
ਲੰਡਨ/ਏ.ਟੀ.ਨਿਊਜ਼:
ਵਿਗਿਆਨੀਆਂ ਨੇ ਧਰਤੀ ਤੋਂ 120 ਪ੍ਰਕਾਸ਼ ਸਾਲ ਦੂਰ ਇੱਕ ਗ੍ਰਹਿ ’ਤੇ ਜੀਵਨ ਬਾਰੇ ਇੱਕ ਬੇਮਿਸਾਲ ਖੋਜ ਕੀਤੀ ਹੈ, ਜੋ ਭਵਿੱਖ ਵਿੱਚ ਏਲੀਅਨਾਂ ਬਾਰੇ ਸਾਡੀ ਸੋਚ ਨੂੰ ਬਦਲ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਬੇਮਿਸਾਲ ਖੋਜ ਭਾਰਤੀ ਮੂਲ ਦੇ ਕੈਂਬਰਿਜ ਪ੍ਰੋਫੈਸਰ ਡਾ. ਨਿੱਕੂ ਮਧੂਸੂਦਨ ਦੁਆਰਾ ਕੀਤੀ ਗਈ ਹੈ। ਨਾਸਾ ਦੇ ਜੇਮਸ ਵੈੱਬ ਟੈਲੀਸਕੋਪ (ਜੇ.ਡਬਲਯੂ.ਐਸ.ਟੀ. ) ਤੋਂ ਪ੍ਰਾਪਤ ਡੇਟਾ ਦੀ ਵਰਤੋਂ ਕਰਦੇ ਹੋਏ, ਡਾ. ਮਧੂਸੂਦਨ ਅਤੇ ਉਨ੍ਹਾਂ ਦੀ ਟੀਮ ਨੇ ਦੂਰ ਗ੍ਰਹਿ ਕੇ 2-18ਬੀ ਦੇ ਵਾਯੂਮੰਡਲ ਵਿੱਚ ਮੀਥੇਨ ਅਤੇ ਕਾਰਬਨ ਡਾਈਆਕਸਾਈਡ ਵਰਗੇ ਅਣੂਆਂ ਦਾ ਪਤਾ ਲਗਾਇਆ ਹੈ, ਜੋ ਜੀਵਨ ਦੀ ਖੋਜ ਵਿੱਚ ਇੱਕ ਵੱਡਾ ਕਦਮ ਹੈ।
ਬੀ.ਬੀ.ਸੀ. ਦੀ ਰਿਪੋਰਟ ਦੇ ਅਨੁਸਾਰ, ਡਾ. ਮਧੂਸੂਦਨ ਨੇ ਇਸ ਨੂੰ ਧਰਤੀ ਤੋਂ ਬਾਹਰ ਜੀਵਨ ਦਾ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਸਬੂਤ ਦੱਸਿਆ ਹੈ। ਉਸਨੇ ਕਿਹਾ, ‘ਮੈਂ ਯਥਾਰਥਕ ਤੌਰ ’ਤੇ ਕਹਿ ਸਕਦਾ ਹਾਂ ਕਿ ਅਸੀਂ ਇੱਕ ਤੋਂ ਦੋ ਸਾਲਾਂ ਦੇ ਅੰਦਰ ਇਸ ਸੰਕੇਤ ਦੀ ਪੁਸ਼ਟੀ ਕਰ ਸਕਦੇ ਹਾਂ।’ ਵਿਗਿਆਨੀਆਂ ਦਾ ਮੰਨਣਾ ਹੈ ਕਿ ਕੇ2-18ਬੀ ਗ੍ਰਹਿ ਇੱਕ ਹਾਈਸੀਅਨ ਸੰਸਾਰ ਹੋ ਸਕਦਾ ਹੈ। ਇੱਕ ਹਾਈਸੀਅਨ ਸੰਸਾਰ ਇੱਕ ਅਜਿਹਾ ਸੰਸਾਰ ਹੈ ਜਿੱਥੇ ਹਾਈਡ੍ਰੋਜਨ ਨਾਲ ਭਰਪੂਰ ਵਾਤਾਵਰਣ ਅਤੇ ਸਮੁੰਦਰ ਹੁੰਦੇ ਹਨ। ਇੱਕ ਅਜਿਹਾ ਸੁਮੇਲ ਜੋ ਜੀਵਨ ਦੀ ਸੰਭਾਵਨਾ ਦੇ ਅਨੁਕੂਲ ਹੈ।
