ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਹੋਇਆ ਮੋਹ ਭੰਗ

In ਮੁੱਖ ਖ਼ਬਰਾਂ
February 24, 2026

ਟੋਰੰਟੋ/ਏ.ਟੀ.ਨਿਊਜ਼: ਕੈਨੇਡੀਅਨ ਸਰਕਾਰ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਸਟੱਡੀ ਪਰਮਿਟਾਂ ’ਤੇ ਲਗਾਈ ਗਈ ਲਿਮਿਟ ਕਾਰਨ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਜਾਣ ਦਾ ਰੁਝਾਨ ਘਟਦਾ ਜਾ ਰਿਹਾ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ, ਸਾਲ 2025 ਵਿੱਚ ਕੈਨੇਡਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਕੁੱਲ ਸਟੱਡੀ ਪਰਮਿਟਾਂ ਵਿੱਚ 25 ਫ਼ੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਭਗ ਅੱਧੀ (50 ਫ਼ੀਸਦੀ) ਰਹਿ ਗਈ ਹੈ।
ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਰਿਹਾਇਸ਼ੀ ਸੰਕਟ ਅਤੇ ਸਿਹਤ ਸਹੂਲਤਾਂ ’ਤੇ ਵਧਦੇ ਦਬਾਅ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰ ਦਿੱਤੀ ਸੀ। ਇਸ ਫੈਸਲੇ ਕਾਰਨ 2025 ਵਿੱਚ ਪਰਮਿਟਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਭਾਰਤੀ ਵਿਦਿਆਰਥੀ, ਜੋ ਕੈਨੇਡਾ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਦਾ ਸਭ ਤੋਂ ਵੱਡਾ ਹਿੱਸਾ ਸਨ, ਹੁਣ ਕੈਨੇਡਾ ਤੋਂ ਕਿਨਾਰਾ ਕਰ ਰਹੇ ਹਨ। ਜਿੱਥੇ ਪਹਿਲਾਂ ਲੱਖਾਂ ਦੀ ਗਿਣਤੀ ਵਿੱਚ ਵੀਜ਼ਾ ਜਾਰੀ ਹੁੰਦੇ ਸਨ, ਹੁਣ ਉਹ ਗਿਣਤੀ ਘਟ ਕੇ ਅੱਧੀ ਰਹਿ ਗਈ ਹੈ।
ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੋਣ ਦੇ ਕਈ ਕਾਰਨ ਹਨ, ਜਿਨ੍ਹਾਂ ’ਚ ਮੁੱਖ ਤੌਰ ’ਤੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਸਖ਼ਤੀ, ਲਿਵਿੰਗ ਖਰਚਿਆਂ ਦੀ ਰਕਮ ਦੁੱਗਣੀ ਹੋਣ ਕਾਰਨ ਵਿੱਤੀ ਬੋਝ ਦਾ ਵਧਣਾ, ਕੈਨੇਡਾ ਵਿੱਚ ਮਕਾਨਾਂ ਦੇ ਵਧਦੇ ਕਿਰਾਏ ਅਤੇ ਰਹਿਣ-ਸਹਿਣ ਦੀਆਂ ਮਾੜੀਆਂ ਸਹੂਲਤਾਂ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਵਿਵਾਦ ਦਾ ਅਸਰ ਵੀ ਵੀਜ਼ਾ ਪ੍ਰਕਿਰਿਆ ’ਤੇ ਪੈ ਰਿਹਾ ਹੈ।
ਇਨ੍ਹਾਂ ਸਖ਼ਤੀਆਂ ਕਾਰਨ ਵਿਦਿਆਰਥੀ ਕੈਨੇਡਾ ਤੋਂ ਮੂੰਹ ਮੋੜ ਕੇ ਹੁਣ ਆਸਟ੍ਰੇਲੀਆ, ਜਰਮਨੀ ਅਤੇ ਯੂਰਪੀਅਨ ਦੇਸ਼ਾਂ ਨੂੰ ਪਹਿਲ ਦੇ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸਿਰਫ਼ ਉਹੀ ਵਿਦਿਆਰਥੀ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰ ਸਕਣਗੇ ਜਿਨ੍ਹਾਂ ਦੀ ਪ੍ਰੋਫਾਈਲ ਮਜ਼ਬੂਤ ਹੈ ਅਤੇ ਜੋ ਚੰਗੇ ਸਰਕਾਰੀ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲੈਣਗੇ। ਪ੍ਰਾਈਵੇਟ ਕਾਲਜਾਂ ਦੇ ਵੀਜ਼ਾ ਸਫਲਤਾ ਦੀ ਦਰ ਬਹੁਤ ਘਟ ਗਈ ਹੈ।

Loading