜ੍ਹਾ ਕੇ ਆਪਣੇ ਪਿਤਾ ਦੇ ਸਾਹਮਣੇ ਚੱਕਰ ਚਲਾ ਦਿੱਤਾ। ਦੋਹਾਂ ਨੇ ਬੜੇ ਸਬਰ ਨਾਲ ਹਾਕਮਾਂ ਦੇ ਤਸੀਹੇ ਝੱਲੇ। ਉਹ ਚੜ੍ਹਦੀਕਲਾ ਦੇ ਜੈਕਾਰੇ ਲਾਉਂਦੇ ਗਏ। ਕੁਝ ਸਮੇਂ ਲਈ ਚਰਖੜੀ ਨੂੰ ਰੋਕ ਲਿਆ ਗਿਆ ਤੇ ਪੁੱਛਿਆ ਗਿਆ ਕਿ ਤੁਸੀਂ ਹੁਣ ਵੀ ਇਸਲਾਮ ਕਬੂਲ ਕਰਨ ਲਈ ਤਿਆਰ ਹੋ। ਵਾਰ ਵਾਰ ਪੁੱਛਣ ’ਤੇ ਵੀ ਉਹਨਾਂ ਨੇ ਹਮੇਸ਼ਾ ਇਨਕਾਰ ਕੀਤਾ। ਚਰਖੜੀ ਫਿਰ ਚਾਲੂ ਸੀ। ਚੜ੍ਹਦੀਕਲਾ ਤੇਜ਼ ਹੁੰਦੀ ਗਈ। ਅੰਤ ਨੂੰ ਰੁਕ ਗਈ। ਦੋਵੇਂ ਸ਼ਹੀਦੀ ਦ੍ਰਿੜ੍ਹ ਰਹਿ ਕੇ ਸ਼ਹੀਦੀ ਨੂੰ ਸਵੀਕਾਰ ਕੀਤਾ। ਚਰਖੜੀ ਤੇਜ਼ ਹੁੰਦੀ ਗਈ। ਅੰਤ ਨੂੰ ਰੁਕ ਗਈ। ਦੋਵੇਂ ਸ਼ਹੀਦੀ ਪਾ ਚੁੱਕੇ ਸਨ। ਲਾਸਾਨੀ ਸਿੱਖ ਸ਼ਹੀਦੀਆਂ ਦੀ ਕਤਾਰ ਵਿੱਚ ਜਾ ਖਲੋਏ ਸਨ। ਇਹ ਘਟਨਾ 25 ਮਾਰਚ 1746 ਨੂੰ ਵਾਪਰੀ। ਜਦਕਿ ਭਾਈ ਸ਼ਾਹਬਾਜ਼ ਸਿੰਘ ਦੀ ਉਮਰ ਸਿਰਫ਼ 17 ਕੁ ਸਾਲ ਸੀ। ਉਹਨਾਂ ਨੇ ਆਪਣੇ ਸਿੱਖੀ ਧਰਮ ਵਿੱਚ ਨਿਸ਼ਠਾ ਰੱਖਿਆ। ਦੁਨਿਆਵੀ ਲਾਲਚਾਂ ਦੀ ਪ੍ਰਵਾਹ ਨਹੀਂ ਕੀਤੀ। ਉਹਨਾਂ ਮਾਣਮੱਤੇ ਸਿਦਕ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਇਸਲਾਮ ਹਾਕਮਾਂ ਦੀ ਈਨ ਨਹੀਂ ਮੰਨੀ। ਵਾਹਿਗੁਰੂ ਦਾ ਸਿਮਰਨ ਕਰਦੇ ਰੱਬ ਦੇ ਭਾਣੇ ਵਿੱਚ ਰਹਿੰਦਿਆਂ ਚੜ੍ਹਦੀਕਲਾ ਦੇ ਜੈਕਾਰਿਆਂ ਵਿੱਚ ਸ਼ਹੀਦ ਹੋਏ। ਅੱਜ ਹਰ ਅਰਦਾਸ ਵਿੱਚ ਨਿੱਤ ਦੁਹਰਾਇਆ ਜਾਂਦਾ ਹੈ ਕਿ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਚਰਖੜੀਆਂ ’ਤੇ ਚੜ੍ਹੇ । ਇਸ ਅਨੂਠੀ ਸ਼ਹਾਦਤ ’ਤੇ ਸਿੱਖ ਧਰਮ ਨੂੰ ਹਮੇਸ਼ਾ ਮਾਣ ਰਹੇਗਾ। ਸਮੂਹ ਸ਼ਹੀਦੀਆਂ ਬੇਮਿਸਾਲ ਅਤੇ ਲਾਸਾਨੀ ਹਨ। ਜੋ ਹਮੇਸ਼ਾ ਸਿੱਖ ਕੌਮ ਦਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ।
