ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਦੋ ਸਾਲਾਂ ਦੇ ਤਣਾਅਪੂਰਨ ਸਬੰਧਾਂ ਮਗਰੋਂ ਕੈਨੇਡਾ ਤੇ ਭਾਰਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਆਨੰਦ ਦਾ ਇਹ ਬਿਆਨ ਹਫ਼ਤੇ ਦੇ ਅਖੀਰ ਵਿੱਚ ਦੱਖਣੀ ਅਫਰੀਕਾ ਵਿੱਚ ਜੀ20 ਸਿਖਰ ਵਾਰਤਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਰਮਿਆਨ ਹੋਈ ਬੈਠਕ ਤੋਂ ਬਾਅਦ ਆਇਆ ਹੈ।
ਬੈਠਕ ਵਿੱਚ ਦੋਵਾਂ ਆਗੂਆਂ ਨੇ ਇੱਕ ਨਵੇਂ ਵਪਾਰ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਸਹਿਮਤੀ ਦਿੱਤੀ ਹੈ। ਆਨੰਦ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੋਵੇਂ ਆਗੂ ਇਸ ਗੱਲ ’ਤੇ ਦ੍ਰਿੜ ਸਨ ਕਿ ਇਹ ਕੰਮ ਜਲਦੀ ਤੋਂ ਜਲਦੀ ਪੂਰਾ ਹੋਵੇ। ਕਾਰਨੀ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਦੀ ਯਾਤਰਾ ਕਰਨਗੇ। ਆਨੰਦ ਨੇ ਅਗਲੇ ਦਹਾਕੇ ਵਿੱਚ ਗੈਰ ਅਮਰੀਕੀ ਵਪਾਰ ਨੂੰ ਦੁੱਗਣਾ ਕਰਨ ਦੇ ਕਾਰਨੀ ਦੇ ਟੀਚੇ ਦਾ ਜ਼ਿਕਰ ਕੀਤਾ। ਕੈਨੇਡਾ ਵਿਸ਼ਵ ਦੇ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇੱਕ ਹੈ, ਜਿਨ੍ਹਾਂ ਦਾ ਅਰਥਚਾਰਾ ਵਪਾਰ ’ਤੇ ਨਿਰਭਰ ਹੈ ਤੇ ਕੈਨੇਡਾ ਦਾ 75 ਫ਼ੀਸਦੀ ਤੋਂ ਵਧ ਬਰਾਮਦ ਅਮਰੀਕਾ ਨੂੰ ਜਾਂਦੀ ਹੈ।
![]()
