ਭਾਰਤ ਵਿੱਚ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ, ਭਾਰਤੀਆਂ ਵਿੱਚ ਵਿਦੇਸ਼ਾਂ ਵੱਲ ਜਾਣ ਦਾ ਜ਼ਬਰਦਸਤ ਰੁਝਾਨ ਵਧਦਾ ਜਾ ਰਿਹਾ ਹੈ। ਆਜ਼ਾਦ ਕਾਰਜਕਾਰੀ ਅਤੇ ਵਿਕਾਸ ਸੰਸਥਾ ਓ.ਈ.ਸੀ.ਡੀ. ਨੇ ਆਪਣੀ ਨਵੀਂ ਰਿਪੋਰਟ ’ਇੰਟਰਨੈਸ਼ਨਲ ਮਾਈਗ੍ਰੇਸ਼ਨ ਆਊਟਲੁੱਕ 2025’ ਵਿੱਚ ਖੁਲਾਸਾ ਕੀਤਾ ਹੈ ਕਿ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਭਾਰਤੀਆਂ ਨੇ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ ਵਰਗੇ 38 ਵਿਕਸਤ ਦੇਸ਼ਾਂ ਦੀ ਨਾਗਰਿਕਤਾ ਲਈ ਹੈ। ਇਸ ਸਾਲ ਭਾਰਤੀਆਂ ਵਿੱਚੋਂ 2.25 ਲੱਖ ਲੋਕਾਂ ਨੇ ਇਹ ਨਾਗਰਿਕਤਾ ਹਾਸਲ ਕੀਤੀ ਸੀ, ਜੋ ਪਿਛਲੇ ਸਾਲਾਂ ਨਾਲੋਂ 70 ਫੀਸਦੀ ਵਧ ਚੁਕੀ ਹੈ।
ਓ.ਈ.ਸੀ.ਡੀ. ਇਹ ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋ-ਆਪਰੇਸ਼ਨ ਐਂਡ ਡੈਵਲਪਮੈਂਟ ਦਾ ਛੋਟਾ ਰੂਪ ਹੈ, ਜੋ 1961 ਵਿੱਚ ਬਣੀ ਇੱਕ ਅੰਤਰਰਾਸ਼ਟਰੀ ਸੰਸਥਾ ਹੈ। ਇਸ ਵਿੱਚ 38 ਵਿਕਸਤ ਅਤੇ ਉਭਰਦੇ ਅਰਥਚਾਰੇ ਵਾਲੇ ਦੇਸ਼ ਸ਼ਾਮਲ ਹਨ, ਜਿਵੇਂ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਜਰਮਨੀ ਅਤੇ ਫਰਾਂਸ। ਇਹ ਸੰਸਥਾ ਅਰਥ-ਵਿਵਸਥਾ, ਵਪਾਰ ਅਤੇ ਸਮਾਜਿਕ ਨੀਤੀਆਂ ਬਾਰੇ ਨੀਤੀਆਂ ਬਣਾਉਣ ਵਿੱਚ ਮਦਦ ਕਰਦੀ ਹੈ ਅਤੇ ਆਪਣੇ ਮੈਂਬਰਾਂ ਨੂੰ ਬਿਹਤਰ ਜੀਵਨ ਲਈ ਰਾਹ ਦਿਖਾਉਂਦੀ ਹੈ। ਇਸ ਰਿਪੋਰਟ ਵਿੱਚ ਭਾਰਤ ਨੂੰ ਓ.ਈ.ਸੀ.ਡੀ. ਵਿੱਚ ਨਵੇਂ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸਰੋਤ ਵਜੋਂ ਦਰਜ ਕੀਤਾ ਗਿਆ ਹੈ, ਜਿੱਥੇ 6 ਲੱਖ ਭਾਰਤੀਆਂ ਨੇ ਪੇਸ਼ੇਵਰ ਕੰਮਾਂ ਕਰਕੇ ਵੀਜ਼ੇ ਤੇ ਜਾਣ ਲਈ ਅਪਲਾਈ ਕੀਤਾ ਸੀ, ਜੋ 2022 ਨਾਲੋਂ 8 ਫੀਸਦੀ ਵਧ ਹੈ।
ਇਹ ਟਰੈਂਡ ਨਵਾਂ ਨਹੀਂ, ਪਰ 2014 ਤੋਂ ਬਾਅਦ ਇਹ ਬਹੁਤ ਤੇਜ਼ ਹੋ ਗਿਆ ਸੀ। ਉਸ ਵੇਲੇ ਸਿਰਫ਼ 15,388 ਭਾਰਤੀਆਂ ਨੇ ਓ.ਈ.ਸੀ.ਡੀ. ਨਾਗਰਿਕਤਾ ਲਈ ਅਪਲਾਈ ਕੀਤਾ ਸੀ, ਪਰ ਹੁਣ ਇਹ ਗਿਣਤੀ ਡਬਲ ਹੋ ਗਈ ਹੈ। ਬ੍ਰਿਟੇਨ ਵਿੱਚ ਵਿਦੇਸ਼ੀ ਡਾਕਟਰਾਂ ਵਿੱਚ 23 ਫੀਸਦੀ ਭਾਰਤੀ ਹਨ ਅਤੇ ਅਮਰੀਕਾ ਵਿੱਚ 8 ਫੀਸਦੀ। ਇਹ ਲੋਕ ਵਿਦੇਸ਼ਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਨ।
ਓ.ਈ.ਸੀ.ਡੀ. ਰਿਪੋਰਟ ਅਨੁਸਾਰ, ਦੂਜੇ ਨੰਬਰ ’ਤੇ ਫਿਲੀਪੀਨਸ ਹੈ, ਜਿਸ ਨੇ 1.32 ਲੱਖ ਲੋਕਾਂ ਨੂੰ ਓ.ਈ.ਸੀ.ਡੀ. ਨਾਗਰਿਕਤਾ ਦਿੱਤੀ ਸੀ। ਤੀਜੇ ’ਤੇ ਚੀਨ ਹੈ, ਜਿੱਥੋਂ 92,400 ਲੋਕ ਗਏ ਸਨ। ਚੌਥੇ ’ਤੇ ਮੈਕਸੀਕੋ ਹੈ, ਜਿੱਥੋਂ ਮਨੁੱਖੀ ਅਧਿਕਾਰਾਂ ਦੇ ਸੰਕਟ ਕਾਰਨ ਕਰਕੇ ਲੋਕ ਜਾ ਰਹੇ ਹਨ। ਫਿਲੀਪੀਨਸ ਤੋਂ ਨਰਸਾਂ ਦਾ ਵੱਡਾ ਪ੍ਰਵਾਸ ਹੈ। ਚੀਨ ਤੋਂ 3.7 ਲੱਖ ਨਵੇਂ ਪ੍ਰਵਾਸੀ 2023 ਵਿੱਚ ਗਏ, ਜੋ 13 ਫੀਸਦੀ ਵਧ ਹੈ – ਇਹ ਵੀ ਹਾਈ-ਸਕਿਲ ਵਾਲੇ ਲੋਕ ਹਨ, ਜੋ ਤਕਨੀਕ ਅਤੇ ਵਪਾਰ ਵਿੱਚ ਨਿਪੁੰਨ ਹਨ। ਮੈਕਸੀਕੋ ਤੋਂ ਪ੍ਰਵਾਸ ਮੁੱਖ ਤੌਰ ’ਤੇ ਅਮਰੀਕਾ ਵੱਲ ਹੈ, ਜਿੱਥੇ ਆਰਥਿਕ ਅਸਥਿਰਤਾ ਅਤੇ ਨੌਕਰੀਆਂ ਦੀ ਉਪਲਬਧਤਾ ਕਾਰਨ ਲੋਕ ਜਾ ਰਹੇ ਹਨ। ਭਾਰਤੀ ਜ਼ਿਆਦਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਵਿੱਚ ਜਾ ਰਹੇ ਹਨ। ਇਹਨਾਂ ਦੇਸਾਂ ਵਿੱਚ ਭਾਰਤੀ ਵਿਰੋਧੀ ਭਾਵਨਾਵਾਂ 2024-2025 ਵਿੱਚ ਤੇਜ਼ ਹੋ ਗਈਆਂ ਸਨ। ਕੈਨੇਡਾ ਵਿੱਚ, ਭਾਰਤੀ ਵਿਦਿਆਰਥੀਆਂ ਵਿਰੁੱਧ ਨਫ਼ਰਤ ਵਧੀ ਹੈ – 2023-2025 ਵਿੱਚ ਐਕਸ (ਪਹਿਲਾਂ ਟਵਿੱਟਰ) ਤੇ 26,600 ਪੋਸਟਾਂ ਵਿੱਚ ਸਾਊਥ ਏਸ਼ੀਆਈ ਭਾਈਚਾਰੇ ਵਿਰੁੱਧ ਨਫਰਤੀ ਭਾਸ਼ਾ ਵਰਤੀ ਗਈ ਹੈ। ਸਾਊਥ ਏਸ਼ੀਅਨ ਵਿਰੁੱਧ ਹੇਟ ਕ੍ਰਾਈਮ 143 ਫੀਸਦੀ ਵਧ ਗਏ ਹਨ।
