31 views 0 secs 0 comments

ਭਾਰਤੀ ਮੂਲ ਦੇ ਮਨੁੱਖੀ ਤਸਕਰ ਨੂੰ 10 ਸਾਲ ਕੈਦ

In Epaper
May 31, 2025
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: 3 ਸਾਲ ਦੇ ਵੀ ਵਧ ਸਮੇਂ ਤੋਂ ਪਹਿਲਾਂ ਇੱਕ ਭਾਰਤੀ ਪਰਿਵਾਰ ਦੇ 4 ਜੀਆਂ ਦੀ ਕੈਨੇਡਾ- ਅਮਰੀਕਾ ਸਰਹੱਦ ਨੇੜੇ ਜੰਗਲੀ ਖੇਤਰ ਵਿੱਚ ਠੰਡ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਕੌਮਾਂਤਰੀ ਮਨੁੱਖੀ ਤਸਕਰੀ ਸਾਜ਼ਿਸ਼ ਦੇ ਭਾਰਤੀ ਮੂਲ ਦੇ ਰਿੰਗ ਲੀਡਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ। ਉੱਤਰ ਪੱਛਮੀ ਮਿਨੀਸੋਟਾ ਦੀ ਸੰਘੀ ਅਦਾਲਤ ਦੇ ਜੱਜ ਨੇ ਇਹ ਫ਼ੈਸਲਾ ਸੁਣਾਇਆ। ਸੰਘੀ ਵਕੀਲਾਂ ਨੇ ਹਰਸ਼ਕੁਮਾਰ ਰਮਨ ਲਾਲ ਪਟੇਲ ਨੂੰ 20 ਸਾਲ ਸਜ਼ਾ ਦੇਣ ਦੀ ਸਿਫ਼ਾਰਿਸ਼ ਕੀਤੀ ਸੀ ਜਦ ਕਿ ਡਰਾਈਵਰ ਸਟੀਵ ਐਨਥਨੀ ਸ਼ਾਂਦ, ਜਿਸ ਨੇ ਇਸ ਭਾਰਤੀ ਪਰਿਵਾਰ ਨੂੰ ਸੁਰੱਖਿਅਤ ਅਮਰੀਕਾ ਵਿੱਚ ਦਾਖਲ ਕਰਵਾਉਣਾ ਸੀ, ਨੂੰ 11 ਸਾਲ ਸਜ਼ਾ ਦੇਣ ਦੀ ਸਿਫ਼ਾਰਿਸ਼ ਕੀਤੀ ਸੀ। ਇਨ੍ਹਾਂ ਦੋਨਾਂ ਨੂੰ ਪਿਛਲੇ ਸਾਲ ਨਵੰਬਰ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਡਰਾਈਵਰ ਸ਼ਾਂਦ ਨੂੰ ਅਜੇ ਸਜ਼ਾ ਸੁਣਾਈ ਜਾਣੀ ਹੈ। ਯੂ. ਐਸ. ਡਿਸਟ੍ਰਿਕਟ ਜੱਜ ਜੌਹਨ ਟੁਨਹੀਮ ਨੇ ਪਿਛਲੇ ਮਹੀਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਦੋਸ਼ੀਆਂ ਵੱਲੋਂ ਮਾਮਲਾ ਖਤਮ ਕਰਨ ਦੀ ਕੀਤੀ ਬੇਨਤੀ ਰੱਦ ਕਰ ਦਿੱਤੀ ਸੀ। ਸੁਣਵਾਈ ਦੌਰਾਨ ਵਕੀਲਾਂ ਨੇ ਕਿਹਾ ਕਿ ਭਾਰਤੀ ਨਾਗਰਿਕ ਪਟੇਲ ਉਰਫ਼ ਡਰਟੀ ਹੈਰੀ ਤੇ ਫ਼ਲੋਰਿਡਾ ਵਾਸੀ ਅਮਰੀਕੀ ਨਾਗਰਿਕ ਸ਼ਾਂਦ ਆਧੁਨਿਕ ਗੈਰ ਕਾਨੂੰਨੀ ਅਪਰੇਸ਼ਨ ਦਾ ਹਿੱਸਾ ਸਨ, ਜਿਸ ਤਹਿਤ ਇਨ੍ਹਾਂ ਨੇ ਦਰਜਨਾਂ ਲੋਕਾਂ ਨੂੰ ਵਿਦਿਆਰਥੀ ਵੀਜ਼ੇ ੳੁੱਪਰ ਭਾਰਤ ਤੋਂ ਕੈਨੇਡਾ ਲਿਆਂਦਾ ਤੇ ਉਪਰੰਤ ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਕਰਵਾਇਆ। ਇਥੇ ਜ਼ਿਕਰਯੋਗ ਹੈ ਕਿ ਇਸ ਬਹੁਤ ਹੀ ਦੁੱਖਦਾਈ ਘਟਨਾ ਵਿੱਚ ਜਗਦੀਸ਼ ਪਟੇਲ (39), ਉਸ ਦੀ ਪਤਨੀ ਵੈਸ਼ਾਲੀਬੇਨ (35) , ਉਨ੍ਹਾਂ ਦੀ 11 ਸਾਲਾ ਧੀ ਵਿਹਾਂਗੀ ਤੇ 3 ਸਾਲਾ ਪੁੱਤਰ ਧਰਮਿਕ ਦੀ ਬਰਫ਼ ਵਿੱਚ ਜੰਮਣ ਕਾਰਨ ਮੌਤ ਹੋ ਗਈ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ 19 ਜਨਵਰੀ 2022 ਨੂੰ ਉਨ੍ਹਾਂ ਦੀਆਂ ਲਾਸ਼ਾਂ ਮਨੀਟੋਬਾ ਤੇ ਮਿਨੀਸੋਟਾ ਵਿਚਾਲੇ ਸਰਹੱਦ ਦੇ ਉੱਤਰ ਵਿੱਚ ਬਰਾਮਦ ਕੀਤੀਆਂ ਸਨ। ਇਹ ਪਰਿਵਾਰ ਗੁਜਰਾਤ ਦੇ ਡਿੰਗੂਚਾ ਪਿੰਡ ਦਾ ਰਹਿਣ ਵਾਲਾ ਸੀ।

Loading