ਭਾਜਪਾ ਅੰਦਰ ਉੱਠ ਰਹੀ ਬਗ਼ਾਵਤ: ਮੋਦੀ ਦੀ ਥਾਂ ਯੋਗੀ ਦੀ ਮੰਗ ਕਿਉਂ?

In ਮੁੱਖ ਲੇਖ
February 21, 2026

ਅਭੈ ਕੁਮਾਰ ਦੂਬੇ
ਪਹਿਲਾਂ ਜੋ ਗੱਲ ਰਾਜਨੀਤਿਕ ਵਿਸ਼ਲੇਸ਼ਕਾਂ ਦੀਆਂ ਅਟਕਲਾਂ ਤੱਕ ਸੀਮਤ ਸੀ, ਹੁਣ ਇਹ ਖੁੱਲ੍ਹ ਕੇ ਸਾਹਮਣੇ ਆ ਗਈ ਹੈ, ਭਾਜਪਾ ਦੇ ਕੋਰ ਵੋਟਰ ਕਹਿ ਰਹੇ ਹਨ ਕਿ ਮੋਦੀ ਤੋਂ ਹੁਣ ਕੁਝ ਵੀ ਸੰਭਾਲ ਨਹੀਂ ਹੋ ਰਿਹਾ ਤੇ ਉਹ ਬੁਰੀ ਤਰ੍ਹਾਂ ਫਸ ਗਏ ਹਨ। ਮੋਦੀ ਨੂੰ ਅਸਤੀਫ਼ਾ ਦੇ ਕੇ ਆਪਣਾ ਅਹੁਦਾ ਯੋਗੀ ਨੂੰ ਸੌਂਪ ਦੇਣਾ ਚਾਹੀਦਾ ਹੈ, ਮੈਂ ਜਨਵਰੀ ਦੇ ਦੂਜੇ ਅੱਧ ਤੋਂ ਲੈ ਕੇ ਹੁਣ ਤੱਕ ਨਿੱਜੀ ਤੌਰ ’ਤੇ ਦਰਜਨਾਂ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ। ਇਨ੍ਹਾਂ ਵਿੱਚ ਟੈਕਸੀ ਡਰਾਈਵਰ, ਰੇਲਗੱਡੀਆਂ ’ਚ ਯਾਤਰਾ ਕਰਨ ਵਾਲੇ, ਅਪਾਰਟਮੈਂਟਾਂ ਵਿੱਚ ਪਹਿਰਾ ਦੇਣ ਵਾਲੇ ਗਾਰਡ ਅਤੇ ਲਖਨਊ ਤੇ ਦਿੱਲੀ ਦੇ ਬਾਜ਼ਾਰਾਂ ’ਚ ਖ਼ਰੀਦਦਾਰੀ ਕਰ ਰਹੇ ਵੋਟਰ ਸ਼ਾਮਿਲ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਮੈਨੂੰ ਟੀ.ਵੀ. ਤੇ ਸੋਸ਼ਲ ਮੀਡੀਆ ’ਤੇ ਆਉਣ ਕਰਕੇ ਪਛਾਣਦੇ ਹਨ। ਜਦੋਂ ਮੈਂ ਪਿਛਲੇ ਮਹੀਨੇ ਇੰਨੇ ਸਾਰੇ ਲੋਕਾਂ ਨੂੰ ਇਸ ਸੁਰ ’ਚ ਗੱਲ ਕਰਦੇ ਸੁਣਿਆ ਤਾਂ ਮੈਂ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਦਿੱਲੀ ’ਚ ਕੰਮ ਕਰਨ ਵਾਲੇ ਆਪਣੇ ਪੱਤਰਕਾਰ ਦੋਸਤਾਂ ਨੂੰ ਬੇਨਤੀ ਕੀਤੀ ਕਿ ਉਹ ਪਤਾ ਲਗਾਉਣ ਕਿ, ਕੀ ਅਜਿਹੀ ਭਾਵਨਾ ਸੱਚਮੁੱਚ ਭਾਜਪਾ ਦੇ ਮੁੱਖ ਵੋਟਰਾਂ ’ਚ ਮੌਜੂਦ ਹੈ। ਉਨ੍ਹਾਂ ਦੋਸਤਾਂ ਨੇ ਦੱਸਿਆ ਕਿ ਸੱਚਮੁੱਚ ਅਜਿਹਾ ਹੀ ਲੱਗ ਰਿਹਾ ਹੈ, ਤਾਂ ਮੈਂ ਸੋਚਿਆ ਕਿ ਇਹ ਗੱਲ ਹੁਣ ਆਪਣੇ ਪਾਠਕਾਂ ਨਾਲ ਸਾਂਝੀ ਕਰਨ ਦਾ ਵੀ ਸਮਾਂ ਆ ਗਿਆ ਹੈ।
ਦੱਸਣਯੋਗ ਹੈ ਕਿ ਭਾਜਪਾ ਦੇ ਮੁੱਖ ਸਮਰਥਨ ਅਧਾਰ- ਬ੍ਰਾਹਮਣ, ਬਾਣੀਏ, ਠਾਕੁਰ, ਭੂਮੀਹਾਰ, ਕਾਯਸਥ ਤੇ ਪਟੇਲ, ਮਤਲਬ ਉੱਚ ਜਾਤੀਆਂ ਜਾਂ ਜਨਰਲ ਵਰਗ ਦੇ ਵੋਟਰ ਹਨ। ਇਨ੍ਹਾਂ ਵੋਟਰਾਂ ਦਾ ਦਿਲੋਂ ਮੰਨਣਾ ਹੈ ਕਿ ਉਨ੍ਹਾਂ ਦੀਆਂ ਵੋਟਾਂ ਹੀ ਮੋਦੀ/ਭਾਜਪਾ ਸਰਕਾਰ ਨੂੰ ਸੱਤਾ ’ਚ ਲਿਆਉਂਦੀਆਂ ਹਨ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ’ਚ ਬਦਲਣ ਦਾ ਇੰਜਣ ਉਨ੍ਹਾਂ ਦੀਆਂ ਵੋਟਾਂ ਨਾਲ ਹੀ ਚੱਲ ਰਿਹਾ ਹੈ। ਭਾਜਪਾ ਨੂੰ ਜੋ ਹੋਰ ਵਰਗਾਂ ਦੇ ਵੋਟ ਮਿਲਦੇ ਹਨ ਉਹ ਘਟਦੇ-ਵਧਦੇ ਰਹਿੰਦੇ ਹਨ, ਪਰ ਭਾਜਪਾ ਜਿੱਤੇ ਜਾਂ ਹਾਰੇ ਜਨਰਲ ਵਰਗ ਦੇ ਲਗਭਗ 80 ਫ਼ੀਸਦੀ ਵੋਟਰ ਪਿਛਲੇ 11 ਸਾਲਾਂ ਤੋਂ ਕਮਲ ਦੇ ਨਿਸ਼ਾਨ ਵਾਲਾ ਬਟਨ ਹੀ ਦਬਾ ਰਹੇ ਹਨ। ਭਾਜਪਾ ਵੋਟਰਾਂ ਦੇ ਇਸ ਪ੍ਰਭਾਵਸ਼ਾਲੀ ਸਮੂਹ ਦੀ ਉੱਚੀ ਤੇ ਸਪੱਸ਼ਟ ਆਵਾਜ਼ ਹੈ: ਮੋਦੀ ਇਕ ਪਾਸੇ ਯੂ.ਜੀ.