
ਪ੍ਰਿੰਸੀਪਲ ਸਰਵਣ ਸਿੰਘ
ਲੀਏਂਡਰ ਐਂਡਰੀਅਨ ਪੇਸ ਭਾਰਤ ਦਾ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰੀ ਰਿਹਾ ਹੈ। ਉਹ 30 ਵਰ੍ਹੇ ਸਿਰੇ ਦੀ ਟੈਨਿਸ ਖੇਡਿਆ। ਉਸ ਨੂੰ ਟੈਨਿਸ ਦਾ ਗਲੋਬਲ ਆਈਕੋਨ ਕਿਹਾ ਜਾਂਦਾ ਸੀ। 1991 ’ਚ ਪੇਸ਼ਾਵਰ ਖਿਡਾਰੀ ਬਣ ਕੇ ਉਹ 2020 ਵਿੱਚ ਰਿਟਾਇਰ ਹੋਇਆ। ਇੰਜ ਉਹ 30 ਸਾਲ ਟੈਨਿਸ ਦਾ ਸਟਾਰ ਖਿਡਾਰੀ ਬਣਿਆ ਰਿਹਾ। ਉਹਦੀ ਜੈ ਜੈ ਕਾਰ ਕੁਲ ਦੁਨੀਆ ’ਚ ਹੋਈ। ਉਸ ਨੇ 20 ਸਲੈਮ ਟਾਈਟਲ ਜਿੱਤੇ। ਉਹ ਬਾਰਸੀਲੋਨਾ-1992 ਦੀਆਂ ਉਲੰਪਿਕ ਖੇਡਾਂ ਤੋਂ ਰੀਓ-2016 ਦੀਆਂ ਉਲੰਪਿਕ ਖੇਡਾਂ ਤੱਕ 7 ਵਾਰ ਟੈਨਿਸ ਮੁਕਾਬਲਿਆਂ ਦਾ ਭਾਗੀਦਾਰ ਬਣਿਆ। ਟੋਕੀਓ-2020 ਦੀਆਂ ਉਲੰਪਿਕ ਖੇਡਾਂ ਵਿੱਚ ਉਹ ਅੱਠਵੀਂ ਵਾਰ ਭਾਗ ਲੈਣ ਲਈ ਵੀ ਤਿਆਰੀ ਕਰ ਰਿਹਾ ਸੀ, ਪਰ ਕੋਵਿਡ ਕਾਰਨ ਉਲੰਪਿਕ ਖੇਡਾਂ ਮੁਲਤਵੀ ਹੋ ਗਈਆਂ। ਉਸ ਨੇ ਉਲੰਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਵਿੱਚ ਸਿਰਫ਼ ਭਾਗ ਹੀ ਨਹੀਂ ਲਿਆ ਬਲਕਿ ਉਨ੍ਹਾਂ ਵਿੱਚੋਂ 10 ਮੈਡਲ ਵੀ ਜਿੱਤੇ। 5 ਗੋਲਡ ਮੈਡਲ ਤੇ 5 ਕਾਂਸੀ ਦੇ ਮੈਡਲ! ਕੀ ਕਿਹਾ ਜਾਏ ਅਜਿਹੇ ਅਫਲਾਤੂਨ ਖਿਡਾਰੀ ਬਾਰੇ?
ਲੀਏਂਡਰ ਕੇਵਲ 17 ਸਾਲਾਂ ਦਾ ਸੀ ਜਦੋਂ ਵਿੰਬਲਡਨ ਜੂਨੀਅਰ ਦਾ ਖ਼ਿਤਾਬ ਜਿੱਤਿਆ। ਉਸ ਦੀ ਇਸ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ਉਸ ਨੂੰ ਖੇਡਾਂ ਦਾ ਨਾਮੀ ਪੁਰਸਕਾਰ ‘ਅਰਜਨ ਐਵਾਰਡ’ ਦੇ ਦਿੱਤਾ। ਛੋਟੀ ਉਮਰ ਵਿੱਚ ਹੀ ਵੱਡਾ ਐਵਾਰਡ ਮਿਲਣ ਨਾਲ ਸੁਭਾਵਿਕ ਸੀ ਉਹਦਾ ਹੌਸਲਾ ਹੋਰ ਵਧ ਗਿਆ। 1992 ’ਚ ਉਹ ਬਾਰਸੀਲੋਨਾ ਦੀਆਂ ਉਲੰਪਿਕ ਖੇਡਾਂ ਲਈ ਭਾਰਤੀ ਟੀਮ ’ਚ ਚੁਣਿਆ ਗਿਆ। ਉਲੰਪਿਕ ਖੇਡਾਂ ਵਿੱਚ ਉਸ ਨੇ ਕਾਫ਼ੀ ਚੰਗੀ ਕਾਰਗੁਜ਼ਾਰੀ ਵਿਖਾਈ। ਐਟਲਾਂਟਾ-1996 ਦੀਆਂ ਉਲੰਪਿਕ ਖੇਡਾਂ ਵਿੱਚ ਉਹ ਦੂਜੀ ਵਾਰ ਗਿਆ ਤਾਂ ਵਿਕਟਰੀ ਸਟੈਂਡ ਉਤੇ ਚੜ੍ਹਨ ਵਿੱਚ ਕਾਮਯਾਬ ਹੋ ਗਿਆ। ਉੱਥੇ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਤੋਂ ਪਹਿਲਾਂ ਭਾਰਤ ਦਾ ਕੇਵਲ ਇੱਕੋ ਖਿਡਾਰੀ ਕੇ.