ਅੰਤਿਕਾ : ਮਾਨਵਵਾਦੀ ਸੋਚ ਦੀ ਸੇਧ ਗੁਰਬਾਣੀ ਵਿਚੋਂ ਮਿਲਦੀ ਹੈ। ਕੁਝ ਹਵਾਲੇ ਦੇ ਕੇ ਸਪਸ਼ਟ ਕੀਤਾ ਜਾਂਦਾ ਹੈ ਹੇ ਨਾਨਕ! ਆਖ ਹੇ ਮਨ! ਸੁਣ, ਜਿਹੜਾ ਮਨੁੱਖ ਕਿਸੇ ਨੂੰ ਕੋਈ ਡਰਾਵੇ ਨਹੀਂ ਦਿੰਦਾ ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ। ਡਰਾਵਿਆਂ ਤੋਂ ਘਬਰਾਉਂਦਾ ਨਹੀਂ, ਉਸ ਨੂੂੰ ਆਤਮਕ ਜੀਵਨ ਦੀ ਸੂੁਝ ਵਾਲਾ ਸਮਝ। ਹੇ ਭਾਈ! ਜਦੋਂ ਤੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ। ਤਦੋਂ ਤੋਂ ਦੂਜਿਆਂ ਦਾ ਸੁੱਖ ਵੇਖ ਕੇ ਅੰਦਰੋਂ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ। ਰਹਾਉ। ਹੇ ਭਾਈ ਹੁਣ ਮੈਨੂੰ ਕੋਈ ਵੈਰੀ ਨਹੀਂ ਦਿਸਦਾ। ਕੋਈ ਓਪਰਾ ਨਹੀਂ ਦਿਸਦਾ। ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ। ਹੇ ਭਾਈ! ਹੁਣ ਜੋ ਕੁਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੂੰ ਸਭ ਜੀਵਾਂ ਲਈ ਭਲਾ ਹੀ ਮੰਨਦਾ ਹਾਂ। ਇਹ ਚੰਗੀ ਅਕਲ ਮੈਂ ਆਪਣੇ ਗੁਰੂ ਪਾਸੋਂ ਸਿੱਖੀ ਹੈ। ਹੇ ਨਾਨਕ ਆਖ ਜਦੋਂ ਤੋਂ ਸਾਧ ਸੰਗਤ ਮਿਲੀ ਹੈ। ਮੈਨੂੰ ਇਉਂ ਦਿਸਦਾ ਹੈ ਕਿ ਪਰਮਾਤਮਾ ਹੀ ਸਭ ਜੀਵਾਂ ਵਿੱਚ ਮੌਜੂਦ ਹੈ। ਤਾਂਹੀਏਂ ਸਭ ਨੂੰ ਵੇਖ ਵੇਖ ਕੇ ਮੈਂ ਖੁਸ਼ ਹੁੰਦਾ ਹਾਂ।
ਹੇ ਭਾਈ! ਜੇ ਤੈਨੂੰ ਪ੍ਰਭੂ ਪ੍ਰੇਮ ਦੀ ਖੇਡ ਖੇਡਣ ਦਾ ਸ਼ੋਕ ਹੈ , ਤਾਂ ਆਪਣਾ ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿੱਚ ਆ। ਲੋਕ ਲਾਜ਼ ਨੂੰ ਛੱਡ ਕੇ ਹਊਮੇ ਦੂਰ ਕਰਕੇ ਆ। ਪ੍ਰਭੂ ਪ੍ਰੀਤ ਦੇ ਇਸ ਰਸਤੇ ਉੱਤੇ ਤਦੋਂ ਹੀ ਪੈਰ ਧਰਿਆ ਜਾ ਸਕਦਾ ਹੈ, ਜਦੋਂ ਸਿਰ ਭੇਟਾ ਕੀਤਾ ਜਾਵੇ ਪਰ ਕੋਈ ਝਿਜਕ ਨਾਂਹ ਕੀਤੀ ਜਾਵੇ। ਜਦੋਂ ਬਿਨਾਂ ਝਿਜਕ ਦੇ ਲੋਕ-ਲਾਜ ਅਤੇ ਹਊਮੇ ਛੱਡੀ ਜਾਏ। ਅੰਗ 1412.

Loading