ਭਾਜਪਾ ਦੀਆਂ ਡਬਲ ਇੰਜਣ ਸਰਕਾਰਾਂ ਵਾਲੇ ਰਾਜਾਂ ਨੇ ਪਿਛਲੇ ਦਸ ਸਾਲ ਵਿਚ ਬਹੁਤ ਤਰੱਕੀ ਕੀਤੀ: ਅਮਿਤ ਸ਼ਾਹ 

In ਮੁੱਖ ਖ਼ਬਰਾਂ
February 03, 2025
ਨਵੀਂ ਦਿੱਲੀ, 3 ਫਰਵਰੀ: ਭਾਜਪਾ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਦੀਆਂ ਡਬਲ ਇੰਜਣ ਸਰਕਾਰਾਂ ਵਾਲੇ ਰਾਜਾਂ ਨੇ ਪਿਛਲੇ ਦਸ ਸਾਲ ਵਿਚ ਬਹੁਤ ਤਰੱਕੀ ਕੀਤੀ ਹੈ, ਪਰ ਦਿੱਲੀ ਪਿੱਛੇ ਰਹਿ ਗਿਆ ਕਿਉਂਕਿ ਆਮ ਆਦਮੀ ਪਾਰਟੀ ਬਹਾਨੇ ਘੜਦੀ ਤੇ ਕੇਂਦਰ ਸਰਕਾਰ ਨਾਲ ਲੜਦੀ ਰਹੀ। ਜੰਗਪੁਰਾ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ‘ਬੜੇ ਮੀਆਂ ਤੇ ਛੋਟੀ ਮੀਆਂ’ ਦੱਸਿਆ। ਉਨ੍ਹਾਂ ਦੋਵਾਂ ’ਤੇ ਦਿੱਲੀ ਨੂੰ ਲੁੱਟਣ ਦਾ ਦੋਸ਼ ਲਾਇਆ। ਸ਼ਾਹ ਨੇ ਕਿਹਾ, ‘‘ਜਿਨ੍ਹਾਂ ਰਾਜਾਂ ਵਿਚ ਡਬਲ ਇੰਜਣ ਭਾਜਪਾ ਸਰਕਾਰ ਹੈ ਉਥੇ ਪਿਛਲੇ ਦਸ ਸਾਲਾਂ ਵਿਚ ਬਹੁਤ ਤਰੱਕੀ ਹੋਈ ਹੈ। ਦਿੱਲੀ ਬਹੁਤ ਪਿੱਛੇ ਰਹਿ ਗਿਆ, ਉਹ ਰੋਂਦੇ ਬੱਚੇ (ਬਬੂਆ ਸਾ ਮੁਨਾ ਬਨਕਰ) ਕੇਂਦਰ ਸਰਕਾਰ ਨਾਲ ਲੜਦੇ ਰਹੇ ਤੇ ਬਹਾਨੇ ਲਾਉਂਦੇ ਰਹੇ।’’ ਜੰਗਪੁਰਾ ਹਲਕੇ ਤੋਂ ਸਿਸੋਦੀਆ ਖਿਲਾਫ਼ ਚੋਣ ਲੜ ਰਹੇ ਭਾਜਪਾ ਉਮੀਦਵਾਰ ਤਰਵਿੰਦਰ ਸਿੰਘ ਮਰਵਾਹਾ ਲਈ ਚੋਣ ਪ੍ਰਚਾਰ ਕਰਦਿਆਂ ਸ਼ਾਹ ਨੇ ਕਿਹਾ ਕਿ ਸਿਸੋਦੀਆ ਦੇਸ਼ ਦਾ ਇਕਲੌਤਾ ਸਿੱਖਿਆ ਮੰਤਰੀ ਹੈ, ਜਿਸ ਨੂੰ ਸ਼ਰਾਬ ਘੁਟਾਲੇ ਕਰਕੇ ਜੇਲ੍ਹ ਜਾਣਾ ਪਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਝੂਠ ਬੋਲਿਆ ਤੇ ਉਨ੍ਹਾਂ ਨੂੰ ਸਿਰਫ਼ ਕੂੜ ਦੇ ਢੇਰ, ਜ਼ਹਿਰੀਲਾ ਪਾਣੀ ਤੇ ਭ੍ਰਿਸ਼ਟਾਚਾਰ ਹੀ ਦਿੱਤਾ। ਉਨ੍ਹਾਂ ਕਿਹਾ, ‘ਬੜੇ ਮੀਆਂ ਤੇ ਛੋਟੇ ਮੀਆਂ ਨੇ ਝੂਠੇ ਵਾਅਦੇ ਕਰਕੇ ਦਿੱਲੀ ਨੂੰ ਲੁੱਟਿਆ। ਇਹ ਦੋਵੇਂ ਚੋਣ ਹਾਰਨਗੇ।’’ ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਹੀ ਇਕੋ ਇਕ ਪਾਰਟੀ ਹੈ ਜੋ ਦਿੱਲੀ ਦੀ ਕਾਇਆਕਲਪ ਕਰਕੇ ਇਸ ਨੂੰ ਆਲਮੀ ਪੱਧਰ ਦੇ ਰਾਜਧਾਨੀ ਸ਼ਹਿਰ ਵਿਚ ਤਬਦੀਲ ਕਰ ਸਕਦੀ ਹੈ।

Loading