ਸੀ. ਨਿਯਮਾਵਲੀ (ਇਕੁਇਟੀ) ਸੰਕਟ ਦਾ ਸਾਹਮਣਾ ਕਰ ਰਹੇ ਹਨ, ਦੂਜੇ ਪਾਸੇ ਜਨਰਲ ਨਰਵਾਣੇ ਦੀ ਕਿਤਾਬ ’ਚ ਉਨ੍ਹਾਂ ਦੀ ਕਾਇਰਤਾ ਦਾ ਪਰਦਾਫਾਸ਼ ਹੋਇਆ ਹੈ। ਇੱਕ ਪਾਸੇ ਟਰੰਪ ਨਾਲ ਵਪਾਰ ਸੌਦੇ ਤੋਂ ਪੈਦਾ ਹੋਣ ਵਾਲੀਆਂ ਸੰਭਾਵੀ ਆਫ਼ਤਾਂ ਤੇ ਦੂਜੇ ਪਾਸੇ ਐਪਸਟੀਨ ਫਾਈਲਾਂ ’ਚ ਹਰਦੀਪ ਪੁਰੀ ਕਾਰਨ ਮੋਦੀ ਸਰਕਾਰ ਫਸੀ ਹੋਈ ਹੈ। ਇਧਰ-ਉਧਰ ਦੀਆਂ ਬਹੁਤ ਗੱਲਾਂ ਹੋਈਆਂ ਹਨ, ਪਰ ਇਨ੍ਹਾਂ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਦੀ ਆਵਾਜ਼ ਤੱਕ ਨਹੀਂ ਸੁਣੀ ਗਈ। ਮੋਦੀ ਨੇ ਅਜੇ ਤੱਕ ਉਪਰੋਕਤ ਚਾਰ ਸੰਕਟਾਂ ਬਾਰੇ ਇੱਕ ਸ਼ਬਦ ਨਹੀਂ ਕਿਹਾ।
ਇਸ ਤੋਂ ਪੰਜ ਗੱਲਾਂ ਸਪੱਸ਼ਟ ਹੁੰਦੀਆਂ ਹਨ- ਪਹਿਲੀ ਮੋਦੀ ਦੀ ਇਹ ਦੁਰਦਸ਼ਾ ਖ਼ੁਦ ਉਨ੍ਹਾਂ ਦੀਆਂ ਆਪਣੀਆਂ ਤੇ ਉਨ੍ਹਾਂ ਦੇ ਰਣਨੀਤੀਕਾਰਾਂ ਦੀਆਂ ਗਲਤੀਆਂ ਦਾ ਨਤੀਜਾ ਹੈ। ਯੂ.ਜੀ.ਸੀ. ਨਿਯਮਾਵਲੀ ਇਸ ਲਈ ਜਾਰੀ ਕੀਤੀ ਗਈ ਸੀ, ਕਿਉਂਕਿ ਮੋਦੀ, ਰਾਹੁਲ ਨੂੰ ਉਨ੍ਹਾਂ ਦੀ ਹੀ (ਓਬੀਸੀ, ਦਲਿਤ, ਆਦਿਵਾਸੀ ਤੇ ਸਮਾਜਿਕ ਨਿਆਂ) ਪਿੱਚ ’ਤੇ ਘੇਰਨਾ ਚਾਹੁੰਦੇ ਸਨ, ਪਰ ਕਦਮ ਉਠਾਉਣ ਸਾਰ ਉਹ ਖ਼ੁਦ ਹੀ ਫਸ ਗਏ। ਲੋਕ ਪੁੱਛ ਰਹੇ ਹਨ ਕਿ ਹਰਦੀਪ ਪੁਰੀ ਉਸ ਐਪਸਟੀਨ ਨਾਲ ਕਿਉਂ ਮਿਲ ਰਿਹਾ ਸੀ, ਜੋ 2008 ’ਚ ਜਿਨਸੀ ਅਪਰਾਧਾਂ ਦਾ ਇਕਬਾਲ ਕਰਨ ਤੋਂ ਬਾਅਦ 13 ਮਹੀਨੇ ਪਹਿਲਾਂ ਹੀ ਜੇਲ੍ਹ ਕੱਟ ਚੁੱਕਾ ਸੀ ਤੇ ਇੱਕ ਰਜਿਸਟਰਡ ਸੈਕਸ ਅਪਰਾਧੀ ਸੀ। ਜਦੋਂ ਐਪਸਟੀਨ ਕੋਲ ਓਬਾਮਾ ਪ੍ਰਸ਼ਾਸਨ ’ਚ ਕੋਈ ਅਹੁਦਾ ਨਹੀਂ ਸੀ ਤਾਂ ਉਹ ‘ਮੇਕ ਇਨ ਇੰਡੀਆ’ ਜਾਂ ਪੇਂਡੂ ਭਾਰਤ ’ਚ ਇੰਟਰਨੈੱਟ ਦੇ ਵਿਸਥਾਰ ’ਤੇ ਪੁਰੀ ਨੂੰ ਕੀ ਸਲਾਹ ਦੇ ਸਕਦਾ ਸੀ? ਪੁਰੀ ਐਪਸਟੀਨ ਦੀ ਅਸਲੀਅਤ ਤੋਂ ਕਿਵੇਂ ਅਣਜਾਣ ਸੀ, ਜਦੋਂ ਹਰ ਕੋਈ ਇਹ ਪਹਿਲਾਂ ਤੋਂ ਜਾਣਦਾ ਸੀ? ਫਿਰ ਮੋਦੀ ਨੇ ਪੁਰੀ ਨੂੰ ਆਪਣਾ ਮੰਤਰੀ ਕਿਉਂ ਨਿਯੁਕਤ ਕੀਤਾ? ਪਿਊਸ਼ ਗੋਇਲ ਤੇ ਹੋਰਾਂ ਨੇ ਅਮਰੀਕੀ ਵਪਾਰ ਸਮਝੌਤੇ ਦੇ ਜਸ਼ਨ ਕਿਉਂ ਮਨਾਉਣੇ ਸ਼ੁਰੂ ਕਰ ਦਿੱਤੇ, ਜਿਸ ’ਤੇ ਅਜੇ ਦਸਤਖ਼ਤ ਹੋਣੇ ਵੀ ਬਾਕੀ ਹਨ। ਦੂਜਾ, ਰਾਹੁਲ ਗਾਂਧੀ ਨੇ ਸੰਸਦ ਦੇ ਅੰਦਰ ਤੇ ਬਾਹਰ ਲਗਾਤਾਰ ਜਨਰਲ ਨਰਵਾਣੇ ਦੀ ਕਿਤਾਬ ’ਤੇ ਆਧਾਰਿਤ ਖੁਲਾਸੇ ਕਰਕੇ ਮੋਦੀ ਦੀ ਚੀਨ ਨੀਤੀ ਦਾ ਪਰਦਾਫਾਸ਼ ਕੀਤਾ ਹੈ। ਜੋ ਲੋਕ ਨਰਵਾਣੇ ਦੀ ਗੱਲ ਭੁੱਲ ਗਏ ਸਨ, ਉਹ ਉਨ੍ਹਾਂ ਦੀ ਕਿਤਾਬ ਦਾ ਹਿੰਦੀ ਅਨੁਵਾਦ ਹੋਣ ਬਾਅਦ ਲੱਖਾਂ-ਕਰੋੜਾਂ ਤੱਕ ਪਹੁੰਚ ਗਈ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਿਰਫ਼ ਪਾਕਿਸਤਾਨ ਵਿਰੁੱਧ ਸ਼ੇਖੀ ਮਾਰ ਸਕਦੇ ਹਨ, ਪਰ ਉਹ ਚੀਨ ਅੱਗੇ ਢਿੱਲੇ ਪੈ ਜਾਂਦੇ ਹਨ। ਜ਼ਿਕਰਯੋਗ ਹੈ ਕਿ ਜਨਰਲ ਨਰਵਾਣੇ ਦੀ ਕਿਤਾਬ ਦੀ ਪ੍ਰਸਤਾਵਨਾ ਜਨਰਲ ਵੀ.ਪੀ. ਮਲਿਕ ਦੁਆਰਾ ਲਿਖੀ ਗਈ ਹੈ, ਜੋ ਕਾਰਗਿਲ ਯੁੱਧ ਲਈ ਮਸ਼ਹੂਰ ਹਨ। ਇਸ ਕਿਤਾਬ ਦੀ ਸਿਫਾਰਸ਼ ਜਨਰਲ ਵੀ.