ਬਲਰਾਜ ਪੰਨੂੰ :
ਪੈਰਿਸ ਉਲੰਪਿਕ 2024 ਖੇਡ ਮੇਲਾ 19 ਦਿਨ ਚੱਲਿਆ ਤੇ ਕਈ ਯਾਦਾਂ ਦੇ ਨਾਲ ਅਲਵਿਦਾ ਕਹਿ ਗਿਆ ਹੈ। ਇਸ ਉਲੰਪਿਕ ਖੇਡਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਮੌਕੇ ਅਜਿਹੇ ਰਹੇ ਜਦੋਂ ਭਾਰਤੀ ਖਿਡਾਰੀ ਗੋਲਡ ਦੇ ਬਹੁਤ ਨੇੜੇ ਪਹੁੰਚ ਕੇ ਵੀ ਹਾਰ ਗਏ। ਭਾਰਤ ਦੇ ਹਿੱਸੇ ਇਸ ਵਾਰੀ 6 ਤਗਮੇ ਆਏ ਹਨ ਪਰ ਅਸੀਂ ਗੱਲ ਕਰਾਂਗੇ ਭਾਰਤ ਦੀ ਹਾਕੀ ਟੀਮ ਦੀ, ਜੋ ਉਲੰਪਿਕ ਦੇ ਵਿਚੋਂ ਕਾਂਸੀ ਮੈਡਲ ਜਿੱਤ ਕੇ ਤੀਜੇ ਨੰਬਰ ’ਤੇ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੋਨੇ ਦੇ 8 ਤਗਮੇ ਹਾਕੀ ਟੀਮ ਨੇ ਉਲੰਪਿਕ ਦੇ ਵਿੱਚ ਜਿੱਤੇ ਹਨ, ਇਸ ਵਾਰ 24 ਮੈਂਬਰੀ ਹਾਕੀ ਟੀਮ ਦੇ ਵਿੱਚ 12 ਮੈਂਬਰ ਸਿੱਖ ਪਰਿਵਾਰਾਂ ਵਿਚੋਂ ਹਨ। ਹਾਕੀ ਟੀਮ ਦੇ ਵਿੱਚ ਹਮੇਸ਼ਾ ਹੀ ਸਰਦਾਰਾਂ ਭਾਵ ਗੁਰਸਿੱਖਾਂ ਦਾ ਦਬਦਬਾ ਰਿਹਾ ਹੈ। ਹੋਵੇ ਵੀ ਕਿਉਂ ਨਾ ਪੰਜਾਬ ਨੂੰ ਹਾਕੀ ਦਾ ਗੜ੍ਹ ਮੰਨਿਆ ਜਾਂਦਾ ਹੈ। ਜਲੰਧਰ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਸੰਸਾਰਪੁਰ। ਇਸ ਪਿੰਡ ਨੂੰ ਹਾਕੀ ਦੀ ਨਰਸਰੀ ਮੰਨਿਆ ਜਾਂਦਾ ਹੈ। ਇਸ ਪਿੰਡ ਦੀ ਹਰ ਗਲੀ ਨੇ ਉਲੰਪੀਅਨ ਪੈਦਾ ਕੀਤਾ ਹੈ।
ਭਾਵੇਂ ਕਿ ਧਿਆਨ ਚੰਦ ਤੋਂ ਬਿਨਾਂ ਹਾਕੀ ਦੀ ਗੱਲ ਅਧੂਰੀ ਹੁੰਦੀ ਹੈ ਪਰ 1947 ਤੋਂ ਬਾਅਦ ਉਲੰਪਿਕ ਦੇ ਵਿੱਚ ਜਦੋਂ ਵੀ ਭਾਰਤ ਨੂੰ ਕੋਈ ਕਾਮਯਾਬੀ ਮਿਲੀ ਹੈ ਤਾਂ ਸਿੱਖ ਖਿਡਾਰੀਆਂ ਦੇ ਬਲਬੂਤੇ ’ਤੇ ਮਿਲੀ ਹੈ। ਕਹਿੰਦੇ ਨੇ ਇੱਕ ਵਾਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਹਾਕੀ ਦੇ ਪ੍ਰਬੰਧਕਾਂ ਨੂੰ ਪੁੱਛਿਆ ਸੀ ‘‘ ਹਾਕੀ ਟੀਮ ਮੇਂ ਇਤਨੇ ਸਰਦਾਰ ਕਿਉਂ ਹੈ? ਔਰ ਲੋਗ ਸਿਲੇਕਟ ਕਿਉਂ ਨਹੀਂ ਕਰਤੇ? ’’ ਤੇ ਜਵਾਬ ਸੀ ਕਿ ਸਰਦਾਰ ਖਿਡਾਰੀਆਂ ਦੇ ਹੁਨਰ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹ ਜਵਾਬ ਦੇਣ ਵਾਲੇ ਸਨ ਅਸ਼ਵਨੀ ਕੁਮਾਰ। ਅਸ਼ਵਨੀ ਕੁਮਾਰ ਜਲੰਧਰ ਤੋਂ ਸਨ। ਪੁਲਿਸ ਮੁਖੀ ਦੇ ਨਾਲ ਨਾਲ 1954 ਤੋਂ 1974 ਤੱਕ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਆਪਣੀ ਜੀਵਨੀ ਦੇ ਵਿੱਚ ਲਿਖਿਆ ਹੈ ਕਿ 1974 ਵਿੱਚ ਜਦੋਂ ਉਹ ਬਾਰਡਰ ਸਿਕਿਓਰਟੀ ਫ਼ੋਰਸ ਵਿੱਚ ਇੰਸਪੈਕਟਰ ਜਨਰਲ ਸੀ ਤਾਂ ਉਸ ਸਮੇਂ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਫੋਨ ਆਇਆ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਤੁਹਾਨੂੰ ਤੁਰੰਤ ਮਿਲਣਾ ਚਾਹੁੰਦੇ ਹਨ। ਉਸ ਸਮੇਂ ਇਸ ਚੁੱਭਵੇਂ ਜਿਹੇ ਸਵਾਲ ਤੋਂ ਖਫ਼ਾ ਹੋ ਕੇ ਅਸ਼ਵਨੀ ਕੁਮਾਰ ਨੇ ਇੰਡੀਆ ਹਾਕੀ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਸੀ। ਆਪਣੀ ਸਵੈ ਜੀਵਨੀ ਵਿੱਚ ਉਹ ਲਿਖਦੇ ਹਨ ਕਿ ਹਾਕੀ ਵਿੱਚ ਸਿੱਖਾਂ ਦਾ ਯੋਗਦਾਨ ਖਿਡਾਰੀਆਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਉਤਰੀ ਅ ਮਰੀਕਾ ਇਥੋਂ ਤੱਕ ਕਿ ਯੂਰੋਪ ਦੀਆਂ ਹਾਕੀ ਟੀਮਾਂ ਨੂੂੰ ਸਿੱਖਾਂ ਦੁਆਰਾ ਟ੍ਰੇਨਿੰਗ ਦਿੱਤੀ ਗਈ। ਬਾਲਕ੍ਰਿਸ਼ਨ ਸਿੰਘ, ਅਜੀਤਪਾਲ ਸਿੰਘ, ਗਿਆਨ ਸਿੰਘ ਤੇ ਕਈ ਹੋਰ ਸਤਿਕਾਰਤ ਸ਼ਖਸ਼ੀਅਤਾਂ ਦੇ ਨਾਮ ਸਿੱਖ ਕੋਚਾਂ ਦੇ ਵਿੱਚ ਆਉਂਦੇ ਹਨ। ਭਾਰਤ ਹੀ ਨਹੀਂ ਪੰਜਾਬ ਦੇ ਸਿੱਖ ਖਿਡਾਰੀਆਂ ਨੇ ਕੀਨੀਆ, ਯੁਗਾਂਡਾ, ਕੈਨੇਡਾ, ਇੰਗਲੈਂਡ ਵੱਲੋਂ ਵੀ ਹਾਕੀ ਖੇਡੀ ਤੇ ਜਿੱਤਾਂ ਵੀ ਦਿਵਾਈਆਂ। ਖਿਡਾਰੀਆਂ ਤੇ ਕੋਚਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਸੇਵਕ ਸਿੰਘ,ਗੁਰਦੇਵ ਸਿੰਘ ਬਰਾੜ, ਤਰਲੋਕ ਸਿੰਘ ਭੁੱਲਰ ਤੇ ਅਵਤਾਰ ਸਿੰਘ ਤਾਰੀ ਸਿੱਖ ਕੌਮ ਵੱਲੋਂ ਪੈਦਾ ਕੀਤੇ ਅੰਤਰਰਾਸ਼ਟਰੀ ਤੇ ਉਲੰਪਿਕਸ ਹਾਕੀ ਅੰਪਾਇਰਾਂ ਦੇ ਵਿਚੋਂ ਇੱਕ ਗਿਣੇ ਜਾਂਦੇ ਰਹੇ ਨੇ। ਅਸ਼ਵਨੀ ਕੁਮਾਰ ਆਪਣੀ ਸਵੈ ਜੀਵਨੀ ਦੇ ਵਿੱਚ ਇਹ ਵੀ ਦਸਦੇ ਨੇ ਕਿ ਹਰਦਿਆਲ ਸਿੰਘ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਉਪ ਪ੍ਰਧਾਨ ਰਹੇ ਹਨ, ਰਾਜ ਕੁਮਾਰ ਸਿੰਘ ਇੰਡੋਨੇਸ਼ੀਆ ਹਾਕੀ ਫੈਡਰੇਸ਼ਨ ਦੇ ਮੁਖੀ ਰਹੇ ਨੇ। ਸੋ ਪਿਛਲੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਸਾਫ ਹੈ ਕਿ ਹਾਕੀ ਤੇ ਸਿੱਖਾਂ ਦਾ ਆਪਸੀ ਰਿਸ਼ਤਾ ਬੜਾ ਗੂੜਾ ਤੇ ਪੀਡਾ ਹੈ। ਇਸ ਵਾਰ ਵੀ ਜੇ ਭਾਰਤੀ ਹਾਕੀ ਟੀਮ ਜਿੱਤੀ ਹੈ ਤਾਂ ਇਸ ਦੇ ਵਿੱਚ ਸਿੱਖ ਖਿਡਾਰੀਆਂ ਦਾ ਵੱਡਾ ਯੋਗਦਾਨ ਹੈ। ਇਤਿਹਾਸ ਤੇ ਵਰਤਮਾਨ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਉਂਕਿ ਪੰਜਾਬ ਦੇ ਖੇਤਾਂ ਵਿੱਚ ਖੇਡੀ ਖਿਦੋ ਖੂੰਡੀ ਵਾਲੇ ਨੌਜਵਾਨਾਂ ਨੇ ਕਈ ਕਹਿੰਦੇ ਕਹਾਉਂਦੇ ਹਾਕੀ ਦੇ ਖਿਡਾਰੀਆਂ ਨੂੰ ਵਾਹਣੀ ਪਾਈ ਰੱਖਿਆ। ਹਾਕੀ ਤੇ ਸਿੱਖ ਦੋਵਾਂ ਦਾ ਆਪਸ ਵਿੱਚ ਗੂੜਾ ਰਿਸ਼ਤਾ ਸੀ ਤੇ ਸੰਭਾਵਨਾਵਾਂ ਇਹ ਨੇ ਕਿ ਇਹ ਅੱਗੇ ਵੀ ਕਾਇਮ ਰਹੇਗਾ।