
ਨਵੀਂ ਦਿੱਲੀ:
ਕਾਂਗਰਸ ਨੇ ਕਿਹਾ ਕਿ ਜੇ ਭਾਜਪਾ ਕੰਗਨਾ ਰਣੌਤ ਦੇ ਕਿਸਾਨਾਂ ਨਾਲ ਜੁੜੇ ਬਿਆਨ ਤੋਂ ਅਸਹਿਮਤ ਹੈ ਤਾਂ ਉਸ ਨੂੰ ਪਾਰਟੀ ’ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਸਰਕਾਰ ਨੂੰ ਕੰਗਨਾ ਦੇ ਇਸ ਦਾਅਵੇ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਮਰੀਕਾ ਅਤੇ ਚੀਨ ਦੇਸ਼ ਵਿੱਚ ਅੰਦਰੂਨੀ ਅਸਥਿਰਤਾ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਕਾਂਗਰਸ ਆਗੂ ਨੇ ਕਿਹਾ, ‘‘ਹੁਣ ਤੱਕ ਕਿਸੇ ਵੀ ਆਗੂ ਨੇ ਕਿਸਾਨਾਂ ਖ਼ਿਲਾਫ਼ ਅਜਿਹੇ ਸ਼ਬਦ ਨਹੀਂ ਵਰਤੇ।’’ ਉਨ੍ਹਾਂ ਕਿਹਾ, ‘‘ਹਰਿਆਣਾ ਦੀਆਂ ਚੋਣਾਂ ਨੇੜੇ ਹਨ ਅਤੇ ਸਭ ਨੂੰ ਪਤਾ ਹੈ ਕਿ ਭਾਜਪਾ ਹਾਰਨ ਵਾਲੀ ਹੈ। ਅਜਿਹੇ ’ਚ ਭਾਜਪਾ ਵੱਲੋਂ ਕੰਗਨਾ ਦੀ ਟਿੱਪਣੀ ਨਾਲ ਅਸਹਿਮਤੀ ਵਾਲਾ ਬਿਆਨ ਸਾਹਮਣੇ ਆਇਆ ਹੈ।’