ਕੇ2-18ਬੀ ਇੱਕ ਬਾਹਰੀ ਗ੍ਰਹਿ ਹੈ ਜੋ ਲਾਲ ਬੌਣੇ ਤਾਰੇ ਕੇ 2-18 ਦੇ ਦੁਆਲੇ ਘੁੰਮਦਾ ਹੈ ਅਤੇ ਇਸਦੇ ਰਹਿਣ ਯੋਗ ਖੇਤਰ ਵਿੱਚ ਸਥਿਤ ਹੈ। ਇਹ ਗ੍ਰਹਿ ਧਰਤੀ ਨਾਲੋਂ 2.6 ਗੁਣਾ ਵੱਡਾ ਅਤੇ 8.6 ਗੁਣਾ ਭਾਰੀ ਹੈ। ਜੇਮਜ਼ ਵੈੱਬ ਟੈਲੀਸਕੋਪ ਦੇ ਨਿਅਰ-ਇਨਫਰਾਰੈੱਡ ਇਮੇਜਰ ਅਤੇ ਸਲਿਟਲੈੱਸ ਸਪੈਕਟ੍ਰੋਗ੍ਰਾਫ ਅਤੇ ਨਿਅਰ-ਇਨਫਰਾਰੈੱਡ ਸਪੈਕਟ੍ਰੋਗ੍ਰਾਫ ਨੇ ਇਸ ਗ੍ਰਹਿ ’ਤੇ ਅਣੂਆਂ ਦਾ ਪਤਾ ਲਗਾਇਆ ਹੈ। ਸਭ ਤੋਂ ਮਹੱਤਵਪੂਰਨ ਖੋਜ ਡਾਈਮੇਥਾਈਲ ਸਲਫਾਈਡ (ਡੀਐਮਐਸ) ਦੇ ਸੰਭਾਵਿਤ ਨਿਸ਼ਾਨ ਸਨ। ਧਰਤੀ ਉੱਤੇ, ਇਹ ਅਣੂ ਸਿਰਫ਼ ਜੀਵਤ ਜੀਵਾਂ ਦੁਆਰਾ ਪੈਦਾ ਕੀਤਾ ਜਾਂਦਾ ਹੈ, ਖਾਸ ਕਰਕੇ ਸਮੁੰਦਰੀ ਫਾਈਟੋਪਲੈਂਕਟਨ ਦੁਆਰਾ।
ਭਾਰਤੀ ਮੂਲ ਦੇ ਡਾ. ਨਿੱਕੂ ਮਧੂਸੂਦਨ ਨੇ ਗ੍ਰਹਿਆਂ ਦੇ ਵਾਯੂਮੰਡਲ, ਅੰਦਰੂਨੀ ਹਿੱਸਿਆਂ ਅਤੇ ਬਾਇਓਸਿਗਨੇਚਰ ’ਤੇ ਆਪਣੇ ਕੰਮ ਰਾਹੀਂ ਪ੍ਰਸਿੱਧੀ ਪ੍ਰਾਪਤ ਕੀਤੀ ਹੈ। 1980 ਵਿੱਚ ਭਾਰਤ ਵਿੱਚ ਜਨਮੇ, ਮਧੂਸੂਦਨ ਨੇ ਆਪਣੀ ਅੰਡਰਗ੍ਰੈਜੁਏਟ ਪੜ੍ਹਾਈ ਆਈ.ਆਈ.ਟੀ.-ਬੀ.ਐਚ.ਯੂ., ਵਾਰਾਣਸੀ ਤੋਂ ਕੀਤੀ। ਇਸ ਤੋਂ ਬਾਅਦ ਉਹ ਪੋਸਟ ਗ੍ਰੈਜੂਏਸ਼ਨ ਲਈ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਚਲਾ ਗਿਆ। ਇੱਥੋਂ ਉਸਨੇ ਗ੍ਰਹਿ ਵਿਗਿਆਨ ਵਿੱਚ ਆਪਣੀ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਡਾ. ਸਾਰਾਹ ਸੀਗਰ ਦੇ ਮਾਰਗਦਰਸ਼ਨ ਹੇਠ ਕੰਮ ਕੀਤਾ, ਜੋ ਕਿ ਐਕਸੋਪਲੈਨੇਟ ਖੋਜ ਵਿੱਚ ਇੱਕ ਮਸ਼ਹੂਰ ਮਾਹਿਰ ਸੀ।