ਕੇ. ਸਿੰਘ ਦੁਆਰਾ ਕੀਤੀ ਗਈ ਹੈ, ਜੋ 10 ਸਾਲ ਤੱਕ ਮੋਦੀ ਦੀ ਸਰਕਾਰ ਵਿਚ ਮੰਤਰੀ ਰਹੇ ਹਨ ਤੇ ਹੁਣ ਮੋਦੀ ਸਰਕਾਰ ਦੁਆਰਾ ਨਿਯੁਕਤ ਰਾਜਪਾਲ ਹਨ। ਕੀ ਮੋਦੀ ਇਸ ਕਿਤਾਬ ਨੂੰ ਲਿਖਣ ਲਈ ਨਰਵਾਣੇ, ਜਨਰਲ ਮਲਿਕ ਤੇ ਜਨਰਲ ਵੀ.ਕੇ. ਸਿੰਘ ਦਾ ਕੋਰਟ-ਮਾਰਸ਼ਲ ਕਰਵਾਉਣਗੇ? ਇਨ੍ਹਾਂ ਸਵਾਲਾਂ ਦੇ ਕੋਈ ਜਵਾਬ ਨਹੀਂ ਮਿਲ ਰਹੇ ਹਨ ਤੇ ਸਰਕਾਰ ਕੋਲ ਹੁਣ ਸੰਸਦ ਵਿੱਚ ਇਸ ਮੁੱਦੇ ’ਤੇ ਚਰਚਾ ਕਰਨ ਦੀ ਹਿੰਮਤ ਨਹੀਂ ਹੈ।
ਤੀਜਾ, ਭਾਜਪਾ ਦੇ ਮੁੱਖ ਵੋਟਰ ਮੋਦੀ ਤੋਂ ਅਸੰਤੁਸ਼ਟ ਹਨ, ਪਰ ਉਹ ਕਿਸੇ ਵੀ ਵਿਰੋਧੀ ਪਾਰਟੀ ਵੱਲ ਜਾਣ ਦੀ ਬਜਾਏ ਭਾਜਪਾ ਦੇ ਅੰਦਰ ਮੋਦੀ ਦੇ ਬਦਲ ਦੀ ਭਾਲ ਕਰ ਰਹੇ ਹਨ। ਚੌਥਾ, ਅਮਿਤ ਸ਼ਾਹ ਨਾਲ ਭਾਜਪਾ ਦਾ ‘ਕੋਰ’ ਵੋਟਰ ਬਹੁਤ ਨਾਰਾਜ਼ ਹੈ। ਇਨ੍ਹਾਂ ਵੋਟਰਾਂ ਅਨੁਸਾਰ ਅਮਿਤ ਸ਼ਾਹ, ਮੁੱਖ ਮੰਤਰੀ ਯੋਗੀ ਨੂੰ ਪ੍ਰੇਸ਼ਾਨ ਕਰਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ ਅਤੇ ਖ਼ੁਦ ਮੋਦੀ ਦੇ ਉੱਤਰਾਧਿਕਾਰੀ ਬਣਨਾ ਚਾਹੁੰਦੇ ਹਨ। ਯੋਗੀ ਤੇ ਅਮਿਤ ਸ਼ਾਹ ਵਿਚਾਲੇ ਤਲਖੀ ਹੁਣ ਰਾਜਨੀਤਿਕ ਅਟਕਲਾਂ ਤੱਕ ਸੀਮਤ ਨਹੀਂ ਰਹਿ ਗਈ ਹੈ। ਪੰਜਵਾਂ, ਇਨ੍ਹਾਂ ਵੋਟਰਾਂ ਨੂੰ ਯੋਗੀ ਵਿੱਚ ਇੱਕ ਬਣਿਆ ਬਣਾਇਆ ਬਦਲ ਦਿਖਾਈ ਦਿੰਦਾ ਹੈ, ਪਰ ਜਲਦਬਾਜ਼ੀ ਵਿਚ ਇਹ ਨਾ ਸਮਝ ਲਿਆ ਜਾਵੇ ਕਿ ਯੋਗੀ ਨੂੰ ਨੇੜ ਭਵਿੱਖ ’ਚ ਮੋਦੀ ਦੀ ਜਗ੍ਹਾ ਬਿਠਾ ਦਿੱਤਾ ਜਾਏਗਾ, ਉਹ ਸਮਾਂ ਆਉਣ ’ਚ ਅਜੇ ਬਹੁਤ ਦੇਰ ਹੈ। ਹਿੰਦੂਤਵ ਦੀ ਸਿਆਸੀ ਲੀਡਰਸ਼ਿਪ ਇਸ ਮੁੱਦੇ ’ਤੇ ਦੁਚਿੱਤੀ ਵਿੱਚ ਹੈ। ਵੋਟਰ ਜੋ ਵੀ ਕਹਿਣ ਜਾਂ ਸੰਕੇਤ ਦੇਣ ਪਰ ਆਰ.