ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੀ ਮਥੁਰਾ ਸ੍ਰੀਧਰਨ ਨੂੰ ਓਹਾਈਓ ਦੀ 12 ਵੀਂ ਸਾਲਿਸਟਰ
ਜਨਰਲ ਨਿਯੁੱਕਤ ਕੀਤਾ ਗਿਆ ਹੈ। ਅਟਰਾਨੀ ਜਨਰਲ ਡੇਵ ਯੋਸਟ ਨੇ ਸੋਸ਼ਲ ਮੀਡੀਆ ਐਕਸ ਉਪਰ ਇਹ ਜਾਣਕਾਰੀ ਦਿੰਦਿਆਂ
ਉਸ ਵੱਲੋਂ ਰਾਜ ਤੇ ਸੰਘੀ ਅਦਾਲਤਾਂ ਵਿੱਚ ਕੀਤੇ ਕੰਮ ਦੀ ਸ਼ਲਾਘਾ ਕੀਤੀ ਹੈ। ਪਰੰਤੂ ਇਸ ਨਿਯੁੱਕਤੀ ਦੇ ਬਾਅਦ ਕੁਝ ਕੱਟੜਪੰਥੀ
ਲੋਕਾਂ ਦੁਆਰਾ ਉਸ ਦੇ ਭਾਰਤੀ ਹੋਣ ਦਾ ਮਜ਼ਾਕ ਉਡਾਇਆ ਗਿਆ ਹੈ ਤੇ ਉਸ ਦੀ ਨਾਗਰਿਕਤਾ ਬਾਰੇ ਸਵਾਲ ਉਠਾਏ ਗਏ ਹਨ।
ਮੱਥੇ ਉਪਰ ਲਾਈ ਬਿੰਦੀ ਉਪਰ ਵੀ ਟਿੱਪਣੀਆਂ ਕੀਤੀਆਂ ਗਈਆਂ ਹਨ। ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਉਪਰ ਲਿੱਖਿਆ ਹੈ ਕਿ
ਕੀ ਤੁਹਾਨੂੰ ਇਸ ਨੌਕਰੀ ਲਈ ਸਥਾਨਕ ਨਾਗਰਿਕ ਤੇ ਮੂਲ ਵਾਸੀ ਨਹੀਂ ਮਿਲਿਆ? ਦੂਸਰੇ ਨੇ ਉਸ ਦੀ ਬਿੰਦੀ ਬਾਰੇ ਪੁੱਛਿਆ ਹੈ ਕਿ
ਉਸ ਦੇ ਮੱਥੇ ਉਪਰ ਕਾਹਦਾ ਨਿਸ਼ਾਨ ਹੈ? ਇੱਕ ਹੋਰ ਨੇ ਕਿਹਾ ਹੈ ਵਿਦੇਸ਼ੀਆਂ ਨੂੰ ਰਾਜ ਦੇ ਉੱਚ ਅਹੁੱਦਿਆਂ ਉਪਰ ਕਿਉਂ ਚੁਣਿਆ ਜਾ
ਰਿਹਾ ਹੈ? ਅਟਾਰਨੀ ਜਨਰਲ ਯੋਸਟ ਨੇ ਸ੍ਰੀਧਰਨ ਦੇ ਹੱਕ ਵਿਚ ਨਿਤਰਦਿਆਂ ਤੁਰੰਤ ਜਵਾਬ ਦਿੱਤਾ ਤੇ ਕਿਹਾ ਕਿ ” ਮਥੁਰਾ ਦੇ
ਅਮਰੀਕੀ ਨਾ ਹੋਣ ਬਾਰੇ ਟਿੱਪਣੀਆਂ ਗਲਤ ਹਨ। ਉਹ ਅਮਰੀਕਾ ਦੀ ਨਾਗਰਿਕ ਹੈ ਤੇ ਉਸ ਨੇ ਇੱਕ ਅਮਰੀਕੀ ਨਾਗਰਿਕ ਨਾਲ
ਵਿਆਹ ਕਰਵਾਇਆ ਹੈ ਤੇ ਉਹ ਇੱਕ ਬੱਚੇ ਦੀ ਮਾਂ ਹੈ ਜੋ ਅਮਰੀਕੀ ਨਾਗਰਿਕ ਹੈ। ਜੇਕਰ ਤੁਹਾਨੂੰ ਉਸ ਦੇ ਨਾਂ ਜਾਂ ਦਿੱਖ ਬਾਰੇ
ਇਤਰਾਜ ਹੈ ਤਾਂ ਇਹ ਉਸ ਦੀ ਸਮੱਸਿਆ ਨਹੀਂ ਹੈ ਤੇ ਨਾ ਹੀ ਇਸ ਦਾ ਉਸ ਦੀ ਨਿਯੁੱਕਤੀ ਨਾਲ ਕੋਈ ਲੈਣਾ ਦੇਣਾ ਹੈ।” ਯੋਸਟ ਨੇ
ਕਿਹਾ ਹੈ ਕਿ ਮੈਨੂੰ ਉਸ ਦੀਆਂ ਯੋਗਤਾਵਾਂ ਉਪਰ ਭਰੋਸਾ ਹੈ ਤੇ ਉਹ ਓਹਾਈਓ ਦੀ ਬਹੁਤ ਚੰਗੀ ਤਰਾਂ ਸੇਵਾ ਕਰੇਗੀ।
![]()