ਉਹ ਇਸ ਵੇਲੇ ਕੈਂਬਰਿਜ ਯੂਨੀਵਰਸਿਟੀ ਦੇ ਖਗੋਲ ਵਿਗਿਆਨ ਸੰਸਥਾਨ ਵਿੱਚ ਪ੍ਰੋਫੈਸਰ ਹਨ। ਉਸ ਦਾ ਕੰਮ ਬਾਹਰੀ ਗ੍ਰਹਿਆਂ ਦੇ ਗਠਨ ਅਤੇ ਵਾਯੂਮੰਡਲ ਦੀ ਰਚਨਾ ’ਤੇ ਕੇਂਦਰਿਤ ਹੈ ਅਤੇ ਇਹ ਦੂਰ ਦੇ ਗ੍ਰਹਿ ਜੀਵਨ ਦਾ ਸਮਰਥਨ ਕਿਵੇਂ ਕਰ ਸਕਦੇ ਹਨ। ਉਸਦੀ ਖੋਜ ਨੂੰ ਯੂਰਪੀਅਨ ਐਸਟ੍ਰੋਨੋਮੀਕਲ ਸੋਸਾਇਟੀ ਅਤੇ ਇੰਟਰਨੈਸ਼ਨਲ ਯੂਨੀਅਨ ਫਾਰ ਪਿਓਰ ਐਂਡ ਅਪਲਾਈਡ ਫਿਜ਼ਿਕਸ ਵਲੋਂ ਮਾਨਤਾ ਮਿਲੀ ਹੈ। 2021 ਵਿੱਚ, ਉਸਨੇ ’ਹਾਈਸੀਅਨ ਪਲੈਨੇਟਸ’ - ਸਮੁੰਦਰਾਂ ਨਾਲ ਢੱਕੇ ਹੋਏ ਅਤੇ ਹਾਈਡ੍ਰੋਜਨ ਨਾਲ ਭਰਪੂਰ ਅਸਮਾਨ ਵਿੱਚ ਲਪੇਟੇ ਹੋਏ ਗ੍ਰਹਿ - ਸ਼ਬਦ ਘੜਿਆ। ਉਹਨਾਂ ਦਾ ਮੰਨਣਾ ਹੈ ਕਿ ਕੇ2-18ਬੀ ਉਹਨਾਂ ਵਿੱਚੋਂ ਇੱਕ ਹੋ ਸਕਦਾ ਹੈ।
ਫਿਲਹਾਲ ਇਹ ਨਤੀਜੇ ਵਿਗਿਆਨਕ ਭਾਈਚਾਰੇ ਲਈ ਭਰੋਸਾ ਦੇਣ ਵਾਲੇ ਨਹੀਂ ਹਨ। ਹਾਲਾਂ ਕਿ, ਇਹ 18 ਮਹੀਨੇ ਪਹਿਲਾਂ ਇੱਕ ਟੀਮ ਦੁਆਰਾ ਪ੍ਰਾਪਤ ਕੀਤੇ ਗਏ ਵਨ ਸਿਗਮਾ ਨਤੀਜੇ ਨਾਲੋਂ ਵੱਧ ਹੈ, ਜੋ ਕਿ ਸ਼ੁੱਧਤਾ ਦੇ ਮਾਮਲੇ ਵਿੱਚ 68 ਫੀਸਦੀ ਸੀ। ਉਸ ਸਮੇਂ, ਇਸ ਨਤੀਜੇ ਬਾਰੇ ਬਹੁਤ ਖਦਸ਼ਾ ਸੀ। ਈਡਨਬਰਗ ਯੂਨੀਵਰਸਿਟੀ ਅਤੇ ਸਕਾਟਲੈਂਡ ਦੇ ਐਸਟ੍ਰੋਨੋਮਰ ਰਾਇਲ ਦੇ ਪ੍ਰੋਫੈਸਰ ਕੈਥਰੀਨ ਹੇਮੰਸ ਦਾ ਕਹਿਣਾ ਹੈ ਕਿ ਕੈਂਬਰਿਜ ਟੀਮ ਨੇ ਭਾਵੇਂ ਫਾਈਵ ਸਿਗਮਾ ਨਤੀਜਾ ਪ੍ਰਾਪਤ ਕਰ ਲਿਆ ਹੈ, ਪਰ ਅੰਤਿਮ ਤੌਰ ’ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਗ੍ਰਹਿ ’ਤੇ ਜੀਵਨ ਹੈ। ਭਾਵੇਂ ਇਸ ਗ੍ਰਹਿ ’ਤੇ ਜੀਵਨ ਬਾਰੇ ਮਜ਼ਬੂਤ ਸੰਕੇਤ ਮਿਲ ਰਹੇ ਹਨ, ਪਰ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਇਹ ਗੈਸ ਕਿੱਥੋਂ ਪੈਦਾ ਹੋ ਰਹੀ ਹੈ।
