
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਵਾਰ-ਵਾਰ ਟਲਣ ਨਾਲ ਸਿਆਸੀ ਗਲਿਆਰਿਆਂ ’ਚ ਚਰਚਾ ਛਿੜੀ ਹੋਈ ਹੈ। ਪਹਿਲਾਂ ਲੋਕ ਸਭਾ ਚੋਣਾਂ, ਫ਼ਿਰ ਪਹਿਲਗਾਮ ਹਮਲੇ ਅਤੇ ‘ਅਪਰੇਸ਼ਨ ਸੰਧੂਰ’ ਦੇ ਬਹਾਨੇ ਨਾਲ ਇਹ ਚੋਣ ਟਾਲੀ ਜਾ ਰਹੀ ਹੈ। ਜੇ.ਪੀ. ਨੱਢਾ ਦਾ ਕਾਰਜਕਾਲ ਖਤਮ ਹੋਣ ਦੇ ਬਾਵਜੂਦ, ਉਹ ਕੇਂਦਰੀ ਮੰਤਰੀ ਅਤੇ ਪਾਰਟੀ ਪ੍ਰਧਾਨ ਦੀ ਦੋਹਰੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ। ਸਵਾਲ ਇਹ ਹੈ ਕਿ ਚੋਣ ਟਾਲਣ ਪਿੱਛੇ ਅਸਲੀ ਵਜ੍ਹਾ ਕੀ ਹੈ? ਕੀ ਪਾਰਟੀ ਦੇ ਅੰਦਰ ਨਵੇਂ ਪ੍ਰਧਾਨ ਦੇ ਨਾਂ ’ਤੇ ਸਹਿਮਤੀ ਨਹੀਂ ਬਣ ਰਹੀ, ਜਾਂ ਫ਼ਿਰ ਸੂਬਿਆਂ ’ਚ ਸੰਗਠਨ ਦੀਆਂ ਚੋਣਾਂ ਨੂੰ ਰੋਕਣ ਲਈ ਇਹ ਰਣਨੀਤੀ ਹੈ? ਇਹ ਦੇਰੀ ਪਾਰਟੀ ਦੀ ਅੰਦਰੂਨੀ ਸਿਆਸਤ ਜਾਂ ਲੀਡਰਸ਼ਿਪ ਦੀ ਤਿਆਰੀ ਦੀ ਕਮੀ ਨੂੰ ਸਾਹਮਣੇ ਲਿਆ ਰਹੀ ਹੈ।
ਭਾਜਪਾ ਨੇ ਪਹਿਲਾਂ ਨਿਤਿਨ ਗਡਕਰੀ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਵਰਗੇ ਨੇਤਾਵਾਂ ਨੂੰ ਪ੍ਰਧਾਨ ਵਜੋਂ ਸੁਚੱਜੇ ਢੰਗ ਨਾਲ ਚੁਣਿਆ ਸੀ। ਪਰ ਇਸ ਵਾਰ ਨਵੇਂ ਨਾਂ ’ਤੇ ਸਹਿਮਤੀ ਨਾ ਬਣਨ ਦੀ ਚਰਚਾ ਹੈ। ਕੀ ਪਾਰਟੀ ਦੇ ਵੱਡੇ ਆਗੂਆਂ ’ਚ ਅੰਦਰੂਨੀ ਖਿੱਚੋਤਾਣ ਹੈ, ਜਾਂ ਫ਼ਿਰ ਕੋਈ ਨਵਾਂ ਚਿਹਰਾ ਸਾਹਮਣੇ ਲਿਆਉਣ ਦੀ ਤਿਆਰੀ ਹੈ? ਇਹ ਸਥਿਤੀ ਪਾਰਟੀ ਦੀ ਮਜ਼ਬੂਤ ਲੀਡਰਸ਼ਿਪ ਵਾਲੀ ਚਿੱਤਰ ਨੂੰ ਢਾਹ ਲਾਉਂਦੀ ਹੈ। ਜੇ ਸੂਬਿਆਂ ’ਚ ਸੰਗਠਨ ਦੀਆਂ ਚੋਣਾਂ ਨਹੀਂ ਹੋ ਰਹੀਆਂ, ਤਾਂ ਇਸ ਦਾ ਸਿੱਧਾ ਅਸਰ ਰਾਸ਼ਟਰੀ ਪ੍ਰਧਾਨ ਦੀ ਚੋਣ ’ਤੇ ਪੈ ਰਿਹਾ ਹੈ। ਸੂਬਾਈ ਸੰਗਠਨ ਦੀ ਮਜ਼ਬੂਤੀ ਤੋਂ ਬਿਨਾਂ ਰਾਸ਼ਟਰੀ ਅਹੁਦੇ ਦੀ ਚੋਣ ਨੂੰ ਜ਼ਿਆਦਾ ਸਮਾਂ ਨਹੀਂ ਟਾਲਿਆ ਜਾ ਸਕਦਾ।
ਕੀ ਭਾਜਪਾ ਕੋਲ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਯੋਗ ਉਮੀਦਵਾਰ ਨਹੀਂ ਹਨ? ਇਹ ਸਵਾਲ ਹਰ ਕਿਸੇ ਦੇ ਮਨ ਵਿਚ ਉੱਠ ਰਿਹਾ ਹੈ। ਭਾਜਪਾ ਵਰਗੀ ਵਿਸ਼ਾਲ ਪਾਰਟੀ, ਜਿਸ ਨੇ ਦੇਸ਼ ਦੀ ਸਿਆਸਤ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ ਹੈ, ਨੂੰ ਇੱਕ ਯੋਗ ਨੇਤਾ ਦੀ ਚੋਣ ਵਿਚ ਮੁਸ਼ਕਲ ਕਿਉਂ ਆ ਰਹੀ ਹੈ? ਕੀ ਪਾਰਟੀ ਦੀ ਨਵੀਂ ਪੀੜ੍ਹੀ ਅਜੇ ਇਸ ਅਹੁਦੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ, ਜਾਂ ਫ਼ਿਰ ਸੀਨੀਅਰ ਨੇਤਾਵਾਂ ਵਿੱਚ ਕੋਈ ਅਜਿਹਾ ਨਾਂ ਨਹੀਂ ਜੋ ਸਭ ਨੂੰ ਜੋੜ ਸਕੇ? ਇਹ ਸਥਿਤੀ ਪਾਰਟੀ ਦੀ ਅੰਦਰੂਨੀ ਸੰਗਠਨਾਤਮਕ ਕਮਜ਼ੋਰੀ ਨੂੰ ਦਰਸਾਉਂਦੀ ਹੈ, ਜੋ ਆਉਣ ਵਾਲੇ ਸਮੇਂ ’ਚ ਉਸ ਲਈ ਮੁਸ਼ਕਿਲਾਂ ਖੜੀ ਕਰ ਸਕਦੀ ਹੈ।