ਐੱਸ.ਐੱਸ. (ਸੰਘ) ਦੀ ਪਹਿਲੀ ਪਸੰਦ ਮੋਦੀ ਹੀ ਹਨ, ਯੋਗੀ ਵੀ ਸੰਘ ਦੀ ਪਸੰਦ ਹਨ, ਉਹ ਵੀ ਸੰਘ ਦੇ ਸਮਰਥਨ ਨਾਲ ਹੀ ਇਸ ਅਹੁਦੇ ’ਤੇ ਪਹੁੰਚੇ ਹਨ। ਸੰਘ ਪਰਿਵਾਰ ਨੂੰ ਭਾਜਪਾ ਦੇ ਮੁੱਖ ਵੋਟਰਾਂ ਦਾ ਸੁਨੇਹਾ ਮਿਲ ਚੁੱਕਾ ਹੈ, ਪਰ ਮੇਰਾ ਮੰਨਣਾ ਹੈ ਕਿ ਸੰਘ ਜਲਦਬਾਜ਼ੀ ’ਚ ਕੋਈ ਫ਼ੈਸਲਾ ਨਹੀਂ ਕਰੇਗਾ, ਕਿ ਕੇਂਦਰ ’ਚ ਲੰਬੀ ਉਡੀਕ ਬਾਅਦ ਪ੍ਰਾਪਤ ਕੀਤੀ ਸੱਤਾ ਗੁਆਚ ਜਾਵੇ। ਭਾਜਪਾ ਦੇ ਮੁੱਖ ਵੋਟਰ ਮੋਦੀ-ਯੋਗੀ ਦੀ ਜੋੜੀ ਬਣਾਉਣ ਬਾਰੇ ਸੋਚ ਰਹੇ ਸਨ, ਜੋ 2024 ਦੀਆਂ ਚੋਣਾਂ ਵਿੱਚ ਭੰਗ ਹੋ ਗਈ ਸੀ, ਕਿਉਂਕਿ ਉੱਤਰ ਪ੍ਰਦੇਸ਼ ’ਚ ਮੋਦੀ-ਸ਼ਾਹ ਦੀ ਜੋੜੀ ਨੇ ਯੋਗੀ ਦੁਆਰਾ ਸਿਫਾਰਸ਼ ਕੀਤੇ ਗਏ ਇੱਕ ਵੀ ਉਮੀਦਵਾਰ ਨੂੰ ਲੋਕ ਸਭਾ ਦੀ ਟਿਕਟ ਨਹੀਂ ਸੀ ਦਿੱਤੀ। ਫਿਰ ‘ਅਪਰੇਸ਼ਨ ਸੰਧੂਰ’ ਹੋਇਆ ਤਾਂ ਭਾਜਪਾ ਦੇ ਮੁੱਖ ਵੋਟਰ ਇਸ ਗੱਲ ਤੋਂ ਨਾਰਾਜ਼ ਸਨ ਕਿ ਜੰਗਬੰਦੀ ਦਾ ਐਲਾਨ ਮੋਦੀ ਦੁਆਰਾ ਨਹੀਂ, ਸਗੋਂ ਟਰੰਪ ਦੁਆਰਾ ਕੀਤਾ ਗਿਆ ਅਤੇ ਮੋਦੀ ਚੁੱਪ ਰਹੇ। ਫਿਰ 13 ਜਨਵਰੀ ਨੂੰ ਯੂ.ਜੀ.ਸੀ. ਨਿਯਮਾਵਲੀ ਲਿਆਉਣ ’ਤੇ ਭਾਜਪਾ ਦੀਆਂ ਮੁੱਖ ਸਮਰਥਕ ਉੱਚ ਜਾਤੀਆਂ ਨਾਰਾਜ਼ ਹੋ ਗਈਆਂ ਤੇ ਉਹ ਮੋਦੀ ਦੀ ਥਾਂ ਯੋਗੀ ਨੂੰ ਲਿਆਉਣ ਲਈ ਜ਼ੋਰ ਪਾ ਰਹੀਆਂ ਹਨ।

Loading