ਉਨ੍ਹਾਂ ਕਿਹਾ, ‘ਧਰਤੀ ’ਤੇ, ਇਹ ਗੈਸ ਸਮੁੰਦਰ ਵਿੱਚ ਸੂਖਮ ਜੀਵਾਂ ਦੁਆਰਾ ਪੈਦਾ ਹੁੰਦੀ ਹੈ। ਪਰ ਠੋਸ ਅੰਕੜਿਆਂ ਤੋਂ ਬਗੈਰ ਅਸੀਂ ਨਿਸ਼ਚਿਤ ਤੌਰ ’ਤੇ ਇਹ ਨਹੀਂ ਕਹਿ ਸਕਦੇ ਕਿ ਕਿਸੇ ਏਲੀਅਨ (ਅਣਜਾਣ) ਗ੍ਰਹਿ ’ਤੇ ਗੈਸਾਂ ਦੀ ਇਹ ਉਤਪਤੀ ਜੈਵਿਕ ਤੌਰ ’ਤੇ ਹੀ ਹੈ।’ ਇਸ ਬ੍ਰਹਿਮੰਡ ਵਿੱਚ ਹਜ਼ਾਰਾਂ ਅਜੀਬੋ-ਗਰੀਬ ਚੀਜ਼ਾਂ ਹੁੰਦੀਆਂ ਹਨ। ਸਾਨੂੰ ਨਹੀਂ ਪਤਾ ਕਿ ਇਸ ਗ੍ਰਹਿ ’ਤੇ ਕਿਸ ਤਰ੍ਹਾਂ ਦੀ ਜੈਵਿਕ ਗਤੀਵਿਧੀਆਂ ਹੋ ਸਕਦੀਆਂ ਹਨ, ਜਿਸ ਨਾਲ ਇਹ ਅਣੂ ਪੈਦਾ ਹੋ ਸਕਦੇ ਹਨ।’’
ਦੂਜੇ ਪਾਸੇ ਪ੍ਰੋਫੈਸਰ ਮਧੂਸੂਦਨ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਵਿਗਿਆਨ ਦੇ ਸਭ ਤੋਂ ਵੱਡੇ ਸਵਾਲਾਂ ਵਿੱਚੋਂ ਇੱਕ (ਧਰਤੀ ਤੋਂ ਇਲਾਵਾ ਕਿਤੇ ਹੋਰ ਜੀਵਨ ਹੋਣ ਦਾ ਸਵਾਲ) ਦਾ ਜਵਾਬ ਦੇਣਾ ਹੈ, ਤਾਂ ਉਨ੍ਹਾਂ ਨੂੰ ਇਸ ਲਈ ਵਿਗਿਆਨ ਦੇ ਕਈ ਪਹਾੜ ਚੜ੍ਹਨੇ ਪੈਣਗੇ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਅਤੇ ਉਨ੍ਹਾਂ ਦੀ ਟੀਮ ਸਹੀ ਰਸਤੇ ’ਤੇ ਹਨ। ਉਹ ਕਹਿੰਦੇ ਹਨ, ‘ਹੁਣ ਤੋਂ ਦਹਾਕਿਆਂ ਬਾਅਦ, ਅਸੀਂ ਸਮੇਂ ਦੇ ਇਸ ਬਿੰਦੂ ਵੱਲ ਪਿੱਛੇ ਮੁੜ ਕੇ ਦੇਖ ਸਕਦੇ ਹਾਂ ਅਤੇ ਕਹਿ ਸਕਦੇ ਹਾਂ ਕਿ ਇਹ ਉਹ ਸਮਾਂ ਸੀ ਜਦੋਂ ਧਰਤੀ ਤੋਂ ਇਲਾਵਾ, ਜੀਵਨ ਦੀ ਮੌਜੂਦਗੀ ਵਾਲਾ ਗ੍ਰਹਿ ਸਾਡੀ ਪਹੁੰਚ ਵਿੱਚ ਸੀ। ਬ੍ਰਹਿਮੰਡ ’ਚ ਸਾਡੇ ਤੋਂ ਇਲਾਵਾ ਵੀ ਕੋਈ ਹੈ ਕਿ ਨਹੀਂ, ਸ਼ਾਇਦ ਅਸੀਂ ਇਸ ਸਵਾਲ ਦਾ ਜਵਾਬ ਦੇਖਣ ਲਾਇਕ ਹੋ ਜਾਈਏ।’’