ਭਾਰਤ-ਕੈਨੇਡਾ ਸਬੰਧਾਂ ਵਿਚਾਲੇ ਹੋਈ ਨਵੀਂ ਸ਼ੁਰੂਆਤ

In ਖਾਸ ਰਿਪੋਰਟ
September 27, 2025

ਨਿਊਜ਼ ਵਿਸ਼ਲੇਸ਼ਣ

ਓਟਾਵਾ/ਏ.ਟੀ.ਨਿਊਜ਼: ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਦੇ ਸੰਕੇਤ ਦਿੱਤੇ ਹਨ। ਜਸਟਿਨ ਟਰੂਡੋ ਦੇ ਸਮੇਂ ਵਿੱਚ ਭਾਰਤ ਨਾਲ ਆਏ ਤਣਾਅ ਦੇ ਉਲਟ, ਹੁਣ ਕੈਨੇਡਾ ਵੱਲੋਂ ਸਕਾਰਾਤਮਕ ਰਵੱਈਆ ਅਪਣਾਇਆ ਜਾ ਰਿਹਾ ਹੈ। ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫ਼ੀਆ ਸਲਾਹਕਾਰ ਨੈਥਾਲੀ ਡਰੁਆਇਨ ਨੇ ਕਿਹਾ ਹੈ ਕਿ ਭਾਰਤ ਅਤੇ ਕੈਨੇਡਾ ਨੇ ਆਪਸੀ ਚਿੰਤਾਵਾਂ ਨੂੰ ਦੂਰ ਕਰਨ ਅਤੇ ਵਪਾਰਕ ਸਬੰਧਾਂ ’ਤੇ ਗੱਲਬਾਤ ਲਈ ਰਸਤਾ ਲੱਭ ਲਿਆ ਹੈ। ਭਾਰਤੀ ਐੱਨ.ਐੱਸ.ਏ. ਅਜੀਤ ਡੋਵਾਲ ਨਾਲ ਮੁਲਾਕਾਤ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਇਹ ਬਿਆਨ ਜਾਰੀ ਕੀਤਾ ਹੈ। ਇਹ ਵਿਕਾਸ ਦੋਹਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਨੂੰ ਖਤਮ ਕਰਨ ਵੱਲ ਇੱਕ ਵੱਡਾ ਕਦਮ ਹੈ।
ਗੁਰੂਵਾਰ ਨੂੰ ਡਰੁਆਇਨ ਨੇ ਕਿਹਾ ਕਿ ਬੀਤੇ ਹਫ਼ਤੇ ਡੋਵਾਲ ਨਾਲ ਉਨ੍ਹਾਂ ਦੀ ਮੁਲਾਕਾਤ ਦੇ ਨਤੀਜੇ ਚੰਗੇ ਆਏ ਹਨ। ਕੈਨੇਡਾ ਅਤੇ ਭਾਰਤ ਨੇ ਆਪਣੀਆਂ ਆਪਣੀਆਂ ਚਿੰਤਾਵਾਂ ’ਤੇ ਚਰਚਾ ਲਈ ਸੰਚਾਰ ਮਾਧਿਅਮਾਂ ਨੂੰ ਮੁੜ ਸਥਾਪਿਤ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਕੈਨੇਡੀਅਨ ਪੁਲਿਸ ਜਾਂਚ ਵਿੱਚ ਸਹਿਯੋਗ ਕਰੇਗਾ ਅਤੇ ਅੱਤਵਾਦ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ। ਹਾਲਾਂ ਕਿ ਉਨ੍ਹਾਂ ਨੇ ਕਿਸੇ ਵਿਸ਼ੇਸ਼ ਕੇਸ ਦੀ ਜਾਂਚ ਦਾ ਜ਼ਿਕਰ ਨਹੀਂ ਕੀਤਾ। ਇਹ ਬਿਆਨ ਕੈਨੇਡੀਅਨ ਖੁਫ਼ੀਆ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਹੈ, ਜੋ ਇੱਕ ਚੰਗਾ ਰਾਜਨੀਤਕ ਸੰਕੇਤ ਵੀ ਹੈ।
ਤਣਾਅ ਦੀਆਂ ਜੜ੍ਹਾਂ: ਖ਼ਾਲਿਸਤਾਨੀ ਵਿਵਾਦ ਨੇ ਵਿਗਾੜੇ ਸੀ ਸਬੰਧ
ਭਾਰਤ ਅਤੇ ਕੈਨੇਡਾ ਦੇ ਸਬੰਧ ਪਿਛਲੇ ਕੁਝ ਸਾਲਾਂ ਤੋਂ ਤਣਾਅ ਦੇ ਦੌਰ ਤੋਂ ਲੰਘ ਰਹੇ ਹਨ। ਇਸ ਦੀ ਸ਼ੁਰੂਆਤ 2023 ਵਿੱਚ ਹੋਈ ਸੀ, ਜਦੋਂ ਤਤਕਾਲੀਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁੱਲ੍ਹੇ ਤੌਰ ’ਤੇ ਭਾਰਤ ਸਰਕਾਰ ’ਤੇ ਖ਼ਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭੂਮਿਕਾ ਨਿਭਾਉਣ ਦਾ ਇਲਜ਼ਾਮ ਲਗਾਇਆ। ਨਿੱਝਰ, ਜੋ ਕੈਨੇਡਾ ਵਿੱਚ ਰਹਿੰਦੇ ਸਨ ਅਤੇ ਖ਼ਾਲਿਸਤਾਨ ਲਈ ਪ੍ਰਚਾਰ ਕਰਦੇ ਸਨ, ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਭਾਰਤ ਨੇ ਇਸ ਇਲਜ਼ਾਮ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਨਿੱਜਰ ਇੱਕ ਖਾੜਕੂ ਸੀ, ਜਿਸ ਨੂੰ ਭਾਰਤ ਨੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਮੰਨਿਆ ਹੋਇਆ ਸੀ। ਇਸ ਘਟਨਾ ਨੇ ਦੋਹਾਂ ਦੇਸ਼ਾਂ ਵਿਚਕਾਰ ਰਾਜਨੀਤਕ ਤੌਰ ’ਤੇ ਵੱਡਾ ਵਿਵਾਦ ਪੈਦਾ ਕਰ ਦਿੱਤਾ ਸੀ।
ਇਸ ਤੋਂ ਬਾਅਦ ਅਕਤੂਬਰ 2024 ਵਿੱਚ ਸਬੰਧ ਹੋਰ ਖ਼ਰਾਬ ਹੋ ਗਏ, ਜਦੋਂ ਕੈਨੇਡੀਅਨ ਪੁਲਿਸ ਨੇ ਭਾਰਤੀ ਸਰਕਾਰੀ ਏਜੰਟਾਂ ਨੂੰ ਕੈਨੇਡਾ ਵਿੱਚ ਹੱਤਿਆਵਾਂ, ਜਬਰਨ ਵਸੂਲੀ ਅਤੇ ਅਪਰਾਧਕ ਗਤੀਵਿਧੀਆਂ ਨਾਲ ਜੋੜਿਆ। ਪੁਲਿਸ ਨੇ ਕਿਹਾ ਕਿ ਭਾਰਤੀ ਏਜੰਟ ਖ਼ਾਲਿਸਤਾਨੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਭਾਰਤ ਨੇ ਇਸ ਨੂੰ ‘ਝੂਠਾ ਇਲਜ਼ਾਮ’ ਕਿਹਾ ਸੀ ਅਤੇ ਕੈਨੇਡਾ ’ਤੇ ਖ਼ਾਲਿਸਤਾਨੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਸੀ। ਇਸ ਨਾਲ ਸਬੰਧ ਬਹੁਤ ਹੀ ਵਿਗੜ ਗਏ ਸਨ। ਕੈਨੇਡਾ ਨੇ ਭਾਰਤ ਦੇ ਹਾਈ ਕਮਿਸ਼ਨਰ ਅਤੇ ਪੰਜ ਹੋਰ ਅਧਿਕਾਰੀਆਂ ਨੂੰ ਕੈਨੇਡਾ ਤੋਂ ਬਾਹਰ ਕੱਢ ਕੀਤਾ ਸੀ, ਜਿਸ ਦਾ ਜਵਾਬ ਵਿੱਚ ਭਾਰਤ ਨੇ ਵੀ ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਵਿਚੋਂ ਕੱਢ ਦਿੱਤਾ ਸੀ। ਵਪਾਰਕ ਗੱਲਬਾਤਾਂ ਰੁਕ ਗਈਆਂ ਸਨ ਅਤੇ ਦੋਹਾਂ ਪਾਸਿਆਂ ਨੇ ਇੱਕ ਦੂਜੇ ’ਤੇ ਰਾਜਨੀਤਕ ਦਬਾਅ ਵਧਾਇਆ ਸੀ।
ਭਾਰਤ ਇਸ ਗਿਰਾਵਟ ਦੀ ਵੱਡੀ ਵਜ੍ਹਾ ਖ਼ਾਲਿਸਤਾਨੀ ਗਤੀਵਿਧੀਆਂ ਨੂੰ ਮੰਨਦਾ ਸੀ। ਕੈਨੇਡਾ ਵਿੱਚ ਲਗਭਗ 7 ਲੱਖ ਸਿੱਖ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਖ਼ਾਲਿਸਤਾਨ ਲਈ ਪ੍ਰਚਾਰ ਕਰਦੇ ਹਨ। ਭਾਰਤ ਨੂੰ ਚਿੰਤਾ ਹੈ ਕਿ ਕੈਨੇਡਾ ਇਨ੍ਹਾਂ ਖ਼ਾਲਿਸਤਾਨੀਆਂ ਨੂੰ ਸ਼ਹਿ ਦਿੰਦਾ ਹੈ, ਜੋ ਭਾਰਤ ਵਿੱਚ ਹਿੰਸਾ ਨੂੰ ਭੜਕਾਉਂਦੇ ਹਨ। ਭਾਰਤ ਨੇ ਦੋਸ਼ ਲਗਾਏ ਸਨ ਕਿ ਟਰੂਡੋ ਨੇ ਖ਼ਾਲਿਸਤਾਨੀਆਂ ਲਈ ਨਰਮ ਰਵੱਈਆ ਅਪਣਾਇਆ ਸੀ। ਇਸ ਬਾਰੇ ਭਾਰਤ ਨੇ ਕੈਨੇਡਾ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਸੀ, ਪਰ ਓਟਾਵਾ ਨੇ ਭਾਰਤ ਦੀ ਪਰਵਾਹ ਨਹੀਂ ਕੀਤੀ ਸੀ। ਇਹ ਤਣਾਅ ਨਾ ਸਿਰਫ਼ ਰਾਜਨੀਤਕ ਸੀ, ਸਗੋਂ ਵਪਾਰ ਅਤੇ ਸੁਰੱਖਿਆ ਨੂੰ ਵੀ ਪ੍ਰਭਾਵਿਤ ਕਰ ਰਿਹਾ ਸੀ। ਭਾਰਤ-ਕੈਨੇਡਾ ਵਪਾਰ 2023 ਵਿੱਚ 80 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ, ਪਰ ਤਣਾਅ ਨਾਲ ਇਹ ਘਟ ਕੇ ਅੱਧਾ ਰਹਿ ਗਿਆ।
ਨਵੀਂ ਸਰਕਾਰ ਦੀ ਭਾਰਤ ਪ੍ਰਤੀ ਨਰਮੀ: ਕਾਰਨੀ ਨੇ ਬਦਲੀ ਤਸਵੀਰ
ਜਸਟਿਨ ਟਰੂਡੋ ਦੇ ਰਾਜ ਵਿੱਚ ਖ਼ਾਲਿਸਤਾਨੀਆਂ ਲਈ ਖੁੱਲ੍ਹਾ ਨਰਮ ਰੁਖ਼ ਅਪਣਾਇਆ ਗਿਆ ਸੀ, ਜਿਸ ਨਾਲ ਭਾਰਤ ਨਾਲ ਸਬੰਧਾਂ ਵਿੱਚ ਗਹਿਰੀ ਤਲਖ਼ੀ ਆ ਗਈ। ਪਰ ਮਾਰਕ ਕਾਰਨੀ ਨੇ ਪੀ.ਐੱਮ. ਬਣਨ ਤੋਂ ਬਾਅਦ ਭਾਰਤ ਦੀਆਂ ਚਿੰਤਾਵਾਂ ’ਤੇ ਧਿਆਨ ਦੇਣ ਦੇ ਸੰਕੇਤ ਦਿੱਤੇ ਹਨ। ਕਾਰਨੀ, ਜੋ ਇੱਕ ਸਾਬਕਾ ਕੇਂਦਰੀ ਬੈਂਕਰ ਹਨ, ਨੂੰ ਆਰਥਿਕ ਮਾਹਿਰ ਵਜੋਂ ਜਾਣਿਆ ਜਾਂਦਾ ਹੈ ਅਤੇ ਉਹ ਲਿਬਰਲ ਪਾਰਟੀ ਦੇ ਨੇਤਾ ਵਜੋਂ ਮਾਰਚ 2025 ਵਿੱਚ ਚੋਣ ਜਿੱਤ ਕੇ ਪੀਐੱਮ ਬਣੇ ਸਨ। ਉਨ੍ਹਾਂ ਨੇ ਟਰੂਡੋ ਦੀ ਨੀਤੀਆਂ ਨੂੰ ਬਦਲਣ ਦਾ ਵਾਅਦਾ ਕੀਤਾ ਸੀ, ਖ਼ਾਸ ਕਰਕੇ ਵਿਦੇਸ਼ ਨੀਤੀ ਵਿੱਚ। ਅਗਸਤ 2025 ਵਿੱਚ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੀਆਂ ਰਾਜਧਾਨੀਆਂ ਵਿੱਚ ਨਵੇਂ ਰਾਜਨਯਿਕ ਦੂਤ ਨਿਯੁਕਤ ਕੀਤੇ ਸਨ।
ਜੂਨ 2025 ਵਿੱਚ ਜੀ7 ਸੰਮੇਲਨ ਦੇ ਪੱਖ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਨੀ ਵਿਚਕਾਰ ਮੁਲਾਕਾਤ ਹੋਈ ਸੀ, ਜਿੱਥੇ ਉਨ੍ਹਾਂ ਨੇ ਹਾਈ ਕਮਿਸ਼ਨਰਾਂ ਨੂੰ ਵਾਪਸ ਭੇਜਣ ਅਤੇ ਵਪਾਰਕ ਗੱਲਬਾਤਾਂ ਨੂੰ ਤੇਜ਼ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਸੀ। ਕਾਰਨੀ ਨੇ ਕਿਹਾ ਕਿ ਭਾਰਤ ਨਾਲ ਸਬੰਧ ਕੈਨੇਡਾ ਦੀ ਵਿਦੇਸ਼ ਨੀਤੀ ਦਾ ਅਹਿਮ ਹਿੱਸਾ ਹੈ ਅਤੇ ਉਹ ਖ਼ਾਲਿਸਤਾਨੀ ਹਿੰਸਾ ਵਿਰੁੱਧ ਸਖਤ ਹਨ।