ਡੀ. ਯਾਦਵ ਸੀ ਜੋ ਉਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਹੈਲਸਿੰਕੀ-1952 ਦੀਆਂ ਖੇਡਾਂ ਵਿੱਚੋਂ ਕਿਸੇ ਵਿਅਕਤੀਗਤ ਖੇਡ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਸਰਕਾਰ ਵੱਲੋਂ ਉਸ ਨੂੰ 1996-97 ਦਾ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦਿੱਤਾ ਗਿਆ।
ਫਿਰ ਉਸ ਨੇ ਵਿਸ਼ਵ ਪੱਧਰ ’ਤੇ ਏਨੀਆਂ ਜਿੱਤਾਂ ਦਰਜ ਕੀਤੀਆਂ ਕਿ ਚਾਰੇ ਗ੍ਰੈਂਡ ਸਲੈਮ ਟੂਰਨਾਮੈਂਟਾਂ ਵਿੱਚ ‘ਬਹਿਜਾ ਬਹਿਜਾ’ ਕਰਵਾ ਦਿੱਤੀ। 2001 ਵਿੱਚ ਭਾਰਤ ਸਰਕਾਰ ਵੱਲੋਂ ਉਸ ਨੂੰ ‘ਪਦਮ ਸ੍ਰੀ’ ਪੁਰਸਕਾਰ ਨਾਲ ਨਿਵਾਜਿਆ ਗਿਆ। ਹੋਰ ਜਿੱਤਾਂ ਹਾਸਲ ਕੀਤੀਆਂ ਤਾਂ 2014 ਵਿੱਚ ਲੀਏਂਡਰ ਪੇਸ ਨੂੰ ‘ਪਦਮ ਭੂਸ਼ਨ’ ਪੁਰਸਕਾਰ ਭੇਟ ਕੀਤਾ ਗਿਆ। ਉਸ ਨੇ ਟੈਨਿਸ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ, ਲਗਭਗ ਸਾਰੀ ਦੁਨੀਆ ਗਾਹੀ ਤੇ ਵਿਸ਼ਵ ਨਾਗਰਿਕ ਬਣਿਆ। 2020 ਵਿੱਚ ਉਸ ਨੂੰ ਨੈਲਸਨ ਮੰਡੇਲਾ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਲੀਏਂਡਰ ਪੇਸ ਦਾ ਜਨਮ 17 ਜੂਨ 1973 ਨੂੰ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਵਿੱਚ ਹੋਇਆ। ਉਸ ਦਾ ਪਿਤਾ ਵੇਸ ਪੇਸ ਹਾਕੀ ਦਾ ਅੰਤਰਰਾਸ਼ਟਰੀ ਖਿਡਾਰੀ ਸੀ। ਉਸ ਨੇ ਮਿਊਨਿਖ ਦੀਆਂ ਉਲੰਪਿਕ ਖੇਡਾਂ ’ਚ ਭਾਰਤੀ ਹਾਕੀ ਟੀਮ ਵੱਲੋਂ ਭਾਗ ਲਿਆ ਸੀ ਜਿੱਥੇ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਲੀਏਂਡਰ ਦੀ ਮਾਤਾ ਜੈਨੀਫਰ ਪੇਸ ਭਾਰਤੀ ਬਾਸਕਟਬਾਲ ਟੀਮ ਵੱਲੋਂ ਖੇਡਦੀ ਸੀ। 1980 ਵਿੱਚ ਉਹ ਏਸ਼ੀਆ ਬਾਸਕਿਟਬਾਲ ਚੈਂਪੀਅਨਸ਼ਿਪ ਵਿੱਚ ਭਾਰਤੀ ਬਾਸਕਿਟਬਾਲ ਟੀਮ ਦੀ ਕਪਤਾਨ ਸੀ। ਜੈਨੀਫਰ ਦਾ ਬਾਪ ਮਾਈਕਲ ਮਧੂਸੂਦਨ ਦੱਤਾ ਬੰਗਾਲੀ ਦਾ ਪ੍ਰਸਿੱਧ ਕਵੀ ਸੀ। ਉਨ੍ਹਾਂ ਦਾ ਪਰਿਵਾਰ ਧਰਮਾਂ ਦਾ ਮਿਲਗੋਭਾ ਪਰਿਵਾਰ ਹੈ।
ਲੀਏਂਡਰ ਪੇਸ ਅੱਜਕੱਲ੍ਹ ਮੁੰਬਈ ਦਾ ਵਾਸੀ ਹੈ ਤੇ ਬੰਗਾਲ ਟੈਨਿਸ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਮਹੇਸ਼ ਭੂਪਤੀ, ਰੋਹਨ ਬੋਪੰਨਾ ਤੇ ਸਾਈਨਾ ਮਿਰਜ਼ਾ ਉਹਦੇ ਸਮਕਾਲੀ ਖਿਡਾਰੀ ਰਹੇ ਹਨ।