ਨਵੀਂ ਦਿੱਲੀ:
ਵਕਫ ਸੋਧ ਬਿੱਲ ਬਾਰੇ ਸਾਂਝੀ ਸੰਸਦੀ ਕਮੇਟੀ ਦੀ ਰਿਪੋਰਟ ’ਚ ਅਸਹਿਮਤੀ ਜ਼ਾਹਿਰ ਕਰਨ ਨਾਲ ਸਬੰਧਤ ਹਿੱਸੇ ਕਥਿਤ ਤੌਰ ’ਤੇ ਹਟਾਏ ਜਾਣ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਭਾਜਪਾ ਦੀ ਮੇਧਾ ਵਿਸ਼ਰਾਮ ਕੁਲਕਰਨੀ ਨੇ ਅੱਜ ਬਾਅਦ ਦੁਪਹਿਰ ਉੱਪਰਲੇ ਸਦਨ ’ਚ ਇੱਕ ਸੋਧ ਪੱਤਰ ਪੇਸ਼ ਕੀਤਾ। ਕੁਲਕਰਨੀ ਨੇ ਰਿਪੋਰਟ ਦੇ ਹਿੱਸੇ ਦਾ ਸੋਧ ਪੱਤਰ ਰਾਜ ਸਭਾ ’ਚ ਦੁਪਹਿਰ ਦੇ ਖਾਣੇ ਤੋਂ ਬਾਅਦ ਪੇਸ਼ ਕੀਤਾ। ਉਨ੍ਹਾਂ ਸਵੇਰੇ ਸਦਨ ’ਚ ਰਿਪੋਰਟ ਪੇਸ਼ ਕੀਤੀ ਸੀ। ਰਿਪੋਰਟ ਦੇ ਹਿੱਸੇ ਦਾ ਅਧਿਆਏ ਪੰਜ ‘ਸਾਂਝੀ ਕਮੇਟੀ ਦੇ ਮੈਂਬਰਾਂ ਤੋਂ ਪ੍ਰਾਪਤ ਟਿੱਪਣੀਆਂ/ਅਸਹਿਮਤੀਆਂ’ ਨਾਲ ਸਬੰਧਤ ਹੈ ਤੇ ਇਸ ਵਿੱਚ ਉਹ ਟਿੱਪਣੀਆਂ ਸ਼ਾਮਲ ਹਨ ਜਿਨ੍ਹਾਂ ਨੂੰ ਪਹਿਲਾਂ ਪੇਸ਼ ਕੀਤੀ ਗਈ ਰਿਪੋਰਟ ’ਚ ਸੰਪਾਦਤ ਕੀਤਾ ਗਿਆ ਸੀ। ਭਾਜਪਾ ਮੈਂਬਰ ਨੇ ਜਿਵੇਂ ਹੀ ਸੋਧ ਪੱਤਰ ਪੇਸ਼ ਕੀਤਾ ਤਾਂ ਵਿਰੋਧੀ ਧਿਰ ਦੇ ਇੱਕ ਮੈਂਬਰ ਨੇ ਤਨਜ਼ ਕਸਦਿਆਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਸਦਨ ਨੂੰ ਪਹਿਲਾਂ ਗੁੰਮਰਾਹ ਕੀਤਾ ਗਿਆ ਸੀ।