ਇਸ ਗੱਲਬਾਤ ਨਾਲ ਨਾ ਸਿਰਫ਼ ਰਾਜਨੀਤਕ, ਸਗੋਂ ਆਰਥਿਕ ਪੱਖ ਵੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਭਾਰਤ ਲਈ ਕੈਨੇਡਾ ਯੂਰੇਨੀਅਮ ਅਤੇ ਕੁਦਰਤੀ ਸਰੋਤਾਂ ਦਾ ਵੱਡਾ ਸਰੋਤ ਹੈ, ਜਦਕਿ ਕੈਨੇਡਾ ਲਈ ਭਾਰਤ ਇੱਕ ਵੱਡਾ ਬਜ਼ਾਰ ਹੈ। ਨਵੀਂ ਸਰਕਾਰ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਉਹ ਅਮਰੀਕਾ ਨਾਲ ਟਰੰਪ ਦੇ ਤਣਾਅ ਵਿੱਚ ਭਾਰਤ ਨੂੰ ਆਪਣਾ ਵਿਸ਼ਵਾਸ ਯੋਗ ਸਾਥੀ ਬਣਾਉਣਾ ਚਾਹੁੰਦੀ ਹੈ। ਇਹ ਬਦਲਾਅ ਨੂੰ ਭਾਰਤ ਵੱਲੋਂ ਵੀ ਸਕਾਰਾਤਮਕ ਮੰਨਿਆ ਜਾ ਰਿਹਾ ਹੈ, ਪਰ ਅਜੇ ਵੀ ਚੁਣੌਤੀਆਂ ਹਨ।
ਸਬੰਧਾਂ ਵਿੱਚ ਨਰਮੀ ਦੇ ਬਾਵਜੂਦ, ਇਹ ਸਪੱਸ਼ਟ ਨਹੀਂ ਹੈ ਕਿ ਦਿੱਲੀ-ਓਟਾਵਾ ਦੇ ਅਧਿਕਾਰੀਆਂ ਦੀਆਂ ਹਾਲੀਆ ਮੁਲਾਕਾਤਾਂ ਨਾਲ ਖ਼ਾਲਿਸਤਾਨੀ ਸ੍ਰ. ਨਿੱਝਰ ਦੀ ਹੱਤਿਆ ’ਤੇ ਦੋਹਾਂ ਦੇਸ਼ਾਂ ਦਾ ਕੀ ਰੁਖ਼ ਹੋਵੇਗਾ। ਨਵੀਂ ਦਿੱਲੀ ਨੇ ਸਾਫ਼ ਕਿਹਾ ਹੈ ਕਿ ਨਿੱਝਰ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਦੀ ਗੱਲ ਬੇਬੁਨਿਆਦ ਹੈ। ਪਰ ਡਰੁਆਇਨ ਦੇ ਬਿਆਨ ਨੇ ਗੱਲਬਾਤ ਦਾ ਰਸਤਾ ਲੱਭਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 18 ਸਤੰਬਰ 2025 ਨੂੰ ਨਵੀਂ ਦਿੱਲੀ ਵਿੱਚ ਹੋਈ ਉਨ੍ਹਾਂ ਦੀ ਡੋਵਾਲ ਨਾਲ ਮੁਲਾਕਾਤ ਵਿੱਚ ਕਾਉਂਟਰ-ਟੈਰਰਿਜ਼ਮ, ਟ੍ਰਾਂਜ਼ਨੈਸ਼ਨਲ ਕ੍ਰਾਈਮ ਅਤੇ ਖੁਫ਼ੀਆ ਜਾਣਕਾਰੀ ਸਾਂਝੇ ਕਰਨ ’ਤੇ ਚਰਚਾ ਹੋਈ। ਡਰੁਆਇਨ ਨੇ ਕਿਹਾ ਕਿ ਦੋਹਾਂ ਨੇ ਆਪਸੀ ਸੁਰੱਖਿਆ ਚਿੰਤਾਵਾਂ ਨੂੰ ਸਾਂਝਾ ਕਰਨ ’ਤੇ ਵਚਨਬੱਧਤਾ ਜ਼ਾਹਰ ਕੀਤੀ।