ਅਮਰੀਕਾ ਵਿੱਚ ਵੀ ਭਾਰਤੀਆਂ ਵਿਰੁੱਧ ਨਸਲਵਾਦ ਵਧ ਰਿਹਾ ਹੈ। 2025 ਵਿੱਚ ਫਲੋਰੀਡਾ ਵਿੱਚ ਇੱਕ ਸਿੱਖ ਡਰਾਈਵਰ ਦੇ ਐਕਸੀਡੈਂਟ ਨੇ ਨਸਲੀ ਨਫ਼ਰਤ ਨੂੰ ਹਵਾ ਦਿੱਤੀ ਹੈ। ਟਰੰਪ ਸਰਕਾਰ ਨੇ ਐਚ-1ਬੀ ਵੀਜ਼ੇ ’ਤੇ ਰੋਕ ਲਗਾਈ ਸੀ। ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਵਿਰੁੱਧ ਵੀ ਨਫ਼ਰਤ ਵਧੀ ਹੈ। ਬ੍ਰਿਟੇਨ ਵਿੱਚ ਵੀ ਭਾਰਤੀਆਂ ਨੂੰ ‘ਨਸਲਵਾਦੀ ਨਫਰਤ’ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹਨਾਂ ਸਾਰੇ ਦੇਸ਼ਾਂ ਨੇ ਨਾਗਰਿਕਤਾ ਦੇ ਨਿਯਮ ਸਖ਼ਤ ਕਰ ਦਿੱਤੇ ਹਨ, ਪਰ ਫਿਰ ਵੀ ਭਾਰਤੀ ਜਾ ਰਹੇ ਹਨ।
‘ਵਾਸ਼ਿੰਗਟਨ ਪੋਸਟ’ ਨੇ ਕਿਹਾ ਹੈ ਕਿ ਭਾਰਤੀ ਬ੍ਰੇਨ ਡਰੇਨ ਨੂੰ ਰੋਕਣ ਲਈ ਸਿੱਖਿਆ ਅਤੇ ਨੌਕਰੀਆਂ ਵਿੱਚ ਸੁਧਾਰ ਜ਼ਰੂਰੀ ਹੈ, ਨਹੀਂ ਤਾਂ ਇਹ ਅਸਮਾਨਤਾ ਵਧੇਗੀ। ‘ਦ ਹਿੰਦੂ’ ਨੇ ਕਿਹਾ ਕਿ ਭਾਰਤ ਨੂੰ ਆਪਣੇ ਨੌਜਵਾਨਾਂ ਲਈ ਬਿਹਤਰ ਮੌਕੇ ਬਣਾਉਣੇ ਪੈਣਗੇ, ਨਹੀਂ ਤਾਂ ਇਹ ਟਰੈਂਡ ਰੁਕੇਗਾ ਨਹੀਂ।
ਭਾਰਤ ਵਿੱਚ ਅਰਥਚਾਰਾ ਵਧ ਰਿਹਾ ਹੈ, ਪਰ ਅਸਮਾਨਤਾ ਵੀ ਵਧ ਰਹੀ ਹੈ। ਅਮੀਰ ਲੋਕ ਟੈਕਸ, ਪ੍ਰਦੂਸ਼ਣ ਅਤੇ ਅਪਰਾਧਾਂ ਕਾਰਨ ਜਾ ਰਹੇ ਹਨ। ਕੋਟਕ ਵੈਲਥ ਰਿਪੋਰਟ 2023 ਮੁਤਾਬਕ, 21 ਫੀਸਦੀ ਬਹੁਤੇ ਅਮੀਰ ਭਾਰਤੀ 2025 ਵਿੱਚ ਵਿਦੇਸ਼ ਜਾਣਾ ਚਾਹੁੰਦੇ ਸਨ। ਸਿੱਖਿਆ ਅਤੇ ਸਿਹਤ ਵਿੱਚ ਖਰਚਾ ਘੱਟ ਹੈ – ਜੀਡੀਪੀ ਦਾ ਸਿਰਫ਼ 2.9 ਫੀਸਦੀ ਸਿੱਖਿਆ ਤੇ ਅਤੇ 2.1 ਫੀਸਦੀ ਸਿਹਤ ਤੇ। ਨੌਕਰੀਆਂ ਵਿੱਚ ਰਿਜ਼ਰਵੇਸ਼ਨ ਅਤੇ ਭ੍ਰਿਸ਼ਟਾਚਾਰ ਕਾਰਨ ਯੋਗ ਲੋਕ ਨਿਰਾਸ਼ ਹਨ। ਵਿਦੇਸ਼ਾਂ ਵਿੱਚ ਬਿਹਤਰ ਜੀਵਨ, ਸੁਰੱਖਿਆ ਅਤੇ ਮੌਕੇ ਹਨ। ਕੋਟਕ ਵੈਲਥ 2024 ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤੀ ਵਿਦੇਸ਼ਾਂ ਵਿੱਚ ਯੋਗਦਾਨ ਪਾ ਰਹੇ ਹਨ ਅਤੇ ਪੈਸੇ ਭੇਜ ਰਹੇ ਹਨ, ਜੋ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਦੀ ਹੈ।
ਕੋਟਕ ਬੈਂਕ ਦੀ ਰਿਪੋਰਟ (ਟੌਪ ਆਫ਼ ਦ ਪਾਈਰੇਮਿਡ – ਰਿਪੋਰਟ 2024) ਅਨੁਸਾਰ 20% ਅਰਥਾਤ ਲਗਭਗ 43 ਹਜ਼ਾਰ 600 ਅਮੀਰ ਲੋਕ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹਨ ਜਾਂ ਪ੍ਰਕਿਰਿਆ ਵਿੱਚ ਹਨ। ਇਹ ਲੋਕ ਵਿਦੇਸ਼ ਅਮਰੀਕਾ, ਕੈਨੇਡਾ, ਯੂਏਈ, ਬ੍ਰਿਟੇਨ ਅਤੇ ਆਸਟ੍ਰੇਲੀਆ ਵਿੱਚ ਪੱਕੇ ਵੱਸਣਾ ਚਾਹੁੰਦੇ ਹਨ, ਪਰ ਭਾਰਤੀ ਨਾਗਰਿਕਤਾ ਵੀ ਰੱਖਣਾ ਚਾਹੁੰਦੇ ਹਨ। ਸਿਰਫ਼ 1% ਅਮੀਰ ਲੋਕਾਂ ਨੇ ਪੂਰੀ ਤਰ੍ਹਾਂ ਵਿਦੇਸ਼ ਵਿੱਚ ਪੱਕਾ ਵੱਸਣ ਦੀ ਯੋਜਨਾ ਬਣਾਈ ਹੈ। 69% ਲੋਕਾਂ ਨੇ ਕਿਹਾ ਕਿ ਵਿਦੇਸ਼ ਵਿੱਚ ਕਾਰੋਬਾਰ ਆਸਾਨੀ ਨਾਲ ਚੱਲੇਗਾ। ਬੱਚਿਆਂ ਲਈ ਚੰਗੀ ਪੜ੍ਹਾਈ ਅਤੇ ਨੌਕਰੀ: 44% ਨੇ ਇਹ ਕਾਰਨ ਦੱਸਿਆ।
ਕਈ ਭਾਰਤੀ ਵਾਪਸ ਆ ਰਹੇ ਹਨ, ਜੋ ਰਿਵਰਸ ਬ੍ਰੇਨ ਡਰੇਨ ਹੈ। ਪਰ ਅਸਲ ਸਵਾਲ ਇਹ ਹੈ ਕਿ ਭਾਰਤ ਇਸ ਪ੍ਰਵਾਸ ਨੂੰ ਕਿਵੇਂ ਰੋਕੇ? ਵਿਦਿਅਕ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿੱਖਿਆ, ਨੌਕਰੀਆਂ ਅਤੇ ਸੁਰੱਖਿਆ ਵਿੱਚ ਸੁਧਾਰ ਕਰਨੇ ਪੈਣਗੇ। ਜੇ ਨਹੀਂ, ਤਾਂ ਇਹ ਹੋੜ ਰੁਕੇਗੀ ਨਹੀਂ। ਭਾਰਤ ਨੂੰ ਆਪਣੇ ਨੌਜਵਾਨਾਂ ਨੂੰ ਰੋਕਣਾ ਹੋਵੇਗਾ, ਨਹੀਂ ਤਾਂ ਵਿਕਾਸ ਦੇ ਸੁਪਨੇ ਅਧੂਰੇ ਰਹਿਣਗੇ।
![]()