ਪੁਲਿਸ ਜਾਂਚ ਵਿੱਚ ਭਾਰਤ ਦਾ ਸਹਿਯੋਗ ਇੱਕ ਵੱਡਾ ਪ੍ਰਸੰਗ ਹੈ। ਕੈਨੇਡੀਅਨ ਪੁਲਿਸ ਨੇ ਨਿੱਝਰ ਕੇਸ ਵਿੱਚ ਭਾਰਤੀ ਏਜੰਟਾਂ ਨੂੰ ਨਿਸ਼ਾਨਾ ਬਣਾਇਆ ਸੀ, ਪਰ ਹੁਣ ਭਾਰਤ ਨੇ ਜਾਣਕਾਰੀ ਸਾਂਝੀ ਕਰਨ ਦਾ ਵਾਅਦਾ ਕੀਤਾ ਹੈ। ਇਹ ਨਾ ਸਿਰਫ਼ ਨਿੱਝਰ ਕੇਸ ਲਈ, ਸਗੋਂ ਹੋਰ ਖਾੜਕੂ ਗਤੀਵਿਧੀਆਂ ਲਈ ਵੀ ਮਹੱਤਵਪੂਰਨ ਹੈ। ਡਰੁਆਇਨ ਨੇ ਬਿਆਨ ਜਾਰੀ ਕਰਕੇ ਇਹ ਸੰਕੇਤ ਦਿੱਤਾ ਕਿ ਕੈਨੇਡਾ ਨਵੀਂ ਸ਼ੁਰੂਆਤ ਚਾਹੁੰਦਾ ਹੈ ਅਤੇ ਉਹ ਭਾਰਤ ਨਾਲ ਭਰੋਸਾ ਬਣਾਉਣ ਲਈ ਤਿਆਰ ਹੈ। ਇਹ ਬਿਆਨ ਜੀ7 ਸੰਮੇਲਨ ਤੋਂ ਬਾਅਦ ਆਇਆ, ਜਿੱਥੇ ਮੋਦੀ-ਕਾਰਨੀ ਨੇ ਸਹਿਮਤੀ ਕੀਤੀ ਸੀ। ਗੱਲਬਾਤ ਦਾ ਰਸਤਾ ਲੱਭਣ ਨਾਲ ਵਪਾਰਕ ਡਾਇਲਾਗ, ਡਿਫੈਂਸ ਅਤੇ ਐਨਰਜੀ ਨੂੰ ਤੇਜ਼ ਕੀਤਾ ਜਾ ਸਕਦਾ ਹੈ।
ਖ਼ਾਲਿਸਤਾਨੀਆਂ ’ਤੇ ਪਾਬੰਦੀਆਂ: ਕੀ ਕੈਨੇਡਾ ਭਾਰਤ ਨਾਲ ਖੜ੍ਹੇ ਹੋਵੇਗਾ?
ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਖ਼ਾਲਿਸਤਾਨੀ ਮੁਹਿੰਮ ਨੂੰ ਰੋਕਣਾ ਹੈ। ਕੈਨੇਡਾ ਵਿੱਚ ਖ਼ਾਲਿਸਤਾਨੀ ਗਰੁੱਪ ਜਿਵੇਂ ਸਿੱਖ ਫਾਰ ਜਸਟਿਸ ਨੂੰ ਭਾਰਤ ਹਿੰਸਕ ਤੇ ਖਾੜਕੂ ਗਰੁੱਪ ਮੰਨਦਾ ਹੈ, ਪਰ ਕੈਨੇਡਾ ਨੇ ਅਜੇ ਤੱਕ ਉਨ੍ਹਾਂ ’ਤੇ ਪਾਬੰਦੀ ਨਹੀਂ ਲਗਾਈ। ਡੋਵਾਲ-ਡਰੁਆਇਨ ਮੁਲਾਕਾਤ ਵਿੱਚ ਖ਼ਾਲਿਸਤਾਨੀ ਹਿੰਸਾ ਨੂੰ ਰੋਕਣ ’ਤੇ ਚਰਚਾ ਹੋਈ। ਕਾਰਨੀ ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਉਹ ਭਾਰਤ ਨਾਲ ਮਿਲਕੇ ਅੱਤਵਾਦ ਵਿਰੁੱਧ ਲੜਨ ਲਈ ਤਿਆਰ ਹੈ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ।
ਰਾਜਨੀਤਕ ਮਾਹਿਰਾਂ ਅਨੁਸਾਰ, ਜੇ ਕੈਨੇਡਾ ਨੇ ਪਾਬੰਦੀਆਂ ਲਗਾਈਆਂ ਤਾਂ ਸਬੰਧ ਪੂਰੀ ਤਰ੍ਹਾਂ ਸੁਧਰ ਜਾਣਗੇ। ਨਹੀਂ ਤਾਂ ਤਣਾਅ ਬਾਕੀ ਰਹੇਗਾ। ਆਉਣ ਵਾਲੇ ਮਹੀਨਿਆਂ ਵਿੱਚ ਵਧੇਰੇ ਡਾਇਲਾਗ ਨਾਲ ਇਹ ਸਪੱਸ਼ਟ ਹੋਵੇਗਾ ਕਿ ਕੀ ਇਹ ਨਵਾਂ ਅਧਿਆਇ ਨਿਸ਼ਚਤ ਹੋਵੇਗਾ।

Loading